ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

20.02.2024

ਇਮਰਾਨ ਖ਼ਾਨ ਦੇ ਹੱਕ ਵਿਚ ਪਾਕਿਸਤਾਨੀ ਸਿੱਖ ਲਾਹੌਰ ‘ਚ ਹੋਏ ਇਕੱਠੇ-ਇਕ ਖ਼ਬਰ

ਜਿਹੜਾ ਮੂਹਰਲੀ ਗੱਡੀ ਦਾ ਬਾਬੂ, ਉਹੀਓ ਮੇਰਾ ਵੀਰ ਕੁੜੀਓ।

ਸੰਸਦ ਮੈਂਬਰ ਪ੍ਰਨੀਤ ਕੌਰ ਜਲਦ ਹੀ ਭਾਜਪਾ ‘ਚ ਹੋ ਸਕਦੇ ਹਨ ਸ਼ਾਮਲ-ਇਕ ਖ਼ਬਰ

ਨੀ ਮੈਂ ਉਡ ਜਾਣਾ ਉਸ ਦੇਸ, ਜਿੱਥੇ ਮੇਰਾ ਮਾਹੀ ਵਸਦਾ।

ਹਾਈ ਕੋਰਟ ਨੇ ਦੁਹਰਾਇਆ ਕਿ ਕਿਸਾਨਾਂ ਨੇ ਹਰਿਆਣੇ ਵਿਚੋਂ ਸਿਰਫ਼ ਲੰਘਣਾ ਹੈ, ਮਸਲਾ ਤਾਂ ਦਿੱਲੀ ਨਾਲ ਹੈ-ਇਕ ਖ਼ਬਰ

ਰਾਹੀਆਂ ਨੇ ਰਾਤ ਕੱਟਣੀ, ਤੇਰੀ ਚੁੱਕ ਨਾ ਮਸੀਤ ਲਿਜਾਣੀ।

ਟਰਾਂਸਫਾਰਮਰ ਲਾਉਣ ਬਦਲੇ 40,000 ਰਿਸ਼ਵਤ ਲੈਣ ਵਾਲਾ ਲਾਈਨਮੈਨ ਵਿਜੀਲੈਂਸ ਵਲੋਂ ਗ੍ਰਿਫ਼ਤਾਰ- ਇਕ ਖ਼ਬਰ

ਚਲ ਬਈ ਤੂੰ ਤਾਂ ਜੇਹਲ ਦੀਆਂ ਬੱਤੀਆਂ ਜਗਾ ਜਾ ਕੇ।

ਖੇਤੀ ਕਾਨੂੰਨ ਬਣਵਾਉਣ ਵਿਚ ਹਰਸਿਮਰਤ ਕੌਰ ਬਾਦਲ ਦੀ ਅਹਿਮ ਭੂਮਿਕਾ- ਰਵਨੀਤ ਸਿੰਘ ਬਿੱਟੂ

ਢਿੱਡਲ ਤੇ ਤੁਹਾਡਾ ਸੀਤਾ ਫ਼ਲ ਵਾਲਾ ਵੀ ਨਾਲ ਹੀ ਸੀਗੇ।

ਕਿਸਾਨ ਸਾਵਧਾਨ ਰਹਿਣ! ਗੱਲ ਬਾਤ ਦੇ ਨਾਲ ਨਾਲ ਹੋਰ ਸਖ਼ਤੀ ਦੀ ਤਿਆਰੀ ਵੀ ਹੋ ਰਹੀ ਹੈ- ਇਕ ਸੰਪਾਦਕੀ

