ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

15.01.2024

ਰਾਜਪਾਲ ਪੁਰੋਹਿਤ ਨੇ ਪੰਜਾਬ ਵਿਧਾਨ ਸਭਾ ‘ਚ ਪਾਸ ਹੋਰ ਤਿੰਨ ਬਿੱਲਾਂ ਨੂੰ ਮੰਨਜ਼ੂਰੀ ਦਿਤੀ- ਇਕ ਖ਼ਬਰ

ਦੁੱਧ ਦਿਤਾ ਬੱਕਰੀ ਨੇ, ਵਿਚ ਮੁੱਠ ਮੀਗਣਾਂ ਦੀ ਪਾ ਕੇ।

ਦਿੱਲੀ ਕਮੇਟੀ ਦੇ ਪ੍ਰਧਾਨ ਦੀ ਕੁਰਸੀ ਪੰਥ ਨਾਲ਼ ਧ੍ਰੋਹ ਕਮਾਉਣ ਲਈ ਨਹੀਂ-ਪਰਮਜੀਤ ਸਿੰਘ ਸਰਨਾ

ਸਰਨਾ ਸਾਹਿਬ, ਤੁਸੀਂ ਵੀ ਤਾਂ ਪੰਥ ਨਾਲ਼ ਧ੍ਰੋਹ ਕਮਾਉਣ ਵਾਲਿਆਂ ਨਾਲ ਮੁੜ ਯਾਰੀ ਪਾਈ ਐ।

ਸੁਲਤਾਨ ਪੁਰ ਲੋਧੀ ‘ਚ ਗੋਲੀ ਚਲਾਉਣ ਲਈ ਪੰਜ ਮੈਂਬਰੀ ਕਮੇਟੀ ਨੇ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ- ਧਾਮੀ

ਚਲੋ, ਤੁਸੀਂ ਕਬੂਲ ਤਾਂ ਕਰ ਲਿਆ ਕਿ ਬਹਿਬਲ ਕਲਾਂ ਅਤੇ ਕੋਟ ਕਪੂਰੇ ‘ਚ ਵੀ ਗੋਲ਼ੀ ਮੁੱਖ ਮੰਤਰੀ ਦੇ ਹੁਕਮਾਂ ਨਾਲ ਹੀ ਚੱਲੀ ਸੀ। 

