ਅਗਲੇ ਸਾਲ ਵੀ ਕਿਰਨ ਚਮਕਦੀ ਕੋਈ ਨਹੀਂ ਦਿਸਦੀ, ਪਰ ਸ਼ਾਇਦ ਕੋਈ ਮੋੜਾ ਹੀ ਪੈ ਜਾਵੇ -ਜਤਿੰਦਰ ਪਨੂੰ

ਜਦੋਂ ਪਿਛਲੀ ਵਾਰੀ ਕੈਲੰਡਰ ਨੇ ਸਾਲ ਦਾ ਨੰਬਰ ਬਦਲਿਆ ਸੀ, ਓਦੋਂ ਦੇ ਹਾਲਾਤ ਹੋਰ ਸਨ ਤੇ ਸਾਲ ਦੇ ਅੰਤ ਤੱਕ ਇਸ ਨਾਲੋਂ ਇੱਕ-ਦਮ ਵੱਖਰੇ ਹਨ। ਓਦੋਂ ਪੰਜਾਬ ਦੇ ਦੀਨਾ ਨਗਰ ਵਿੱਚ ਥਾਣੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਦਹਿਸ਼ਤਗਰਦ ਹਮਲੇ ਨੂੰ ਮਸਾਂ ਪੰਜ ਮਹੀਨੇ ਹੋਏ ਸਨ ਤੇ ਓਥੇ ਚੱਲੀਆਂ ਗੋਲੀਆਂ ਦੀ ਗੂੰਜ ਹਾਲੇ ਆਮ ਲੋਕਾਂ ਦੇ ਕੰਨਾਂ ਵਿੱਚ ਗੂੰਜਦੀ ਸੀ। ਜਦੋਂ ਉਹ ਸਾਲ ਸਿਰੇ ਲੱਗਣਾ ਸੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੀ ਪਾਰਟੀ ਭਾਜਪਾ ਨੇ ਸ਼ਹਿਨਾਈ ਵਜਾਉਣ ਦਾ ਮਾਹੌਲ ਬਣਾ ਧਰਿਆ। ਉਹ ਪਾਕਿਸਤਾਨ ਨਾਲ ਸੰਬੰਧਾਂ ਦੇ ਸੁਧਾਰ ਦੀ ਕਥਾ ਛੋਹ ਕੇ ਬੈਠ ਗਏ। ਕਾਰਨ ਸੀ ਪ੍ਰਧਾਨ ਮੰਤਰੀ ਦੀ ਅਚਾਨਕ ਕੀਤੀ ਪਾਕਿਸਤਾਨ ਯਾਤਰਾ, ਜਿਸ ਨੂੰ ਉਹ ਕਮਾਲ ਦੀ ਕੂਟਨੀਤਕ ਪ੍ਰਾਪਤੀ ਬਣਾ ਕੇ ਪੇਸ਼ ਕਰ ਰਹੇ ਸਨ। ਪ੍ਰਧਾਨ ਮੰਤਰੀ ਸਾਹਿਬ ਮਾਸਕੋ ਗਏ ਤਾਂ ਓਥੋਂ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਜਾਣਾ ਪਿਆ। ਜਦੋਂ ਦਿੱਲੀ ਮੁੜਨਾ ਸੀ ਤਾਂ ਅਚਾਨਕ ਚੇਤਾ ਆ ਗਿਆ ਕਿ ਅੱਜ ਨਵਾਜ਼ ਸ਼ਰੀਫ ਦਾ ਜਨਮ ਦਿਨ ਹੈ, ਵਧਾਈ ਦੇ ਲਈ ਜਾਵੇ। ਅੱਗੋਂ ਨਵਾਜ਼ ਨੇ ਕਹਿ ਦਿੱਤਾ ਕਿ ਲੰਘਣਾ ਸਾਡੇ ਵੱਲੋਂ ਹੈ, ਸਾਡੀ ਦੋਹਤੀ ਦੇ ਵਿਆਹ ਵਿੱਚ ਹਾਜ਼ਰੀ ਭਰਦੇ ਜਾਓ। ਨਰਿੰਦਰ ਮੋਦੀ ਫਿਰ ਲਾਹੌਰ ਜਾ ਉੱਤਰੇ। ਉਸ ਦੌਰੇ ਨੂੰ ਬੜੀ ਵੱਡੀ ਪ੍ਰਾਪਤੀ ਦੱਸ ਰਹੀ ਭਾਜਪਾ ਨੂੰ ਉਸ ਵੇਲੇ ਇੱਕ ਦਮ ਕੂਹਣੀ ਮੋੜਾ ਕੱਟਣਾ ਔਖਾ ਹੋ ਗਿਆ, ਜਦੋਂ ਪਹਿਲੀ ਜਨਵਰੀ ਦੇ 'ਹੈਪੀ ਨਿਊ ਯੀਅਰ' ਤੋਂ ਅਗਲੇ ਦਿਨ ਪਠਾਨਕੋਟ ਦੇ ਏਅਰ ਫੋਰਸ ਸਟੇਸ਼ਨ ਉੱਤੇ ਨਵਾਜ਼ ਸ਼ਰੀਫ ਦੇ ਦੇਸ਼ ਤੋਂ ਆਏ ਹੋਏ ਦਹਿਸ਼ਤਗਰਦਾਂ ਨੇ ਹਮਲਾ ਕਰ ਕੇ ਭਾਜੜ ਪਾ ਦਿੱਤੀ। ਆਪਣੇ ਮੂੰਹੋਂ ਇਕਬਾਲ ਕਰਨ ਜਾਂ ਨਾ ਕਰਨ, ਉਂਜ ਭਾਜਪਾ ਵਾਲਿਆਂ ਦੀ ਸਾਰੀ ਡਿਪਲੋਮੇਸੀ ਦੀ ਖੀਰ ਉੱਤੇ ਇਸ ਵੱਡੇ ਦਹਿਸ਼ਤਗਰਦ ਹਮਲੇ ਨੇ ਖੇਹ ਪਾ ਦਿੱਤੀ ਸੀ।
ਪ੍ਰਧਾਨ ਮੰਤਰੀ ਦੇ ਲਾਹੌਰ ਗੇੜੇ ਤੋਂ ਪਹਿਲਾਂ ਇਹ ਗੱਲ ਭਾਜਪਾ ਵਾਲੇ ਕਹਿੰਦੇ ਹੁੰਦੇ ਸਨ ਕਿ ਮਨਮੋਹਨ ਸਿੰਘ ਦੀ ਸਰਕਾਰ ਤਾਂ ਪਾਕਿਸਤਾਨੀ ਲੀਡਰਾਂ ਨੂੰ ਬਿਰਿਆਨੀ ਖੁਆਉਣ ਜੋਗੀ ਸੀ, ਹੋਰ ਕੁਝ ਕਰਨ ਜੋਗੀ ਨਹੀਂ। ਲਾਹੌਰ ਦੇ ਗੇੜੇ ਨਾਲ ਦੁਵੱਲੇ ਸੰਬੰਧਾਂ ਲਈ ਲਾਲ ਦਰੀਆਂ ਵਿਛਾਉਂਦੇ ਭਾਜਪਾ ਆਗੂ ਜਦੋਂ ਪਠਾਨਕੋਟ ਹਮਲੇ ਪਿੱਛੋਂ ਬੋਲਣ ਜੋਗੇ ਨਾ ਰਹੇ ਤਾਂ ਕਾਂਗਰਸੀ ਆਗੂ ਮਜ਼ਾਕ ਕਰਦੇ ਸਨ ਕਿ ਚਲੋ, ਪਾਕਿਸਤਾਨ ਦੀ ਬਿਰਿਆਨੀ ਤਾਂ ਮੋਦੀ ਸਾਹਿਬ ਖਾ ਆਏ।
ਇਸ ਤੋਂ ਬਾਅਦ ਦਾ ਸਾਰਾ ਸਾਲ ਭਾਰਤ-ਪਾਕਿ ਸੰਬੰਧਾਂ ਵਿੱਚ ਤਲਖੀ ਵਧਾਉਣ ਵਾਲਾ ਰਿਹਾ। ਜੰਮੂ-ਕਸ਼ਮੀਰ ਵਿੱਚ ਫੌਜ ਦੇ ਉੜੀ ਕੈਂਪ ਉੱਤੇ ਹੋਏ ਹਮਲੇ ਪਿੱਛੋਂ ਭਾਰਤੀ ਫੌਜ ਵੱਲੋਂ ਕੀਤੀ ਦੱਸੀ ਗਈ 'ਸਰਜੀਕਲ ਸਟਰਾਈਕ' ਨੇ ਤਲਖੀ ਹੋਰ ਵਧਾ ਦਿੱਤੀ ਅਤੇ ਫਿਰ ਇੱਕ ਅੰਤਰ-ਰਾਸ਼ਟਰੀ ਸੈਮੀਨਾਰ ਵਿੱਚ ਗਏ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਪਾਕਿਸਤਾਨ ਵੱਲੋਂ ਮੰਦੇ ਵਿਹਾਰ ਤੇ ਰਾਜਨਾਥ ਸਿੰਘ ਦੇ ਖਾਣਾ ਖਾਧੇ ਬਿਨਾਂ ਮੁੜਨ ਨੇ ਹੋਰ ਵੀ ਵਧਾ ਦਿੱਤੀ। ਬਾਅਦ ਵਿੱਚ ਜਦੋਂ ਪਾਕਿਸਤਾਨ ਵਿੱਚ ਸਾਰਕ ਦੇਸ਼ਾਂ ਦਾ ਸਿਖਰ ਸਮਾਗਮ ਹੋਣਾ ਸੀ, ਭਾਰਤ ਨੇ ਬਾਈਕਾਟ ਦੀ ਪਹਿਲ ਕੀਤੀ ਤੇ ਉਸ ਦੇ ਵੇਖੋ-ਵੇਖੀ ਬਾਕੀ ਦੇਸ਼ ਨਾਂਹ ਕਰ ਗਏ ਤਾਂ ਸਮਾਗਮ ਰੱਦ ਕਰਨਾ ਪਿਆ ਸੀ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਆਜ਼ਾਦੀ ਮਿਲਣ ਤੇ ਪਾਕਿਸਤਾਨ ਬਣਨ ਪਿੱਛੋਂ ਪਹਿਲੀ ਵਾਰ ਕਿਸੇ ਭਾਰਤੀ ਸਰਕਾਰ ਨੂੰ ਕਸ਼ਮੀਰ ਦੇ ਮੁੱਦੇ ਉੱਤੇ ਯੂ ਐੱਨ ਮਤੇ ਮੁਤਾਬਕ ਨਵੀਂ ਚੁਣੌਤੀ ਦਿੱਤੀ ਤੇ ਸਿੰਧ ਦੇ ਪਾਣੀਆਂ ਦਾ ਸਮਝੌਤਾ ਤੋੜਨ ਦਾ ਪੈਂਤੜਾ ਜਾ ਮੱਲਿਆ। ਇਹ ਦੋਵੇਂ ਪੈਂਤੜੇ ਦੇਸ਼ ਅੰਦਰੋਂ ਕਿੰਨੇ ਕੁ ਸਰਬ-ਸੰਮਤੀ ਹਾਸਲ ਕਰਨ ਵਾਲੇ ਅਤੇ ਕਿੰਨੇ ਨਹੀਂ ਸਨ, ਇਹ ਗੱਲ ਵੱਖਰੀ ਹੈ। ਇਸ ਨਾਲੋਂ ਵੱਡੀ ਗੱਲ ਇਹ ਹੈ ਕਿ ਇਸ ਨਾਲ ਹਾਲਾਤ ਹੋਰ ਤੋਂ ਹੋਰ ਤਲਖੀ ਵਾਲੇ ਬਣਦੇ ਗਏ।
""
