ਸ਼ਹੀਦ ਪੱਤਰਕਾਰ ਰਾਮ ਚੰਦਰ ਛਤਰਪਤੀ - ਡਾ ਗੁਰਵਿੰਦਰ ਸਿੰਘ

ਅੱਜ ਦੇ ਪੱਤਰਕਾਰ ਭਾਈਚਾਰੇ ਨੂੰ ਸ਼ਹੀਦ ਪੱਤਰਕਾਰ ਰਾਮ ਚੰਦਰ ਛਤਰਪਤੀ    ਤੋਂ ਸੇਧ ਲੈਂਦਿਆਂ, ਫਾਸ਼ੀਵਾਦੀ ਅਤੇ ਕੁਕਰਮ ਕਰਨ ਵਾਲੀਆਂ ਜ਼ਾਲਮਾਨਾ ਤਾਕਤਾਂ ਖ਼ਿਲਾਫ਼ ਮਜ਼ਬੂਤ ਇਰਾਦੇ ਨਾਲ ਡਟਣ ਦੀ ਲੋੜ ਹੈ। ਪੱਤਰਕਾਰ ਛਤਰਪਤੀ ਨੇ ਮਨੁੱਖਤਾ ਵਾਸਤੇ ਪਾਖੰਡ, ਝੂਠ ਅਤੇ ਕੁਕਰਮ ਖ਼ਿਲਾਫ਼ ਲੜਦਿਆਂ, ਸ਼ਹੀਦੀ ਪਾਈ। ਸਿਰਸਾ ਦਾ ਵਸਨੀਕ ਦਲੇਰ ਪੱਤਰਕਾਰ ਰਾਮ ਚੰਦਰ ਛਤਰਪਤੀ ਪੱਤਰਕਾਰ ਬਣਨ ਤੋਂ ਪਹਿਲਾਂ, ਵਕਾਲਤ ਦੇ ਖੇਤਰ ਵਿਚ ਸੇਵਾਵਾਂ ਨਿਭਾਉਂਦਾ ਸੀ। ਸੰਨ 2002 ਵਿੱਚ ਛਤਰਪਤੀ ਨੇ ਵਕਾਲਤ ਦਾ ਕਿੱਤਾ ਛੱਡ ਕੇ, ਸਿਰਸਾ ਤੋਂ ਅਖਬਾਰ ਕੱਢਣਾ ਸ਼ੁਰੂ ਕੀਤਾ, ਜਿਸ ਦਾ ਨਾਂ ਸੀ 'ਪੂਰਾ ਸੱਚ'। ਬੇਬਾਕ ਅਤੇ ਨਿਡਰ ਸੁਭਾਅ ਦੇ ਮਾਲਕ ਰਾਮਚੰਦਰ ਨੇ 30 ਮਈ 2002 ਵਿੱਚ ਆਪਣੇ ਅਖ਼ਬਾਰ ਵਿੱਚ ਡੇਰੇ ਦੀਆਂ ਸਾਧਵੀਆਂ ਦੀ ਚਿੱਠੀ ਪ੍ਰਕਾਸ਼ਿਤ ਕੀਤੀ, ਜਿਸ ਵਿਚ ਉਨ੍ਹਾਂ ਨਾਲ ਹੋਏ ਬਲਾਤਕਾਰ ਦੇ ਵੇਰਵੇ ਸਨ। ਇਸ ਤੋਂ ਬੌਖਲਾਏ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੇ ਆਪਣੇ ਗੁੰਡਿਆਂ ਰਾਹੀਂ ਪਹਿਲਾਂ ਡੇਰੇ ਦੇ ਇਕ ਪ੍ਰਬੰਧਕ ਰਣਜੀਤ ਦਾ ਨੂੰ ਕਤਲ ਕਰਵਾਇਆ, ਜਿਸ 'ਤੇ ਸ਼ੱਕ ਸੀ ਕਿ ਉਸਦੀ ਭੈਣ ਨੇ ਹੀ 'ਗੁੰਮਨਾਮ ਚਿੱਠੀ' ਲਿਖੀ ਹੈ। ਇਸ ਤੋਂ ਮਗਰੋਂ ਡੇਰੇ ਦੇ ਗੁੰਡਿਆਂ ਨੇ ਪੱਤਰਕਾਰ ਰਾਮ ਚੰਦਰ ਛਤਰਪਤੀ 'ਤੇ 24 ਅਕਤੂਬਰ 2002 ਨੂੰ ਜਾਨ ਲੇਵਾ ਹਮਲਾ ਕੀਤਾ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੇ ਹੋਏ ਆਖ਼ਿਰਕਾਰ 27 ਦਿਨਾਂ ਬਾਅਦ ਪੱਤਰਕਾਰ ਰਾਮਚੰਦਰ ਛਤਰਪਤੀ, 21 ਨਵੰਬਰ 2002 ਨੂੰ ਹਸਪਤਾਲ ਵਿਚ ਦਮ ਤੋੜ ਗਏ।
