ਚੁੰਝਾਂ-ਪ੍ਹੌਂਚੇ (ਨਿਰਮਲ ਸਿੰਘ ਕੰਧਾਲਵੀ)
ਅਕਾਲੀ ਦਲ ਬਾਦਲ ਨੂੰ ਪਾਈ ਵੋਟ ਵੀ ਭਾਜਪਾ ਦੇ ਖਾਤੇ ‘ਚ ਜਾਵੇਗੀ- ਬਾਜਵਾ
ਵੇ ਘਰ ਤੇਲਣ ਦੇ, ਤੇਰਾ ਚਾਦਰਾ ਖੜਕੇ।
ਹੋਂਦ ਬਚਾਉਣ ਦੀ ਲੜਾਈ ਲੜ ਰਿਹੈ ਅਕਾਲੀ ਦਲ ਬਾਦਲ, ਲੋਕ ਸਭਾ ਚੋਣਾਂ ਵਿਚ ਵੀ ਪਛੜਿਆ- ਇਕ ਖ਼ਬਰ
ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇ?
ਬੈਂਸ ਭਰਾਵਾਂ ਨੇ ਰਾਹੁਲ ਗਾਂਧੀ ਦੀ ਮੌਜੂਦਗੀ ‘ਚ ਕਾਂਗਰਸ ਦਾ ਫੜਿਆ ਪੱਲਾ- ਇਕ ਖ਼ਬਰ
ਸਾਡੀ ਬਾਂਹੇ ਨਾ ਛੋੜੀਂ ਜੀ, ਆਖਰ ਫੜਿਆ ਹੈ ਲੜ ਤੇਰਾ।
ਸਾਬਕਾ ਤਾਨਾਸ਼ਾਹ ਅਯੂਬ ਖ਼ਾਨ ਦੀ ਲਾਸ਼ ਨੂੰ ਕਬਰ ‘ਚੋਂ ਕੱਢ ਕੇ ਫਾਂਸੀ ਦਿਤੀ ਜਾਵੇ- ਪਾਕਿ ਰੱਖਿਆ ਮੰਤਰੀ
ਨਹੀਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫ਼ਰੋਲ ਜੋਗੀਆ।
ਹੰਸ ਰਾਜ ਹੰਸ ਵਲੋਂ ਕਿਸਾਨਾਂ ਵਿਰੁੱਧ ਕੀਤੀਆਂ ਭੜਕਾਊ ਟਿੱਪਣੀਆਂ ਦਾ ਮਾਮਲਾ ਮੁੱਖ ਚੋਣ ਕਮਿਸ਼ਨਰ ਕੋਲ ਪਹੁੰਚਿਆ-ਇਕ ਖ਼ਬਰ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਤੇਰੇ ‘ਚ ਤੇਰਾ ਯਾਰ ਬੋਲਦਾ।
ਮੈਂ ਪੱਥਰ ਚੱਟ ਕੇ ਮੁੜਿਆਂ, ਹੁਣ ਕਾਂਗਰਸ ਹੀ ਹੋਵੇਗੀ ਮੇਰੀ ਆਖਰੀ ਪਾਰਟੀ- ਸਿਮਰਜੀਤ ਸਿੰਘ ਬੈਂਸ
ਸਿਆਸੀ ਲੀਡਰਾਂ ਦਾ ਨਾ ਕਦੇ ਇਤਬਾਰ ਕਰੀਏ, ਤੱਤੇ ਤਵੇ ‘ਤੇ ਬੈਠ ਭਾਵੇਂ ਖਾਣ ਕਸਮਾਂ।
ਗੁਰਦੁਆਰਾ ਪ੍ਰਬੰਧਾਂ ਉੱਪਰ ਕਬਜ਼ਾ ਕਰਨਾ ਚਾਹੁੰਦੀਆਂ ਹਨ ਸਰਕਾਰਾਂ- ਹਰਜਿੰਦਰ ਸਿੰਘ ਧਾਮੀ
ਕਬਜ਼ਾ ਤਾਂ ਹੋ ਚੁੱਕਿਆ ਹੋਇਐ ਧਾਮੀ ਸਾਹਿਬ। ਯਾਦ ਐ ਮੂਲ਼ ਨਾਨਕਸ਼ਾਹੀ ਕੈਲੰਡਰ ਕਿਸ ਨੇ ਰੱਦ ਕਰਵਾਇਆ ਸੀ?
ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਮਹਿਲਾ ਵਿਰੋਧੀ ਦੱਸਿਆ- ਇਕ ਖ਼ਬਰ
ਦੂਸ਼ਣ ਦੂਜੇ ‘ਤੇ ਭਾਰਤ ਦੇ ਸਿਆਸੀ ਨੇਤਾ ਦੂਜਿਆਂ ‘ਤੇ ਦੂਸ਼ਣ ਲਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਨਹੀਂ ਫੇਰਦੇ।
ਅਕਾਲੀ ਦਲ ਬਾਦਲ ਦੇ ਐਲਾਨਨਾਮੇ ‘ਚ ਪੰਥਕ ਅਤੇ ਖੇਤਰੀ ਮਜ਼ਬੂਤੀ ਦਾ ਸੱਦਾ- ਇਕ ਖ਼ਬਰ
ਜ਼ਰਾ ਪਹਿਲੇ ਐਲਾਨਨਾਮਿਆਂ ਦਾ ਵੀ ਹਿਸਾਬ ਕਿਤਾਬ ਵੀ ਕਰ ਦਿੰਦੇ ਬਾਦਲ ਸਾਬ।
ਨਾਮਜ਼ਦਗੀਆਂ ਦੇ ਅਖ਼ੀਰਲੇ ਦਿਨ ਵੀ ਅਕਾਲੀ ਬਾਦਲ ਨੂੰ ਚੰਡੀਗੜ੍ਹ ਤੋਂ ਕੋਈ ਉਮੀਦਵਾਰ ਨਹੀਂ ਮਿਲਿਆ-ਇਕ ਖ਼ਬਰ
ਨਾ ਕੋਈ ਮਿਲਦਾ ਲਾੜਾ ਸਾਨੂੰ, ਨਾ ਮਿਲਦਾ ਸਰਬਾਲਾ।
ਚੋਣ ਮੈਦਾਨ ਵਿਚ ਅਜਿਹੇ ਉਮੀਦਵਾਰ ਵੀ ਹਨ ਜਿਨ੍ਹਾਂ ਕੋਲ ਨਾ ਘਰ ਤੇ ਨਾ ਕੋਈ ਜਾਇਦਾਦ- ਇਕ ਖ਼ਬਰ
ਇਸੇ ਕਰ ਕੇ ਤਾਂ ਉਹ ਚੋਣ ਲੜ ਰਹੇ ਐ, ਸਮਝਿਆ ਕਰੋ ਗੱਲ ਨੂੰ ਯਾਰ!
ਵੋਟਿੰਗ ਤੋਂ ਪਹਿਲਾਂ ਇਕ ਵਾਰ ਫੇਰ ਸੌਦਾ ਸਾਧ ਜੇਲ੍ਹ ਤੋਂ ਬਾਰ ਆਉਣਾ ਚਾਹੁੰਦਾ ਹੈ- ਇਕ ਖ਼ਬਰ
ਲੋਕੋ ਜਾਗਦੇ ਰਹਿਣਾ, ਗੱਡੀ ਜ਼ਾਲਮਾਂ ਦੀ ਆਈ।
ਲੋਕ ਸਭਾ ਚੋਣਾਂ ਦੇ ਭਰੇ ਮੈਦਾਨ ਨੂੰ ਛੱਡ ਕੇ ਸਿਕੰਦਰ ਸਿੰਘ ਮਲੂਕਾ ਚੁੱਪ-ਚਾਪ ਦੁਬਈ ਚਲੇ ਗਏ- ਇਕ ਖ਼ਬਰ
ਏਥੋਂ ਉਡਦਾ ਭੋਲ਼ਿਆ ਪੰਛੀਆ, ਤੂੰ ਛੁਰੀਆਂ ਹੇਠ ਨਾ ਆ।
ਰਾਜਸੀ ਆਗੂਆਂ ਨੂੰ ਸਰਕਾਰੀ ਖ਼ਰਚ ‘ਤੇ ਸੁਰੱਖਿਆ ਕਿਉਂ ਦਿਤੀ ਜਾਵੇ- ਹਾਈ ਕੋਰਟ
ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ, ਹੋਇ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ।
ਭਾਜਪਾ ਸਰਕਾਰ ਨੇ ਗ਼ਰੀਬਾਂ ‘ਤੇ ਟੈਕਸ ਲਗਾ ਕੇ ਅਮੀਰਾਂ ਦੇ 18 ਲੱਖ ਕਰੋੜ ਦੇ ਕਰਜ਼ੇ ਮੁਆਫ਼ ਕੀਤੇ- ਅਭੈ ਚੋਟਾਲਾ
ਤੇਰਾ ਆਵਾਂ ਪੂਰਨ ਮਾਰ ਕੇ, ਛੰਨਾ ਰੱਤ ਦਾ ਲਵਾਂ ਨਿਚੋੜ।
=========================================================================