ਚੁੰਝਾਂ-ਪ੍ਹੌਂਚੇ

ਭਾਰਤ- ਕੈਨੇਡਾ ਸਬੰਧ ਮੁਸ਼ਕਿਲ ਦੌਰ ‘ਚੋਂ ਲੰਘ ਰਹੇ ਹਨ- ਜੈਸ਼ੰਕਰ

ਦੋ ਦਿਲ ਜੁੜਦਿਆਂ ਨੂੰ, ਕੋਈ ਚੰਦਰਾ ਮਾਰਦਾ ਭਾਨੀ।

ਭਾਵਨਾਵਾਂ ਭੜਕਾ ਕੇ ਵੋਟਾਂ ਲੈਣ ਵਾਲੇ ਸਿਆਸਤਦਾਨਾਂ ਤੋਂ ਲੋਕ ਚੌਕਸ ਰਹਿਣ- ਮੋਹਨ ਭਾਗਵਤ

ਮੋਹਨ ਜੀ, ਭਾਵਨਾਵਾਂ ਭੜਕਾਉਣ ਵਾਲਿਆਂ ਵਲ ਵੀ ਇਸ਼ਾਰਾ ਕਰ ਦਿੰਦੇ ਜ਼ਰਾ।

ਗੁਰੂ-ਘਰਾਂ ‘ਤੇ ਕਬਜ਼ਾ ਕਰਨ ਦੀ ‘ਆਪ’ ਅਤੇ ਭਾਜਪਾ ਦੀ ਸਾਜਿਸ਼-ਮਜੀਠੀਆ

ਬਿਲਕੁਲ ਠੀਕ, ਕਬਜ਼ਾ ਬਾਦਲ ਪਰਵਾਰ ਦਾ ਹੀ ਰਹਿਣਾ ਚਾਹੀਦਾ ਹੈ।

20 ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਿਰੁਧ ਅੰਦੋਲਨ ਤੇਜ਼ ਕਰਨ ਦਾ ਫ਼ੈਸਲਾ- ਇਕ ਖ਼ਬਰ

ਹਲ਼ ਛੱਡ ਧਰਨੇ ‘ਤੇ ਜਾਣਾ, ਸਿਆਪਾ ਸਰਕਾਰਾਂ ਦਾ।

ਜੇ ਬੀ.ਜੇ.ਪੀ. ਅਗਲੇ ਪੰਜ ਸਾਲਾਂ ਲਈ ਆ ਗਈ ਤਾਂ ਦੇਸ਼ ਤਬਾਹ ਹੋ ਜਾਵੇਗਾ- ਕੇਜਰੀਵਾਲ

ਨਾਲ਼ਾ ਟੰਗ ਲੈ ਘੁੰਗਰੂਆਂ ਵਾਲ਼ਾ, ਟੋਲੀ ਆਉਂਦੀ ਛੜਿਆਂ ਦੀ।

ਮਜਬੂਤ ਇਰਾਦੇ ਵਾਲ਼ੇ ਇਨਸਾਨ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ

ਸਕਦਾ- ‘ਆਪ’ ਮੰਤਰੀ ਡਾ. ਬਲਜੀਤ ਕੌਰ

ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ।

ਪੰਜਾਬ ਸਰਕਾਰ ਨੇ ਦੁਸਹਿਰੇ ਵਾਲ਼ੇ ਦਿਨ 50 ਪੀ.ਸੀ.ਐੱਸ. ਅਫ਼ਸਰਾਂ ਦੇ ਕੀਤੇ ਤਬਾਦਲੇ- ਇਕ ਖ਼ਬਰ

ਬਈ ਦੁਸਹਿਰੇ ਵਾਲ਼ੇ ਦਿਨ ਕੋਈ ਨਾ ਕੋਈ ਤੋਹਫ਼ਾ ਤਾਂ ਬਣਦਾ ਹੀ ਸੀ ਸਰਕਾਰ ਵਲੋਂ।

ਕਾਂਗਰਸ ਪ੍ਰਧਾਨ ਨੇ ‘ਨੌਕਰਸ਼ਾਹੀ ਦੇ ਸਿਆਸੀਕਰਨ’ ‘ਤੇ ਪ੍ਰਗਟਾਈ ਚਿੰਤਾ- ਇਕ ਖ਼ਬਰ

ਵੈਲਣ ਬੰਤੋ ਨੇ, ਛੜਾ ਜੇਠ ਕੁਟਵਾਇਆ ਆਪਣੇ ਯਾਰਾਂ ਤੋਂ

ਜੇ.ਜੇ.ਪੀ. ਵਲੋਂ ਹਰਿਆਣਾ ਭਾਜਪਾ ਨੂੰ ਭਰਵੀਂ ਹਾਂ ਪਰ ਰਾਜਸਥਾਨ

‘ਚ ਕੋਰੀ ਨਾਂਹ- ਇਕ ਖ਼ਬਰ

ਅੱਧੀ ਤੇਰੀ ਆਂ ਮੁਲਾਹਜ਼ੇਦਾਰਾ, ਅੱਧੀ ਆਂ ਗ਼ਰੀਬ ਜੱਟ ਦੀ।

ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਅਦਾਲਤਾਂ ਦਾ ਸਮੁੱਚਾ ਕੰਮ-ਕਾਰ ਪੰਜਾਬੀ ‘ਚ ਨਹੀਂ ਕੀਤਾ ਗਿਆ- ਇਕ ਖ਼ਬਰ

ਸਰਪੰਚਾਂ ਦਾ ਕਿਹਾ ਸਿਰ ਮੱਥੇ, ਪਰ ਪਰਨਾਲ਼ਾ ਉੱਥੇ ਦਾ ਉੱਥੇ

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਛੇ ਟੋਲ ਪਲਾਜ਼ੇ ਬੰਦ ਕਰਨ ਦਾ ਕੀਤਾ ਐਲਾਨ- ਇਕ ਖ਼ਬਰ

ਕੋਈ ਨਾ, ਚੋਣਾਂ ਤੋਂ ਬਾਅਦ ਚਾਲੂ ਕਰ ਦੇਣੇ ਇਹਨਾਂ ਨੇ।  

ਨਵਾਜ ਸ਼ਰੀਫ਼ ਜਿੱਥੋਂ ਚੋਣ ਲੜਨਗੇ, ਮੈਂ ਵੀ ਉੱਥੋਂ ਹੀ ਲੜਾਂਗਾ- ਇਮਰਾਨ ਖ਼ਾਨ

ਜਿੱਥੇ ਚਲੇਂਗਾ ਚੱਲੂੰਗੀ ਨਾਲ਼ ਤੇਰੇ ਟਿਕਟਾਂ ਦੋ ਲੈ ਲਈਂ

ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਕਾਂਗਰਸ ਤੇ ‘ਆਪ’ ਵਿਚਕਾਰ ਸਮਝੌਤਾ- ਇਕ ਖ਼ਬਰ।

ਰੁੱਤ ਯਾਰੀਆਂ ਲਾਉਣ ਦੀ ਆਈ, ਬੇਰੀਆਂ ਦੇ ਬੇਰ ਪੱਕ ਗਏ

ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀ ਲੁੱਟ ਨਹੀਂ ਕਰਨ ਦਿਤੀ ਜਾਵੇਗੀ- ਬੀਕੇਯੂ ਉਗਰਾਹਾਂ

ਲੱਸੀ ਲੈਣ ਦੇ ਬਹਾਨੇ ਆਉਂਦੇ, ਛੜਿਆਂ ਦੀ ਨੀਤ ਬੁਰੀ।

ਨਵਜੋਤ ਸਿੱਧੂ ਨੇ ਕੇਂਦਰ ਨੂੰ ਵੰਡੀਆਂ ਨਾ ਪਾਉਣ ਲਈ ਕਿਹਾ, ਪੰਜਾਬ ਦੇਸ਼ ਦੀ ਢਾਲ ਹੈ- ਇਕ ਖ਼ਬਰ

ਬਦੀਆਂ ਨਾ ਕਰ ਵੇ, ਕੈ ਦਿਨ ਦੀ ਜ਼ਿੰਦਗਾਨੀ।

=================================