ਸਾਹਿਬਜ਼ਾਦਿਆਂ ਅਤੇ ਗੁਰੂ ਮਾਤਾਵਾਂ ਦੇ ਨਾਵਾਂ ਅਤੇ 'ਵੀਰ ਬਾਲ ਦਿਵਸ' ਆਦਿ ਵਿਵਾਦ ਪਿੱਛੇ ਮਕਸਦ - ਡਾ. ਗੁਰਵਿੰਦਰ ਸਿੰਘ
ਮੌਜੂਦਾ ਸਟੇਟ ਦੇ ਜਬਰ ਖਿਲਾਫ ਡਟਣ ਦੀ ਥਾਂ, ਬੇਤੁਕੀ ਬਹਿਸ ਸਾਜ਼ਿਸ਼, ਸ਼ਰਾਰਤ ਜਾਂ ਸਿਆਸਤ?
ਦਸੰਬਰ ਦਾ ਮਹੀਨਾ ਅਤੇ ਵਿਸ਼ੇਸ਼ ਕਰ ਕੇ ਦੂਜੇ ਪੰਦਰਵਾੜਾ ਸਿੱਖ ਇਤਿਹਾਸ ਵਿੱਚ, ਸ਼ਹਾਦਤਾਂ ਦੇ ਇਤਿਹਾਸ 'ਚ ਸਿਰਮੌਰ ਮੰਨਿਆ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਚਾਰੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ, ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ। ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੋੜੇ ਸਮੇਤ ਅਤੇ ਹੋਰ ਅਨੇਕਾਂ ਚੁਣੌਤੀਆਂ ਨਾਲ ਜੂਝਦੇ ਹੋਏ, ਸਮੇਂ ਦੀ ਜ਼ਾਲਮ ਹਕੂਮਤ ਨੂੰ ਟੱਕਰ ਦੇ ਰਹੇ ਸਨ। ਇਹ ਉਹ ਦਿਨ ਸਨ, ਜਦੋਂ ਸਰਸਾ ਨਦੀ 'ਚ ਵੱਡਮੁੱਲਾ ਸਾਹਿਤ ਰੁੜ ਗਿਆ ਸੀ ਤੇ ਜਿਨਾਂ ਦਿਨਾਂ 'ਚ ਸਿੱਖ ਸੰਗਤਾਂ ਦਾ ਵੱਡਾ ਹਿੱਸਾ ਅਤੇ ਪਰਿਵਾਰ ਵਿਛੜ ਗਿਆ। ਪਰ ਦੂਜੇ ਪਾਸੇ ਇਹੀ ਦਿਨ ਚੜ੍ਹਦੀ ਕਲਾ ਦੇ ਇਤਿਹਾਸ ਦੇ ਪੰਨੇ ਹਨ। ਇੱਕ ਪਾਸੇ ਸਰਹੰਦ ਦੀਆਂ ਨੀਹਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੇ ਚਿਣੇ ਜਾਣਾ ਮੁਗਲੀਆ ਹਕੂਮਤ ਦੇ ਜ਼ੁਲਮ ਦੀ ਸਿਖਰ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਅਤੇ ਦੂਜੇ ਪਾਸੇ ਚਮਕੌਰ ਦੀ ਗੜੀ 'ਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਸਮੇਤ ਪਿਆਰੇ ਸਿੰਘਾਂ ਦੀਆਂ ਸ਼ਹੀਦੀਆਂ।
