'ਐਨੀਮਲ'' : ਸਿੱਖੀ ਵਿਰਾਸਤ ਅਤੇ ਬਿਰਤਾਂਤ ਵਿਰੁੱਧ ਬਾਲੀਵੁੱਡ ਦੀ ਬੇਹੂਦਗੀ - ਡਾ. ਗੁਰਵਿੰਦਰ ਸਿੰਘ

ਜਿਹੜੀਆਂ ਕੌਮਾਂ ਆਪਣੇ ਵਿਰਸੇ ਤੋਂ ਸੇਧ ਲੈਂਦੀਆਂ ਹਨ, ਉਹ ਭਵਿੱਖ ਵਿੱਚ ਕੁਝ ਕਰ ਗੁਜ਼ਰਨ ਦੀ ਸਮਰੱਥਾ ਰੱਖਦੀਆਂ ਹਨ। ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਵਿਸਾਰ ਦਿੰਦੀਆਂ ਹਨ, ਉਹ ਭਵਿੱਖ ਵਿੱਚ ਕੁਝ ਵੀ ਸਿਰਜ ਨਹੀਂ ਸਕਦੀਆਂ। ਇਨੀ ਦਿਨੀਂ ਇੱਕ ਫਿਲਮ 'ਐਨੀਮਲ' ਰਿਲੀਜ਼ ਹੋਈ ਹੈ, ਜਿਸ ਵਿੱਚ ਸਿੱਖਾਂ, ਮੁਸਲਮਾਨਾਂ ਅਤੇ ਇਸਾਈਆਂ ਆਦਿ, ਭਾਵ ਭਾਰਤ ਵਿੱਚ ਵਸਦੀਆਂ ਘੱਟ ਗਿਣਤੀਆਂ ਨਾਲ ਸੰਬੰਧਿਤ ਕਈ ਵਿਵਾਦਤ ਪੱਖ ਸਾਹਮਣੇ ਆਏ ਹਨ। ਉਹਨਾਂ ਵਿੱਚੋਂ ਸਿੱਖਾਂ ਨਾਲ ਸਬੰਧਿਤ ਇੱਕ ਪਹਿਲੂ ਇਹ ਹੈ ਕਿ ਇੱਕ ਦਸਤਾਰਧਾਰੀ ਸਿੱਖ ਕਲਾਕਾਰ ਦੇ ਮੂੰਹ 'ਤੇ ਫਿਲਮ ਦੇ ਮੁੱਖ ਅਦਾਕਾਰ ਵੱਲੋਂ ਬੀੜੀ ਦੀਆਂ, ਧੂਏ ਦੀਆਂ ਕੁੰਡਲੀਆਂ ਛੱਡਣੀਆਂ। ਹੈਰਾਨੀ ਤੇ ਅਫਸੋਸ ਇਸ ਗੱਲ ਦਾ ਹੈ ਕਿ ਫਿਲਮ ਦੇ ਅਦਾਕਾਰ ਦੀ ਇਸ ਸ਼ਰਮਨਾਕ ਹਰਕਤ 'ਤੇ ਇਤਰਾਜ਼ ਉਠਾਉਣ ਦੀ ਥਾਂ 'ਤੇ ਉਹਨਾਂ ਨੂੰ ਸਵੀਕਾਰਿਆ ਜਾ ਰਿਹਾ ਹੈ। ਬੌਧਿਕ ਸੂਝ ਬੂਝ ਤੋਂ ਸੱਖਣੇ ਕਈ ਸਿੱਖ ਵੀ ਕਹਿ ਰਹੇ ਹਨ ; 'ਚਲੋ ਕੋਈ ਗੱਲ ਨਹੀਂ, ਪਰਦੇ ਤੇ ਦਸਤਾਰਧਾਰੀ ਸਿੱਖ ਤਾਂ ਦਿਖਾਇਆ'। ਅਸਲ ਵਿੱਚ ਇਹ ਸਿੱਖ ਕਿਰਦਾਰ, ਹੀਰੋ ਦੇ ਸੁਰੱਖਿਆ ਕਰਮੀ ਹਨ। ਉਸ ਦੇ ਵਫਾਦਾਰ ਬਣ ਕੇ, ਆਪਣੇ ਮੂੰਹਾਂ 'ਤੇ ਸਿਗਰਟਾਂ ਦੇ ਧੂਏਂ ਵੀ ਝੱਲਦੇ ਹਨ। ਔਰਤਾਂ 'ਤੇ ਹਮਲਾ ਵੀ ਕਰਦੇ ਹਨ ਅਤੇ ਕਈ ਥਾਈ ਲੁੱਟ-ਖੋਹ ਤੇ ਛੇੜਖਾਨੀ ਆਦਿ ਵਰਗੀਆਂ ਸ਼ਰਮਨਾਕ ਕਾਰਵਾਈਆਂ ਕਰਦੇ ਹਨ। ਫਿਲਮ 'ਐਨੀਮਲ' ਦਾ ਮੁੱਖ ਅਦਾਕਾਰ ਵੀ ਸਿੱਖ ਪਰਿਵਾਰ ਨਾਲ ਸਬੰਧਿਤ ਹੈ। ਪਿਓ-ਪੁੱਤ ਦੇ ਕੜੇ ਵੀ ਪਾਏ ਹੋਏ ਹਨ, ਪਰ ਸਾਰੀ ਫਿਲਮ 'ਚ ਧੂਆਂ ਛੱਡਦੀਆਂ ਸਿਗਰਟਾਂ ਬਾਲਣੀਆਂ ਹੀ ਇਹਨਾਂ ਦੀ ਪਛਾਣ ਹੈ। ਅਨੇਕਾਂ ਹੋਰ ਘਟੀਆ ਪੱਧਰ ਦੀਆਂ ਕਾਰਵਾਈਆਂ ਕਰਨਾ ਇਹਨਾਂ ਦਾ ਕਿਰਦਾਰ ਹੈ। ਅਸਲ ਵਿੱਚ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਦੀ, ਫਿਲਮ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ।
