ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

18.12.2023

ਸੰਜੈ ਰਾਉਤ ਨੇ 2024 ਦੀਆਂ ਆਮ ਚੋਣਾਂ ਲਈ ਕਾਂਗਰਸ ਨੂੰ ਕੀਤਾ ਚੌਕਸ- ਇਕ ਖ਼ਬਰ

ਖ਼ਬਰਦਾਰ ਰਹਿਣਾ ਬਈ, ਚੌਂਕੀ ਜ਼ਾਲਮਾਂ ਦੀ ਆਈ।

ਪਾਖੰਡੀਆਂ ਦੇ ਦਰਾਂ ਉੱਤੇ ਧੱਕੇ ਖਾਣ ਨਾਲੋਂ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ- ਭਾਈ ਮਾਝੀ

ਦਰ ਦਰ ਦੇ ਫਿਰਨੇ ਨਾਲੋਂ, ਇਕ ਦਰ ਦਾ ਹੋ ਕੇ ਬਹਿ ਜਾ।

ਆਲੂ-ਪਿਆਜ਼ ਵਿਕਰੇਤਾ ਰੋਜ਼ਾਨਾ ਕਰਦੇ ਹਨ ਕਰੋੜਾਂ ਰੁਪਏ ਦੀ ਸੇਲਜ਼ ਟੈਕਸ ਦੀ ਚੋਰੀ- ਇਕ ਖ਼ਬਰ

24 ਦੀਆਂ ਚੋਣਾਂ ਵੀ ਤਾਂ ਸਿਰ ‘ਤੇ ਹਨ, ਫੰਡ ਵੀ ਚਾਹੀਦੇ ਹਨ ਬਈ।

ਸੁਰਜੀਤ ਸਿੰਘ ਰੱਖੜਾ ਨੇ ਭਾਜਪਾ ਨਾਲ ਅਕਾਲੀ ਦਲ ਦੀ ਗੁਪਤ ਗੱਲਬਾਤ ਦਾ ਭਾਂਡਾ ਭੰਨਿਆ- ਇਕ ਖ਼ਬਰ

ਲੁਕ ਛਿਪ ਲਾਈਆਂ ਪ੍ਰਗਟ ਹੋਈਆਂ, ਵੱਜ ਗਏ ਢੋਲ ਨਗਾਰੇ।

ਭ੍ਰਿਸ਼ਟਾਚਾਰ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਨੇ ਇਕ ਦੂਜੇ ‘ਤੇ ਤੋਹਮਤਾਂ ਲਾਈਆਂ- ਇਕ ਖ਼ਬਰ

ਭੂਆ ਭਤੀਜੀ ਲੜੀਆਂ, ਵਿਚ ਦਰਵਾਜ਼ੇ ਦੇ। 

ਪਾਕਿਸਤਾਨ ‘ਚ ਅੱਤਵਾਦੀ ਹਮਲੇ ‘ਚ ਗਈ 25 ਲੋਕਾਂ ਦੀ ਜਾਨ, 27 ਜ਼ਖ਼ਮੀ- ਇਕ ਖ਼ਬਰ

ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ਼ ਸੇ।

ਜਬਰਜਨਾਹ ਮਾਮਲੇ ‘ਚ ਭਾਜਪਾ ਵਿਧਾਇਕ ਨੂੰ 25 ਸਾਲ ਦੀ ਕੈਦ- ਇਕ ਖ਼ਬਰ

ਵਾਹ ਵਿਧਾਇਕ ਜੀ ਵਾਹ, ਬਣਨਾ ਲੋਕ ਸੇਵਕ ਤੇ ਕੰਮ ਕਰਨੇ ਆਹ।

ਪੰਜਾਬ ਦੇ ਲੋਕ ਬਾਦਲ ਪਰਵਾਰ ਨੂੰ ਕੀਤੇ ਬੱਜਰ ਗੁਨਾਹਾਂ ਲਈ ਕਦੇ ਵੀ ਮਾਫ਼ ਨਹੀਂ ਕਰਨਗੇ- ਭਗਵੰਤ ਮਾਨ

ਇਹਨਾਂ ਸੁਹਣਿਆਂ ਮੂੰਹਾਂ ‘ਤੇ ਖ਼ਾਕ ਪੈਣੀ, ਕੁੰਡੇ ਲੱਗਣੇ ਅੰਤ ਹਵੇਲੀਆਂ ਨੂੰ।

ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦੇ ਰੌਂਅ ਵਿਚ ‘ਆਪ’- ਬਾਜਵਾ

ਮੁੰਡਾ ਭੰਨਦਾ ਕਿਰਕ ਨਹੀਂ ਕਰਦਾ, ਮੇਰੀਆਂ ਬਰੀਕ ਚੂੜੀਆਂ।

ਭਾਜਪਾ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ ਬਿਨਾਂ ਕੁਝ ਨਹੀਂ ਦਿਤਾ- ਮਨੀਸ਼ ਤਿਵਾੜੀ

ਭੁਸ ਪਾ ਕੇ ਲੱਡੂਆਂ ਦਾ, ਤੈਨੂੰ ਪੁੱਟ ਲਿਆ ਪਟਵਾਰੀ ਨੇ।

ਭਾਜਪਾ ਨਾਲ ਗੱਠਜੋੜ ਲਈ ਰਾਹ ਪੱਧਰਾ ਕਰਨ ਵਾਸਤੇ ਸੁਖਬੀਰ ਨੇ ਮਾਫ਼ੀ ਦਾ ਡਰਾਮਾ ਖੇਡਿਆ- ਪਰਤਾਪ ਸਿੰਘ ਬਾਜਵਾ

ਮਹੀਂਵਾਲ ਨੂੰ ਮਿਲਣ ਦੀ ਮਾਰੀ, ਤਰਦੀ ਕੱਚਿਆਂ ‘ਤੇ।

‘ਆਪ’ ਨਾਲ ਗੱਠਜੋੜ ਨੂੰ ਲੈ ਕੇ ਪੰਜਾਬ ਕਾਂਗਰਸ ਵਿਚ ਮੱਤਭੇਦ ਬਰਕਰਾਰ- ਇਕ ਖ਼ਬਰ

ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।

ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਇਕਜੁੱਟ ਹੋਣ ਦਾ ਸੱਦਾ- ਆਜ਼ਾਦ ਕਿਸਾਨ ਸੰਘਰਸ਼ ਕਮੇਟੀ

ਵੰਝਲੀ ਰਾਂਝੇ ਦੀ , ਹੀਰ ਹੀਰ ਪਈ ਕੂਕੇ।

ਮਹਿੰਗਾਈ ਕਾਰਨ ਕੈਨੇਡਾ ਛੱਡਣ ਲਈ ਮਜਬੂਰ ਹੋਣ ਲੱਗੇ ਲੋਕ- ਇਕ ਖ਼ਬਰ

ਵਕਤੋਂ ਮੈਂ ਖੁੰਝ ਗਈ, ਘੜਾ ਦੇਖ ਨਾ ਲਿਆ ਟੁਣਕਾ ਕੇ।

ਨਸ਼ਾ ਤਸਕਰੀ ਮਾਮਲੇ ‘ਚ ਮਜੀਠੀਆ ਦੀਆਂ ਮੁਸ਼ਕਿਲਾਂ ਵਧੀਆਂ- ਇਕ ਖ਼ਬਰ

ਵੈਰੀ ਤੇਰੇ ਐਬ ਬੰਦਿਆ, ਹੁੰਦਾ ਰੱਬ ਨਹੀਂ ਕਿਸੇ ਦਾ ਵੈਰੀ।

================================================