ਧੱਕੇ ਖਾਉ- ਸਿਹਤ ਬਣਾਉ (ਵਿਅੰਗ) - ਨਿਰਮਲਸਿੰਘ ਕੰਧਾਲਵੀ
ਧੱਕਾ ਸ਼ਬਦ ਸੁਣਦਿਆਂ ਹੀ ਹਰ ਕਿਸੇ ਦਾ ਮੂੰਹ ਕਸੈਲ਼ਾ ਜਿਹਾ ਹੋ ਜਾਂਦਾ ਹੈ। ਪਰੰਤੂ ਜੇ ਧਿਆਨ ਨਾਲ਼ ਦੇਖਿਆ ਜਾਵੇ ਤਾਂ ‘ਧੱਕਾ’ ਸਾਡੇ ਜੀਵਨ ਦੀ ਇਕ ਜ਼ਰੂਰੀ ਕਿਰਿਆ ਹੈ। ਜੇ ਕਰ ਅਸੀਂ ਰੋਜ਼ਾਨਾ ਜੀਵਨ ਦੇ ਕਾਰਜਾਂ ਵਿਚ ਇਸ ਸ਼ਬਦ ਦੀ ਹਾਰਸ-ਪਾਵਰ ਦਾ ਅਨੁਮਾਨ ਲਗਾਈਏ ਤਾਂ ਬੜੇ ਬੜੇ ਸ਼ਬਦ ਤਾਂ ਕੀ, ਪੂਰਾ ਵਾਕ ਹੀ ਇਸ ਦੇ ਸਾਹਮਣੇ ਫਿੱਕਾ ਪੈ ਜਾਵੇਗਾ।
ਧੱਕਿਆਂ ਤੋਂ ਬਿਨਾਂ ਜੀਵਨ ਕਿੰਨਾ ਨੀਰਸ ਹੋ ਜਾਂਦਾ ਹੈ, ਇਸ ਦਾ ਅਨੁਮਾਨ ਉਹੀ ਵਿਅਕਤੀ ਲਗਾ ਸਕਦਾ ਹੈ ਜਿਸ ਦਾ ਵਾਹ ਕਦੀ ਇਸ ਮਹਾਂਬਲੀ ਸ਼ਬਦ ਨਾਲ਼ ਨਾ ਪਿਆ ਹੋਵੇ। ਪੂਰੇ ਸ਼ਬਦਕੋਸ਼ ਵਿਚ ਇਸ ਨਾਲੋਂ ਸ਼ਕਤੀਸ਼ਾਲੀ ਸ਼ਬਦ ਨਹੀਂ ਲੱਭਦਾ।
ਜਨਮ ਤੋਂ ਮੌਤ ਤੱਕ ਅਸੀਂ ਇਸ ਤਾਕਤਵਰ ਤੱਤ ਦੀ ਕਿੰਨੀ ਵਰਤੋਂ ਕਰਦੇ ਹਾਂ, ਸਾਡੇ ਚਿਹਰੇ ਤੋਂ ਹੀ ਪਤਾ ਲੱਗ ਜਾਂਦਾ ਹੈ। ਭਾਵੇਂ ਤੁਸੀਂ ਇਸ ਟਾਨਿਕ ਸ਼ਬਦ ਨੂੰ ਪਸੰਦ ਕਰੋ ਜਾਂ ਨਾ, ਪਰ ਸਿਹਤ ਲਈ ਇਹ ਬਹੁਤ ਜ਼ਰੂਰੀ ਸ਼ੈਅ ਹੈ। ਜਿਵੇਂ ਡਾਕਟਰ ਤੁਹਾਡੀ ਨਾੜੀ ਜਾਂ ਚਿਹਰੇ ਦਾ ਰੰਗ ਦੇਖ ਕੇ ਦੱਸ ਦਿੰਦਾ ਹੈ ਕਿ ਤੁਹਾਡੇ ਸਰੀਰ ਵਿਚ ਕੈਲਸ਼ੀਅਮ, ਲੋਹੇ ਜਾਂ ਕਿਸੇ ਹੋਰ ਤੱਤ ਦੀ ਕਮੀ ਹੈ, ਤੇ ਫਿਰ ਡਾਕਟਰ ਉਸ ਦਾ ਇਲਾਜ ਕਰਦਾ ਹੈ, ਇਵੇਂ ਹੀ ਬੰਦੇ ਦੇ ਸਰੀਰ ‘ਚੋਂ ਇਸ ਦੀ ਪਛਾਣ ਕੀਤੀ ਜਾ ਸਕਦੀ ਹੈ ਕਿ ਇਸ ਨੇ ਕਿੰਨੇ ਕੁ ਧੱਕੇ ਹੁਣ ਤਾਈਂ ਖਾਧੇ ਹਨ। ਅਸੀਂ ਤਾਂ ਸਿਰਫ਼ ਇਕ ਹੀ ਸ਼ਕਤੀਸ਼ਾਲੀ ਦੁਆਈ ਦੇ ਸ਼ੈਦਾਈ ਹਾਂ, ਉਹ ਹੈ-ਧੱਕਾ। ਇਸ ਦੇ ਖਾਣ ਨਾਲ਼ ਲੋਹਾ ਤਾਂ ਕੀ ਸਟੀਲ ਵੀ ਹਜ਼ਮ ਹੋ ਜਾਂਦਾ ਹੈ। ਜਿਸ ਵਿਅਕਤੀ ਨੇ ਧੱਕੇ ਖਾ ਲਏ ਸਮਝੋ ਉਸ ਨੇ ਸਭ ਕੁਝ ਪਚਾ ਲਿਆ।
ਕਈ ਆਲ਼ਸੀ ਮਨੁੱਖ ਧੱਕੇ ਖਾਣ ਨੂੰ ਐਵੇਂ ਵਾਧੂ ਜਿਹਾ ਕਾਰਜ ਹੀ ਸਮਝਦੇ ਹਨ, ਅਸੀ ਦਾਅਵੇ ਨਾਲ਼ ਕਹਿੰਦੇ ਹਾਂ ਕਿ ਉਨ੍ਹਾਂ ਨੇ ਧੱਕਿਆਂ ਦਾ ਅਸਲੀ ਸਵਾਦ ਨਹੀਂ ਚਖਿਆ ਅਜੇ। ਜਿਸ ਨੇ ਧੱਕਿਆਂ ਦਾ ਸਵਾਦ ਇਕ ਵਾਰ ਦੇਖ ਲਿਆ, ਫੇਰ ਉਹ ਇਨ੍ਹਾਂ ਦਾ ਦੀਵਾਨਾ ਹੋ ਕੇ ਹੀ ਰਹਿ ਗਿਆ। ਸ਼ੁਰੂ ਸ਼ੁਰੂ ‘ਚ ਜਦੋਂ ਮਨੁੱਖ ਧੱਕੇ ਖਾਣੇ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਥੋੜ੍ਹੀ ਪੀੜਾ ਜ਼ਰੂਰ ਹੁੰਦੀ ਹੈ, ਪਰੰਤੂ ਜਿਵੇਂ ਜਿਵੇਂ ਉਹ ਧੱਕਿਆਂ ਨੂੰ ਪਚਾਉਣ ਦਾ ਆਦੀ ਹੋ ਜਾਂਦਾ ਹੈ, ਉਸ ਨੂੰ ਇਨ੍ਹਾਂ ਦੇ ਸੁਖ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ। ਜੀਵਨ ਦੀ ਕਿਸੇ ਵੀ ਦੌੜ ਵਿਚ ਮਨੁੱਖ ਇਸ ਸਰਬਵਿਆਪੀ ਸ਼ਬਦ ਦੀ ਮਹਾਂਸ਼ਕਤੀ ਤੋਂ ਬਚ ਨਹੀਂ ਸਕਦਾ। ਸੰਸਾਰ ਵਿਚ ਕੋਈ ਵੀ ਅਜਿਹਾ ਵਿਅਕਤੀ ਨਹੀਂ ਜਿਸ ਨੇ ਕਿਸੇ ਨਾ ਕਿਸੇ ਰੂਪ ਵਿਚ ਧੱਕੇ ਨਾ ਖਾਧੇ ਹੋਣ। ਅਧਿਆਤਮਵਾਦੀ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਸਰੀਰ ਤਾਂ ਸਰੀਰ, ਆਤਮਾ ਨੂੰ ਵੀ ਤਿੰਨਾਂ ਲੋਕਾਂ ਵਿਚ ਧੱਕੇ ਖਾਣੇ ਪੈਂਦੇ ਹਨ
