ਕਾਹਲੀ ਅੱਗੇ ਟੋਏ........... - ਗੁਰਸੇਵਕ ਰੰਧਾਵਾ ਪਟਿਆਲਾ

ਅੱਜ ਮਨੁੱਖ ਨੇ ਤਕਨੀਕੀ ਤਰੱਕੀ ਬਹੁਤ ਕਰ ਲਈ ਹੈ, ਅਤੇ ਇਹ ਸਾਰੇ ਯਤਨ ਸਮੇਂ ਨੂੰ ਜੱਫਾ ਪਾਉਣ ਲਈ ਕੀਤੇ ਜਾ ਰਹੇ ਹਨ। ਬੇਸ਼ੱਕ ਤਕਨੀਕੀ ਤਰੱਕੀ ਨੇ ਸਾਡੀ ਜ਼ਿੰਦਗੀ ਅਸਾਨ ਬਣਾ ਦਿੱਤੀ ਹੈ ਪਰ ਇਸਦੇ ਚੰਗੇ ਅਤੇ ਮਾੜੇ ਪੱਖ ਨਾਲ-ਨਾਲ ਚੱਲਦੇ ਹਨ। ਹਰ ਇਕ ਵਿਅਕਤੀ ਅੱਜ ਕਾਹਲੀ ਵਿੱਚ ਹੈ ਭਾਵੇਂ ਉਹ ਵਕਤ ਨੂੰ ਪਿੱਛੇ ਛੱਡਣ ਦੀ ਹੋਵੇ, ਕਿਸੇ ਦੂਜੇ ਵਿਅਕਤੀ ਤੋਂ ਅੱਗੇ ਲੰਘਣ ਦੀ ਹੋਵੇ ਚਾਹੇ ਕਿਤੇ ਘਰ ਤੋਂ ਬਾਹਰ ਜਾਣ ਦੀ ਹੋਵੇ। ਰੋਜ਼ਾਨਾ ਕਿੰਨੇ ਹੀ ਲੋਕ ਸੜਕ ਦੁਰਘਟਨਾਵਾਂ ਦੇ ਸ਼ਿਕਾਰ ਹੋ ਰਹੇ ਹਨ, ਜੋ ਸਿਰਫ ਤੇਜ਼ ਰਫਤਾਰੀ ਤੇ ਕਾਹਲੀ ਦਾ ਨਤੀਜ਼ਾ ਹੈ। ਅਪਾਂ ਸਾਰਿਆਂ ਨੇ ਇਹ ਕਹਾਵਤ ਤਾਂ ਸੁਣੀ ਹੋਈ ਏ ਕਿ ਕਾਹਲੀ ਅੱਗੇ ਟੋਏ ਤੇ ਇਸਦਾ ਮਤਲਬ ਵੀ ਸਾਨੂੰ ਸਭ ਨੂੰ ਪਤਾ ਹੈ, ਮਤਲਬ ਕਿ ਮਨੁੱਖ ਹਰ ਕੰਮ ਲਈ ਕਾਹਲੀ ਤਾਂ ਕਰੀ ਜਾਂਦਾ ਹੈ ਪਰ ਉਹ ਇਹ ਨਹੀ ਸੋਚਦਾ ਕਿ ਉਹ ਇਸ ਚੱਕਰ ’ਚ ਕਈ ਮੁਸੀਬਤਾਂ ਵਿੱਚ ਫਸ ਸਕਦਾ ਹੈ ਤੇ ਹੋਰਾਂ ਨੂੰ ਮੁਸੀਬਤ ਵਿੱਚ ਪਾ ਵੀ ਸਕਦਾ ਹੈ। ਕਈ ਵਾਰ ਤਾਂ ਇੰਝ ਲੱਗਦਾ ਹੈ ਕਿ ਮਨੁੱਖ ਨੇ ਖੁਦ ਮਸ਼ੀਨ ਦਾ ਰੂਪ ਧਾਰਨ ਕਰ ਲਿਆ ਹੈ ਜਿਹੜਾ ਆਪਣੀ ਜ਼ਿੰਦਗੀ ’ਚ ਏਨੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਹੈ ਅਤੇ ਉਹ ਆਪਣੇ ਰਾਹ ਵਿੱਚ ਆਈ ਕੋਈ ਚੀਜ਼ ਦਾ ਇੰਤਜਾਰ ਵੀ ਨਹੀ ਕਰ ਸਕਦਾ, ਜਿਵੇਂ ਤੁਸੀਂ ਆਮ ਰੇਲਵੇ ਫਾਟਕਾਂ ਤੇ ਵੇਖ ਸਕਦੇ ਹੋ ਕਿ ਫਾਟਕ ਗੱਡੀ ਆਉਣ ਕਾਰਨ ਬੰਦ ਪਿਆ ਹੁੰਦਾ ਹੈ ਪਰ ਫਾਟਕ ਬੰਦ ਹੋਣ ਦੇ ਬਾਵਜੂਦ ਵੀ ਕਈ ਲੋਕ ਫਾਟਕ ਦੇ ਥੱਲੋ ਦੀ ਆਪਣੇ ਮੋਟਰ ਵਾਹਨ ਕੱਢਣੇ ਸ਼ੁਰੂ ਕਰ ਦਿੰਦੇ ਹਨ ਜਿਨ੍ਹਾਂ ’ਚੋਂ ਕਈ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਆਪਣੀ ਜ਼ਿੰਦਗੀ ਤੋਂ ਵੀ ਹੱਥ ਧੋ ਬੈਠਦੇ ਹਨ। ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਜਿਨ੍ਹਾਂ ਵਿੱਚੋਂ ਮੈਂ ਵੀ ਇਕ ਹਾਂ ਬਹੁਤ ਕਾਹਲੀ ਦਾ ਸ਼ਿਕਾਰ ਹਨ, ਜ਼ਿੰਦਗੀ ਤੋਂ ਬੇਪਰਵਾਹ ਹਨ, ਬੁਲਟ, ਮੋਟਰ ਕਾਰਾਂ ਉਨ੍ਹਾਂ ਭਾਵੇਂ ਤਾਂ ਖਿਡੌਣੇ ਹਨ ਚਾਬੀ ਵਾਲੇ ਦੱਬੀ ਜਾਓ ਰਫਤਾਰ ਪਰ ਆਪ ਨੀ ਦਬਣਾ ਕਿਸੇ ਤੋਂ ਜੇ ਕੋਈ ਸਿਆਣਾ ਸਮਝਾਉਂਦਾ ਹੈ, ਗਲ ਪੈਂਦੇ ਨੇ ਉਨ੍ਹਾਂ ਦੇ ਕਿ ਭਾਈ ਤੂੰ ਕੌਣ ਹੁਨੈਂ ਸਾਨੂੰ ਸਮਝਾਉਣ ਵਾਲਾ ਚੱਲ ਡੰਡੀ ਪੈ। ਪਰ ਉਹ ਇਹ ਨਹੀਂ ਜਾਣਦੇ ਕਿ ਇਹ ਤੇਜ਼ ਰਫ਼ਤਾਰੀ ਉਹਨਾ ਦੇ ਮਾਪਿਆਂ ਤੇ ਕਿੰਨੀ ਭਾਰੀ ਪੈ ਸਕਦੀ ਹੈ। ਜਦੋਂ ਅਣਸੁਖਾਵੀਂ ਘਟਨਾ ਵਾਪਰ ਜਾਵੇ ਤਾਂ ਉਸਦਾ ਸਾਰਾ ਫ਼ਲ ਪਿੱਛੇ ਉਹਨਾਂ ਦੇ ਮਾਪਿਆਂ ਨੂੰ ਭੋਗਣਾ ਪੈਂਦਾ ਹੈ। ਉਹਨਾਂ ਦੇ ਮਾਂ-ਬਾਪ ਜਿਊਂਦੀ ਲਾਸ਼ ਬਣ ਕੇ ਰਹਿ ਜਾਂਦੇ ਹਨ ’ਤੇ ਜਿਹੜੀ ਉਮਰੇ ਉਹਨਾਂ ਬੱਚਿਆਂ ਤੋਂ ਸੇਵਾ ਕਰਾਉਣੀ ਹੁੰਦੀ ਹੈ ਉਹ ਉਮਰੇ ਉਹਨਾਂ ਨੂੰ ਆਪਣੇ ਬੱਚਿਆਂ ਦੀ ਅਰਥੀ ਚੁੱਕਣੀ ਭਾਰੀ ਪੈਂਦੀ ਹੈ।
