ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
11.12.2023
ਵਿਧਾਨ ਸਭਾਵਾਂ ਦੇ ਚੋਣ ਨਤੀਜਿਆਂ ‘ਤੇ ਕਾਂਗਰਸ ਨੇ ਕੀਤੀ ਸਮੀਖਿਆ ਬੈਠਕ- ਇਕ ਖ਼ਬਰ
ਇਕ ਦੂਜੇ ਨੂੰ ਛੜੇ ਪਏ ਪੁੱਛਦੇ, ਕੌਣ ਕੌਣ ਹੋਈਆਂ ਰੰਡੀਆਂ।
ਕੈਪਟਨ ਅਮਰਿੰਦਰ ਸਿੰਘ ਚੋਣ ਨਤੀਜਿਆਂ ਤੋਂ ਬਾਗ਼ੋ-ਬਾਗ਼- ਇਕ ਖ਼ਬਰ
ਕੋਈ ਸ਼ਹਿਰੀ ਬਾਬੂ ਕੋਈ ਲਹਿਰੀ ਬਾਬੂ, ਕਬ ਬਾਂਧ ਗਿਆ ਘੁੰਗਰੂ, ਮੈਂ ਛਮ ਛਮ ਨੱਚਦੀ ਫਿਰਾਂ।
‘ਆਪ ਪਾਰਟੀ’ ਨੂੰ ਚੌਹਾਂ ਸਟੇਟਾਂ ਵਿਚ ਇਕ ਵੀ ਸੀਟ ਨਹੀਂ ਮਿਲੀ- ਇਕ ਖ਼ਬਰ
ਨਾ ਖੁਦਾ ਹੀ ਮਿਲਾ ਨਾ ਵਿਸਾਲੇ-ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ।
ਭਾਈ ਰਾਜੋਆਣਾ ਨੂੰ ਮਿਲਣ ਪਹੁੰਚੇ ਅਕਾਲੀ ਦਲ ਦੇ ਵਫ਼ਦ ਨੂੰ ਪ੍ਰਸ਼ਾਸਨ ਨੇ ਵਾਪਸ ਮੋੜਿਆ- ਇਕ ਖ਼ਬਰ
ਛੜਿਆਂ ਦੇ ਗਈ ਅੱਗ ਨੂੰ, ਉਹਨੀਂ ਚੱਪਣੀ ਵਗਾਹ ਕੇ ਮਾਰੀ।
ਬੰਦੀਆਂ ਦੇ ਨਾਮ ‘ਤੇ ਅਕਾਲੀ ਦਲ ਬਾਦਲ ਸ਼੍ਰੋਮਣੀ ਕਮੇਟੀ ਨੂੰ ਆਪਣੀ ਸਿਆਸਤ ਲਈ ਵਰਤ ਰਿਹਾ ਹੈ- ਦਿੱਲੀ ਕਮੇਟੀ
ਕਿਉਂ ਨਾ ਵਰਤੇ ਬਈ ! ਅਜੇ ਪੱਚੀ ਦੇ ਪੱਚੀ ਸਾਲ ਉਂਜ ਹੀ ਪਏ ਹਨ।
ਅਕਾਲੀ ਦਲ ਨੇ ‘ਆਪ’ ਵਲੋਂ ਚੁੱਕੇ ਕਰਜ਼ਿਆਂ ਦੀ ਨਿਰਪੱਖ ਜਾਂਚ ਮੰਗੀ- ਇਕ ਖ਼ਬਰ
ਮੇਰਾ ਲੌਂਗ ਤੇਰੀ ਹਿੱਕ ਸਾੜੇ, ਸੱਸੇ ਆਪਣੇ ਤੂੰ ਦਿਨ ਭੁੱਲ ਗਈ।
ਦੇਸ਼ ਦੀ ਆਰਥਕ ਸਥਿਤੀ ‘ਤੇ ਰਾਘਵ ਚੱਢਾ ਨੇ ਸਰਕਾਰ ਨੂੰ ਘੇਰਿਆ-ਇਕ ਖ਼ਬਰ
ਵੇ ਘਰ ਤੇਲਣ ਦੇ, ਤੇਰਾ ਚਾਦਰਾ ਖੜਕੇ।
ਭਾਈ ਰਾਜੋਆਣਾ ਮਸਲੇ ਲਈ ਬਣੀ ਪੰਜ ਮੈਂਬਰੀ ਕਮੇਟੀ ਵੀ ਵਿਵਾਦਾਂ ‘ਚ ਘਿਰੀ- ਇਕ ਖ਼ਬਰ