ਸ਼ੇਖ਼ ਹਸੀਨਾ ਸਮਰਥਕਾਂ ਲਈ ‘ਆਇਰਨ ਲੇਡੀ, ਅਤੇ ਆਲੋਚਕਾਂ ਲਈ ‘ਤਾਨਾਸ਼ਾਹ’ ਇਕ ਖ਼ਬਰ

ਮਾਂਹ ਲਗਦੇ ਨੇ ਕਿਸੇ ਨੂੰ ਸੁਆਦੀ, ਤੇ ਕਈਆਂ ਨੂੰ ਇਹ ਬਾਦੀ ਕਰਦੇ।

ਪ੍ਰਧਾਨ ਬਾਰੇ ਵਿਵਾਦ ਨੂੰ ਲੈ ਕੇ ਕੈਲਗਰੀ ਸਥਿਤ ਗੁਰਦੁਆਰੇ ‘ਚ ਝੜਪ, ਚਾਰ ਜਣੇ ਜ਼ਖ਼ਮੀ- ਇਕ ਖ਼ਬਰ

ਮਾਇਆ ਨਾਗਣੀ ਤੇ ਚੌਧਰ ਦੀ ਭੁੱਖ ਯਾਰੋ, ਤੀਜਾ ਮਸਲਾ ਨਹੀਂ ਗੁਰੂ-ਦਰਬਾਰ ਅੰਦਰ।

ਭਗਵੰਤ ਮਾਨ ਨੇ ਸੁਖਬੀਰ ਬਾਦਲ ਦੇ ਮਾਣਹਾਨੀ ਨੋਟਿਸ ਦੀ ਚੁਣੌਤੀ ਕਬੂਲੀ- ਇਕ ਖ਼ਬਰ

ਜੇ ਮੁੰਡਿਆ ਤੂੰ ਚੁੰਘੀਆਂ ਬੂਰੀਆਂ, ਤਾਂ ਆ ਜਾ ਵਿਚ ਮੈਦਾਨੇ।

ਕਾਂਗਰਸ ਹਾਈ ਕਮਾਂਡ ਨਵਜੋਤ ਸਿੱਧੂ ਦੀਆਂ ਗਤੀਵਿਧੀਆਂ ਤੋਂ ਔਖੀ- ਇਕ ਖ਼ਬਰ

ਜਇਆਵੱਢੀ ਦਾ ਨਹੀਂ ਸੁਣਦਾ ਮੇਰੀ, ਮਨ ਆਈਆਂ ਨਿੱਤ ਕਰਦਾ।

ਜੰਮੂ ਕਸ਼ਮੀਰ ਦੇ ਸਿੱਖ ਬਣਾਉਣਾ ਚਾਹੁੰਦੇ ਹਨ ਬਾਦਲ ਦਲ ਦੀ ਇਕਾਈ- ਇਕ ਖ਼ਬਰ

ਲਿਬੜੀ ਮੱਝ ਹੈ ਸਭ ਨੂੰ ਲਿਬੇੜ ਦਿੰਦੀ, ਭੁੱਲ ਕੇ ਨੇੜ ਨਾ ਇਸ ਦੇ ਜਾਵੀਏ ਜੀ।

ਬਸਪਾ ਪ੍ਰਧਾਨ ਪੰਜਾਬ ਨੇ ਕਿਹਾ ਕਿ ਪਾਰਟੀ ਦਾ ਅਕਾਲੀ ਦਲ ਬਾਦਲ ਨਾਲ ਕੋਈ ਗੱਠਜੋੜ ਨਹੀਂ- ਇਕ ਖ਼ਬਰ

ਘਰੀਂ ਖੇੜਿਆਂ ਦੇ ਨਹੀਂ ਵਸਣਾ ਮੈਂ, ਸਾਡੇ ਨਾਲ਼ ਉਨ੍ਹਾਂ ਦੀ ਖਰਖਸ ਹੋਈ।

ਪੰਜਾਬ ਸਰਕਾਰ ਦੀਆਂ ਪ੍ਰਵਾਸੀ ਪੰਜਾਬੀਆਂ ਨਾਲ਼ ਮਿਲਣੀਆਂ ਸਿਰਫ਼ ਸ਼ੋਸ਼ੇਬਾਜ਼ੀ ਤੱਕ ਸੀਮਤ- ਇਕ ਖ਼ਬਰ

ਖਾਲੀ ਘੋੜੀ ਹਿਣਕਦੀ, ਉੱਤੇ ਨਹੀਂ ਦੀਂਹਦਾ ਵੀਰ।

ਕਾਂਗਰਸੀ ਆਗੂਆਂ ਨੇ ਰਾਮ ਮੰਦਰ ਦੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ‘ਚ ਜਾਣ ਤੋਂ ਕੀਤੀ ਨਾਂਹ- ਇਕ ਖ਼ਬਰ

ਮੈਂ ਕਿੰਜ ਮੁਕਲਾਵੇ ਜਾਵਾਂ, ਮਿੱਤਰਾਂ ਦਾ ਪਿੰਡ ਛੱਡ ਕੇ।

ਕਾਂਗਰਸੀ ਆਗੂਆਂ ਨੇ ਨਾਭਾ ਜੇਲ੍ਹ ‘ਚ ਬੰਦ ਸੁਖਪਾਲ ਖਹਿਰਾ ਨਾਲ ਕੀਤੀ ਮੁਲਾਕਾਤ- ਇਕ ਖ਼ਬਰ

ਮੁੰਡੇ ਗੱਭਰੂ ਸ਼ੁਕੀਨ ਬਥੇਰੇ, ਤੇਰੇ ਉੱਤੇ ਡੋਰ ਮਿੱਤਰਾ।

ਅਸੀਂ ‘ਇੰਡੀਆ’ ਗੱਠਜੋੜ ਲਈ ਤਿਆਰ, ਪਰ ਕਾਂਗਰਸ ਪੱਛਮੀ ਬੰਗਾਲ ‘ਚ ਆਪਣੀਆਂ ਹੱਦਾਂ ਸਮਝੇ-ਮਮਤਾ

ਗੱਲ ਸੋਚ ਕੇ ਕਰੀਂ ਜ਼ੈਲਦਾਰਾ, ਉਂਜ ਤੈਨੂੰ ਜੀ ਆਇਆਂ ਨੂੰ।

ਰਾਜਾ ਵੜਿੰਗ ਨੇ ਨਵਜੋਤ ਸਿੱਧੂ ਨੂੰ ਰੰਗ ਵਿਚ ਭੰਗ ਨਾ ਪਾਉਣ ਲਈ ਕਿਹਾ- ਇਕ ਖ਼ਬਰ

ਗੱਲਾਂ ਤੇਰੀਆਂ ਦੇ ਉੱਠਣ ਮਰੋੜੇ, ਢਿੱਡ ਵਿਚ ਦੇਵਾਂ ਮੁੱਕੀਆਂ।

ਅਸੀਂ ‘ਇਕ ਦੇਸ਼, ਇਕ ਚੋਣ’ ਦੀ ਧਾਰਣਾ ਨਾਲ ਸਹਿਮਤ ਨਹੀਂ- ਮਮਤਾ ਬੈਨਰਜੀ

ਤੇਰੇ ਖੁਸ਼ਕ ਮੱਕੀ ਦੇ ਦਾਣੇ, ਮਿੱਤਰਾਂ ਨੇ ਨਹੀਉਂ ਚੱਬਣੇ।

=================================================