ਅਜਿਹੀਆਂ ਦੁਰਘਟਨਾਵਾਂ ਦਾ ਸਿਲਸਿਲਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਕਈ ਵਾਰ ਅਸੀਂ ਆਪਣੀ ਇਸ ਨਦਾਨ ਗਲਤੀ ਕਾਰਨ ਬਚ ਜਾਂਦੇ ਹਾਂ ਪਰ ਕਿਸੇ ਹੋਰ ਘਰ ਦੇ ਚਿਰਾਗ ਅਸੀਂ ਬੁਝਾ ਦਿੰਦੇ ਹਾਂ।  ਦੋਸਤੋ ਇਹੋ ਜਿਹੀਆ ਦੁਰਘਟਨਾਵਾਂ ਨੂੰ ਵਧਾਵਾ ਵੀ ਅਸੀਂ ਆਪ ਹੀ ਦਿੱਤਾ ਹੈ ’ਤੇ ਇਹਨਾਂ ਦੇ ਨਿਕਲਣ ਵਾਲੇ ਘਾਤਕ ਨਤੀਜਿਆਂ ਤੋਂ ਸਮਝਣਾ ਵੀ ਸਾਨੂੰ ਆਪ ਹੀ ਪੈਣਾ ਹੈ। ਇਸ ਵਧਦੀ ਭੇਡ ਚਾਲ ਤੋਂ ਪ੍ਰਹੇਜ਼ ਕਰੋ ਜੇ ਬਾਹਰ ਕਿਤੇ ਕੰਮ ਤੇ ਜਾ ਰਹੇ ਹਾਂ ਤਾਂ ਸਮੇਂ ਸਿਰ ਘਰ ਤੋ ਪਹਿਲਾਂ ਹੀ ਨਿਕਲ ਜਾਵੋ ਤਾਂ ਜੋ ਤੁਹਾਨੂੰ ਆਪਣੀ ਮੋਟਰਸਾਈਕਲ ਜਾਂ ਕਾਰ ਨੂੰ ਲੇਟ ਹੋ ਜਾਣ ਦੇ ਚੱਕਰ ਚ ਤੇਜ ਨਾ ਚਲਾਉਣਾ ਪਵੇ ਅਤੇ ਨਾ ਹੀ ਕਾਹਲੀ ਕਾਹਲੀ ’ਚ ਕਿਸੇ ਵਾਹਨ ਨੂੰ ਓਵਰਟੇਕ ਕਰਨਾ ਪਵੇ। ਆਵਾਜਾਈ ਦੇ ਨਿਯਮਾਂ ਅਤੇ ਚਿੰਨ੍ਹਾਂ ਨੂੰ ਹਮੇਸ਼ਾਂ ਧਿਆਨ ਨਾਲ ਪੜੋ ਤੇ ਉਹਨਾਂ ਦੀ ਪਾਲਣਾ ਕਰੋ। ਮੋਟਰ ਕਾਰ, ਵਹੀਕਲ ਚਲਾਉਦੇਂ ਸਮੇਂ ਸੀਟ ਬੈਲਟ ਦਾ ਪ੍ਰਯੋਗ ਲਾਜ਼ਮੀ ਕਰੋ ਅਤੇ ਇੰਡੀਕੇਟਰਾਂ ਦੀ ਮੁੜਣ ਸਮੇਂ ਵਰਤੋਂ ਜ਼ਰੂਰ ਕਰੋ। ਕਦੇ ਵੀ ਓਵਰ ਸਪੀਡ ਤੇ ਗੱਡੀ ਨਾ ਚਲਾਓ। ਅੱਜ ਕੱਲ੍ਹ ਡ੍ਰਾਈਵਿੰਗ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਬਹੁਤ ਵਧਦੀ ਜਾ ਰਹੀ ਕ੍ਰਿਪਾ ਕਰਕੇ ਗੱਡੀ ਚਲਾਉਣ ਸਮੇਂ ਮੋਬਾਈਲ ਦੀ ਵਰਤੋਂ ਨਾ ਕਰੋ।  