ਜਗਤ ਜੂਠ ਤੰਬਾਕੂ, ਸਿਗਰਟ-ਬੀੜੀਆਂ ਲਈ ਸਖਤ ਮਨਾਹੀ ਬਾਰੇ ਸਿੱਖਾਂ ਦੇ ਇਤਿਹਾਸਿਕ ਸੰਦਰਭ ਸਮਝਣ ਤੋਂ ਪਹਿਲਾਂ ਇੱਕ ਹੋਰ ਪਹਿਲੂ ਵੀ ਗੌਰ ਕਰਨ ਯੋਗ ਹੈ ਕਿ ਫਿਲਮ 'ਐਨੀਮਲ' ਵਿੱਚ, ਖਾਸ ਕਰਕੇ ਇੱਕ ਗੀਤ ਵਿੱਚ, 'ਅਰਜਨ ਵੈਲੀ' ਨਾਂ ਦਾ ਇੱਕ ਪਾਤਰ ਪੇਸ਼ ਕੀਤਾ ਗਿਆ ਹੈ, ਜਿਸ ਦੇ ਰਾਹੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ 'ਵੈਲੀਪੁਣਾ ਹੀ ਪੰਜਾਬੀਆਂ ਦੀ ਪਛਾਣ' ਹੈ। ਹਾਲਾਂਕਿ 'ਵੈਲੀ' ਸ਼ਬਦ ਪੰਜਾਬੀਆਂ ਵਿੱਚ ਨਕਰਾਤਮਕ ਅਤੇ 10 ਨੰਬਰੀਏ ਕਿਰਦਾਰ ਵਜੋਂ ਲਿਆ ਜਾਂਦਾ ਹੈ। ਹੋਰ ਵੀ ਮਾੜੀ ਗੱਲ ਹੈ ਕਿ ਇਤਿਹਾਸ ਨੂੰ ਵਿਗਾੜਦਿਆਂ ਹੋਇਆਂ ਉਸ ਦਾ ਸਬੰਧ ਮਹਾਨ ਯੋਧੇ ਸ਼ਹੀਦ ਹਰੀ ਸਿੰਘ ਨਲੂਏ ਦੇ ਪਰਿਵਾਰ ਨਾਲ ਜੋੜਿਆ ਗਿਆ ਹੈ, ਜੋ ਕਿ ਇਤਿਹਾਸਿਕ ਤੌਰ 'ਤੇ ਤੱਥਹੀਣ ਅਤੇ ਬੇਹੂਦਾ ਗੱਲ ਹੈ। ਰਹੀ ਗੱਲ ਅਰਜੁਨ ਵੈਲੀ ਦੀ, ਬੇਸ਼ੱਕ ਪੰਜਾਬੀ ਬੋਲੀਆਂ ਖਾਸ ਕਰਕੇ ਮ 'ਵਿੱਚ ਜਗਰਾਵਾਂ ਦੇ ਲੱਗਦੀ ਰੌਸ਼ਨੀ ਭਾਰੀ' ਵਿੱਚ ਅਰਜਨ ਵੈਲੀ ਦਾ ਜ਼ਿਕਰ ਆਇਆ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਰੁੜਕਾ ਕਲਾਂ ਨਾਲ ਸਬੰਧਿਤ ਸੀ, ਜਿਸ ਨੇ ਕਿ ਥਾਣੇਦਾਰ ਕੁੱਟਿਆ ਸੀ। ਸੱਥ ਚਰਚਾ ਮੁਤਾਬਕ '47 ਦੀ ਪੰਜਾਬ ਵੰਡ ਵੇਲੇ ਅਰਜਨ ਨੇ ਮੁਸਲਮਾਨ ਵੀ ਬਚਾਏ ਸਨ ਤੇ ਬਾਅਦ ਵਿੱਚ ਉਹ ਸਿੰਘ ਸੱਜ ਗਿਆ ਸੀ। ਇਹ ਵੱਖਰੀ ਗੱਲ ਹੈ ਕਿ ਇਸ ਫਿਲਮ ਵਿੱਚ 'ਅਰਜਨ ਵੈਲੀ', ਜਿਸ ਨੂੰ ਤੇ ਜਿਵੇਂ ਦਿਖਾਇਆ ਗਿਆ ਹੈ, ਉਸ ਤੋਂ ਇਉਂ ਜਾਪਦਾ ਹੈ ਕਿ ਪਿਛਲੇ ਸਮੇਂ ਅਮਰੀਕਾ ਵਿੱਚ ਕੌਮਾਂਤਰੀ ਪੱਧਰ 'ਤੇ ਸ਼ਹੀਦ ਹਰੀ ਸਿੰਘ ਨਲੂਆ ਦਾ ਜੋ ਰੂਪ ਸਿੱਖ ਸੂਰਬੀਰ ਵਜੋਂ ਪੇਸ਼ ਕੀਤਾ ਗਿਆ ਅਤੇ ਜਿਸ ਬਿਰਤਾਂਤ ਵਿੱਚ ਉਸ ਨੂੰ ਯੋਧੇ ਦੇ ਤੌਰ 'ਤੇ ਉਜਾਗਰ ਕੀਤਾ ਗਿਆ, ਉਸ ਨੂੰ ਤੋੜਨ ਵਾਸਤੇ 'ਸਿਗਰਟ ਪੀਣੇ, ਤੰਬਾਕੂ ਚੱਟਣੇ ਤੇ ਗਧੀ ਚੁੰਗਣੇ' ਵਿਅਕਤੀ ਨੂੰ ਸਿੱਖ ਕਿਰਦਾਰ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਝੂਠਾ ਬਿਰਤਾਂਤ ਇੱਕ ਸਾਜਿਸ਼ ਹੈ, ਜਾਪਦਾ ਇਹ ਹੈ ਕਿ ਇਸ ਦਾ ਸਬੰਧ ਸ਼ਹੀਦ ਹਰੀ ਸਿੰਘ ਨਲੂਆ ਨਾਲ ਜੋੜਨਾ ਵੀ ਇਸੇ ਮੱਕਾਰੀ ਕਾਰਨ ਹੈ, ਕਿਉਂਕਿ ਸ਼ਹੀਦ ਹਰੀ ਸਿੰਘ ਨਲੂਆ ਦਾ ਜੋ ਚਿਤਰ ਸੰਸਾਰ ਪੱਧਰ 'ਤੇ ਦਿਖਾਇਆ ਗਿਆ, ਉਸ ਦੇ ਨਾਲ ਸੰਸਾਰ ਭਰ ਵਿੱਚ ਸਿੱਖਾਂ ਦਾ ਮਾਣ ਵਧਿਆ ਸੀ।