ਇਹਨਾਂ ਦਿਨਾਂ ਦੌਰਾਨ ਵਿਚਾਰ ਚਰਚਾ ਤਾਂ ਇਹ ਹੋਣੀ ਚਾਹੀਦੀ ਹੈ ਕਿ ਇਹ ਸ਼ਹਾਦਤਾਂ ਸਾਨੂੰ ਕੀ ਸਿੱਖਿਆ ਦਿੰਦੀਆਂ ਹਨ? ਸਮੇਂ ਦੀਆਂ ਜ਼ਾਲਮ ਹਕੂਮਤਾਂ ਖਿਲਾਫ ਕਿਵੇਂ ਡਟਣ ਦੀ ਪ੍ਰੇਰਨਾ ਦਿੰਦੀਆਂ ਹਨ? ਇਹ ਵੀ ਸੱਚ ਹੈ ਕਿ ਸਿੱਖ ਸੰਘਰਸ਼ ਮੁਗਲੀਆ ਹਕੂਮਤ ਖਿਲਾਫ ਸੀ ਨਾ ਕਿ ਇਸਲਾਮ ਖਿਲਾਫ। ਮੌਜੂਦਾ ਸਮੇਂ ਵੀ ਜੇਕਰ ਸੱਤਾਧਾਰੀ ਹਕੂਮਤ ਜ਼ੁਲਮ ਢਾਉਂਦੀ ਹੈ ਤਾਂ ਸਿੱਖ ਸੰਘਰਸ਼ ਉਸ ਦੇ ਖਿਲਾਫ ਹੈ ਨਾ ਕਿ ਕਿਸੇ ਖਾਸ ਧਰਮ ਦੇ ਖਿਲਾਫ, ਪਰ ਅਫਸੋਸ ਇਸ ਗੱਲ ਦਾ ਹੈ ਕਿ ਕਹਿੰਦੇ ਕਹਾਉਂਦੇ ਲੇਖਕ, ਬੁੱਧੀਜੀਵੀ ਅਤੇ ਸਿਆਸਤਦਾਨ ਇਹਨਾਂ ਦਿਨਾਂ ਵਿੱਚ ਇਹ ਚਰਚਾ ਛੇੜ ਰਹੇ ਹਨ ਕਿ ਮਾਤਾ ਜੀ ਦਾ ਨਾਂ ਮਾਤਾ ਗੁਜਰੀ ਜੀ ਸੀ ਜਾਂ ਮਾਤਾ ਗੁਜਰ ਕੌਰ ਸੀ? ਗੁਰੂ ਸਾਹਿਬ ਦੇ ਮਹਿਲ (ਸੁਪਤਨੀ) ਦਾ ਨਾਂ ਮਾਤਾ ਸਾਹਿਬ ਕੌਰ ਸੀ ਜਾਂ ਸਾਹਿਬ ਦੇਵਾ ਸੀ? ਇਹਨਾਂ ਗੱਲਾਂ ਨੂੰ ਇਹਨਾਂ ਦਿਨਾਂ ਵਿੱਚ ਛੇੜਨ ਦਾ ਮਕਸਦ ਕੀ ਹੋ ਸਕਦਾ ਹੈ?
ਜਿੱਥੋਂ ਤੱਕ ਮੈਂ ਸਮਝਦਾ ਹਾਂ ਮਕਸਦ ਸ਼ਹਾਦਤਾਂ ਦੇ ਇਤਿਹਾਸ ਬਾਰੇ ਗਿਆਨ ਵਿੱਚ ਵਾਧਾ ਕਰਨ ਜਾਂ ਸੁਚੇਤ ਪੱਧਰ ਕਰਨ ਤੇ ਜ਼ਾਲਮ ਹਕੂਮਤ ਖਿਲਾਫ ਡਟਣ ਲਈ ਨਹੀਂ, ਬਲਕਿ ਸਮੇਂ ਦੀ ਹਕੂਮਤ ਅਤੇ ਸਥਾਪਤੀ ਖਿਲਾਫ ਜੂਝਣ ਵੱਲੋਂ ਧਿਆਨ ਵੰਡਣ ਦੀ ਕੋਸ਼ਿਸ਼ ਹੈ, ਜਿਹੜਾ ਕਿ ਹਕੂਮਤ ਸਿੱਖਾਂ ਨੂੰ ਵੰਡਣ ਵਾਸਤੇ ਹਮੇਸ਼ਾ ਹੀ ਕਰਦੀ ਹੈ। ਇਹ ਉਸੇ ਮੌਕੇ ਦੀ ਹਕੂਮਤ ਅਤੇ ਸਥਾਪਤੀ ਪੱਖੀ ਬਿਰਤਾਂਤ ਦੀ ਕੜੀ ਹੈ। ਜਦੋਂ ਕਿ ਚਾਹੀਦਾ ਇਹ ਸੀ ਕਿ ਇਹਨਾਂ ਦਿਨਾਂ ਵਿੱਚ ਗੱਲ ਸ਼ਹਾਦਤਾਂ ਦੀ ਹੁੰਦੀ, ਨਾ ਕਿ ਇਹਨਾਂ ਨਾਵਾਂ ਤੇ ਬਹਿਸ ਜਾਂ ਵਿਵਾਦਾਂ ਦੀ। ਕੀ ਫਰਕ ਪੈਂਦਾ ਜੇਕਰ ਕਿਸੇ ਨੇ ਮਾਤਾ ਗੁਜਰ ਕੌਰ ਵੀ ਲਿਖ ਦਿੱਤਾ ਜਾਂ ਮਾਤਾ ਸਾਹਿਬ ਕੌਰ ਵੀ ਲਿਖ ਦਿੱਤਾ? ਉਝ ਵੀ ਸੋਚਣ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਜੇਕਰ ਆਪਣੇ ਪਿਆਰਿਆਂ ਨੂੰ ਸਿੰਘ ਸਜਾਇਆ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਕੀ ਉਹ ਸਿੰਘ ਜਾਂ ਕੌਰ ਨਹੀਂ ਹੋਣੇਗੇ? ਕੀ ਉਹਨਾਂ ਦਾ ਅਧੂਰਾ ਨਾ ਲੈਣਾ ਜਾਇਜ਼ ਹੈ?