ਜਿਹੜੀ ਦਹਿਸ਼ਤਗਰਦੀ ਨੇ ਭਾਰਤ-ਪਾਕਿ ਰਿਸ਼ਤਿਆਂ ਵਿੱਚ ਕੁੜੱਤਣ ਲਿਆਂਦੀ ਸੀ, ਉਸ ਨੇ ਸੰਸਾਰ ਦੇ ਲੋਕਾਂ ਨੂੰ ਵੀ ਬਹੁਤ ਦੁਖੀ ਕੀਤਾ ਹੈ। ਹੁਣ ਇਰਾਕ, ਸੀਰੀਆ ਜਾਂ ਨਾਈਜੀਰੀਆ ਵਿੱਚ ਤਿੰਨ ਸੌ ਬੰਦੇ ਵੀ ਮਰਨ ਤਾਂ ਭਾਰਤੀ ਅਖਬਾਰਾਂ ਨੂੰ ਖਬਰ ਨਹੀਂ, ਆਮ ਜ਼ਿੰਦਗੀ ਦਾ ਹਿੱਸਾ ਜਾਪਦਾ ਹੈ। ਯੂਰਪ ਵਿੱਚ ਫਰਾਂਸ ਤੋਂ ਅੱਗੇ ਵਧੀ ਦਹਿਸ਼ਤਗਰਦੀ ਨੇ ਬੈਲਜੀਅਮ ਅਤੇ ਜਰਮਨੀ ਤੱਕ ਨੂੰ ਖੂਨ-ਖਰਾਬੇ ਨਾਲ ਕੰਬਣੀ ਛੇੜ ਦਿੱਤੀ ਹੈ। ਸੰਸਾਰ ਭਰ ਲਈ ਪੈਦਾ ਹੋਏ ਇਸ ਖਤਰੇ ਵਿਰੁੱਧ ਜਦੋਂ ਦੂਸਰੇ ਪੂੰਜੀਵਾਦੀ ਦੇਸ਼ ਇਹ ਸੋਚਦੇ ਹਨ ਕਿ ਅਮਰੀਕਾ ਅਗਵਾਈ ਕਰੇਗਾ, ਓਦੋਂ ਅਮਰੀਕਾ ਦੀ ਰਾਸ਼ਟਰਪਤੀ ਚੋਣ ਵਿੱਚ ਉਹ ਬੰਦਾ ਦੇਸ਼ ਦਾ ਮੁਖੀ ਚੁਣਿਆ ਗਿਆ ਹੈ, ਜਿਸ ਨੂੰ 'ਬੇ-ਸੁਰਾ' (ਕਿਸੇ ਸਾਊ ਸੁਰ ਬਿਨਾਂ ਬੋਲਣ ਵਾਲਾ) ਅਤੇ ਬੇ-ਸਿਰਾ (ਸਿਰ ਨਾਲ ਸੋਚੇ ਬਿਨਾਂ ਪਹਿਲੀ ਕਹੀ ਗੱਲ ਤੋਂ ਉਲਟਬਾਜ਼ੀ ਮਾਰਨ ਵਾਲਾ) ਕਿਹਾ ਜਾ ਰਿਹਾ ਹੈ। ਜਿਹੜੇ ਹਾਲਾਤ ਇਸ ਵੇਲੇ ਸੰਸਾਰ ਨੂੰ ਦਰਪੇਸ਼ ਹਨ, ਉਨ੍ਹਾਂ ਕਾਰਨ ਬਹੁਤ ਸੋਚ ਕੇ ਕਦਮ ਚੁੱਕਣ ਦੀ ਲੋੜ ਹੈ, ਪਰ ਇਹ ਸਨਕੀ ਸੋਚ ਵਾਲਾ ਬੰਦਾ ਜਿਸ ਤਰ੍ਹਾਂ ਦਾ ਵਿਹਾਰ ਕਰਦਾ ਹੈ, ਉਸ ਤੋਂ ਅਮਰੀਕੀ ਲੋਕਾਂ ਦਾ ਇੱਕ ਵਰਗ ਵੀ ਚਿੰਤਾ ਵਿੱਚ ਹੈ। ਡੋਨਾਲਡ ਟਰੰਪ ਦੀ ਚੌਧਰ ਦਾ ਪਹਿਲਾ ਸਾਲ ਪਤਾ ਨਹੀਂ ਕਿੱਦਾਂ ਦਾ ਹੋਵੇਗਾ!