ਬੱਚਾ ਸਕੂਲ ‘ਚ ਧੱਕੇ ਖਾਂਦਾ ਹੈ। ਜੁਆਨ ਉਮਰ ਵਿਚ ਕਾਲਜ ਜਾਂ ਸਿਨੇਮਾ-ਹਾਲ ਦੇ ਬਾਹਰ ਧੱਕਿਆਂ ਦਾ ਤਾਕਤਵਰ ਵਿਟਾਮਿਨ ਆਪਣੇ ਆਪ ਹੀ ਮਿਲ ਜਾਂਦਾ ਹੈ। ਨੌਕਰੀ ਲੈਣ ਲਈ ਧੱਕੇ ਪੂਰੀ ਰਿਹਰਸਲ ਦਾ ਕੰਮ ਕਰਦੇ ਹਨ। ਜੋ ਵਿਅਕਤੀ ਜਿੰਨੀ ਜਲਦੀ ਜ਼ਿਆਦਾ ਧੱਕੇ ਖਾ ਲਵੇਗਾ ਉਹ ਉਨਾ ਹੀ ਤਾਕਤਵਰ ਹੋ ਕੇ ਉੱਭਰੇਗਾ।
ਕਿਸੇ ਵਿਅਕਤੀ ਨੇ ਅਪਣੇ ਮਿੱਤਰ ਨੂੰ ਪੁੱਛਿਆ ਕਿ ਉਹ ਇੰਨੀ ਗਰਮੀ ਵਿਚ ਕਿਧਰ ਧੱਕੇ ਖਾ ਰਿਹਾ ਹੈ? ਮਿੱਤਰ ਬੋਲਿਆ,” ਯਾਰ, ਛੋਟਾ ਲੜਕਾ ਪੜ੍ਹਾਈ ਵਿਚ ਜ਼ਰਾ ਕਮਜ਼ੋਰ ਹੈ, ਟੀਚਰ ਨੂੰ ਕਹਿ ਕੇ ਆਇਆ ਹਾਂ ਕਿ ਇਸ ਨੂੰ ਜ਼ਰਾ ਧੱਕਾ ਲਾ ਕੇ ਪਾਸ ਕਰਵਾ ਦੇਵੇ।” ਦੇਖੀ ਧੱਕੇ ਦੀ ਕਰਾਮਾਤ, ਥੋੜ੍ਹੇ ਜਿਹੇ ਧੱਕੇ ਨਾਲ ਕਿਸੇ ਦਾ ਭਵਿੱਖ ਸੁਆਰਿਆ ਜਾ ਸਕਦਾ ਹੈ। ਫਿਰ ਤੁਸੀ ਕਿਵੇਂ ਸੋਚ ਲਿਆ ਕਿ ਧੱਕੇ ਖਾਣੇ ਮਾੜੇ ਹਨ? ਵੈਸੇ ਵੀ ਕਿਸੇ ਸਿਆਣੇ ਨੇ ਕਿਹਾ ਹੈ ਕਿ ਬਦਾਮ ਖਾਣ ਨਾਲ ਅਕਲ ਨਹੀਂ ਆਉਂਦੀ, ਧੱਕੇ ਖਾਣ ਨਾਲ਼ ਆਉਂਦੀ ਹੈ। ਵਾਹ ਜੀ ਵਾਹ! ਪੈਰ ਧੋ ਧੋ ਕੇ ਉਸ ਵਿਦਵਾਨ ਦੇ ਪੀਣ ਨੂੰ ਜੀ ਕਰਦਾ ਹੈ, ਜਿਸ ਨੇ ਅਜਿਹਾ ਭੇਤ ਖੋਲ੍ਹਿਆ।
