ਚੁੰਝਾਂ-ਪ੍ਹੌਂਚੇ (ਨਿਰਮਲ ਸਿੰਘ ਕੰਧਾਲਵੀ)

ਐਸ.ਡੀ.ਐਮ. ਦਫ਼ਤਰ ਦਾ ਮੁਲਾਜ਼ਮ ਵੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵਲੋਂ ਕਾਬੂ- ਇਕ ਖ਼ਬਰ
ਛੂਟਤੀ ਨਹੀਂ ਹੈ ਕਾਫਿਰ, ਮੂੰਹ ਕੋ ਲਗੀ ਹੂਈ।
ਅਨਿਲ ਵਿਜ ਨੂੰ ਨਾਇਬ ਸਿੰਘ ਸੈਣੀ ਮੰਤਰੀ ਮੰਡਲ ’ਚ ਥਾਂ ਨਹੀਂ ਮਿਲੀ- ਇਕ ਖ਼ਬਰ
ਨ੍ਹਾਤੀ ਧੋਤੀ ਰਹਿ ਗਈ, ਉੱਤੇ ਮੱਖੀ ਬਹਿ ਗਈ।
ਦਿੱਲੀ ਫਿਰ ਦੁਨੀਆਂ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਬਣੀ- ਇਕ ਰਿਪੋਰਟ
ਤਾਂ ਕੀ ਹੋਇਆ, ਚਾਰੇ ਪਾਸੇ ਦਿੱਲੀ ਦਿੱਲੀ ਤਾਂ ਹੁੰਦੀ ਐ ਨਾ।
ਬੇਹੱਦ ਖ਼ਾਸ ਹੋਵੇਗਾ ਇਸ ਵਾਰ ਧਰਮ ਪ੍ਰਚਾਰ ਕਮੇਟੀ ਦਾ ਬਜਟ- ਧਾਮੀ
ਖ਼ਾਸ ਖ਼ਾਸ ਬੰਦਿਆਂ ਨੂੰ ਮੋਟੇ ਮੋਟੇ ਗੱਫੇ ਦੇ ਕੇ ਬਜਟ ਨੂੰ ਖ਼ਾਸ ਬਣਾਇਆ ਜਾਵੇਗਾ।
ਪ੍ਰਦੀਪ ਕਲੇਰ ਨੇ ਅਦਾਲਤ ‘ਚ ਬਿਆਨ ਦਿਤਾ ਕਿ ਸੌਦਾ ਸਾਧ ਅਤੇ ਹਨੀਪ੍ਰੀਤ ਨੇ ਪ੍ਰੋਗਰਾਮ ਬਣਾ ਕੇ ਬੇਅਦਬੀ ਕਰਵਾਈ- ਇਕ ਖ਼ਬਰ
ਲੋਕ ਤਾਂ ਸ਼ੁਰੂ ਤੋਂ ਕਹਿੰਦੇ ਆ ਰਹੇ ਸੀ ਪਰ ਸਰਕਾਰਾਂ ਕਿੱਥੇ ਸੁਣਦੀਆਂ ਲੋਕਾਂ ਦੀ।
ਕਿਸਾਨੀ ਮੰਗਾਂ ਮੰਨਵਾਏ ਬਿਨਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਬਿਨਾਂ ਭਾਜਪਾ ਨਾਲ ਗੱਠਜੋੜ ਨਹੀਂ ਕਰਾਂਗੇ- ਢੀਂਡਸਾ
ਢੀਂਡਸਾ ਸਾਹਿਬ ਯਾਦ ਕਰੋ ਜਦੋਂ ਵੱਡਾ ਪਾਰਟੀ ਦੀ ਸਲਾਹ ਬਿਗ਼ੈਰ ਹੀ ਬਿਨਾਂ ਸ਼ਰਤ ਹੀ ਭਾਜਪਾ ਨਾਲ ਗੱਠਜੋੜ ਕਰ ਆਇਆ ਸੀ।
ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਐਸ.ਬੀ.ਆਈ. ਨੇ ਚੋਣ ਬਾਂਡਾਂ ਦੇ ਪੂਰੇ ਵੇਰਵੇ ਚੋਣ ਕਮਿਸ਼ਨ ਨੂੰ ਸੌਂਪੇ- ਇਕ ਖ਼ਬਰ
ਸੌ ਗੰਢਾ ਵੀ ਖਾਧਾ, ਸੌ ਛਿੱਤਰ ਵੀ ਖਾਧਾ ਤੇ ਸੌ ਰੁਪਇਆ ਜ਼ੁਰਮਾਨਾ ਵੀ ਦਿਤਾ।
ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਚੋਣ ਖ਼ਰਚ ‘ਤੇ ਰਹੇਗੀ ਚੋਣ ਕਮਿਸ਼ਨ ਦੀ ਬਾਜ਼ ਅੱਖ- ਇਕ ਖ਼ਬਰ
ਪਰ ਇਹ ਬਾਜ਼ ਟੀਰੀ ਅੱਖ ਨਾਲ ਦੇਖੇਗਾ।
ਦੋ ਘੰਟੇ ਦੀ ਪੁਛਗਿੱਛ ਬਾਅਦ ਈ.ਡੀ. ਨੇ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ- ਇਕ ਖ਼ਬਰ
ਗਲ਼ੀਆਂ ਹੋ ਜਾਣ ਸੁੰਞੀਆਂ, ਵਿਚ ਮਿਰਜ਼ਾ ਯਾਰ ਫਿਰੇ।
ਚੋਣਾਵੀ ਬਾਂਡਾਂ ਅਤੇ ਕੇਜਰੀਵਾਲ ਦੀ ਗ੍ਰਿਫ਼ਤਾਰੀ ਕਾਰਨ ਲੋਕਾਂ ਦੇ ਅਸਲ ਮੁੱਦੇ ਵਿਸਰ ਗਏ- ਇਕ ਖ਼ਬਰ
ਪਿਆਰਿਓ, ਅਸਲ ਮੁੱਦੇ ਯਾਦ ਹੀ ਕਦੋਂ ਸਨ ਸਰਕਾਰਾਂ ਨੂੰ?
ਢੀਂਡਸਾ ਪਿਉ ਪੁੱਤ ਨੂੰ ਸੰਯੁਕਤ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿੱਪ ਤੋਂ ਕੀਤਾ ਖ਼ਾਰਜ- ਮੋਹਕਮ ਸਿੰਘ, ਮਨਜੀਤ ਸਿੰਘ ਭੋਮਾ
ਡੇਕ ਦਾ ਗੁਮਾਨ ਕਰਦੀ. ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।
ਅਕਾਲੀ- ਭਾਜਪਾ ਗੱਠਜੋੜ ਲਈ ਗੱਲਬਾਤ ਜਾਰੀ, ਅਜੇ ਸਮਾਂ ਲੱਗੇਗਾ- ਭਾਜਪਾ ਬੁਲਾਰਾ
ਉਡਦੀ ਧੂੜ ਦਿਸੇ, ਬੋਤਾ ਯਾਰ ਦਾ ਨਜ਼ਰ ਨਾ ਆਵੇ।  
ਪਾਕਿ ਦਾ ਅਫ਼ਗਾਨਿਸਤਾਨ ‘ਤੇ ਹਵਾਈ ਹਮਲਾ: ਅਮਰੀਕਾ ਨੇ ਪਾਕਿਸਤਾਨ ਨੂੰ ਸੰਜਮ ਵਰਤਣ ਦੀ ਕੀਤੀ ਅਪੀਲ- ਇਕ ਖ਼ਬਰ
ਚੰਦਰਾ ਸ਼ੌਕੀਨ ਹੋ ਗਿਆ, ਤੇੜ ਲਾ ਕੇ ਖੱਦਰ ਦਾ ਸਾਫ਼ਾ।
ਖੁਸ਼ਹਾਲੀ ‘ਚ ਭਾਰਤ ਦਾ 143 ਦੇਸ਼ਾਂ ਵਿਚੋਂ 126 ਵਾਂ ਨੰਬਰ- ਇਕ ਖ਼ਬਰ
80 ਕਰੋੜ ਲੋਕ ਜੇ ਸਰਕਾਰੀ ਰੋਟੀਆਂ ਖਾਂਦੇ ਖਾਂਦੇ ਖੁਸ਼ਹਾਲ ਨਹੀਂ ਹੋਏ ਤਾਂ ਸਰਕਾਰ ਦਾ ਕੀ ਕਸੂਰ ਬਈ?
ਸਿਧਾਂਤਕ ਤੇ ਆਦਰਸ਼ਕ ਸਿੱਖ ਸਿਆਸਤ ਸੁਖਬੀਰ ਬਾਦਲ ਦੇ ਖ਼ੂਨ ਵਿਚ ਹੀ ਨਹੀਂ- ਦਲ ਖ਼ਾਲਸਾ
ਹੁਣ ਤੂੰ ਕਿਧਰ ਗਿਆ, ਜੇਠ ਬੋਲੀਆਂ ਮਾਰੇ।
++++++++++++++++++++++++++++++++++++++++++++++++++++++++++++++++++++