ਦੁੱਖ ਇਸ ਗੱਲ ਦਾ ਹੈ ਕਿ ਅਸੀਂ ਸੁਚੇਤ ਹੋਣ ਦੀ ਥਾਂ, ਭਾਵਨਾਵਾਂ ਵਿੱਚ ਬਹਿ ਤੁਰਦੇ ਹਾਂ। 'ਵੈਲੀ' ਸ਼ਬਦ ਸਾਡੇ ਲਈ ਮਾਣ ਵਾਲਾ ਨਹੀਂ। ਅਸਲ ਵਿੱਚ ਮਾਣ ਵਾਲੇ ਸ਼ਬਦ 'ਸੂਰਮੇ, ਯੋਧੇ, ਜੁਝਾਰੂ, ਲੋਕ ਪੱਖੀ, ਪਰਉਪਕਾਰੀ ਤੇ ਇਨਸਾਨੀਅਤ ਦੇ ਮੁਜਸਮੇ ਹਨ, ਜੋ ਸਿੱਖੀ ਸੇਧ ਅਤੇ ਖਾਲਸਾ ਪੰਥੀ ਜਜ਼ਬੇ ਰਾਹੀਂ, ਮਾੜੀਆਂ ਪ੍ਰਵਿਰਤੀਆਂ ਤੋਂ ਬਦਲ ਕੇ, ਉਸਾਰੂ ਭਾਵਾਂ ਵਿੱਚ ਸਿਰਜਨਾਤਮਕ ਰੂਪ ਧਾਰਨ ਕਰਦੇ ਹਨ। ਦੂਜੇ ਪਾਸੇ 'ਵੈਲੀ, ਸ਼ਰਾਬੀ-ਕਬਾਬੀ ਤੇ 10 ਨੰਬਰੀਏ' ਆਦਿ ਕਿਰਦਾਰ ਪੰਜਾਬੀ ਸਾਹਿਤ ਤੇ ਵਿਰਸੇ ਵਿੱਚ, ਮਾੜੇ ਗਿਣੇ ਜਾਂਦੇ ਹਨ। ਅਫਸੋਸ ਹੈ ਕਿ ਅੱਜ ਅਸੀਂ ਵੈਲ ਕਰਨ ਵਾਲੇ ਵੈਲੀ 'ਤੇ ਵੀ ਮਾਣ ਮਹਿਸੂਸ ਕਰਨ ਲੱਗ ਗਏ ਹਾਂ, ਇਹ ਸਾਡੇ ਬੌਧਿਕ ਦਿਵਾਲੀਏਪਣ ਦੀ ਜਿਉਂਦੀ-ਜਾਗਦੀ ਤਸਵੀਰ ਹੈ।
ਵਿਸ਼ਾ-ਵਸਤੂ ਰਾਹੀਂ ਬਹੁ ਗਿਣਤੀ ਪੱਖੀ ਸਾਜ਼ਿਸ਼ ਅਤੇ ਪੇਸ਼ਕਾਰੀ ਰਾਹੀਂ ਘੱਟ ਗਿਣਤੀ ਵਿਰੋਧੀ ਪ੍ਰਗਟਾਵੇ ਨੂੰ ਧਿਆਨ ਵਿੱਚ ਰੱਖਦਿਆਂ ਕਿਹਾ ਜਾ ਸਕਦਾ ਹੈ ਕਿ 'ਐਨੀਮਲ' ਫਿਲਮ ਦਾ ਨਿਰਦੇਸ਼ਕ ਸੰਦੀਪ ਰੈਡੀ ਪਹਿਲਾਂ ਵੀ ਸਿੱਖ ਵਿਰੋਧੀ ਫਿਲਮ 'ਕਬੀਰ ਸਿੰਘ' ਰਾਹੀਂ ਤੇ ਮੁਸਲਿਮ ਅਤੇ ਇਸਾਈ ਵਿਰੋਧੀ ਪੇਸ਼ਕਾਰੀ ਰਾਹੀਂ, ਮਸ਼ਹੂਰ ਹੋਇਆ। ਸੰਦੀਪ ਰੈਡੀ ਨੇ ਇੱਕ ਵਾਰ ਫਿਰ 'ਐਨੀਮਲ' ਰਾਹੀਂ ਸਿੱਖ ਕੌਮ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਸ ਵਿੱਚ ਭਗਤ ਕਬੀਰ ਜੀ ਦੀ ਸ਼ਬਦਾਵਲੀ ਨੂੰ ਵਿਗਾੜਨ, ਸਿੱਖ ਪਾਤਰਾਂ ਨੂੰ ਹਲਕੇ ਪੱਧਰ ਦੇ ਸੁਰੱਖਿਆਕਰਮੀ ਤੇ ਸਿਗਰਟ ਪੀਣੇ ਵਿਅਕਤੀ ਦੇ ਆਲੇ ਦੁਆਲੇ ਮੰਡਰਾਉਂਦੇ ਦਿਖਾਉਣ ਅਤੇ ਹੋਰਨਾਂ ਘੱਟ ਗਿਣਤੀਆਂ ਨੂੰ ਵੀ ਨੀਵੇਂ ਪੱਧਰ ਤੇ ਪੇਸ਼ ਕਰਨ ਕੀਤੀ ਗਈ। ਇਸ ਲਿਖਤ ਰਾਹੀਂ ਸਾਡਾ ਮੁੱਖ ਮਕਸਦ ਇਹ ਹੈ ਕਿ ਫਿਲਮ ਵਿੱਚ ਸਿਗਰਟ ਪੀਣ ਵਾਲੇ ਪਾਤਰ ਵੱਲੋਂ ਸਿੱਖਾਂ ਨਾਲ ਕੀਤੀ ਜਾ ਰਹੀ ਘਟੀਆ ਹਰਕਤ ਬਾਰੇ ਗੱਲਬਾਤ ਕੀਤੀ ਜਾਏ।
ਜਗਤ ਜੂਠ ਤੰਬਾਕੂ ਬਾਰੇ ਸਿੱਖਾਂ ਦਾ ਇਤਿਹਾਸਿਕ ਬਿਰਤਾਂਤ ਅਤੇ ਸਿਧਾਂਤਕ ਪੱਖ ਵਿਚਾਰਦੇ ਹਾਂ। ਗੁਰੂ ਸਾਹਿਬਾਨ ਨੇ ਤੰਬਾਕੂ ਤੋਂ ਨਾ ਸਿਰਫ ਸਿੱਖਾਂ ਨੂੰ ਵਰਜਿਆ ਹੀ ਹੈ, ਬਲਕਿ ਤੰਬਾਕੂ ਨਾਲ ਸਬੰਧਤ ਕਿਸੇ ਵੀ ਵਸਤੂ ਨੂੰ ਛੁਹਣ ਤੱਕ ਦੀ ਇਜਾਜ਼ਤ ਵੀ ਨਹੀਂ ਦਿੱਤੀ। ਅੱਜ ਦੁਨੀਆ ਭਰ ਦੇ ਡਾਕਟਰ ਤੰਬਾਕੂ ਨੂੰ ਬਹੁਤ ਮੰਦਭਾਗਾ ਮੰਨਦੇ ਹੋਏ, ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਦੱਸਦੇ ਹਨ, ਪਰ ਗੁਰੂ ਸਾਹਿਬਾਨ ਨੇ ਤਾਂ ਪੰਜ ਸਦੀਆਂ ਪਹਿਲਾਂ ਹੀ ਸਾਨੂੰ ਇਸ ਤੋਂ ਵਰਜਿਆ ਹੋਇਆ ਹੈ। ਇਸੇ ਕਰਕੇ ਹੀ ਸਿੱਖੀ ਵਿੱਚ ਤੰਬਾਕੂ, ਸਿਗਰਟ, ਬੀੜੀ, ਪਾਨ, ਜਰਦਾ, ਹੁੱਕਾ ਆਦਿ ਸੇਵਨ ਨਾ ਕਰਨਾ ਦੀ ਤਾਕੀਦ ਕੀਤੀ ਹੈ। ਗੁਰਬਾਣੀ ਵਿੱਚ ਇਸ ਪ੍ਰਤੀ ਸਾਨੂੰ ਸੁਚੇਤ ਕੀਤਾ ਗਿਆ ਹੈ। ਗੁਰੂ ਸਾਹਿਬ ਦਾ ਫੁਰਮਾਨ ਹੈ;
''ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆਂ ਲਾਈਆ॥
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ॥
(ਤਿਲੰਗ ਮਹਲਾ ਚੌਥਾ, ਗੁਰੂ ਗ੍ਰੰਥ ਸਾਹਿਬ, ਅੰਗ 725)
ਸਿੱਖ ਰਹਿਤਨਾਮਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਤੰਬਾਕੂ ਤੋਂ ਵਰਜਿਆ ਗਿਆ ਹੈ, ਜਿਸ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਆਪਣੇ ਰਹਿਤਨਾਮੇ ਚ ਫੁਰਮਾਨ ਕਰਦੇ ਹਨ;
''ਕੁੱਠਾ ਹੁੱਕਾ ਚਰਸ ਤਮਾਕੂ
ਗਾਂਜਾ ਟੋਪੀ ਤਾੜੀ ਖਾਕੂ
ਇਨ ਕੀ ਓਰ ਨ ਕਬਹੂ ਦੇਖੈ
ਰਹਿਤਵਾਨ ਸੋ ਸਿੰਘ ਵਿਸੇਖੈ''
(ਰਹਿਤ ਨਾਮਾ ਭਾਈ ਨੰਦ ਲਾਲ ਜੀ)

''ਪਰ ਨਾਰੀ ਜੂਆ ਅਸਤ ਚੋਰੀ ਮਦਰਾ ਜਾਨ।
ਪਾਂਚ ਐਬ ਏ ਜਗਤ ਮੇਂ ਤਜੈ ਸੁ ਸਿੰਘ ਸੁਜਾਨ।''
(ਭਾਈ ਦਇਆ ਸਿੰਘ ਦਾ ਰਹਿਤਨਾਮਾ)
ਇਸ ਤੋਂ ਇਲਾਵਾ ਹੋਰਨਾ ਮਿਸਾਲਾਂ ਵਿੱਚ ਖਾਲਸਾਈ ਅਤੇ ਸਿੰਘ ਬੋਲਬਾਲਿਆਂ ਵਿੱਚ ਵੀ ਹੁੱਕਾ ਤੰਬਾਕੂ ਪੀਣਾ 'ਗਧੀ ਚੁੰਘਣਾ' ਕਿਹਾ ਗਿਆ ਹੈ। ਤੰਬਾਕੂ ਨੂੰ ਜਗਤ ਜੂਠ ਕਿਹਾ ਗਿਆ ਹੈ। ਪਰ ਫਿਰ ਵੀ ਫਿਲਮੀ ਪਰਦੇ 'ਤੇ ਸਿੰਘਾਂ ਦੇ ਮੂੰਹ 'ਤੇ ਤੰਬਾਕੂ ਦਾ ਧੂਆਂ ਸੁੱਟ ਕੇ ਪੇਸ਼ ਕਰਨਾ ਬਹੁਤ ਹੀ ਸ਼ਰਮਨਾਕ ਕਾਰਵਾਈ ਹੈ। ਇਸ ਖਿਲਾਫ ਕੇਵਲ ਸਿੱਖਾਂ ਨੂੰ ਹੀ ਨਹੀਂ, ਸਗੋਂ ਸਮੂਹ ਪੰਜਾਬੀਆਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ। ਇਹ ਫਿਲਮ ਦਾ ਇਉ ਪ੍ਰਦਰਸ਼ਨ ਹੋਣਾ ਸੁੱਤੀਆਂ ਜ਼ਮੀਰਾਂ ਨੂੰ ਹਲੂਣਾ ਵੀ ਮੰਨੀਏ, ਕਿਉਂਕਿ 'ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ' ਦੇ ਕਥਨ ਅਨੁਸਾਰ ਇਹ ਹਰਕਤ ਸ਼ਾਇਦ ਸੁੱਤਿਆਂ ਨੂੰ ਜਗਾਉਣ ਵਾਸਤੇ ਵੀ ਹੈ। ਪੰਜਾਬ ਦੇ ਵਿੱਚ ਪਿੰਡਾਂ 'ਚ ਸਿੱਖਾਂ ਦੇ ਪਰਿਵਾਰਾਂ ਵਿੱਚ ਜਨਮੇ ਵਿਅਕਤੀ ਵੀ ਕਈ ਵਾਰ 'ਲੋਕ ਸੱਥਾਂ' 'ਚ ਬੈਠ ਕੇ ਹੁੱਕਾ ਪੀਣਾ ਜਾਂ ਤੰਬਾਕੂ ਦੀ ਵਰਤੋਂ ਕਰਨੀ ਸ਼ਾਨ ਸਮਝਣ ਲੱਗ ਗਏ ਸਨ। ਆਓ, ਅੱਜ ਮੁੜ ਇਤਿਹਾਸ ਨਾਲ ਜੁੜੀਏ ਅਤੇ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਤੰਬਾਕੂ ਦੀ ਵਰਤੋਂ ਤਾਂ ਦੂਰ ਦੀ ਗੱਲ, ਬਲਕਿ ਤੰਬਾਕੂ ਦੇ 'ਸੈਂਕਡ ਹੈਂਡ ਸਮੋਕਰ' ਭਾਵ ਦੂਜੇ ਪੱਧਰ 'ਤੇ ਤੰਬਾਕੂ ਦਾ ਪ੍ਰਭਾਵ ਕਬੂਲਣਾ ਵੀ, ਹਰਗਿਜ਼ ਕਬੂਲ ਨਹੀਂ ਹੈ।