""
ਇਸ ਵਕਤ ਸਾਡੇ ਲੋਕਾਂ ਦਾ ਧਿਆਨ ਓਨਾ ਸੰਸਾਰ ਵੱਲ ਨਹੀਂ, ਤੇ ਓਨਾ ਭਾਰਤ ਦੀ ਕੌਮੀ ਰਾਜਨੀਤੀ ਵੱਲ ਵੀ ਨਹੀਂ, ਜਿੰਨਾ ਅਗਲੇ ਦਿਨੀਂ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੱਲ ਲੱਗਾ ਪਿਆ ਹੈ। ਰਾਜਨੀਤੀ ਦੀਆਂ ਦੋਵਾਂ ਮੁੱਖ ਧਿਰਾਂ ਅਕਾਲੀ-ਭਾਜਪਾ ਗੱਠਜੋੜ ਤੇ ਕਾਂਗਰਸ ਪਾਰਟੀ ਨੂੰ ਇਸ ਵੇਲੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਾਲੀ ਤੀਸਰੀ ਧਿਰ ਦੀ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਬਾਦਲ ਬਾਪ-ਬੇਟਾ ਇਸ ਟੋਟਕੇ ਨਾਲ ਗੱਲ ਟਾਲਣ ਦਾ ਯਤਨ ਕਰਦੇ ਰਹੇ ਕਿ ਜਿਵੇਂ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਦੀ ਖਾਲੀ ਹਵਾ ਸੀ ਤੇ ਸੀਟ ਕੋਈ ਆਈ ਨਹੀਂ ਸੀ, ਇਸ ਵਾਰ ਇਸ ਨਵੀਂ ਪਾਰਟੀ ਦਾ ਉਹੋ ਹਾਲ ਹੋਣ ਵਾਲਾ ਹੈ। ਬਾਅਦ ਵਿੱਚ ਉਹ ਵੀ ਆਪਣੀ ਸੁਰ ਬਦਲ ਕੇ ਇਸ ਪਾਰਟੀ ਨੂੰ ਕਦੀ ਚਾਰ-ਪੰਜ ਅਤੇ ਕਦੀ ਦਸ ਕੁ ਸੀਟਾਂ ਦੇਣ ਦੀ ਗੱਲ ਕਹਿਣ ਲੱਗੇ ਹਨ। ਕਾਂਗਰਸ ਸਾਫ ਕਹੀ ਜਾ ਰਹੀ ਹੈ ਕਿ ਉਸ ਦਾ ਮੁਕਾਬਲਾ ਸਿਰਫ ਆਮ ਆਦਮੀ ਪਾਰਟੀ ਨਾਲ ਹੈ। ਅਕਾਲੀ ਦਲ ਦੀ ਸਹਿਯੋਗੀ ਧਿਰ ਭਾਜਪਾ ਵਾਲੇ ਬੋਲਦੇ ਨਹੀਂ, ਜਾਂ ਇਹ ਵੀ ਕਿਹਾ ਜਾਂਦਾ ਹੈ ਕਿ ਬੋਲਣ ਜੋਗੇ ਤਾਂ ਪੰਜਾਬ ਦੇ ਹਾਲਾਤ ਨੇ ਹੀ ਨਹੀਂ ਸੀ ਛੱਡਿਆ, ਨਰਿੰਦਰ ਮੋਦੀ ਵੱਲੋਂ ਕੀਤੀ ਗਈ ਨੋਟਬੰਦੀ ਨੇ ਹੋਰ ਭੁੰਜੇ ਲਾਹ ਦਿੱਤਾ ਹੈ।
