ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

14.11.2023

ਦਿੱਲੀ ਦੇ 32 ਫ਼ੀਸਦੀ ਪਰਵਾਰ ਦੀਵਾਲੀ ‘ਤੇ ਪਟਾਕੇ ਚਲਾਉਣ ਲਈ ਬਜ਼ਿਦ-ਇਕ ਸਰਵੇਖਣ

ਵਾਰਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।

1450 ਨੌਜਵਾਨਾਂ ਨੂੰ ਪੰਜਾਬ ਪੁਲਿਸ ‘ਚ ਭਰਤੀ ਕਰਨ ਦੀ ਪ੍ਰਕਿਰਿਆ ਨੂੰ ਪ੍ਰਵਾਨਗੀ- ਇਕ ਖ਼ਬਰ

ਸਰਕਾਰ ਜੀ, ਇਹ ਵੀ ਦੱਸ ਦਿੰਦੇ ਕਿ ਦੂਜੇ ਸੂਬਿਆਂ ਦੇ ਕਿੰਨੇ ਭਰਤੀ ਕਰਨੇ ਹਨ।

ਸਮੂਹ ਪੰਥਕ ਧਿਰਾਂ ਇਕ ਪਲੇਫਾਰਮ ‘ਤੇ ਇਕੱਠੀਆਂ ਹੋਣ- ਰਵੀਇੰਦਰ ਸਿੰਘ

ਨਾ ਨੌਂ ਮਣ ਤੇਲ ਹੋਵੇ, ਨਾ ਰਾਧਾ ਨੱਚੇ।

ਪ੍ਰਦੂਸ਼ਣ ਹਰਿਆਣੇ ਦਾ ਤੇ ਬਦਨਾਮੀ ਪੰਜਾਬ ਦੀ- ਇਕ ਖ਼ਬਰ

ਨਾਨੀ ਖ਼ਸਮ ਕਰੇ, ਦੋਹਤਾ ਚੱਟੀ ਭਰੇ।

ਪੰਜਾਬ ਸਰਕਾਰ-ਰਾਜਪਾਲ ਮਾਮਲੇ ‘ਚ ਸੁਪਰੀਮ ਕੋਰਟ ਦਾ ਫ਼ੈਸਲਾ ਲੋਕਤੰਤਰ ਦੀ ਜਿੱਤ- ਕੰਗ

ਸੁੱਚਿਆਂ ਰੁਮਾਲਾਂ ਨੂੰ, ਲਾ ਦੇ ਧੰਨ ਕੁਰੇ ਗੋਟਾ।

‘ਆਪ’ ਵਿਧਾਇਕਾਂ ਨੇ ਕੇਜਰੀਵਾਲ ਨੂੰ ਗ੍ਰਿਫ਼ਤਾਰੀ ਦੇ ਬਾਵਜੂਦ ਮੁੱਖ ਮੰਤਰੀ ਬਣੇ ਰਹਿਣ ਦੀ ਕੀਤੀ ਅਪੀਲ- ਇਕ ਖ਼ਬਰ

ਜਿਹੜਾ ਮੂਹਰਲੀ ਗੱਡੀ ਦਾ ਬਾਬੂ, ਉਹੀਓ ਮੇਰਾ ਵੀਰ ਕੁੜੀਓ।

ਦਿੱਲੀ ਪ੍ਰਦੂਸ਼ਣ: ਭਾਜਪਾ ਪੰਜਾਬ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ- ਗੋਪਾਲ ਰਾਇ

ਮੂੰਹ ਉਂਗਲਾਂ ਘੱਤ ਕੇ ਕਹਿਣ ਸਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।

ਪੰਜਾਬ ਦੇ ਰਾਜਪਾਲ ਅੱਗ ਨਾਲ ਖੇਡ ਰਹੇ ਹਨ- ਸੁਪਰੀਮ ਕੋਰਟ

ਪਿੱਛੇ ਮੁੜ ਜਾ ਸੋਹਣਿਆਂ ਵੇ, ਸੌਖਾ ਨਹੀਂ ਇਸ਼ਕ ਕਮਾਉਣਾ।

ਕੈਨੇਡਾ ‘ਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੇ ਮਾਮਲੇ ‘ਚ 5 ਪੰਜਾਬੀ ਗ੍ਰਿਫ਼ਤਾਰ-ਇਕ ਖ਼ਬਰ

ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।

ਰਾਹੁਲ ਗਾਂਧੀ ਨੇ ਕੇਦਾਰਨਾਥ ‘ਚ ਵਰੁਣ ਗਾਂਧੀ ਨਾਲ ਕੀਤੀ ਸੰਖੇਪ ਮੁਲਾਕਾਤ- ਇਕ ਖ਼ਬਰ

ਮੈਂ ਰੱਜ ਨਾ ਗੱਲਾਂ ਕੀਤੀਆਂ, ਮੇਰੇ ਮਨੋਂ ਨਾ ਲੱਥਾ ਚਾਅ।

ਪੰਜਾਬ ‘ਚੋਂ ਪਰਵਾਸ ਦਾ ਮੁੱਖ ਕਾਰਨ ਸਰਕਾਰਾਂ ਦੇ ਮਾੜੇ ਪ੍ਰਬੰਧ ਹਨ- ਅਰਥ ਸ਼ਾਸਤਰੀ ਸੁੱਚਾ ਸਿੰਘ ਗਿੱਲ

ਪਿਆ ਦੇਸ਼ ਦੇ ਵਿਚ ਸੀ ਬੜਾ ਰੌਲ਼ਾ, ਭੂਤ ਮੰਡਲੀ ਇਕ ਥੀਂ ਚਾਰ ਹੋਈ।

ਪ੍ਰਦੂਸ਼ਣ ਦੇ ਵਿਸ਼ੇ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ-ਖੱਟਰ

ਡਾਲ ਡੰਗਣੋਂ ਸੱਪ ਨਹੀਂ ਮੂਲ ਜਾਂਦਾ, ਭਾਵੇਂ ਲੱਪ ‘ਚ ਦੁੱਧ ਪਿਆ ਮੀਆਂ।

ਅਮਰੀਕੀ ਰਾਸ਼ਟਰਪਤੀ ਬਣਨ ਦੀ ਦੌੜ ਵਿਚ ਦੋ ਭਾਰਤੀ ਉਮੀਦਵਾਰਾਂ ਨੇ ਇਕ ਦੂਜੇ ‘ਤੇ ਕੀਤੇ ਜ਼ਾਤੀ ਹਮਲੇ- ਇਕ ਖ਼ਬਰ

ਵਾਦੜੀਆਂ ਸਜਾਦੜੀਆਂ, ਨਿਭਣ ਸਿਰਾਂ ਦੇ ਨਾਲ਼।

ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਟਿਕਟਾਂ ਦੇ ਲਾਲਚ ਵਿਚ ਪੰਥਕ ਭਾਵਨਾਵਾਂ ਦਾ ਕਤਲ ਕੀਤਾ- ਦੁਪਾਲਪੁਰ

ਬਿਰਤੀ ਤਾਂ ਮਾਇਆ ਵਿਚ ਖੇਹ ਛਾਣਦੀ, ਕਰਦੇ ਦਲੀਲ ਸੁਰਗਾਂ ਨੂੰ ਜਾਣਦੀ।

ਕਾਂਗਰਸ ਨੇ ਰਾਜਸਥਾਨ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਤਿਆਰ- ਇਕ ਖ਼ਬਰ

ਖੇ ਖ਼ੂਬ ਹੁਸ਼ਿਆਰੀ ਦੇ ਨਾਲ਼ ਯਾਰੋ, ਲੱਗੇ ਕਰਨ ਤਿਆਰੀ ਅਫ਼ਗਾਨ ਯਾਰੋ।

==============================================