ਇਸ ਵਿੱਚ ਦੋ ਰਾਵਾਂ ਨਹੀਂ ਕਿ ਰਾਮਚੰਦਰ ਛਤਰਪਤੀ ਇਕ ਸ਼ਹੀਦ ਪੱਤਰਕਾਰ ਹਨ, ਜਿਨ੍ਹਾਂ ਪਾਖੰਡ ਅਤੇ ਕੁਕਰਮ ਖ਼ਿਲਾਫ਼ ਲੜਦਿਆਂ, ਸ਼ਹੀਦੀ ਪਾਈ ਅਤੇ ਗੁਰਮੀਤ ਰਾਮ ਰਹੀਮ ਸੌਦਾ ਸਾਧ ਦੀ ਅਸਲੀਅਤ ਜੱਗ ਸਾਹਮਣੇ ਲਿਆਂਦੀ। ਉਨ੍ਹਾਂ ਸਿਧਾਂਤਾਂ ਨਾਲ ਸਮਝੌਤਾ ਨਾ ਕੀਤਾ ਅਤੇ ਆਖ਼ਰੀ ਸੁਆਸ ਤਕ ਲੜਾਈ ਲੜੀ। ਸ਼ਹੀਦ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਅਤੇ ਸਮੂਹ ਪਰਿਵਾਰ ਨੇ ਇਨਸਾਫ ਦੀ ਲੰਮੀ ਲੜਾਈ ਲੜੀ।
ਆਖ਼ਰਕਾਰ 11 ਜਨਵਰੀ 2019 ਨੂੰ, ਸੌਦਾ ਸਾਧ ਅਤੇ ਉਸ ਦੇ ਸਾਥੀਆਂ ਕ੍ਰਿਸ਼ਨ ਲਾਲ, ਕੁਲਦੀਪ ਤੇ ਨਿਰਮਲ ਨੂੰ, ਪੱਤਰਕਾਰ ਛਤਰਪਤੀ ਦੀ ਕੇਸ ਵਿਚ ਦੋਸ਼ੀ ਗਰਦਾਨਿਆ ਗਿਆ। ਬਲਾਤਕਾਰ ਦੀ 20 ਸਾਲ ਦੀ ਸਜ਼ਾ ਤੋਂ ਇਲਾਵਾ ਗੁਰਮੀਤ ਰਾਮ ਰਹੀਮ, ਇਸ ਕਤਲ ਕੇਸ ਵਿਚ ਉਮਰ ਕੈਦ ਸਜ਼ਾ ਵੀ ਭੁਗਤ ਰਿਹਾ ਹੈ। ਅੰਸ਼ੁਲ ਛੱਤਰਪਤੀ ਸਮੇਤ ਪਿਛਲੇ ਡੇਢ ਦਹਾਕੇ ਤੋਂ ਵੱਧ ਸਮੇਂ ਤੋਂ, ਇਸ ਸੌਦਾ ਸਾਧ ਖਿਲਾਫ਼ ਲੜਨ ਵਾਲੇ ਸੂਰਮਿਆਂ ਨੂੰ ਰਾਹਤ ਮਿਲੀ। ਜੱਜ ਜਗਦੀਪ ਸਿੰਘ ਨੇ ਸੌਦਾ ਸਾਧ ਨੂੰ ਦੂਜੀ ਵਾਰ, 17 ਜਨਵਰੀ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਦੀ ਹੱਤਿਆ ਕਰਨ ਦੇ ਘਿਨਾਉਣੇ ਜੁਰਮ ਲਈ ਉਮਰ ਕੈਦ ਦੀ ਸਜ਼ਾ ਸੁਣਾ ਕੇ ਅਤੇ ਘਿਨੌਣੇ ਜੁਰਮਾਂ ਲਈ ਦੋਸ਼ੀ ਕਰਾਰ ਦੇ ਕੇ, ਇਤਿਹਾਸ ਵਿੱਚ ਆਪਣਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ। ਇਨਸਾਫ ਦਿਵਾਉਣ ਵਾਲੀ ਦਲੇਰ ਵਕੀਲਾਂ, ਗਵਾਹਾਂ ਅਤੇ ਸਾਥ ਦੇਣ ਵਾਲੇ ਬਹਾਦਰ ਲੋਕਾਂ ਦੇ, ਇਹ ਸੰਘਰਸ਼ ਦੀ ਜਿੱਤ ਇਹ ਸੁਨੇਹਾ ਦਿੰਦੀ ਹੈ ਕਿ ਅੰਤ ਨੂੰ ਪਾਖੰਡ, ਝੂਠ ਅਤੇ ਕੁਕਰਮ ਦੀ ਹਾਰ ਹੁੰਦੀ ਹੈ, ਜਦਕਿ ਸੱਚ, ਹੱਕ ਅਤੇ ਨਿਆਂ ਦੀ ਜਿੱਤ ਹੁੰਦੀ ਹੈ।