ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
28.05.2024
ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਦੇ ਪ੍ਰਦਰਸ਼ਨ ਜਾਰੀ, ਡੀਪੋਰਟੇਸ਼ਨ ਦੀ ਤਲਵਾਰ ਲਟਕੀ।
ਲੱਡੂ ਕਾ ਕੇ ਤੁਰਦੀ ਬਣੀ, ਦਗ਼ਾ ਦੇ ਗਈ ਮਿੱਤਰਾਂ ਨੂੰ।
ਵੋਟਰ ਹੀ ਲੋਕ ਸਭਾ ਦਾ ਭਵਿੱਖ ਤੈਅ ਕਰਦਾ ਹੈ- ਵਾਈਸ ਚਾਂਸਲਰ
ਚਾਂਸਲਰ ਸਾਬ ਲੋਕ ਐਵੇਂ ਹੀ ਈ.ਵੀ.ਐਮ. ‘ਤੇ ਸ਼ੱਕ ਕਰੀ ਜਾਂਦੇ ਐ!
ਸੌਦਾ ਸਾਧ ਨੇ ਪੈਰੋਲ ਤੋਂ ਪਾਬੰਦੀ ਹਟਾਉਣ ਲਈ ਦਾਖ਼ਲ ਕੀਤੀ ਅਰਜ਼ੀ- ਇਕ ਖ਼ਬਰ
ਅੱਜ ਕਿਤੇ ਮੇਰੇ ਯਾਰ ਖੱਟਰ ਤੇ ਅਨਿਲ ਵਿਜ ਹੁੰਦੇ ਤਾਂ ਹਾਈ ਕੋਰਟ ਨਾ ਜਾਣਾ ਪੈਂਦਾ।
ਯੋਗੀ ਅਦਿੱਤਿਆ ਨਾਥ ਨੇ ‘ਰਾਮ ਮੰਦਰ’ ਦੇ ਨਾਮ ‘ਤੇ ਟੰਡਨ ਲਈ ਵੋਟ ਮੰਗੇ- ਇਕ ਖ਼ਬਰ
ਕਾਰੋਬਾਰ ਦਾ ਅਸੂਲ ਐ ਬਈ ਕਿ ਜਿਹੜੀ ਚੀਜ਼ ਵਿਕਦੀ ਹੈ, ਉਹੋ ਹੀ ਵੇਚਣੀ ਹੈ।
ਰੁਜ਼ਗਾਰ ਦੇ ਮੋਰਚੇ ‘ਤੇ ਸਾਡੀ ਸਰਕਾਰ ਦਾ ‘ਟਰੈਕ ਰਿਕਾਰਡ’ ਸਭ ਤੋਂ ਵਧੀਆ- ਮੋਦੀ
ਕਿਉਂਕਿ ਦੋ ਕਰੋੜ ਦੀ ਬਜਾਇ ਅਸੀਂ ਤਿੰਨ ਕਰੋੜ ਲੋਕਾਂ ਨੂੰ ਰੁਜ਼ਗਾਰ ਦਿਤਾ।
ਜਾਖੜ ਨੇ ਮੋਦੀ ਨੂੰ ਪੰਜਾਬ ਦੀ ਨਸਲ ਤੇ ਫ਼ਸਲ ਬਚਾਉਣ ਦੀ ਕੀਤੀ ਅਪੀਲ-ਇਕ ਖ਼ਬਰ
ਉਹ ਫਿਰੇ ਨੱਕ ਵਢਾਉਣ ਨੂੰ, ਉਹ ਫਿਰੇ ਨੱਥ ਘੜਾਉਣ ਨੂੰ।
ਅਕਾਲੀ ਦਲ ਸੱਤਾ ‘ਚ ਆਇਆ ਤਾਂ ਰਾਜਸਥਾਨ ਅਤੇ ਹਰਿਆਣਾ ਨਾਲ ਕੀਤੇ ਪਾਣੀਆਂ ਦੇ ਸਮਝੌਤੇ ਰੱਦ ਕਰਾਂਗੇ- ਸੁਖਬੀਰ ਬਾਦਲ
ਜਦੋਂ ਸੱਤਾ ਦਾ ਆਨੰਦ ਮਾਣਦੇ ਸੀ ਉਦੋਂ ਖੱਟਾ ਪੀਂਦੇ ਰਹੇ, ਕਿਉਂ ਮੂਰਖ ਬਣਾਉਂਦੇ ਹੋ ਲੋਕਾਂ ਨੂੰ।
ਗੁਰੂ ਘਰਾਂ ‘ਤੇ ਆਰ.ਐਸ.ਐਸ. ਦਾ ਕਬਜ਼ਾ, ਸਿੱਖ ਕੌਮ ਲਈ ਘਾਤਕ ਸਿੱਧ ਹੋਵੇਗਾ- ਸੁਖਬੀਰ ਬਾਦਲ
ਸੁਖਬੀਰ ਸਿਆਂ ਆਰ.ਐਸ.ਐਸ. ਨੂੰ ਉਂਗਲੀ ਲਾ ਕੇ ਲਿਆਇਆ ਕੌਣ ਸੀ?
