ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)
ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਡਟ ਕੇ ਪ੍ਰਚਾਰ ਕਰਾਂਗਾ- ਕੈਪਟਨ ਅਮਰਿੰਦਰ ਸਿੰਘ
ਕੱਟਾ ਤੇ ਪੁਜਾਰੀ ਲੱਭਣ ਲਈ ਬੰਦਿਆਂ ਦੀ ਡਿਊਟੀ ਲਗਾ ਦਿਤੀ ਹੈ।
ਨਲਵੀ ਤੇ ਝੀਂਡਾ ਗਰੁੱਪ ਹੁਣ ਰਲ਼ ਕੇ ਹਰਿਆਣਾ ਕਮੇਟੀ ਦੀਆਂ ਚੋਣਾਂ ਲੜਨਗੇ- ਇਕ ਖ਼ਬਰ
ਵਿਛੜਿਆਂ ਦੇ ਹੋ ਗਏ ਮੇਲੇ, ਗਲ਼ ਭੱਜੀਆਂ ਬਾਹੀਂ ਆਈਆਂ।
ਮੁੱਖ ਮੰਤਰੀ ਨਸ਼ਿਆਂ ਦਾ ਖਾਤਮਾ ਕਰਨ ਵਿਚ ਨਾਕਾਮ- ਸੁਖਬੀਰ ਬਾਦਲ
ਸੁਖਬੀਰ ਸਿਆਂ ਤੈਨੂੰ ਪਤਾਂ ਈ ਐ ਇਹ ਗੰਢਾਂ ਕਿਸ ਦੀਆਂ ਦਿਤੀਆਂ ਹੋਈਆਂ ਨੇ।
ਬਹਿਸ ਤੋਂ ਪਹਿਲਾਂ ਮੁੱਖ ਮੰਤਰੀ ਰਾਜਪਾਲ ਦੇ ਸਵਾਲਾਂ ਦਾ ਜਵਾਬ ਦੇਵੇ- ਦਲਜੀਤ ਚੀਮਾ
ਛੱਡਿਆ ਮੱਝ ਹੇਠਾਂ ਜਾ ਵੜਿਆ ਝੋਟੇ ਹੇਠ।
ਦੱਖਣੀ ਗਾਜ਼ਾ ‘ਚ ਕੋਈ ਜੰਗਬੰਦੀ ਨਹੀਂ ਹੋਵੇਗੀ- ਪ੍ਰਧਾਨ ਮੰਤਰੀ ਨੇਤਨਯਾਹੂ
ਜਿੰਨਾ ਚਿਰ ਮੇਰੀਆਂ ਵੋਟਾਂ ਪੱਕੀਆਂ ਨਹੀਂ ਹੋ ਜਾਂਦੀਆਂ।
ਸੁਖਰਾਜ ਸਿੰਘ ਨੇ ਕਿਹਾ ਕਿ ਰਾਜਸੀ ਲੋਕ ਬਹਿਬਲਾਂ ਕਲਾਂ ਮਾਮਲੇ ‘ਤੇ ਵੀ ਰਾਜਨੀਤੀ ਕਰਦੇ ਹਨ- ਇਕ ਖ਼ਬਰ
ਉਲਝੇ ਮਾਮਲੇ ਲੱਭਦੇ ਫਿਰਨ ਨੇਤਾ, ਖੰਡੇ ਕੁੱਤੇ ਜਿਉਂ ਸ਼ਿਕਾਰ ਨੂੰ ਲੱਭਦੇ ਨੇ।
ਐੱਸ.ਵਾਈ.ਐੱਲ. ਦੇ ਮੁੱਦੇ ‘ਤੇ ਸੰਦੀਪ ਪਾਠਕ ਨੂੰ ਹਰਿਆਣੇ ਦਾ ਪੱਖ ਲੈਣ ‘ਤੇ ਕਿਸਾਨਾਂ ਵਲੋਂ ਅਸਤੀਫ਼ੇ ਦੀ ਮੰਗ ਦਾ ਮਤਾ ਪਾਸ- ਇਕ ਖ਼ਬਰ
ਆਂਡੇ ਕਿਤੇ ਤੇ ਕੁੜ ਕੁੜ ਕਿਤੇ।