ਚੋਣਾਂ ਦਾ ਹੋਕਾ ਵੱਜਦੇ ਸਾਰ ਹੀ ਪਾਰਟੀਆਂ ਦੇ ਕਰਿੰਦੇ ਪਾਰਟੀ ਦਫ਼ਤਰਾਂ ‘ਚ ਪਹੁੰਚ ਜਾਂਦੇ ਹਨ ਤਾਂ ਕਿ ਉਨ੍ਹਾਂ ਨੂੰ ਟਿਕਟ ਮਿਲ ਜਾਵੇ ਪਰ ਕਹਿੰਦੇ ਹਨ ਕਿ ਜਿਵੇਂ ਸੱਪਣੀ ਆਪਣੇ ਆਂਡੇ ਆਪ ਹੀ ਪੀ ਜਾਂਦੀ ਹੈ, ਕੋਈ ਵਿਰਲਾ ਬੱਚਾ ਹੀ ਬਚ ਨਿਕਲਦਾ ਹੈ, ਇਵੇਂ ਹੀ ਟਿਕਟ ਤਾਂ ਧੱਕੇ-ਧੋੜੇ ਖਾ ਕੇ ਇਕ ਨੂੰ ਹੀ ਮਿਲਦੀ ਹੈ, ਬਾਕੀਆਂ ਦੇ ਪੱਲੇ ਸਿਰਫ਼ ਧੱਕੇ ਹੀ ਪੈਂਦੇ ਹਨ। ਟਿਕਟ ਦੇ ਚਾਹਵਨਾਂ ਕੋਲ ਜੇ ਕੋਈ ਇਸ ਕਿਰਿਆ ਨੂੰ ਧੱਕੇ ਖਾਣਾ ਕਹਿ ਦੇਵੇ ਤਾਂ ਉਹ ਉਸ ਬੰਦੇ ਨੂੰ ਕੱਚਾ ਹੀ ਚਬਾ ਜਾਣਗੇ। ਉਨ੍ਹਾਂ ਦੇ ਜੀਵਨ ਮਰਨ ਦਾ ਸਵਾਲ ਹੈ ਤੇ ਇਹ ਨਾਸਮਝ ਆਦਮੀ ਇਸ ਨੂੰ ਧੱਕੇ ਖਾਣ ਨਾਲ਼ ਤੁਲਨਾ ਦੇ ਰਿਹਾ ਹੈ! ਮੂੜ੍ਹ ਕਿਸੇ ਥਾਂ ਦਾ!
ਧੱਕਾ ਪਿਆਰਿਉ ਬੜੇ ਕੰਮ ਦੀ ਸ਼ੈਅ ਹੈ। ਜਦੋਂ ਕਦੀ ਸੜਕ ਦੇ ਦਰਮਿਆਨ ਚਲਦਾ ਚਲਦਾ ਤੁਹਾਡਾ ਵਾਹਨ ਰੁਕ ਜਾਵੇ, ਫੇਰ ਪਤਾ ਲਗਦਾ ਹੈ ਕਿ ਧੱਕੇ ਦੀ ਕੀਮਤ ਕੀ ਹੈ। ਚਾਰੇ ਪਾਸਿਆਂ ਤੋਂ ਹਾਰਨ ‘ਤੇ ਹਾਰਨ ਤੁਹਾਡੇ ਕੰਨਾਂ ‘ਚ ਹਥੌੜਿਆਂ ਵਾਂਗੂੰ ਵੱਜਦੇ ਹਨ ਤੇ ਤੁਸੀਂ ਵਾੜ ‘ਚ ਫ਼ਸੇ ਬਿੱਲੇ ਵਾਂਗ ਡੌਰ ਭੌਰ ਹੋਏ ਆਲ਼ਾ-ਦੁਆਲ਼ਾ ਦੇਖਦੇ ਹੋ, ਤੇ ਰੱਬ ਅੱਗੇ ਫ਼ਰਿਆਦ ਕਰਦੇ ਹੋ ਕਿ ਇਸ ਵੇਲੇ ਕੋਈ ਫ਼ਰਿਸ਼ਤਾ ਹੀ ਆਸਮਾਨੋਂ ਉੱਤਰ ਕੇ ਵਾਹਨ ਨੂੰ ਧੱਕਾ ਲਗਾਉਣ ਲਈ ਆ ਜਾਵੇ। ਤੁਹਾਡੀ ਬੇਨਤੀ ਕਬੂਲ ਹੋ ਜਾਂਦੀ ਹੈ ਤੇ ਇਕ ਦੋ ਸੱਜਣ ਤੁਹਾਡੇ ਵਾਹਨ ਨੂੰ ਧੱਕਾ ਲਗਾਉਣ ਲ਼ਈ ਮੈਦਾਨ ‘ਚ ਨਿੱਤਰ ਆਉਂਦੇ ਹਨ। ਤੁਹਾਨੂੰ ਉਹ ਸੱਚ ਮੁਚ ਹੀ ਫ਼ਰਿਸ਼ਤੇ ਜਾਪਦੇ ਹਨ ਜਿਨ੍ਹਾਂ ਨੇ ਭਵਸਾਗਰ ‘ਚੋਂ ਤੁਹਾਡਾ ਬੇੜਾ ਪਾਰ ਲੰਘਾਇਆ ਹੈ। ਤੁਸੀਂ ਉਨ੍ਹਾਂ ਦੇ ਏਨੇ ਅਹਿਸਾਨਮੰਦ ਜਾਂਦੇ ਹੋ ਕਿ ਉਨ੍ਹਾਂ ਦਾ ਧੰਨਵਾਦ ਕਰਨ ਲਈ ਤੁਹਾਨੂੰ ਸ਼ਬਦ ਵੀ ਨਹੀਂ ਲੱਭ ਰਹੇ। ਸੋ, ਧੱਕੇ ਦੀ ਅਹਿਮੀਅਤ ਨੂੰ ਕਦੇ ਵੀ ਘਟਾ ਕੇ ਨਾ ਦੇਖੋ।
ਨੇਤਾ ਅਤੇ ਅਭਿਨੇਤਾ ਤਾਂ ਧੱਕਿਆਂ ਲਈ ਤਰਸਦੇ ਹਨ। ਇਹ ਗੱਲ ਅਲ਼ੱਗ ਹੈ ਕਿ ਧੱਕੇ ਉਨ੍ਹਾਂ ਨੂੰ ਨਹੀਂ ਸਗੋਂ ਉਨ੍ਹਾਂ ਦੇ ਚਾਹੁੰਣ ਵਾਲ਼ਿਆਂ ਨੂੰ ਖਾਣੇ ਪੈਂਦੇ ਹਨ, ਪਰ ਇਨ੍ਹਾਂ ਧੱਕਿਆਂ ਦਾ ਸੁਆਦ ਨੇਤਾ, ਅਭਿਨੇਤਾ ਖ਼ੁਦ ਮਾਣਦੇ ਹਨ। ਜਿਸ ਨੇਤਾ, ਅਭਿਨੇਤਾ ਦੀ ਸਭਾ ਵਿਚ ਧੱਕਾ-ਮੁੱਕੀ ਜਾਂ ਭੀੜ-ਭੜੱਕਾ ਨਹੀਂ ਹੁੰਦਾ, ਉਨ੍ਹਾਂ ਉੱਤੇ ਮਾਯੂਸੀ ਤਾਰੀ ਹੋ ਜਾਂਦੀ ਹੈ ਤੇ ਪ੍ਰਬੰਧਕਾਂ ਦੀ ਸ਼ਾਮਤ ਆ ਜਾਂਦੀ ਹੈ। ਇੱਥੋਂ ਤੱਕ ਕਿ ਕਈ ਵਾਰੀ ਨੇਤਾ, ਅਭਿਨੇਤਾ ਮੰਚ ‘ਤੇ ਹੀ ਨਹੀਂ ਪ੍ਰਗਟ ਹੁੰਦੇ। ਇਸੇ ਲਈ ਧੱਕੋ-ਮੁੱਕੀ ਦੇ ਸੀਨ ਬਣਾਉਣ ਲਈ ਕਿਰਾਏ ਦੀਆਂ ਭੀੜਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ। ਇਵੇਂ ਹੀ ਉਸ ਫ਼ਿਲਮ ਨੂੰ ਹੀ ਕਾਮਯਾਬ ਸਮਝਿਆ ਜਾਂਦਾ ਹੈ ਜਿਸ ਨੂੰ ਦੇਖਣ ਲਈ ਦਰਸ਼ਕਾਂ ਵਿਚ ਖੂਬ ਧੱਕਮ-ਧੱਕਾ ਹੋਇਆ ਹੋਵੇ। ਨੇਤਾ ਦੀ ਉਹ ਰੈਲੀ ਫ਼ਲਾਪ ਸਮਝੀ ਜਾਂਦੀ ਹੈ ਜਿਸ ਵਿਚ ਭੀੜ ਦੀ ਧੱਕੋ-ਮੁੱਕੀ ਵਿਚ ਲੋਕ ਜ਼ਖ਼ਮੀ ਨਾ ਹੋਏ ਹੋਣ, ਉਹ ਰੈਲੀ ਤਾਂ ਹੋਰ ਵੀ ਕਾਮਯਾਬ ਮੰਨੀ ਜਾਂਦੀ ਹੈ ਜਿਸ ਵਿਚ ਬੰਦੇ ਆਪਣੀ ਜਾਨ ‘ਤੇ ਖੇਡ ਗਏ ਹੋਣ।