ਤੇਰੀ ਹਰ ਮੱਸਿਆ ਬਦਨਾਮੀ, ਨੀ ਸੋਨੇ ਦੇ ਤਵੀਤ ਵਾਲ਼ੀਏ।
ਕਈ ਵਾਰੀ ਕੁਝ ਗੱਲਾਂ ਨੂੰ ਅਣਕਹਿਆ ਹੀ ਛੱਡ ਦੇਣਾ ਬਿਹਤਰ ਹੁੰਦਾ ਹੈ- ਜਸਟਿਸ ਕੌਲ
ਗੱਲਾਂ ਤੇਰੀਆਂ ਦੇ ਉੱਠਣ ਮਰੋੜੇ, ਢਿੱਡ ਵਿਚ ਦੇਵਾਂ ਮੁੱਕੀਆਂ।
ਡਾਇਰੈਕਟਰ ਟ੍ਰਾਂਸਪੋਰਟ ‘ਤੇ ਨਿਜੀ ਬੱਸ ਆਪਰੇਟਰਾਂ ਨੂੰ ਲਾਭ ਪਹੁੰਚਾਉਣ ਦਾ ਦੋਸ਼- ਇਕ ਖ਼ਬਰ
ਗੋਰੇ ਰੰਗ ਨੇ ਸਦਾ ਨਹੀਂ ਰਹਿਣਾ, ਭਰ ਭਰ ਵੰਡ ਮੁੱਠੀਆਂ।
ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ਦੀ ਕੀਤੀ ਆਲੋਚਨਾ-ਇਕ ਖ਼ਬਰ
ਗੋਰੇ ਰੰਗ ‘ਤੇ ਝਰੀਟਾਂ ਵੱਜੀਆਂ, ਬੇਰੀਆਂ ਦੇ ਬੇਰ ਖਾਣੀਏਂ।
ਲੋਕਾਂ ਦਾ ਫਤਵਾ ਮੰਨਜ਼ੂਰ, ਵਿਚਾਰਧਾਰਾ ਦੀ ਲੜਾਈ ਜਾਰੀ ਰਹੇਗੀ- ਰਾਹੁਲ ਗਾਂਧੀ
ਹੱਥ ਪਕੜ ਜੁੱਤੀ ਮੋਢੇ ਮਾਰ ਬੁੱਕਲ਼, ਰਾਂਝਾ ਹੋ ਤੁਰਿਆ ਵਾਰਸ ਸ਼ਾਹ ਜੇਹਾ।
ਲੋਕ ਸਭਾ ਚੋਣਾਂ ਨੇੜੇ ਦੇਖਦਿਆਂ ਭਾਜਪਾ ਵਫ਼ਦ ਵਲੋਂ ਰਾਧਾ ਸੁਆਮੀ ਮੁਖੀ ਨਾਲ਼ ਮੁਲਾਕਾਤ- ਇਕ ਖ਼ਬਰ
ਮਿੱਠੇ ਯਾਰ ਦੇ ਬਰੋਬਰ ਬਹਿ ਕੇ, ਮਿੱਠੇ ਮਿੱਠੇ ਬੇਰ ਚੁਗੀਏ।
ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਕੱਸਿਆ ਸ਼ਿਕੰਜਾ- ਇਕ ਖ਼ਬਰ
ਸਉਣ ਦਿਆ ਬੱਦਲਾ ਵੇ, ਹੀਰ ਭਿਉਂ ‘ਤੀ ਮਜਾਜਾਂ ਵਾਲ਼ੀ।
ਦਿੱਲੀ ਦੇ ਮੁੱਖ ਸਕੱਤਰ ਨੂੰ ਰਾਜ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਹੋਵੇਗਾ- ਸੁਪਰੀਮ ਕੋਰਟ
ਆ ਜਾ ਢੋਲਣਾ ਲੁਹਾਰ ਮੁੰਡਾ ਬਣ ਕੇ, ਤੱਕਲੇ ਨੂੰ ਵਲ਼਼ ਪੈ ਗਿਆ।
=================================================================