ਦਿੱਲੀ ਦੇ ਇਕ ਗੁਰਦੁਆਰੇ ‘ਚ ਪ੍ਰਧਾਨਗੀ ਪਿੱਛੇ ਤਲਵਾਰਾਂ ਚੱਲੀਆਂ- ਇਕ ਖ਼ਬਰ
ਕੂੰਡੇ ਟੁੱਟ ਗਏ ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।
ਵਿਰੋਧੀ ਆਗੂ ਬਹਿਸ ਤੋਂ ਬਚਣ ਲਈ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾ ਰਹੇ ਹਨ-ਭਗਵੰਤ ਮਾਨ
ਜੱਟ ਆਉਦੈ ਪਰੈਣੀ ਕੱਸੀ, ਹਾਏ ਨੀ ਹੁਣ ਕੀ ਕਰਾਂ।
ਕਾਂਗਰਸ ‘ਚ ਸ਼ਾਮਲ ਹੋਣ ਲਈ ਭਾਜਪਾ ਆਗੂ ਕਤਾਰਾਂ ‘ਚ ਲੱਗੇ ਹੋਏ ਹਨ-ਰਾਹੁਲ ਗਾਂਧੀ
ਕੀ ਘੋਲ਼ ਕੇ ਤਵੀਤ ਪਿਆਏ, ਲੱਗੀ ਤੇਰੇ ਮਗਰ ਫਿਰਾਂ।
ਚਾਰ ਦਹਾਕਿਆਂ ਬਾਅਦ ਊਧਵ ਠਾਕਰੇ ਨੇ ਸਮਾਜਵਾਦੀ ਪਾਰਟੀਆਂ ਨਾਲ ਸੰਪਰਕ ਕੀਤਾ- ਇਕ ਖ਼ਬਰ
ਹਾਕਾਂ ਮਾਰਦੇ ਬੱਕਰੀਆਂ ਵਾਲੇ, ਦੁੱਧ ਪੀ ਕੇ ਜਾਈਂ ਬਚਨੋ।
ਸਕਾਟਲੈਂਡ ਵਲੋਂ ਗਾਜ਼ਾ ਦੇ ਸ਼ਰਨਾਰਥੀਆਂ ਦੀ ਬਾਂਹ ਫੜਨ ਦਾ ਐਲਾਨ-ਇਕ ਖ਼ਬਰ
ਤੇਰੀ ਮੇਰੀ ਇਕ ਜਿੰਦੜੀ, ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ।
ਰਾਜਪਾਲ ਨੇ ਜਨਮ ਦਿਨ ਮੌਕੇ ਵੀ ਭਗਵੰਤ ਮਾਨ ਨੂੰ ਨਾ ਬਖ਼ਸ਼ਿਆ- ਇਕ ਖ਼ਬਰ
ਲਾਈਲੱਗ ਨਾ ਹੋਵੇ ਘਰ ਵਾਲ਼ਾ, ਚੰਦਰਾ ਗੁਆਂਢ ਨਾ ਹੋਵੇ।
ਹਰ ਵਰਗ ਭਾਜਪਾ ਵਿਰੁੱਧ ਅੰਦੋਲਨ ਕਰ ਰਿਹੈ- ਸੁਮਿਤਾ ਸਿੰਘ
ਬਹਿ ਕੇ ਸੁਣ ਮੇਰੇ ਵੀਰਨਾ, ਸੱਸ ਚੰਦਰੀ ਕਰਾਂ ਮੈਂ ਸਿਆਪਾ।
ਸ਼੍ਰੋਮਣੀ ਕਮੇਟੀ ‘ਚੋਂ ਬਾਦਲਾਂ ਨੂੰ ਲਾਂਭੇ ਕਰਨ ਲਈ ਸਾਂਝੇ ਉਮੀਦਵਾਰ ਉਤਾਰਾਂਗੇ- ਢੀਂਡਸਾ
ਜਾਣਾ ਮੈਂ ਦਰਬਾਰ ਦਲੀਲਾਂ ਧਾਰੀਆਂ, ਦੱਸਦਾ ਹਕੀਕਤਾਂ ਤਮਾਮ ਸਾਰੀਆਂ।