ਕਦੇ ਇਸ ਪੰਜਾਬ ਵਿੱਚ ਖੱਬੇ ਪੱਖੀ ਏਡੀ ਵੱਡੀ ਤਾਕਤ ਹੁੰਦੇ ਸਨ ਕਿ ਉਨ੍ਹਾਂ ਨੂੰ ਖੂੰਜੇ ਲਾਉਣ ਵਾਸਤੇ ਕਾਂਗਰਸ ਅਤੇ ਅਕਾਲੀ ਦਲ ਸਾਂਝਾ ਮੋਰਚਾ ਬਣਾ ਕੇ ਅਕਾਲੀ ਦਲ ਦੇ ਚੋਣ ਨਿਸ਼ਾਨ 'ਪੰਜਾ' ਨੂੰ ਛੱਡ ਕੇ ਕਾਂਗਰਸ ਦੇ 'ਦੋ ਬਲਦਾਂ ਦੀ ਜੋੜੀ' ਵਾਲੇ ਨਿਸ਼ਾਨ ਨਾਲ ਮੈਦਾਨ ਵਿੱਚ ਉੱਤਰੇ ਸਨ। ਅੱਜ ਖੱਬੇ ਪੱਖੀ ਵੱਡੀ ਤਾਕਤ ਭਾਵੇਂ ਨਹੀਂ, ਪਰ ਉਨ੍ਹਾਂ ਦਾ ਆਪੋ ਵਿੱਚ ਹੱਥ ਮਿਲਾ ਕੇ ਲੋਕਾਂ ਵਿੱਚ ਜਾਣਾ ਕੁਝ ਚੰਗਾ ਅਸਰ ਪਾਵੇਗਾ। ਬਹੁਜਨ ਸਮਾਜ ਪਾਰਟੀ ਫਿਰ ਆਪ ਜਿੱਤਣ ਦੀ ਥਾਂ ਕਿਸੇ ਦੂਸਰੇ ਦੀ ਜਿੱਤ ਲਈ ਯਤਨ ਕਰਦੀ ਸੁਣੀ ਜਾਂਦੀ ਹੈ। ਮੁੱਖ ਧਿਰਾਂ ਸਿਰਫ ਤਿੰਨ ਹਨ। ਅਕਾਲੀ ਦਲ ਤੇ ਭਾਜਪਾ ਲਈ ਆਪਣੇ ਰਾਜ ਵਿੱਚ ਹਰ ਪਾਸੇ ਭ੍ਰਿਸ਼ਟਾਚਾਰ ਕਾਰਨ ਹੁੰਦੀ ਭੰਡੀ ਦਾ ਸਾਹਮਣਾ ਕਰਨਾ ਬਹੁਤ ਔਖਾ ਹੈ, ਪਰ ਕਮਾਲ ਦੀ ਗੱਲ ਹੈ ਕਿ ਬਾਦਲ ਬਾਪ-ਬੇਟਾ ਟੁੱਟੀਆਂ ਸੜਕਾਂ ਲੰਘ ਕੇ ਵੀ ਕਿਸੇ ਪਿੰਡ 'ਸੰਗਤ ਦਰਸ਼ਨ' ਕਰਨ ਲਈ ਜਾਣ ਤਾਂ ਓਥੇ 'ਪੰਜਾਬ ਦੀਆਂ ਸਭ ਸੜਕਾਂ ਦਾ ਨਰਕ ਕੱਢ ਦਿੱਤਾ' ਕਹੀ ਜਾਂਦੇ ਹਨ। ਸਾਹਮਣੇ ਬੈਠੇ ਲੋਕ ਅੱਖਾਂ ਟੱਡ ਕੇ ਵੇਖਦੇ ਹਨ ਕਿ ਜਿਹੜੀ ਸੜਕ ਤੋਂ ਲੰਘਦਿਆਂ ਸਾਡੀਆਂ ਵੱਖੀਆਂ ਪੀੜ ਹੋਣ ਲੱਗਦੀਆਂ ਹਨ, ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਸਾਹਿਬ ਉਸੇ ਸੜਕ ਤੋਂ ਲੰਘਣ ਪਿੱਛੋਂ ਨਰਕ ਕੱਢ ਦੇਣ ਦੀ ਗੱਲ ਕਹਿੰਦੇ ਹਨ ਤੇ ਉਨ੍ਹਾਂ ਦੇ ਚੇਲੇ ਤਾੜੀਆਂ ਮਾਰਦੇ ਹਨ। ਸ਼ਹਿਰੀ ਲੋਕ ਥੋੜ੍ਹਾ ਵੱਧ ਤਿੱਖੇ ਹੁੰਦੇ ਹਨ। ਇਸ ਕਾਰਨ ਭਾਜਪਾ ਦੀ ਲੀਡਰਸ਼ਿਪ ਲਈ ਏਡਾ ਦਾਅਵਾ ਕਰਨਾ ਕਾਫੀ ਔਖਾ ਹੋ ਜਾਣਾ ਹੈ ਤੇ ਸਭ ਤੋਂ ਵੱਧ ਰਗੜਾ ਉਨ੍ਹਾਂ ਨੂੰ ਹੀ ਲੱਗਦਾ ਜਾਪਦਾ ਹੈ।