ਸਰਕਾਰੀ ਦਫ਼ਤਰਾਂ ਵਿਚ ਨਿੱਕੇ ਨਿੱਕੇ ਕੰਮਾਂ ਲਈ ਲੋਕ ਰੋਜ਼ ਧੱਕੇ ਖਾਂਦੇ ਹਨ। ਧੱਕੇ ਖਾ ਕੇ ਲੋਕ ਮਾਯੂਸ ਸੁਰ ਵਿਚ ਗੁੱਸਾ ਪ੍ਰਗਟ ਕਰਦੇ ਹਨ, “ ਕੀ ਦੱਸੀਏ ਜੀ, ਪੂਰੀ ਧੱਕੇਸ਼ਾਹੀ ਚਲਦੀ ਹੈ ਇਸ ਦਫ਼ਤਰ ਵਿਚ।“ ਹੁਣ ਤੁਸੀ ਆਪ ਹੀ ਫ਼ੈਸਲਾ ਕਰੋ ਕਿ ਜੇ ਇਹ ‘ਧੱਕਾ’ ਸ਼ਬਦ ਏਨਾ ਹੀ ਬੁਰਾ ਹੁੰਦਾ ਤਾਂ ਇਸ ਨੂੰ ‘ਸ਼ਾਹੀ’ ਲਕਬ ਨਾਲ ਕਿਉਂ ਨਿਵਾਜਿਆ ਜਾਂਦਾ!
ਅਸੀਂ ਤਾਂ ਸ਼ੁਰੂ ਤੋਂ ਹੀ ਧੱਕਿਆਂ ਦੇ ਪ੍ਰਸ਼ੰਸਕ ਰਹੇ ਹਾਂ। ਕੋਈ ਵਿਅਕਤੀ ਸਫ਼ਲ ਕਵੀ ਜਾਂ ਸਾਹਿਤਕਾਰ ਤਦ ਹੀ ਬਣ ਸਕਦਾ ਹੈ ਜੇ ਉਸ ਪਾਸ ਅਖ਼ਬਾਰਾਂ, ਰਿਸਾਲਿਆਂ ਦੇ ਦਫ਼ਤਰਾਂ ਦੇ ਚੱਕਰ ਕੱਟਣ ਦੀ ਸ਼ਕਤੀ ਹੋਵੇ। ਸੰਪਾਦਕ ਭਾਵੇਂ ਧੱਕੇ ਮਾਰ ਮਾਰ ਕੇ ਦਫ਼ਤਰੋਂ ਬਾਹਰ ਕੱਢੇ, ਪਰ ਉਹ ਫੇਰ ਵੀ ਉੱਥੇ ਹੀ ਡਟਿਆ ਰਹੇ। ਜਿੰਨੇ ਜ਼ਿਆਦਾ ਧੱਕੇ ਕੋਈ ਖਾਵੇਗਾ ਉਨਾ ਹੀ ਸਮਰੱਥਾਵਾਨ ਸਾਹਿਤਕਾਰ ਬਣੇਗਾ।
ਸੜਕਾਂ, ਪਾਰਕਾਂ, ਗਲੀ-ਮੁਹੱਲਿਆਂ, ਬੱਸਾਂ, ਰੇਲਗੱਡੀਆਂ, ਸਿਨੇਮਾ-ਘਰਾਂ, ਜਿਧਰ ਵੀ ਨਜ਼ਰ ਮਾਰੋ ਧੱਕੇ ਖਾਣ ਵਾਲਿਆਂ ਦੀ ਕਮੀ ਨਹੀਂ। ਬਈ, ਜੇ ਲੋਕ ਛੱਤੀ ਪਦਾਰਥ ਖਾ ਸਕਦੇ ਐ, ਕਮਿਸ਼ਨ ਖਾ ਸਕਦੇ ਐ, ਰਿਸ਼ਵਤ ਖਾ ਸਕਦੇ ਐ, ਝੂਠੀਆਂ ਕਸਮਾਂ ਖਾ ਸਕਦੇ ਐ, ਗਾਲ੍ਹਾਂ ਤੇ ਛਿੱਤਰ ਖਾ ਸਕਦੇ ਐ- ਤੇ ਜੇ ਧੱਕੇ ਵੀ ਖਾ ਲਏ ਤਾਂ ਕੋਈ ਹਨ੍ਹੇਰ ਨਹੀਂ ਪੈ ਚੱਲਿਆ। ਸਮਝੋ ਭੇਤ ਨੂੰ! ਤਾਕਤਵਰ ਖੁਰਾਕ ਦੀ ਤਰ੍ਹਾਂ, ਧੱਕਿਆਂ ਦਾ ਵੀ ਜੀਵਨ ‘ਚ ਆਪਣਾ ਹੀ ਮਹੱਤਵ ਹੈ।
ਕਈ ਆਲ਼ਸੀ ਲੋਕ, ਜੋ ਧੱਕਿਆਂ ਨੂੰ ਨਫ਼ਰਤ ਕਰਦੇ ਹਨ, ਇਨ੍ਹਾਂ ਦੇ ਡਰ ਤੋਂ ਮੰਜਾ ਹੀ ਤੋੜਦੇ ਰਹਿੰਦੇ ਹਨ। ਸਾਡੀ ਸਮਝ ਮੁਤਾਬਿਕ ਜੀਵਨ ਵਿਚ ਅਸਫ਼ਲ ਹੋਣ ਦਾ ਮੁੱਖ ਕਾਰਨ ਧੱਕਿਆਂ ਨਾਲ ਨਫ਼ਰਤ ਕਰਨਾ ਹੈ। ਅਜਿਹੇ ਹੀ ਕਿਸੇ ਵਿਅਕਤੀ ਨੂੰ ਬਿਸਤਰ ‘ਤੇ ਨਿਢਾਲ ਪਿਆ ਦੇਖ ਕੇ ਉਸ ਦੇ ਮਿੱਤਰ ਨੇ ਜਦੋਂ ਬਿਮਾਰੀ ਬਾਰੇ ਪੁੱਛਿਆ ਤਾਂ ਉਹ ਬੋਲਿਆ, “ ਕੀ ਦੱਸਾਂ ਯਾਰ, ਕੋਈ ਦਵਾਈ ਵੀ ਅਸਰ ਨਹੀਂ ਕਰ ਰਹੀ।“
ਮਿੱਤਰ ਨੇ ਸਮਝਾਇਆ,” ਧੱਕੇ ਖਾਉ, ਖੁਦ ਬਾਖੁਦ ਠੀਕ ਹੋ ਜਾਉਗੇ।“
ਪਰ ਉਹ ਫਿਰ ਮਾਯੂਸੀ ਦੀ ਹਾਲਤ ‘ਚ ਬੋਲਿਆ, “ ਮੈਂ ਤਾਂ ਪਹਿਲਾਂ ਹੀ ਦਿਨਾਂ ਨੂੰ ਧੱਕਾ ਦੇ ਰਿਹਾ ਹਾਂ, ਭਰਾਵਾ।“
ਸੋ ਸਿੱਧ ਹੋਇਆ ਕਿ ਬਿਮਾਰ ਬੰਦਾ ਵੀ ਧੱਕੇ ਖਾਣ ਤੇ ਧੱਕੇ ਮਾਰਨ ਦੇ ਹੱਕ ਵਿਚ ਹੈ। ਇਹ ‘ਧੱਕਾ’ ਸ਼ਬਦ ਜ਼ਰੂਰ ਹੀ ਮਹਾਂਬਲੀ ਅਤੇ ਅਜਿੱਤ ਹੈ, ਬਿਲਕੁਲ ਠੀਕ। ਬਸ, ਅਸੀਂ ਪੱਕਾ ਫ਼ੈਸਲਾ ਕਰ ਲਿਆ ਹੈ ਕਿ ਇਸ ਸ਼ਬਦ ਦੇ ਉਪਾਸ਼ਕ ਬਣ ਕੇ ਵੱਧ ਤੋਂ ਵੱਧ ਲੋਕਾਂ ਨੂੰ ਧੱਕੇ ਖਾਣ ਦੀ ਸਿੱਖਿਆ ਦੇਵਾਂਗੇ ਤੇ ਹਰ ਜਗ੍ਹਾ ਧੂਮ ਧਾਮ ਨਾਲ਼ ਇਸ ਦਾ ਪ੍ਰਚਾਰ ਕਰਾਂਗੇ।
ਹਿੰਦੀ ਤੋਂ ਅਨੁਵਾਦ
ਮੂਲ ਲੇਖਕ:- ਸ਼੍ਰੀਨਿਵਾਸ ਵਤਸ