ਦੋ ਪਹੀਆ ਵਾਹਨ ਸਕੂਟਰ, ਮੋਟਰ-ਸਾਈਕਲ ਚਲਾਉਣ ਸਮੇਂ ਹੈਲਮਟ ਦਾ ਪ੍ਰਯੋਗ ਜ਼ਰੂਰ ਕਰੋ। ਜੇਕਰ ਤੁਹਾਡੇ ਵਾਹਨ ਵਿੱਚ ਕੋਈ ਨੁਕਸ ਆਉਂਦਾ ਹੈ ਤਾਂ ਉਸਨੂੰ ਸਮੇਂ ਰਹਿੰਦੇ ਮਕੈਨਿਕ ਤੋਂ ਚੰਗੀ ਤਰ੍ਹਾਂ ਨਾਲ ਚੈੱਕ ਕਰਵਾਓ ਅਤੇ ਸਮੇਂ ਸਿਰ ਸਰਵਿਸ ਵੀ ਕਰਵਾਓ।  ਅਸੀਂ ਸਾਰੇ ਜਾਣਦੇ ਹਾਂ ਕਿ ਸ਼ਰਾਬ ਤੇ ਗੱਡੀ ਦਾ ਕੋਈ ਮੇਲ ਨਹੀਂ ਪਰ ਅਸੀਂ ਫਿਰ ਵੀ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹਾਂ ਜੋ ਸਿੱਧੀ ਮੌਤ ਨਾਲ ਮਿਲਣੀ ਹੈ। ਸੜਕ ਸੁਰੱਖਿਆ ਦੇ ਮਹੱਤਵਪੂਰਨ ਨਿਯਮਾਂ ਨੂੰ ਅਪਣਾਉਣਾ ਤੇ ਉਹਨਾਂ ਦੀ ਪਾਲਣਾ ਕਰਨੀ ਸਾਡੀ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ। ਸਮੇਂ ਦੀਆਂ ਸਰਕਾਰਾਂ ਵੀ ਇਸ ਪਾਸੇ ਆਪਣਾ ਖ਼ਾਸ ਧਿਆਨ ਦੇਣ, ਸੜਕਾਂ ਤੇ ਫਿਰਦੇ ਅਵਾਰਾ ਪਸ਼ੂਆ ਦਾ ਠੋਸ ਹੱਲ ਕੀਤਾ ਜਾਵੇ। ਸਮੇਂ ਸਮੇਂ ਤੇ ਸੜਕਾਂ ਦੀ ਮੁਰੰਮਤ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਕਿਸੇ ਵੀ ਦੇਸ਼ ਦੀ ਆਰਥਿਕਤਾ ਤੇ ਤਰੱਕੀ ਦਾ ਪਤਾ ਉਸ ਦੇਸ਼ ਦੇ ਲੋਕਾਂ ਦੇ ਰਹਿਣ ਸਹਿਣ ਅਤੇ ਸੜਕਾਂ ਦੇ ਵਧੀਆ ਨਿਰਮਾਣ ਕਾਰਜਾਂ ਤੋਂ ਹੀ ਲੱਗਦਾ ਹੈ ਸੋ ਦੋਸਤੋ ਹਮੇਸ਼ਾ ਠਹਿਰਾਓ ਨਾਲ ਚੱਲੋ ਕਾਹਲੀ ਕਦੇ ਨਾ ਕਰੋ ਅਤੇ ਟ੍ਰੈਫਿਕ ਨਿਯਮਾਂ ਦੀ ਹਮੇਸ਼ਾ ਪਾਲਣਾ ਕਰੋ ਕਿਉਂਕਿ ਹਰ ਇਕ ਦੀ ਜਾਨ ਬਹੁਤ ਕੀਮਤੀ ਹੈ।
ਗੁਰਸੇਵਕ ਰੰਧਾਵਾ ਪਟਿਆਲਾ ।
ਮੋ: 94636-80877