ਆਮ ਆਦਮੀ ਪਾਰਟੀ ਦੀ ਜਿੰਨੀ ਚੜ੍ਹਤ ਦੋ ਮਹੀਨੇ ਪਹਿਲਾਂ ਸੀ, ਪਿਛਲੇ ਦਿਨਾਂ ਵਿੱਚ ਅੱਗੇ ਵਾਂਗ ਰਹਿ ਗਈ ਨਹੀਂ ਲੱਗਦੀ, ਫਿਰ ਵੀ ਅਜੇ ਲੋਕਾਂ ਦੀ ਚਰਚਾ ਉਸ ਦੇ ਪੱਖ ਨੂੰ ਘਟਾ ਕੇ ਨਹੀਂ ਵੇਖਣ ਦੇਂਦੀ। ਕੇਜਰੀਵਾਲ ਖੁਦ ਵੀ ਤੇ ਉਸ ਦੇ ਕੁਝ ਸਾਥੀ ਵੀ ਪਾਣੀਆਂ ਦੇ ਮੁੱਦੇ ਅਤੇ ਟਿਕਟਾਂ ਦੀ ਵੰਡ ਬਾਰੇ ਕੋਈ ਚੱਜ ਦੀ ਗੱਲ ਨਹੀਂ ਕਰ ਰਹੇ, ਇਸ ਦੇ ਬਾਵਜੂਦ ਜਦੋਂ ਕਿਤੇ ਜਲਸਾ ਰੱਖਿਆ ਜਾਵੇ ਤਾਂ ਭੀੜਾਂ ਇਕੱਠੀਆਂ ਨਹੀਂ ਕਰਨੀਆਂ ਪੈਂਦੀਆਂ, ਲੋਕ ਖੁਦ ਹੀ ਸੁਣਨ ਲਈ ਪਹੁੰਚਦੇ ਹਨ। ਕਸੂਤਾ ਪੱਖ ਇਹ ਹੈ ਕਿ ਇਸ ਪਾਰਟੀ ਨੂੰ ਟਿਕਟਾਂ ਦੀ ਵੰਡ ਤੋਂ ਤਕੜੀ ਢਾਹ ਲੱਗੀ ਹੈ ਤੇ ਅੱਗੋਂ ਵੀ ਪਾਰਟੀ ਲੀਡਰਸ਼ਿਪ ਮੌਕਾ ਸੰਭਾਲਣ ਲਈ ਬਹੁਤੀ ਚਿੰਤਤ ਨਹੀਂ। ਇਹ ਵਹਿਮ ਮਾਰੂ ਹੋ ਸਕਦਾ ਹੈ।
ਕਾਂਗਰਸ ਪਾਰਟੀ ਨੂੰ ਆਪਣੀ ਜੜ੍ਹ ਵਿੱਚ ਲੱਗੀ ਹੋਈ ਗੁੱਟਬੰਦੀ ਦੀ ਸਿਓਂਕ ਨੇ ਨਹੀਂ ਛੱਡਣਾ। ਪੰਜਾਬ ਵਿੱਚ ਘੱਟੋ-ਘੱਟ ਪੰਜ ਹਲਕੇ ਇਹੋ ਜਿਹੇ ਦੱਸੇ ਜਾਂਦੇ ਹਨ, ਜਿੱਥੇ ਦੋਵੇਂ ਸਕੇ ਭਰਾ ਟਿਕਟ ਲਈ ਪੱਗੋ-ਹੱਥੀ ਹੋਣ ਨੂੰ ਤਿਆਰ ਹਨ ਤੇ ਇੱਕ ਸਰਹੱਦੀ ਹਲਕੇ ਤੋਂ ਦੋਵੇਂ ਭਰਾਵਾਂ ਦੇ ਨਾਲ ਪਿਓ ਵੀ ਟਿਕਟ ਦੀ ਜ਼ਿੱਦ ਕਰਦਾ ਹੈ। ਪਾਰਟੀ ਦੀ ਰਾਹੁਲ ਗਾਂਧੀ ਮਾਰਕਾ ਅਣਹੋਈ ਜਿਹੀ ਲੀਡਰਸ਼ਿਪ ਹੇਠਾਂ ਚੋਣ ਹਲਕਿਆਂ ਵਿੱਚ ਜਾਣ ਦੀ ਗੱਲ ਕੀ ਕਰੇਗੀ, ਉਸ ਕੋਲੋਂ ਦਿੱਲੀ ਵਿੱਚ ਬੈਠੇ ਪੰਜਾਬ ਦੇ ਵੱਡੇ ਲੀਡਰਾਂ ਨੂੰ ਇੱਕ ਸੁਰ ਨਹੀਂ ਕੀਤਾ ਜਾਂਦਾ। ਟਿਕਟਾਂ ਦੀ ਵੰਡ ਇਸ ਤਰ੍ਹਾਂ ਕੀਤੀ ਜਾ ਰਹੀ ਹੈ, ਜਿਵੇਂ ਕਿਸੇ ਵੱਡੇ ਘਰ ਦਾ ਬਾਪੂ ਗੁਜ਼ਰ ਜਾਣ ਪਿੱਛੋਂ ਕਦੀ 'ਪੱਗ ਵੰਡ' ਅਤੇ ਕਦੇ 'ਚੂੰਡਾ ਵੰਡ' ਕਰਨ ਦਾ ਫੈਸਲਾ ਕਰਨ ਲਈ ਪੰਚਾਇਤ ਨੂੰ ਮੁੜ-ਮੁੜ ਮੰਜਿਆਂ ਉੱਤੇ ਬਹਿਣਾ ਪੈਂਦਾ ਹੈ। ਹਰ ਆਗੂ ਦੇ ਨਾਂਅ ਨਾਲ ਇਹ ਗੱਲ ਜੁੜਦੀ ਹੈ ਕਿ ਉਹ ਆਪਣਿਆਂ ਲਈ ਸੀਟਾਂ ਮੰਗਣ ਦੇ ਨਾਲ ਆਪਣੇ ਵਿਰੋਧੀ ਲੀਡਰ ਦੀ ਵਫਾ ਵਾਲਿਆਂ ਦੇ ਜੜ੍ਹੀਂ ਤੇਲ ਦੇਣ ਲਈ ਸਾਰਾ ਤਾਣ ਲਾ ਰਿਹਾ ਹੈ। ਚੰਡੀਗੜ੍ਹ ਨਗਰ ਨਿਗਮ ਵਿੱਚ ਕਾਂਗਰਸ ਪਾਰਟੀ ਹਾਰ ਗਈ ਤਾਂ ਇਸ ਲਈ ਕਿ ਦੋ ਵੱਡੇ ਕਾਂਗਰਸੀ ਲੀਡਰਾਂ ਦਾ ਆਪੋ ਵਿੱਚ ਆਢਾ ਲੱਗਾ ਹੋਇਆ ਸੀ। ਪੰਜ ਸਾਲ ਪਹਿਲਾਂ ਪੰਜਾਬ ਵਿੱਚ ਜਿੱਤਦੀ ਜਾਪਣ ਪਿੱਛੋਂ ਹਾਰ ਜਾਣ ਵਾਲੀ ਕਾਂਗਰਸ ਵਿੱਚ 'ਵਾਦੜੀਆਂ ਸਜਾਦੜੀਆਂ ਸਿਰਾਂ ਨਾਲ ਨਿਭਣ' ਦੇ ਹਾਲਾਤ ਹੁਣ ਫਿਰ ਬਣਦੇ ਦੱਸੇ ਜਾ ਰਹੇ ਹਨ। ਇਸ ਲਈ ਇਸ ਵੇਲੇ ਚੋਣਾਂ ਦੀ ਭਵਿੱਖਬਾਣੀ ਕੋਈ ਵੀ ਨਹੀਂ ਕਰ ਸਕਦਾ।
ਜਿਹੜੀ ਗੱਲ ਕਹੀ ਜਾ ਸਕਦੀ ਹੈ, ਉਹ ਸਿਰਫ ਇਹ ਕਿ ਚੰਗਾ ਲੋਚਣ ਦੇ ਬਾਵਜੂਦ ਇਸ ਵੇਲੇ ਇਸ ਦੇਸ਼ ਤੇ ਸੰਸਾਰ ਵਿੱਚ ਭਲੇ ਭਵਿੱਖ ਦਾ ਭਰੋਸਾ ਬੰਨ੍ਹਾਉਣ ਵਾਲੀ ਕੋਈ ਕਿਰਨ ਹਾਲੇ ਨਹੀਂ ਚਮਕ ਰਹੀ। ਬਾਬੇ ਇਹ ਗੱਲ ਕਿਹਾ ਕਰਦੇ ਸਨ ਕਿ 'ਜੇ ਭਲੇ ਦਿਨ ਨਹੀਂ ਰਹੇ ਤਾਂ ਬੁਰੇ ਵੀ ਨਹੀਂ ਰਹਿਣਗੇ', ਇਸ ਲਈ ਉਨ੍ਹਾਂ ਵਾਂਗ ਅਸੀਂ ਭਵਿੱਖ ਵਿੱਚ ਭਲੇ ਦੀ ਆਸ ਰੱਖ ਕੇ ਚੱਲੀਏ, ਸ਼ਾਇਦ ਮਾੜੇ ਦਿਨਾਂ ਨੂੰ ਕੋਈ ਮੋੜਾ ਪੈ ਹੀ ਜਾਵੇ, ਸ਼ਾਇਦ, ਤੇ ਸ਼ਾਇਦ!

25 Dec. 2016