ਘੁਤਿੱਤੀ ਲੋਕ ਕਟਾਕਸ਼ ਕਸਦੇ ਹੋਏ ਲਿਖ ਰਹੇ ਹਨ ਕਿ ਸਿੱਖ ਤਾਂ ਹੁਣ ਗੁਰੂ ਨਾਨਕ ਨੂੰ ਵੀ ਗੁਰੂ ਨਾਨਕ ਸਿੰਘ ਲਿਖਣਗੇ। ਕੋਈ ਆਖਦਾ ਹੈ ਕਿ ਮਾਤਾ ਭਾਗ ਕੌਰ ਕਿਉਂ ਲਿਖ ਦਿੱਤਾ ਹੈ, ਮਾਈ ਭਾਗੋ ਨਹੀਂ ਲਿਖਿਆ। ਕੋਈ ਸਿੱਖ ਸੱਭਿਆਚਾਰ 'ਤੇ ਨਿਸ਼ਾਨਾ ਦਾਗਦਾ ਆਖਦਾ ਹੈ ਕਿ ਪੰਜ ਪਿਆਰੇ ਸਿੰਘ ਹੀ ਸਨ, ਫਿਰ ਕੌਰ ਸ਼ਬਦ ਕਿੱਥੋਂ ਆ ਗਿਆ, ਇਹ ਹੈ ਹੀ ਨਹੀਂ ਸੀ। ਮਕਸਦ ਇੱਕੋ ਹੀ ਹੈ ਕਿ ਸਿੱਖਾਂ ਨੂੰ ਨਾਵਾਂ ਵਿੱਚ ਉਲਝਾ ਦਈਏ ਅਤੇ ਸ਼ਹਾਦਤਾਂ ਦੇ ਇਤਿਹਾਸ ਨੂੰ ਪਿੱਛੇ ਸੁੱਟ ਦਈਏ।
ਸਾਡੇ ਖਿਆਲ ਅਨੁਸਾਰ ਜੇਕਰ ਕੋਈ ਮਾਤਾ ਗੁਜਰੀ ਜੀ ਵੀ ਆਖਦਾ ਹੈ ਜਾਂ ਮਾਤਾ ਸਾਹਿਬ ਦੇਵਾਂ ਜੀ ਵੀ ਆਖਦਾ ਹੈ, ਤਾਂ ਅਸੀਂ ਉਸਦਾ ਅਪਮਾਨ ਵੀ ਨਹੀਂ ਕਰਨਾ, ਬਸ਼ਰਤੇ ਉਹ ਸ਼ਹੀਦੀ ਦੇ ਬਿਰਤਾਂਤ ਨੂੰ ਅੱਜ ਦੀ ਸਥਾਪਤੀ ਅਤੇ ਬਹੁ ਗਿਣਤੀ ਦੇ ਹੱਕ ਵਿੱਚ ਨਾ ਭੁਗਤਾਵੇ, ਪਰ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣ ਦਾ ਕੀ ਹੱਕ ਹੈ ਜਿਨਾਂ ਨੇ ਆਪਣੇ ਨਾਵਾਂ ਦੇ ਵਿੱਚੋਂ ਪਹਿਲਾਂ ਹੀ ਮੱਧ ਨਾਮ 'ਸਿੰਘ' ਤੇ 'ਕੌਰ' ਹਟਾ ਦਿੱਤੇ ਤੇ ਹੁਣ ਉਹ ਸਿੱਖਿਆ ਦੇ ਰਹੇ ਹਨ ਕਿ ਨਾਂ ਮਾਤਾ ਗੁਜਰੀ ਹੋਣਾ ਚਾਹੀਦਾ ਹੈ, ਮਾਤਾ ਗੁਜਰ ਕੌਰ ਨਹੀਂ ਹੋਣਾ ਚਾਹੀਦਾ। ਮੈਂ ਸਮਝਦਾ ਹਾਂ ਕਿ ਕੁਝ ਲੋਕਾਂ ਨੇ ਜਾਣ ਬੁੱਝ ਕੇ ਇਹ ਵਿਸ਼ਾ ਇਹਨਾਂ ਦਿਨਾਂ ਵਿੱਚ ਛੇੜਿਆ ਹੈ।
