ਗੁਰੂ ਨਾਨਕ ਜਹਾਜ਼ ਮੁੜਿਆ ਕਦ ਸੀ! - ਡਾ. ਗੁਰਵਿੰਦਰ ਸਿੰਘ
ਮੁੱਕੀਆ ਉਡੀਕਾਂ
ਪਹੁੰਚੇ ਕਨੇਡਾ ਬੇਬੇ-ਬਾਪੂ
ਨੂੰਹ-ਪੁੱਤ ਤੋਂ ਵਧੇਰੇ ਚਾਅ
ਪੋਤੇ-ਪੋਤੀ ਸਿਦਕ ਸਿੰਘ ਅਤੇ ਸਿਫ਼ਤ ਕੌਰ ਨੂੰ
ਬਜ਼ੁਰਗ ਸੈਲਾਨੀ ਜੋੜੇ ਨਾਲ
ਬੱਚਿਆਂ ਦੀਆਂ ਘੁੰਮੀਆਂ ਮੁਫ਼ਤੋ-ਮੁਫ਼ਤ
ਕੈਨੇਡਾ ਦਿਹਾੜੇ ਦੀਆਂ ਖੁਸ਼ੀਆਂ
ਕੈਨੇਡਾ ਪਲੇਸ ਦੀ ਆਤਿਸ਼ਬਾਜੀ
ਬਾਲ-ਮਨਾਂ ਅੰਦਰ ਉਤਸੁਕਤਾ
ਚਿਰਾਂ ਦਾ ਸੁਪਨਾ ਹੋਇਆ ਪੂਰਾ
'ਵੈਨਕੂਵਰ ਦਾ ਫਾਇਰ ਵਰਕਸ' ਦੇਖਣ ਦਾ।
ਸਮੁੰਦਰ ਤੋਂ ਲੈ ਕੇ ਸੜਕਾਂ ਤੱਕ
ਬੌਰਾਡ ਇਨਲੈੱਟ ਤੋਂ ਲੈ ਕੇ ਕੈਨੇਡਾ ਪਲੇਸ ਤੱਕ
ਦਿਸਦੀ ਹੈ ਖ਼ਲਕਤ ਹੀ ਖ਼ਲਕਤ
ਕੀ ਬਜ਼ੁਰਗ ਕੀ ਜੁਆਨ
ਚੌਹੀ ਦਿਸ਼ਾਵੀਂ ਠਾਠਾਂ ਮਾਰਦੀ ਲੁਕਾਈ
ਅਚਾਨਕ ਬਾਪੂ ਦੇ ਨਜ਼ਰੀਂ ਪਿਆ
ਕੈਨੇਡਾ ਪਲੇਸ ਦੀ ਸੜਕ 'ਤੇ ਲੱਗਿਆ
ਰੰਗ-ਬਰੰਗਾ ਯਾਦਗਾਰੀ ਚਿੰਨ
ਉਤਸੁਕਤਾ ਨਾਲ ਪੁੱਛਿਆ ਪੋਤੇ ਨੂੰ,
''ਸਿਦਕ ਸਿਆਂ, ਮੱਲਾ!
ਥਾਂ-ਥਾਂ 'ਤੇ ਇਹ ਤਸਵੀਰਾਂ ਕਿਉਂ ਨੇ ਲੱਗੀਆਂ?''
ਗੌਰਵਮਈ ਵਿਰਸੇ ਤੇ ਇਤਿਹਾਸ ਤੋਂ
ਅਭਿੱਜ ਨਹੀਂ ਸੀ ਸਿਦਕ ਸਿੰਘ
ਦਾਦੇ ਨੂੰ ਲੱਗਿਆ ਦੱਸਣ,
''ਉੰਞ ਤਾਂ ਕਨੇਡਾ ਪਲੇਸ ਹੈ ਇਹ ਥਾਂ
ਪਰ ਹੁਣ ਇਸ ਨੂੰ ਮਿਲ ਗਿਆ ਹੈ ਇੱਕ ਹੋਰ ਨਾਂ
'ਕਾਮਾਗਾਟਾਮਾਰੂ 1914 : ਗੁਰੂ ਨਾਨਕ ਜਹਾਜ਼'
ਸਾਰੇ ਚਿਤਰ ਬਿਆਨ ਕਰ ਰਹੇ ਨੇ
ਗੁਰੂ ਨਾਨਕ ਜਹਾਜ਼ ਦਾ ਇਤਿਹਾਸ
ਕੋਲ ਖੜੀ ਸਿਦਕ ਕੌਰ
ਸੁਣ ਰਹੀ ਸੀ ਵਾਰਤਾਲਾਪ
ਲੱਗੀ ਬਿਆਨ ਕਰਨ
ਆਪਣੇ ਮਨ ਦੇ ਅਹਿਸਾਸ,
''ਸਾਹਮਣੇ ਦਸਦੀ ਹੈ ਉਹ ਥਾਂ
ਜਿੱਥੋਂ ਮੋੜਿਆ ਗਿਆ ਸੀ
ਗੁਰੂ ਨਾਨਕ ਜਹਾਜ਼
ਦੋ ਮਹੀਨੇ ਕੈਦੀ ਬਣਾ ਕੇ ਰੱਖੇ
ਸਾਡੇ ਬਾਬੇ, ਬੀਬੀਆਂ ਤੇ ਵੀਰ