ਜਗਤ ਜੂਠ ਤੰਬਾਕੂ ਦੇ ਖਿਲਾਫ਼ ਸਿੱਖਾਂ ਨੇ ਕਿਸ ਕਦਰ ਪਹਿਰਾ ਦਿੱਤਾ, ਇਸ ਬਾਰੇ ਸਿੱਖ ਇਤਿਹਾਸ ਵਿੱਚ ਸਾਖੀ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਘੋੜਾ ਵੀ ਤੰਬਾਕੂ ਦੇ ਖੇਤ ਵਿੱਚ ਨਾ ਵੜਿਆ, ਕਿਸੇ ਸਿੱਖ ਵਲੋਂ ਤੰਬਾਕੂ ਦੀ ਵਰਤੋਂ ਤਾਂ ਗੱਲ ਹੀ ਦੂਰ ਦੀ ਹੈ। ਇਸ ਤੋਂ ਇਲਾਵਾ ਇੱਕ ਇਤਿਹਾਸਿਕ ਕਹਾਣੀ ਭਾਈ ਸਾਹਿਬ ਭਾਈ ਜੈ ਸਿੰਘ ਜੀ ਖਲਵੱਟ ਦੀ ਹੈ, ਜਿਹੜੇ ਕਿ ਪਿੰਡ ਬਾਰਨ, ਜ਼ਿਲਾ ਪਟਿਆਲਾ ਦੇ ਨਾਲ ਸਬੰਧਿਤ ਸਨ। ਇਹ ਘਟਨਾ ਸੰਨ 1753 ਦੀ ਹੈ। ਨਗਰ ਬਾਰਨ, ਜਿਸ ਦਾ ਪੁਰਾਣਾ ਨਾ ਮੁਗਲ ਮਾਜਰਾ ਸੀ, ਉੱਥੇ ਬਹੁਤੇ ਮੁਸਲਿਮ ਅਤੇ ਗਿਣਤੀ ਦੇ ਸਿੱਖ ਪਰਿਵਾਰ ਵਸਦੇ ਸਨ। ਉਹਨਾਂ ਦਿਨਾਂ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣੇ ਆਮ ਜਿਹੀ ਗੱਲ ਸੀੌ। ਪੰਜਾਬ ਦੀ ਧਰਤੀ 'ਤੇ ਮੁਗਲ ਧਾੜਵੀ ਕਾਬਜ਼ ਸਨ। ਉਨਾਂ ਦਿਨਾਂ ਵਿੱਚ ਸੰਸਾਰ ਦੇ ਵੱਡੇ ਲੁਟੇਰੇ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ 'ਤੇ ਦੂਜਾ ਹਮਲਾ ਕੀਤਾ ਅਤੇ ਭਾਰੀ ਲੁੱਟ ਕਸੁੱਟ ਮਚਾਈ। ਇਸੇ ਦੌਰਾਨ ਉਸ ਨੇ ਪੰਜਾਬ ਵਿੱਚ ਸਰਹਿੰਦ ਦਾ ਫੌਜਦਾਰ ਅਬੁਦਲ ਸਮਦ ਖਾਨ ਨੂੰ ਨਿਯੁਕਤ ਕੀਤਾ। ਉਹ ਸਿੱਖ ਵਿਰੋਧੀ ਅਤੇ ਕੱਟੜ ਨਫਰਤੀ ਫੌਜਦਾਰ ਸੀ। ਇੱਕ ਵਾਰ ਉਹ ਆਪਣੇ ਆਪਣੇ ਕਾਜ਼ੀ ਨਜ਼ਾਮਦੀਨ ਸਮੇਤ ਲਾਮ-ਲਸ਼ਕਰ ਦੇ ਨਾਲ ਪਿੰਡ ਮੁਗਲ ਮਾਜਰਾ ਆਇਆ। ਇੱਥੇ ਆ ਕੇ ਉਸਨੇ ਕਿਹਾ ਕਿ ਜੇਕਰ ਕੋਈ ਪਿੰਡ ਵਿੱਚ ਸਿੱਖ ਹੈ, ਤਾਂ ਉਸ ਦੇ ਸਾਹਮਣੇ ਪੇਸ਼ ਕੀਤਾ ਜਾਏ। ਪਿੰਡ ਦੇ ਆਗੂਆਂ ਨੇ ਇੱਕ ਸਿੱਖ ਨੂੰ ਬੁਲਾ ਕੇ ਲਿਆਂਦਾ, ਜਿਸਦਾ ਨਾਂ ਭਾਈ ਜੈ ਸਿੰਘ ਸੀ। ਇਤਿਹਾਸਕਾਰ ਲਿਖਦੇ ਹਨ ਕਿ ਭਾਈ ਜੈ ਸਿੰਘ ਦੇ ਪਿਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ। ਇਹ ਪੂਰਨ ਗੁਰਸਿੱਖ ਪਰਿਵਾਰ ਸੀ, ਜਿਸ ਦੀ ਪਤਨੀ ਦੋਵੇਂ ਸਪੁੱਤਰ ਅਤੇ ਉਹਨਾਂ ਦੀਆਂ ਪਤਨੀਆਂ ਅੰਮ੍ਰਿਤਧਾਰੀ ਸਨ। ਭਾਈ ਸਾਹਿਬ ਨੂੰ ਉਸ ਵੇਲੇ ਖਾਨ ਦੇ ਸਾਹਮਣੇ ਸੱਦਿਆ ਗਿਆ। ਸਲਾਮ ਦੀ ਥਾਂ 'ਤੇ ਭਾਈ ਸਾਹਿਬ ਨੇ ਅਬੁਦਲ ਸਮਦ ਖਾਨ ਨੂੰ ਫਤਿਹ ਬੁਲਾਈ। ਖਾਨ ਸਲਾਮ ਨਾ ਕਰਨ ਤੇ ਭਾਈ ਸਾਹਿਬ ਤੇ ਕ੍ਰੋਧਿਤ ਹੋਇਆ ਤੇ ਉਸਨੇ ਹੁਕਮ ਸੁਣਾਇਆ ਕਿ ਮੁਗਲ ਮਾਜਰਾ ਪਿੰਡ ਤੋਂ ਦੂਸਰੇ ਪਿੰਡ ਤਕ ਭਾਈ ਜੈ ਸਿੰਘ ਉਸਦਾ ਸਮਾਨ ਪਹੁੰਚਦਾ ਕਰੇ।