ਇਹਨਾਂ ਬੁੱਧੀਜੀਵੀ ਲਿਖਾਰੀਆਂ ਅਤੇ ਚਿੰਤਕਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਆਪਣੇ ਸਮਿਆਂ ਵਿੱਚ ਸਰਗਰਮ ਸੀ, ਤਦ ਗੁਰੂ ਨਾਨਕ ਯੂਨੀਵਰਸਿਟੀ ਦਾ ਨਾਂ ਬਦਲ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੱਖਿਆ ਗਿਆ। ਇਹ ਧੱਕੇ ਨਾਲ ਆਰੀਆ ਸਮਾਜੀਆਂ ਦੀਆਂ ਧਿਰਾਂ ਵੱਲੋਂ ਇਸ ਤਰ੍ਹਾਂ ਦਾ ਨਾਮ ਬਦਲਾਉਣਾ ਸਹੀ ਸੀ? ਅੱਜ ਵੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨਾਲ ਧਰੋਹ ਕਮਾਉਣ ਵਾਲੇ ਉਹਨਾਂ ਨੂੰ 'ਬੰਦਾ ਬੈਰਾਗੀ' ਕਹਿ ਕੇ ਜਾਂ ਤਾਂ ਹਿੰਦੂਤਵੀ ਰਾਸ਼ਟਰਵਾਦੀ ਬਣਾਉਂਦੇ ਹਨ ਜਾਂ ਪੰਡਿਤ ਭਾਰਤਵਾਜ ਕਹਿ ਕੇ ਬ੍ਰਾਹਮਣੀ ਗਲਬੇ ਵਿੱਚ ਲਪੇਟਣ ਦੀ ਕੋਸ਼ਿਸ਼ ਕਰਦੇ ਹਨ, ਜਦਕਿ ਉਹਨਾਂ ਨੇ ਅੰਮ੍ਰਿਤ ਛੱਕ ਕੇ ਸਿੱਖੀ ਧਾਰਨ ਕਰਕੇ, ਆਪਣੀ ਪੂਰਨ ਜੀਵਨ ਹੀ ਬਦਲ ਲਿਆ ਸੀ।
ਇਸੇ ਤਰਾਂ ਹੀ ਜਦੋਂ ਸ਼ਹੀਦ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਗੱਲ ਹੁੰਦੀ ਹੈ, ਤਾਂ ਸ਼ਰਾਰਤੀ ਸੋਚ ਵਾਲੇ, ਜਾਣ ਬੁਝ ਕੇ ਉਹਨਾਂ ਨੂੰ ਪਿਛੋਕੜ ਆਧਾਰਤ ਬ੍ਰਾਹਮਣ ਹਿੰਦੂ ਜਾਂ ਖੱਤਰੀ ਆਦਿ ਲਿਖ ਕੇ ਬਿਆਨ ਕਰਦੇ ਹਨ, ਜਦਕਿ ਉਹ ਸਿੱਖ ਸਨ ਤੇ ਸਿੱਖੀ ਸਿਧਾਂਤਾਂ ਅਨੁਸਾਰ ਹੀ ਉਹਨਾਂ ਨੇ ਸ਼ਹੀਦੀਆਂ ਪਾਈਆਂ। ਇਹਨਾਂ ਦੀ ਸੋਚ ਤਾਂ ਇੰਨੀ ਮਲੀਨ ਹੋ ਚੁੱਕੀ ਹੈ ਕਿ ਕਈ ਵਾਰ ਪੰਜ ਪਿਆਰਿਆਂ ਬਾਰੇ ਵੀ ਇੱਥੋਂ ਤੱਕ ਆਖ ਦਿੰਦੇ ਹਨ ਕਿ ਉਹ ਪੰਜ ਹਿੰਦੂ ਸਨ ਤੇ ਫਿਰ ਅੰਮ੍ਰਿਤ ਛੱਕ ਕੇ ਸਿੰਘ ਸਜੇ। ਅਸਲੀਅਤ ਤਾਂ ਇਹ ਹੈ ਕਿ ਉਹ ਸਿੱਖਾਂ ਵਜੋਂ ਹੀ, ਗੁਰੂ ਸਾਹਿਬ ਦੇ ਹੁਕਮ 'ਤੇ ਪਹਿਰਾ ਦਿੰਦੇ ਹੋਏ, ਆਪਣੇ ਸੀਸ ਵਾਰ ਗਏ ਸਨ ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ 'ਸਿੰਘ' ਸਜਾਇਆ ਸੀ।
ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਜਿੰਨੇ ਵੀ ਸਿੱਖ ਸਨ, ਉਹਨਾਂ ਦੇ ਨਾਂਵਾਂ ਵਿੱਚ ਸਿੰਘ ਸ਼ਬਦ ਨਹੀਂ ਸੀ ਵਰਤਿਆ ਜਾਂਦਾ, ਪਰ ਉਹ ਪੱਕੇ ਸਿੱਖ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਖਾਲਸਾ ਸਾਜਨਾ ਮਗਰੋਂ ਸਿੱਖ ਧਰਮ ਵਿੱਚ ਸਿੰਘ ਅਤੇ ਕੌਰ ਸ਼ਬਦ ਸਿੱਖਾਂ ਲਈ ਵਰਤਿਆ ਜਾਂਦਾ ਹੈ ਅਤੇ ਇਸ ਦੇ ਵਿੱਚ ਕੋਈ ਵੀ ਭੁਲੇਖਾ ਨਹੀਂ। ਪਰ ਜਿਹੜੇ ਸ਼ਰਾਰਤੀ ਸੋਚ ਦੇ ਮਾਲਕ ਹਨ, ਉਹਨਾਂ ਨੇ ਹੁਣ ਵੱਡੇ ਪੱਧਰ ਤੇ ਸਾਜਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਹਨ। ਗਿਰਾਵਟ ਇਸ ਪੱਧਰ ਤੱਕ ਹੋ ਗਈ ਹੈ ਕਿ ਕੁਝ ਟਿੱਪਣੀਕਾਰ ਤਾਂ ਗੁਰੂ ਨਾਨਕ ਸਾਹਿਬ ਨੂੰ ਵੀ 'ਨਾਨਕ ਸਿੰਘ ਖਾਲਸਾ' ਲਿਖ ਕੇ ਵਿਅੰਗ ਕਸਦੇ ਹਨ ਤੇ ਆਖਦੇ ਹਨ ਕਿ ਹੁਣ ਸ਼ਰਧਾਲੂ ਸਿੱਖ ਗੁਰੂ ਨਾਨਕ ਸਾਹਿਬ ਨੂੰ ਵੀ ਸਿੰਘ ਬਣਾਉਣਗੇ।
ਸੱਚ ਤਾਂ ਇਹ ਹੈ ਕਿ ਸਿੱਖਾਂ ਅੰਦਰ ਕੋਈ ਭੁਲੇਖਾ ਨਹੀਂ, ਪਰ ਇਹ ਭਗਵੇਂ ਕਾਮਰੇਡ ਜ਼ਰੂਰ ਭੁਲੇਖੇ ਖੜੇ ਕਰਨ ਦੀ ਕੋਸ਼ਿਸ਼ ਵਿੱਚ ਹਨ। ਇਹ ਸਭ ਇਹਨਾਂ ਲੋਕਾਂ ਦੀਆਂ ਕੋਝੀਆਂ ਚਾਲਾਂ ਹਨ, ਤਾਂ ਕਿ ਸਿੱਖਾਂ ਦੇ ਅੰਦਰ ਭੜਕਾਹਟ ਪੈਦਾ ਕੀਤੀ ਜਾਏ। ਸਿੱਖੀ ਦੇ ਮਖੋਟਿਆਂ ਵਿੱਚ ਬੈਠੇ ਇਹਨਾਂ ਸਿੱਖ ਵਿਰੋਧੀ ਤੱਤਾਂ ਨੂੰ ਪੁੱਛਣਾ ਚਾਹਾਂਗੇ ਕਿ ਜਦੋਂ ਹਕੂਮਤਾਂ ਦੀਆਂ ਘੱਟ ਗਿਣਤੀਆਂ ਖਿਲਾਫ ਧੱਕੇਸ਼ਾਹੀਆਂ ਹੁੰਦੀਆਂ ਹਨ, ਉਦੋਂ ਇਹਨਾਂ ਦੀਆਂ ਦਲੀਲਾਂ ਤੇ ਤਰਕ ਕਿਉਂ ਮੁੱਕ ਜਾਂਦੇ ਹਨ? ਜਦੋਂ ਬ੍ਰਾਹਮਣੀ ਤਾਕਤਾਂ ਸਿੱਖ ਇਤਿਹਾਸ ਵਿਗਾੜਦੀਆਂ ਹਨ ਜਾਂ ਮੌਜੂਦਾ ਅੰਨੇ ਰਾਸ਼ਟਰਵਾਦੀ ਤੇ ਫਿਰਕੂ ਭਗਵੇਂ ਕਾਮਰੇਡ ਇਤਿਹਾਸ ਵਿਗਾੜਦੇ ਹਨ, ਉਦੋਂ ਇਹ ਚੁੱਪ ਕਿਉਂ ਧਾਰਨ ਕਰ ਲੈਂਦੇ ਹਨ?
ਸਿੱਖ ਇਤਿਹਾਸ ਦੇ ਸ਼ਹਾਦਤਾਂ ਦੇ ਦਿਨਾਂ ਮੌਕੇ ਅਜਿਹੇ ਵਿਵਾਦ ਖੜੇ ਕਰਨ ਵਾਲੇ ਇਹਨਾਂ ਅਖੌਤੀ ਬੁੱਧੀਜੀਵੀਆਂ ਅਤੇ ਲਿਖਾਰੀਆਂ ਨੂੰ ਸਵਾਲ ਹੈ ਕਿ ਕਿਸੇ ਸਿੱਖ ਸੰਸਥਾ ਨਾਲ ਸਬੰਧਿਤ ਕਾਲਜ ਵਿੱਚ ਅਧਿਆਪਕ ਜਾਂ ਉੱਚ ਅਹੁਦੇ 'ਤੇ ਲੱਗਣ ਲਈ ਤੁਸੀਂ 'ਸਿੰਘ' ਸ਼ਬਦ ਤੇ 'ਕੌਰ' ਸ਼ਬਦ ਦੀ ਵਰਤੋਂ ਕਰ ਲੈਂਦੇ ਹੋ, ਜਦਕਿ ਆਮ ਜ਼ਿੰਦਗੀ ਵਿੱਚ ਇਹਨਾਂ ਸਿੰਘ ਅਤੇ ਕੌਰ ਸ਼ਬਦਾਂ ਨੂੰ ਨਕਾਰ ਦਿੰਦੇ ਹੋ। ਅਜਿਹਾ ਦੋਗਲਾਪਣ ਕਿਉਂ??