ਖ਼ਬਰਦਾਰ ਰਹਿਣਾ ਬਈ ਚੌਕੀ ਜ਼ਾਲਮਾਂ ਦੀ ਆਈ।

ਬਾਦਲ ਪਰਵਾਰ ਨੇ ਪੰਥਕ ਕੁਰਬਾਨੀ ਵਾਲ਼ੇ ਪਰਵਾਰਾਂ ਨੂੰ ਖੁੱਡੇ ਲਾਈਨ ਲਗਾਇਆ- ਹਰਮੀਤ ਸਿੰਘ ਮਹਿਰਾਜ

ਅੰਨ੍ਹਾਂ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇਵੇ।

ਬਸਪਾ ਨੇ ਅਕਾਲੀ ਦਲ ਨਾਲੋਂ ਗੱਠਜੋੜ ਖ਼ਤਮ ਕੀਤਾ,ਇਕੱਲਿਆਂ ਚੋਣ ਲੜੇਗੀ-ਇਕ ਖ਼ਬਰ

ਤੇਰੀ ਨੀਤ ਬੜੀ ਬਦਨੀਤ ਮੁੰਡਿਆ, ਅਸੀਂ ਫੇਰ ‘ਤੀ ਤੇਰੇ ‘ਤੇ ਲੀਕ ਮੁੰਡਿਆ।  

ਭਾਜਪਾ ਸਰਕਾਰਾਂ ਦਾ ਵਤੀਰਾ ਪੰਜਾਬੀਆਂ ‘ਚ ਬੇਗਾਨਗੀ ਦਾ ਭਾਵਨਾ ਪੈਦਾ ਕਰੇਗਾ- ਸੰਯੁਕਤ ਕਿਸਾਨ ਮੋਰਚਾ

ਇਹ ਬੇਗਾਨਗੀ ਤਾਂ 47 ‘ਚ ਹੀ ਅਗਲਿਆਂ ਪੈਦਾ ਕਰ ਦਿਤੀ ਸੀ ਇਹ ਕਹਿ ਕੇ ਕਿ ‘ਹੁਣ ਸਮਾਂ ਬਦਲ ਗਿਐ।”

ਪਟਿਆਲੇ ਦਾ ਪ੍ਰਮੁੱਖ ਅਕਾਲੀ ਆਗੂ ਹਰਪਾਲ ਜੁਨੇਜਾ ਸਾਥੀਆਂ ਸਮੇਤ ‘ਆਪ’ ‘ਚ ਸ਼ਾਮਲ- ਇਕ ਖ਼ਬਰ

ਹੁਣ ਨਿਭਣੀ ਨਹੀਂ ਤੇਰੇ ਨਾਲ਼, ਤੇਰੀ ਸਾਡੀ ਬਸ ਮੁੰਡਿਆ।

ਸੁਖਬੀਰ ਬਾਦਲ ਦੀ ਸ਼ਹਿ ‘ਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਵਾਪਰੇ- ਐੱਸ.ਆਈ.ਟੀ.

ਸਮੁੱਚਾ ਸਿੱਖ ਜਗਤ ਤਾਂ ਸ਼ੁਰੂ ਤੋਂ ਹੀ ਇਹ ਕਹਿੰਦਾ ਆ ਰਿਹੈ ਭਾਈ ਪੁਲਿਸ ਵਾਲਿਉ।

ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀਆਂ ਸੰਭਾਵਨਾਵਾਂ ਪਈਆਂ ਮੱਧਮ- ਇਕ ਖ਼ਬਰ

ਹੁਣ ਜੋਗੀਆ ਕਰੇਂ ਪਖੰਡ ਕੈਸੇ, ਤੰਦੂਏ ਵਾਂਗ ਤਾਰਾਂ ਤੇਰੀਆਂ ਕੱਟੀਆਂ ਨੀ।

ਹਰਿਆਣਾ ਪੁਲਿਸ ਦੀ ਕਾਰਵਾਈ ਤੋਂ ਬਾਅਦ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣ ਲੱਗੀਆਂ- ਇਕ ਖ਼ਬਰ

ਜਬੈ ਬਾਣ ਲਾਗੈ, ਤਬੈ ਰੋਸ ਜਾਗੇ।

ਸੰਨੀ ਦਿਓਲ ਤੇ ਸ਼ੱਤਰੂਘਨ ਸਿਨਹਾ ਪੰਜ ਸਾਲਾਂ ‘ਚ ਲੋਕ ਸਭਾ ‘ਚ ਇਕ ਸ਼ਬਦ ਨਹੀਂ ਬੋਲੇ-ਇਕ ਖ਼ਬਰ

ਵੱਡੇ ਸਾਬ੍ਹ ਵਲੋਂ ਸ਼ਾਬਾਸ਼ ਵੀ ਮਿਲਦੀ ਹੈ ਮੂੰਹ ਸੁੱਚਾ ਰੱਖਣ ਲਈ।

 ਪਾਕਿ ਚੋਣਾਂ ‘ਚ ਧਾਂਦਲੀਆਂ ਦੀ ਜਾਂਚ ਕਰਨ ਲਈ ਉੱਚ ਪੱਧਰੀ ਕਮੇਟੀ ਦਾ ਗਠਨ-ਇਕ ਖ਼ਬਰ

ਕਮੇਟੀ ‘ਚ ਹੋਣ ਵਾਲੀ ਧਾਂਦਲੀ ਦੀ ਜਾਂਚ ਕੌਣ ਕਰੇਗਾ ਬਈ?

=============================================================