ਇਸ 'ਤੇ ਭਾਈ ਜੈ ਸਿੰਘ ਜੀ ਨੇ ਪੁੱਛਿਆ ਕਿ ਇਸ ਵਿੱਚ ਕੀ ਹੈ, ਤਾਂ ਅੱਗਿਓਂ ਪਤਾ ਲੱਗਿਆ ਕਿ ਇਹ ਜਨਾਬ ਦਾ ਤੰਬਾਕੂ ਹੁੱਕਾ ਹੈ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਭਾਈ ਸਾਹਿਬ ਨੇ ਹੁੱਕੇ ਨੂੰ ਛੁਹਣ ਤੋਂ ਇਨਕਾਰ ਕਰ ਦਿੱਤਾ, ਜਿਸ ਤੇ ਗੁੱਸੇ 'ਚ ਆ ਕੇ ਅਬੁਦਲ ਸਮਦ ਖਾਨ ਨੇ ਕਿਹਾ ਕਿ ਜੇਕਰ ਤੂੰ ਇਹ ਹੁਕਮ-ਅਦੂਲੀ ਕਰੇਂਗਾ, ਤਾਂ ਤੇਰੀ ਪੁੱਠੀ ਖੱਲ ਉਤਾਰ ਦਿੱਤੀ ਜਾਏਗੀ। ਇਸ ਦੌਰਾਨ ਪਿੰਡ ਵਿੱਚੋਂ ਭਾਈ ਸਾਹਿਬ ਦੇ ਪਰਿਵਾਰ ਨੂੰ ਸੱਦਿਆ ਗਿਆ ਤੇ ਪਰਿਵਾਰ ਨੂੰ ਅਬਦੁਲ ਸਮੁੰਦ ਖਾਨ ਸਾਹਮਣੇ ਪੇਸ਼ ਕੀਤਾ ਗਿਆ। ਖਾਨ ਨੇ ਕਿਹਾ ਕਿ ਮੇਰੀ ਹੁਕਮ ਅਦੂਲੀ ਕਰਨ ਦਾ ਨਤੀਜਾ ਬੜਾ ਖਤਰਨਾਕ ਹੈ, ਜਾਂ ਤਾਂ ਮੇਰੀ ਹੁੱਕੇ ਦੀ ਪੰਡ ਅਗਲੇ ਪਿੰਡ ਤੱਕ ਪਹੁੰਚਾਓ, ਨਹੀਂ ਤਾਂ ਤੁਹਾਡਾ ਘਾਣ ਬੱਚਾ ਪੀੜ ਦਿੱਤਾ ਜਾਏਗਾ। ਭਾਈ ਸਾਹਿਬ ਦੇ ਪਰਿਵਾਰ ਦੀ ਸਿੱਖੀ ਜਜ਼ਬੇ ਤੇ ਇਤਿਹਾਸਿਕ ਕੁਰਬਾਨੀ ਦੀ ਇਹ ਮਿਸਾਲ ਹੈ ਕਿ ਉਹਨਾਂ ਨੇ ਵੀ ਹੁੱਕੇ ਦੀ ਪੰਡ ਨੂੰ ਚੁੱਕਣ ਤੋਂ ਸਾਫ ਇਨਕਾਰ ਕਰ ਦਿੱਤਾ। ਇਤਿਹਾਸ ਵਿੱਚ ਲਿਖਿਆ ਹੈ ਕਿ ਭਾਈ ਸਾਹਿਬ ਜੈ ਸਿੰਘ ਦੀ ਪਤਨੀ ਧੰਨ ਕੌਰ, ਦੋਵੇ ਪੁਤਰ ਕੜਾਕਾ ਸਿੰਘ ਤੇ ਖੜਕ ਸਿੰਘ ਤੇ ਇਕ ਨੂੰਹ (ਇਕ ਨੂੰਹ ਬਚ ਕੇ ਨਿਕਲਣ ਚ ਸਫਲ ਹੋ ਗਈ ਸੀ, ਜਿਸ ਨੇ ਅੰਬਾਲੇ ਜਾ ਕੇ ਇਕ ਬਾਲਕ ਨੂੰ ਜਨਮ ਦਿਤਾ) ਨੂੰ ਭਾਈ ਜੈ ਸਿੰਘ ਦੀਆਂ ਅਖਾਂ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ। ਭਾਈ ਸਾਹਿਬ ਜੈ ਸਿੰਘ ਨੂੰ ਦੋ ਦਰਖਤਾਂ ਵਿਚਾਲੇ ਪੁੱਠਿਆ ਲਟਕਾਇਆ ਗਿਆ। ਪਿੰਡ ਦੇ ਕਸਾਈਆਂ ਦੇ ਰਾਹੀਂ ਭਾਈ ਸਾਹਿਬ ਦੀ ਪੁੱਠੀ ਖੱਲ ਉਤਾਰੀ ਗਈ। ਉਹਨਾਂ ਨੂੰ ਜਿਵੇਂ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਉਹ ਦਾਸਤਾਨ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਹਨ। ਕਮਾਲ ਦੀ ਗੱਲ ਇਹ ਹੈ ਕਿ ਭਾਈ ਸਾਹਿਬ ਨੇ ਉਸ ਤੰਬਾਕੂ ਦੀ ਪੰਡ ਨੂੰ ਹੱਥ ਨਾ ਲਾਇਆ, ਆਪਣੀ ਸ਼ਹਾਦਤ ਦਿੱਤੀ।