ਅਜਿਹੀ ਗਹਿਰੀ ਸਾਜ਼ਿਸ਼ ਅਧੀਨ ਹੀ ਭਗਵੇਂ ਕਾਮਰੇਡਾਂ ਨੇ ਗ਼ਦਰ ਇਤਿਹਾਸ ਨੂੰ ਵਿਗਾੜਿਆ। ਗਦਰੀ ਬਾਬੇ ਵਧੇਰੇ ਕਰਕੇ ਸਿੱਖ ਸਨ ਤੇ ਉਨਾਂ ਵਿੱਚੋਂ ਬਹੁਤ ਸਾਰੇ ਅੰਮ੍ਰਿਤਧਾਰੀ ਸਨ, ਪਰ ਇਹਨਾਂ ਨੇ ਕਦੇ ਵੀ ਸਿੰਘ ਨਹੀਂ ਸਵਕਾਰਿਆ, ਉਹਨਾਂ ਦੇ ਨਾਵਾਂ ਨਾਲੋਂ 'ਭਾਈ' ਸ਼ਬਦ ਹਟਾਇਆ 'ਸਾਥੀ' ਲਾਇਆ ਤੇ ਉਹਨਾਂ ਦੀ ਸਿੱਖੀ ਜੀਵਨ ਜਾਚ ਨੂੰ ਵੀ ਰੱਦ ਕੀਤਾ। ਇਹੋ ਜਿਹੀ ਘਟੀਆ ਸੋਚ ਵਾਲੇ ਬੰਦਿਆਂ ਤੋਂ ਸਿੱਖ ਇਤਿਹਾਸ ਬਾਰੇ ਕੀ ਆਸ ਰੱਖੀ ਜਾ ਸਕਦੀ ਹੈ? ਅੱਜ ਫਿਰ ਇਹੀ ਤਾਕਤਾਂ, ਜੋ ਕਿ ਇੰਡੀਅਨ ਰਾਸ਼ਟਰਵਾਦੀ ਅਤੇ ਭਗਵੇਂ ਕਾਮਰੇਡੀ ਬਿਰਤਾਂਤ ਅਧੀਨ ਕੌਮੀ ਸ਼ਕਤੀ ਨੂੰ ਵੰਡਣ ਦੀ ਕੋਸ਼ਿਸ਼ ਕਰਦੀਆਂ ਹਨ, ਸਾਨੂੰ ਸੁਚੇਤ ਹੋ ਕੇ ਇਹਨਾਂ ਦੀ ਸਾਜਿਸ਼ ਅਤੇ ਸ਼ਰਾਰਤ ਨੂੰ ਸਮਝਣਾ ਚਾਹੀਦਾ ਹੈ ਤੇ ਕਿਸੇ ਝਗੜੇ ਜਾਂ ਬਹਿਸ ਦੀ ਥਾਂ 'ਤੇ ਜਬਰ ਜ਼ੁਲਮ ਤੇ ਹਕੂਮਤੀ ਧੱਕੇਸ਼ਾਹੀ ਖਿਲਾਫ ਡਟਣ 'ਤੇ ਪਹਿਰਾ ਦੇਣਾ ਚਾਹੀਦਾ ਹੈ। ਇੱਥੇ ਇੱਕ ਹੋਰ ਪ੍ਰਚਾਰ ਨੂੰ ਵੀ ਰੱਦ ਕਰਨਾ ਬਣਦਾ ਹੈ, ਜੋ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਨੂੰ 'ਬਾਲ ਦਿਵਸ' ਕਰਾਰ ਦਿੰਦੇ ਹਨ।
ਸਿੱਖ ਸੱਭਿਆਚਾਰ ਅਤੇ ਇਤਿਹਾਸ ਵਿੱਚ ਸਾਹਿਬਜ਼ਾਦਿਆਂ ਲਈ 'ਬਾਲ' ਨਹੀਂ, ਬਲਕਿ 'ਬਾਬੇ' ਸ਼ਬਦ ਵਰਤਿਆ ਗਿਆ ਹੈ, ਕਿਉਂਕਿ ਉਨਾਂ ਦੀ ਸ਼ਹਾਦਤ, ਬਾਬਿਆਂ ਦੇ ਰੂਪ ਵਿੱਚ ਹੈ। ਰਾਜਸੀ ਹਿਤਾਂ ਲਈ 'ਬਾਲ ਦਿਵਸ' ਦਾ ਨਾਂ ਦੇ ਕੇ, ਕਿਸੇ ਰਾਜਸੀ ਪ੍ਰਭਾਵ ਨੂੰ ਬਣਾਉਣਾ ਹਲਕੀ ਸੋਚ ਹੈ। ਜਿਹੜੇ ਸਿੱਖ ਵੀ ਇਸ ਗੱਲ ਦੀ ਹਮਾਇਤ ਕਰਦੇ ਹਨ, ਉਨਾਂ ਨੂੰ ਪੁਨਰ ਵਿਚਾਰ ਕਰਕੇ ਇਸ ਗਲਤੀ ਨੂੰ ਦਰੁਸਤ ਕਰਨਾ ਚਾਹੀਦਾ ਹੈ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ''ਬਾਲ ਦਿਵਸ'' ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਡਾ. ਗੁਰਵਿੰਦਰ ਸਿੰਘ
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ।