ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

 27.11.2023

ਕਪਿਲ ਦੇਵ ਨੇ ਦੱਸਿਆ ਕਿ ਉਸ ਨੂੰ ਤਾਂ ਮੈਚ ਦੇਖਣ ਲਈ ਸੱਦਾ ਪੱਤਰ ਹੀ ਨਹੀਂ ਮਿਲਿਆ- ਇਕ ਖ਼ਬਰ

ਭੁੱਲ ਗਈ ਯਾਰ ਪੁਰਾਣੇ ਨਵਿਆਂ ਦੇ ਸੰਗ ਲੱਗ ਕੇ।

ਘੱਟੋ-ਘੱਟ ਦੋ ਮਹੀਨਿਆਂ ਤੱਕ ਜਾਰੀ ਰਹੇਗਾ ਗਾਜ਼ਾ ਯੁੱਧ- ਬਾਇਡਨ

ਬਾਇਡਨ ਸਾਹਿਬ ਚਾਬੀ ਤੁਹਾਡੇ ਕੋਲ਼ ਹੀ ਹੈ, ਜਿੰਨਾਂ ਚਿਰ ਮਰਜ਼ੀ ਜਾਰੀ ਰੱਖੋ।

ਸਤਲੁਜ ਦੀ ਰੇਤ ‘ਚੋਂ ਸਾਇੰਸਦਾਨਾਂ ਨੂੰ ਟੈਂਟਲਮ ਨਾਮਕ ਕੀਮਤੀ ਧਾਤ ਮਿਲੀ- ਇਕ ਖ਼ਬਰ

ਬਸ ਬਾਂਦਰ ਆਇਆ ਸਮਝੋ ਤੱਕੜੀ ਲੈ ਕੇ।

ਦੇਸ਼ ਨੂੰ ਬਦਲਣ ਦਾ ਸਮਾਂ ਆ ਗਿਆ ਹੈ- ਰਾਹੁਲ ਗਾਂਧੀ

ਪੱਤ ਝੜੇ ਪੁਰਾਣੇ ਮਾਹੀ ਵੇ, ਰੁੱਤ ਨਵਿਆਂ ਦੀ ਆਈ ਆ ਢੋਲਾ।

ਸਿੱਖ ਵਕੀਲਾਂ ਨੂੰ ਜੱਜ ਨਿਯੁਕਤ ਨਾ ਕਰਨਾ ਸਿੱਖ ਕੌਮ ਦਾ ਅਪਮਾਨ- ਐਡਵੋਕੇਟ ਢਿੱਲੋਂ. ਸੈਣੀ, ਟਿਵਾਣਾ

ਗੁਲਾਮ ਕੌਮਾਂ ਨਾਲ ‘ਮਾਲਕ’ ਇੰਜ ਦਾ ਸਲੂਕ ਹੀ ਕਰਿਆ ਕਰਦੇ ਹਨ।

ਆਮ ਲੋਕਾਂ ਦੇ ਮਸਲੇ ਹੱਲ ਕਰਨ ਵਲ ਧਿਆਨ ਦੇਣ ਸਿਵਲ ਅਧਿਕਾਰੀ- ਰਾਸ਼ਟਰਪਤੀ ਮੁਰਮੂ

ਬੀਬੀ ਜੀ ਕੀ ਗੱਲ ਕਰਦੇ ਹੋ! ਆਮ ਲੋਕਾਂ ਦੇ ਮਸਲੇ ਹੱਲ ਕਰਨ ਲਈ ਉਨ੍ਹਾਂ ਕੋਲ ਟਾਈਮ ਕਿੱਥੇ।

ਦਿੱਲੀ ਅਤੇ ਮੁੰਬਈ ਤੋਂ ਬਾਅਦ ਹੁਣ ਕੋਲਕਾਤਾ ਵਿਚ ਵੀ ਹਵਾ ਪ੍ਰਦੂਸ਼ਣ ਦੀ ਮਾਰ- ਇਕ ਖ਼ਬਰ

ਬੱਲੇ ਬੱਲੇ ਬਈ, ਪੰਜਾਬ ਦਾ ਧੂੰਆਂ ਤਾਂ ਹੁਣ ਕੋਲਕਾਤੇ ਤਾਈਂ ਲੱਗ ਪਿਆ ਮਾਰ ਕਰਨ।

ਰਾਜਪਾਲ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀ ਦਿਤੀ ਪ੍ਰਵਾਨਗੀ-ਇਕ ਖ਼ਬਰ