ਇਸ ਧਰਤੀ 'ਤੇ ਕਦਮ ਨਾ ਰੱਖਣ ਦਿੱਤੇ
ਨਸਲਵਾਦੀ ਗੋਰੀ ਸਰਕਾਰ
ਭੁੱਖਿਆਂ-ਤਿਹਾਇਆਂ ਮੁਸਾਫਿਰਾਂ
ਫਿਰ ਵੀ ਸਿਦਕੋਂ ਨਾ ਮੰਨੀ ਹਾਰ
ਚੜ੍ਹਦੀ ਕਲਾ 'ਚ ਨਾਮ ਧਿਆਉਂਦੇ
ਉੱਚੀ ਸੁਰ ਵਿੱਚ ਦੋਹੇ ਗਾਉਂਦੇ,
''ਨਾਨਕ ਨਾਮ ਜਹਾਜ਼ ਹੈ
ਚੜੇ ਸੁ ਉਤਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਗੁਰ ਪਾਰ ਉਤਾਰਨਹਾਰ''
ਹੋਇਆ ਬੇਇਨਸਾਫੀ ਵਾਲਾ
ਫੈਸਲਾ ਆਖਿਰ
ਕੈਨੇਡਾ ਤੋਂ ਜਬਰੀ ਮੋੜੇ
ਗੁਰੂ ਨਾਨਕ ਜਹਾਜ਼ ਦੇ ਮੁਸਾਫਿਰ
ਇਹ ਵਿਥਿਆ ਬਿਆਨਦਿਆਂ
ਬਾਲੜੀ ਦਾ ਗਜ ਭਰ ਆਇਆ
ਪਰ ਗ਼ਦਰੀ ਬਾਬਿਆਂ ਵਾਂਗ
ਨਾ ਮਨ ਡੋਲਿਆ, ਨਾ ਬੋਲ ਕੰਬੇ
ਅੱਖਾਂ 'ਚੋਂ ਡਿੱਗੇ ਦੋ ਅਨਮੋਲ ਮੋਤੀ
ਅਗਲੇ ਹੀ ਪਲ ਫੌਲਾਦ ਬਣ ਕੇ
ਬਦਲ ਗਏ ਜੈਕਾਰਿਆਂ ਵਿੱਚ
ਦੋਹਾਂ ਨਿੱਕੀਆਂ ਜਿੰਦਾਂ ਨੂੰ
ਦਾਦੀ ਨੇ ਘੁੱਟਿਆ ਬੁੱਕਲ 'ਚ
ਚੁੰਮਿਆ ਆਪਣੀ ਹਥੇਲੀ 'ਤੇ ਡਿੱਗੇ ਮੋਤੀਆਂ ਨੂੰ
ਤੇ ਤੱਕਿਆ ਦੋਹਾਂ ਬਾਲਾਂ ਵੱਲ
ਧਿਆਨ ਧਰਿਆ 'ਠੰਡੇ ਬੁਰਜ' ਦਾ
ਤੇ ਤੱਕਿਆ 'ਦਾਦੀ ਤੇ ਲਾਲਾਂ' ਵੱਲ
ਤੱਕਿਆ ਆਕਾਸ਼ ਵੱਲ
ਤੱਕਿਆ ਇਤਿਹਾਸ ਵੱਲ
ਤੇ ਪਾਤਸ਼ਾਹੀ ਦਾਅਵੇ ਨਾਲ
ਮੂੰਹੋਂ ਇਉਂ ਉਚਾਰਿਆ ;
''ਕਨੇਡਿਓਂ ਗੁਰੂ ਨਾਨਕ ਜਹਾਜ਼
ਮੁੜਿਆ ਕਦ ਸੀ!
ਕਦ ਵਾਪਸ ਗਏ ਨੇ
ਬਾਬੇ ਦੇ ਧੀਆਂ ਪੁੱਤਰ!
ਕਦ ਹਾਕਮ ਰੋਕ ਸਕਿਆ ਹੈ
ਪਰਵਾਨਿਆਂ ਦਾ ਕਾਫ਼ਿਲਾ!
ਸਭ ਇੱਥੇ ਹੀ ਤਾਂ ਹੈ!
ਸਭ ਆਪਣਾ ਹੀ ਤਾਂ ਹੈ!
ਹਵਾ ਆਪਣੀ, ਸਮੁੰਦਰ ਆਪਣਾ
ਧਰਤੀ ਆਪਣੀ, ਅੰਬਰ ਆਪਣਾ
ਅਸੀਂ ਕਨੇਡਾ ਦੇ, ਕਨੇਡਾ ਆਪਣਾ!''
'ਜਿਸ ਧਰਤੀ 'ਤੇ ਬੋਹਿਥ ਆਇਆ
ਉਹ ਧਰਤ ਅਸਾਡੀ ਹੋਈ
ਇਹ ਬੋਹਿਥ ਸਤਿਗੁਰ ਨਾਨਕ ਦਾ
ਮੋੜ ਨਾ ਸਕਿਆ ਕੋਈ'