ਇਕੋ ਦਿਨ ਵਿਚ ਤਿੰਨ ਸਾਬਕਾ ਵਿਧਾਇਕਾਂ ਨੇ ਦਲ ਬਦਲੇ- ਇਕ ਖ਼ਬਰ
ਸਾਡਾ ਚਿੜੀਆਂ ਦਾ ਚੰਬਾ ਵੇ, ਕਦੀ ਏਸ ਵਿਹੜੇ ਕਦੀ ਓਸ ਵਿਹੜੇ।
ਪ੍ਰਧਾਨ ਮੰਤਰੀ ਰਿਸ਼ੀ ਸੁਨਕ ਤੇ ਵਿਰੋਧੀ ਪਾਰਟੀਆਂ ਨੇ ਚੋਣ ਪ੍ਰਚਾਰ ਕੀਤਾ ਸ਼ੁਰੂ-ਇਕ ਖ਼ਬਰ
ਕਿਹੜਾ ਚੋਣ ਪ੍ਰਚਾਰ? ਨਾ ਕੋਈ ਢੋਲ ਢਮੱਕਾ, ਨਾ ਰੈਲੀਆਂ ਨਾ ਸ਼ੋਰ ਸ਼ਰਾਬਾ, ਨਾ ਰੌਣਕ ਨਾ ਮੇਲਾ।
ਜੇ ਜਾਖੜ ਸਰਕਾਰ ਚਲਾਉਣ ਦੇ ਕਾਬਲ ਹੁੰਦੇ ਤਾਂ ਪਾਰਟੀ ਮੁੱਖ ਮੰਤਰੀ ਨਾ ਬਣਾ ਦਿੰਦੀ- ਰਾਵਿੰਦਰਪਾਲ ਸਿੰਘ ਪਾਲੀ
ਟੁੰਡੇ ਕਿਸੇ ਦੇ ਨਾਲ਼ ਕੀ ਯੁੱਧ ਕਰਨਾ, ਲੰਗੜੇ ਸਿਖਰ ਪਹਾੜ ਦੇ ਜਾਣ ਨਾਹੀਂ।
ਅਕਾਲੀ ਤੇ ਭਾਜਪਾ ਖੇਡ ਰਹੇ ਹਨ ‘ਫ਼ਰੈਂਡਲੀ ਮੈਚ’- ਗੁਰਮੀਤ ਸਿੰਘ ਖੁੱਡੀਆਂ
ਸਾਹਿਬਾਂ ਪੜ੍ਹਦੀ ਪੱਟੀਆਂ ਤੇ ਮਿਰਜਾ ਪੜ੍ਹੇ ਕੁਰਾਨ।
ਕਿਸਾਨਾਂ ਦੇ ਵਿਰੋਧ ਨੂੰ ਰੋਕਣ ਲਈ ਪੰਜਾਬ ਵਿਚ ਕੇਂਦਰੀ ਸੁਰੱਖਿਆ ਬਲ ਲਗਾਏ ਜਾਣ- ਜਾਖੜ
ਪਿੰਡ ਦਿਆਂ ਮੁੰਡਿਆਂ ਦੀ, ਮੈਂ ਤਾਂ ਰੇਲ ਬਣਾ ਕੇ ਛੱਡੂੰ।
ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਅਕਾਲੀ ਦਲ ਬਾਦਲ ’ਚੋਂ ਛੁੱਟੀ- ਇਕ ਖ਼ਬਰ
ਭਾਈ ਜੀ ਦੇ ਵਹਿੜਕੇ ਨੇ, ਮੇਰੇ ਛੜ ਸੀਨੇ ‘ਤੇ ਮਾਰੀ।
=============================================================