ਤੱਕਲ਼ੇ ਨੂੰ ਵਲ਼ ਪੈ ਗਿਆ, ਬਿਨ ਠੋਲਿਉਂ ਸਿੱਧਾ ਨਾ ਹੋਇਆ।

ਰਾਜੇਵਾਲ ਨੇ ਸਾਥੀਆਂ ਸਮੇਤ ਸੰਯੁਕਤ ਕਿਸਾਨ ਮੋਰਚੇ ਵਲ ਕਦਮ ਵਧਾਇਆ- ਇਕ ਖ਼ਬਰ

ਪਾਈਂ ਰੰਗ ਪੁਰ ਦੇ ਵਿਚ ਫੇਰੀ, ਬਣ ਕੇ ਤੂੰ ਜੋਗੀ ਰਾਂਝਣਾ।

ਭਗਵੰਤ ਮਾਨ ਨੇ ਮੀਤ ਹੇਅਰ ਤੋਂ ਦੋ ਮਹਿਕਮੇ ਲੈ ਕੇ ਉਸ ਦੇ ਪਰ ਕੱਟੇ- ਇਕ ਖ਼ਬਰ

ਮੇਰੀ ਰੱਖ ਲਈ ਸੁੱਥਣ ‘ਚੋਂ ਟਾਕੀ, ਟੁੱਟ ਪੈਣੇ ਦਰਜੀ ਨੇ।

ਨੈਸ਼ਨਲ ਹੈਰਾਲਡ ਮਾਮਲੇ ‘ਚ ਕਾਂਗਰਸ ਭਾਜਪਾ ਤੋਂ ਡਰਨ ਵਾਲੀ ਨਹੀਂ-ਖੜਗੇ

ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।

ਸੁਪਰੀਮ ਕੋਰਟ ਦਾ ਆਦਰ ਕਰਦੇ ਹਾਂ ਪਰ ਸਾਡੇ ਦਾਅਵੇ ਵੀ ਝੂਠੇ ਨਹੀਂ- ਬਾਬਾ ਰਾਮਦੇਵ

ਠੀਕ ਬਾਬਾ ਧੰਨਾ ਸ਼ੂੰਹ ਵੀ ਆ ਤੇ ਗਲਤ ਮਾਈ ਪ੍ਰਸਿੰਨੀ ਵੀ ਨਹੀਂ।

ਸਰਦ ਰੁੱਤ ਇਜਲਾਸ ਮੁੱਖ ਮੰਤਰੀ ਅਤੇ ਰਾਜਪਾਲ ਵਿਚਕਾਰ ਮੇਲ-ਮਿਲਾਪ ਵਧਾਏਗਾ- ਇਕ ਖ਼ਬਰ

ਮਿੱਠੇ ਯਾਰ ਦੇ ਬਰੋਬਰ ਬਹਿ ਕੇ, ਮਿੱਠੇ ਮਿੱਠੇ ਬੇਰ ਚੁਗੀਏ।

ਬ੍ਰਿਟੇਨ ‘ਚ ਪ੍ਰਧਾਨ ਮੰਤਰੀ ਸੂਨਕ ਦੀ ਲੋਕਪ੍ਰਿਅਤਾ ਘਟੀ- ਇਕ ਖ਼ਬਰ

ਸਦਾ ਨਾ ਬਾਗ਼ੀਂ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ।

‘ਆਮ ਆਦਮੀ’ ਕਲਿਨਕਾਂ ਨੂੰ ਆਲਮੀ ਪੱਧਰ ‘ਤੇ ਮਾਨਤਾ ਮਿਲੀ, ਨੈਰੋਬੀ ’ਚ ਸਨਮਾਨ-ਇਕ ਖ਼ਬਰ

ਤੀਲੀ ਵਾਲ਼ੀ ਖਾਲ਼ ਟੱਪ ਗਈ, ਲੌਂਗ ਵਾਲ਼ੀ ਨੇ ਭਨਾ ਲਏ ਗੋਡੇ।

========================================