ਇਹ ਹੈ ਇਤਿਹਾਸਕ ਬਿਰਤਾਂਤ, ਜਿਹੜਾ ਸਿੱਖ ਕੌਮ ਦਾ ਸੁਨਹਿਰੀ ਇਤਿਹਾਸ ਕਿਹਾ ਜਾ ਸਕਦਾ ਹੈ। ਜਗਤ ਜੂਠ ਤੰਬਾਕੂ ਨੂੰ ਛੂਹਣ ਦੀ ਥਾਂ ਸ਼ਹਾਦਤ ਦੇਣ ਵਾਲੇ ਭਾਈ ਜੈ ਸਿੰਘ ਜੀ ਦੇ ਇਤਿਹਾਸ ਬਾਰੇ ਭਾਈ ਕਾਹਨ ਸਿੰਘ ਨਾਭਾ ਸਮੇਤ ਬਹੁਤ ਸਾਰੇ ਇਤਿਹਾਸਕਾਰ ਪ੍ਰਮਾਣ ਦਿੰਦੇ ਹਨ। ਜਿਥੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਸਿੱਖ ਕੌਮ ਨੇ ਉਸ ਮੁਗਲ ਮਾਜਰਾ ਪਿੰਡ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਅਤੇ ਜ਼ਾਲਮਾਂ ਨੂੰ ਸਜ਼ਾਵਾਂ ਦਿੱਤੀਆਂ। ਉਸ ਦੀ ਥਾਂ 'ਤੇ ਇੱਕ ਨਵਾਂ ਪਿੰਡ ਬਾਰਨ, ਕੁਝ ਦੂਰੀ ਤੇ ਵਸਾਇਆ ਗਿਆ। ਸ਼ਹੀਦੀ ਅਸਥਾਨ 'ਤੇ ਇਤਿਹਾਸਿਕ ਜੋੜੇ ਦਰਖਤ ਹਨ, ਜਿੱਥੇ ਹਰ ਸਾਲ ਫੱਗਣ ਮਹੀਨੇ ਦੀ ਦਸਵੀਂ ਨੂੰ ਸ਼ਹੀਦੀ ਮੇਲਾ ਲੱਗਦਾ ਹੈ। ਸਿੱਖ ਕੌਮ ਦੇ ਸਿਧਾਂਤਾਂ ਤੋਂ ਜਾਨਾਂ ਵਾਰਨ ਵਾਲੇ ਮਹਾਨ ਯੋਧੇ ਸ਼ਹੀਦ ਭਾਈ ਜੈ ਸਿੰਘ ਖਲਕੱਟ ਦਾ ਨਾਂ, ਫਕੀਰ ਸਮਸ ਤਬਰੇਜ਼ ਵਰਗੇ ਯੋਧਿਆਂ ਦੀ ਲੜੀ ਵਿੱਚ ਆਉਂਦਾ ਹੈ, 'ਜਿਨਾਂ ਪੁੱਠੀਆਂ ਖੱਲਾਂ ਲਹਾਈਆਂ'।
ਸਰਹਿੰਦ ਦੇ ਫੌਜਦਾਰ ਅਬਦੁਲ ਸਮਦ ਖਾਨ ਦੇ ਹੁੱਕੇ ਦੀ ਪੰਡ ਚੱਕਣ ਦੀ ਥਾਂ, ਸ਼ਹੀਦੀ ਪਾਉਣ ਵਾਲੇ ਸ਼ਹੀਦ ਭਾਈ ਜੈ ਸਿੰਘ ਖਲਕੱਟ ਦਾ ਗੌਰਵਮਈ ਇਤਿਹਾਸ ਨੌਜਵਾਨ ਪੀੜੀ ਨੂੰ ਇਹ ਹਲੂਣਾ ਦਿੰਦਾ ਹੈ ਕਿ ਜਗਤ ਜੂਠ ਤੰਬਾਕੂ ਤੋਂ ਖਾਲਸੇ ਨੂੰ ਸਿੱਖੀ ਵਿੱਚ ਕਿਵੇਂ ਵਰਜਿਆ ਗਿਆ ਹੈ। ਖਾਲਸਾ ਗੁਰੂ ਸਾਹਿਬ ਦੇ ਨਕਸ਼ੇ-ਕਦਮਾਂ 'ਤੇ ਜਿਵੇਂ ਪੂਰੀ ਦ੍ਰਿੜਤਾ ਨਾਲ ਪਹਿਰਾ ਦਿੰਦਾ ਹੈ, ਇਹ ਸਾਖੀ ਉਸ ਦੀ ਮਿਸਾਲ ਹੈ। ਦੂਜੇ ਪਾਸੇ ਵਰਤਮਾਨ ਸਮੇਂ 'ਐਨੀਮਲ' ਫਿਲਮ ਨੇ ਇੱਕ ਨਵਾਂ ਦੁਖਦਾਈ ਅਧਿਆਇ ਲਿਖ ਦਿੱਤਾ ਹੈ ਕਿ ਸ਼ੋਹਰਤ ਦੇ ਭੁੱਖੇ ਸਿੱਖ ਨੌਜਵਾਨ ਇਸ ਗੱਲ ਨੂੰ ਪ੍ਰਵਾਨ ਕਰ ਰਹੇ ਹਨ ਕਿ ਕੋਈ ਬੀੜੀ ਦਾ ਧੂਆਂ, ਤੁਹਾਡੇ ਮੂੰਹ 'ਤੇ ਸੁੱਟਦਾ ਹੋਇਆ, ਤੁਹਾਨੂੰ ਜ਼ਲੀਲ ਕਰੇ ਤੇ ਤੁਸੀਂ ਅੱਗਿਓ ਹੱਸ ਕੇ ਉਸ ਨੂੰ ਸਵੀਕਾਰ ਕਰੋ। ਇਸ ਫਿਲਮ ਵਿੱਚ ਗੁਰਸਿੱਖ ਦੇ ਮੂੰਹ 'ਤੇ ਫਿਲਮੀ ਹੀਰੋ ਵੱਲੋਂ ਸਿਗਰਟ ਦਾ ਧੂਆਂ ਸੁੱਟਦੇ ਦਿਖਾਉਣਾ, ਕੋਈ ਅਚਨਚਾਤੀ ਘਟਨਾ ਨਹੀਂ, ਬਲਕਿ ਸਿੱਖੀ ਦੇ ਗੌਰਵਮਈ ਇਤਿਹਾਸਿਕ ਬਿਰਤਾਂਤ ਨੂੰ ਤੋੜਨ ਅਤੇ ਮੌਜੂਦਾ ਸਮੇਂ ਦੇ ਸਿੱਖੀ ਵਿਰੋਧੀ ਬਿਰਤਾਂਤ ਨੂੰ ਸਿਰਜਣ ਦੀ ਸਾਜਿਸ਼ ਹੈ, ਜਿਸ ਖਿਲਾਫ ਸਿੱਖ ਕੌਮ ਨੂੰ ਲਾਮਬੰਦ ਹੋਣ ਦੀ ਲੋੜ ਹੈ। ਦੁੱਖ ਇਸ ਗੱਲ ਦਾ ਵੀ ਹੈ ਕਿ ਸਿੱਖੀ ਭੇਸ ਵਿੱਚ ਸ਼ੋਹਰਤ ਦੇ ਭੁੱਖੇ, ਇਤਿਹਾਸ ਨੂੰ ਵਿਗਾੜਨ ਵਾਲੇ ਜਾਂ ਨਚਾਰ ਕਿਸਮ ਦੀ ਸੋਚ ਰੱਖਣ ਵਾਲੇ ਮੰਦ ਬੁੱਧੀ ਲੋਕ, ਇਹਨਾਂ ਗੱਲਾਂ ਦੀਆਂ ਬਰੀਕੀਆਂ ਅਤੇ ਬਿਰਤਾਂਤ ਦੇ ਅਰਥਾਂ ਨੂੰ ਸਮਝਣ ਦੀ ਥਾਂ 'ਤੇ, ਉਸ ਨੂੰ ਸਲਾਹੀ ਜਾ ਰਹੇ ਹਨ।
ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਹੈ। ਅੱਜ ਸਿਗਰਟ ਦਾ ਧੂਆਂ ਸਿੱਖ ਦੇ ਮੂੰਹ ਤੇ ਮਾਰਿਆ ਜਾ ਰਿਹਾ ਹੈ, ਕੱਲ ਨੂੰ, ਕਿਸੇ ਸਿੱਖ ਦੇ ਮੂੰਹ 'ਚ ਸਿਗਰਟ ਤੁੰਨ ਕੇ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਹੋ ਜਿਹੇ ਹਾਲਾਤ ਬਣਦੇ ਜਾ ਰਹੇ ਹਨ। ਜਿਸ ਤਰ੍ਹਾਂ ਅਸੀਂ ਆਪਣੇ ਵਿਰਸੇ ਤੋਂ ਟੁੱਟ ਰਹੇ ਹਾਂ ਤੇ ਆਪਣੇ ਸਰੂਪ ਵਿਗਾੜ ਰਹੇ ਹਾਂ, ਤੰਬਾਕੂ, ਸਿਗਰਟ ਆਦਿ ਦਾ ਸ਼ਿਕਾਰ ਹੋ ਰਹੇ ਹਾਂ, ਇਸ ਦੇ ਨਤੀਜੇ ਖਤਰਨਾਕ ਹੋਣਗੇ। ਸਿੱਖਾਂ ਦੇ ਘਰਾਂ 'ਚ ਜੰਮਣ ਵਾਲੇ ਬੀੜੀਆਂ, ਜਰਦੇ, ਹੁੱਕੇ ਆਦਿ ਦੇ ਸ਼ੈਦਾਈ ਹੋ ਕੇ, ਜਿਵੇਂ ਗੁਰੂ ਸਾਹਿਬ ਦੀ ਹੁਕਮ ਅਦੂਲੀ ਕਰ ਰਹੇ ਹਨ, ਇਹ ਬਹੁਤ ਸ਼ਰਮਨਾਕ ਹੈ। ਇਹਨਾਂ ਬਾਰੇ ਕੋਈ ਅਖੌਤੀ ਖੱਬੇ ਪੱਖੀ ਜਾਂ ਭਗਵਾਂ ਕਾਮਰੇਡ ਪੰਜਾਬੀ ਕੁਝ ਨਹੀਂ ਲਿਖੇਗਾ, ਕਿਉਂਕਿ ਉਹਨਾਂ ਨੂੰ ਇਹ ਸਭ ਕਬੂਲ ਹੈ। ਇਹਨਾਂ ਬਾਰੇ ਗੱਲ ਕਰਨੀ ਹਰ ਇੱਕ ਚੇਤਨ ਪੰਜਾਬੀ ਅਤੇ ਵਿਸ਼ੇਸ਼ ਕਰ ਕੇ ਸਿੱਖ ਦਾ ਫਰਜ਼ ਬਣਦਾ ਹੈ।
ਸਾਡੀਆਂ ਸੰਸਥਾਵਾਂ ਦਾ ਅਵੇਸਲਾਪਣ ਵੀ ਖਤਰਨਾਕ ਹੈ। ਚਿੱਠੀਆਂ ਪੱਤਰ ਜਾਰੀ ਕਰਕੇ ਫਿਲਮ 'ਐਨੀਮਲ' ਦੇ ਡਾਇਰੈਕਟਰ ਐਕਟਰ ਆਦਿ ਤੋਂ ਅਖੌਤੀ ਮਾਫੀ ਦੀ ਮੰਗ ਕਰਨਾ ਗਲਤ ਹੈ, ਬਲਕਿ ਇਸ ਦੇ ਖਿਲਾਫ ਪੰਜਾਬੀਆਂ ਨੂੰ ਜਾਗਰੂਕ ਕਰਨ ਲਈ ਆਵਾਜ਼ ਉਠਾਈ ਜਾਏ। ਬਾਲੀਵੁੱਡ ਵਾਲੇ ਸ਼ੈਤਾਨੀਅਤ ਭਰੋਸ ਰਹੇ ਹਨ। ਪਸ਼ੂ ਬਿਰਤੀ ਇਹਨਾਂ ਲੋਕਾਂ ਦੇ ਮਨਾਂ ਵਿੱਚ ਹੈ, ਜੋ ਸਿਖੀ ਬਿਰਤਾਂਤ ਤੋੜ ਰਹੇ ਹਨ। ਅਜਿਹੀਆਂ ਗ਼ਲਤ ਹਰਕਤਾਂ ਖਿਲਾਫ ਜੇਕਰ ਅੱਜ ਖੜੇ ਨਾ ਹੋਏ, ਤਾਂ ਉਹ ਦਿਨ ਦੂਰ ਨਹੀਂ, ਜਿਸ ਦਿਨ ਸਾਡਾ ਪੂਰਾ ਇਤਿਹਾਸ ਹੀ ਵਿਗਾੜਿਆ ਜਾਏਗਾ। ਪਹਿਲਾਂ ਵੀ ਹੋਇਆ ਹੈ ਕਿ ਸਾਡੇ ਇਤਿਹਾਸ ਦੇ ਉਹਨਾਂ ਪਾਤਰਾਂ ਨੂੰ, ਜਿਨਾਂ ਨੇ ਇਤਿਹਾਸਿਕ ਤੌਰ 'ਤੇ ਵੱਡੀ ਦੇਣ ਦਿੱਤੀ, ਅੱਖੋਂ ਪਰੋਖੇ ਕਰਕੇ, ਮੌਕਾ ਪ੍ਰਸਤ ਲੋਕ ਇਤਿਹਾਸ ਨੂੰ ਖਰਾਬ ਕਰ ਰਹੇ ਹਨ ਅਤੇ ਅਸੀਂ ਮੂੰਹ ਚ ਘੁੰਗਣੀਆਂ ਪਾ ਕੇ ਬੈਠੇ ਹਾਂ। ਆਓ ਜਾਗਰੂਕ ਹੋਈਏ ਅਤੇ ਆਪਣੇ ਵਿਰਸੇ ਨਾਲ ਜੁੜੀਏ। ਗੁਰੂ ਸਾਹਿਬ ਨੇ ਇਤਿਹਾਸ ਤੇ ਵਿਰਾਸਤ ਸਾਨੂੰ ਵਡਮੁੱਲੀ ਦਾਤ ਵਜੋਂ ਬਖਸ਼ੇ ਹਨ। ਜੇਕਰ ਅਸੀਂ ਆਪਣੀ ਵਿਰਾਸਤ ਤੇ ਇਤਿਹਾਸ ਨੂੰ ਨਾ ਸਾਂਭਿਆ, ਤਾਂ ਆਉਂਦੀਆਂ ਨਸਲਾਂ ਦੇ ਦੋਸ਼ੀ ਹੋਵਾਂਗੇ।
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ।