ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
ਪੰਜਾਬ ‘ਚ ਜਿੰਨਾ ਵੀ ਵਿਕਾਸ ਹੋਇਐ, ਅਕਾਲੀ ਸਰਕਾਰ ਵੇਲੇ ਹੀ ਹੋਇਐ- ਸੁਖਬੀਰ ਬਾਦਲ
ਇੰਜ ਕਹੋ ਕਿ ਬਾਦਲਾਂ ਦਾ ਜਿੰਨਾ ਵਿਕਾਸ ਹੋਇਐ, ਅਕਾਲੀ ਸਰਕਾਰ ਵੇਲੇ ਹੀ ਹੋਇਐ।
ਬਾਦਲ ਦਲ ਵਿਚ ਸ਼ਾਮਲ ਹੋਣਾ ਮੇਰੀ ਵੱਡੀ ਭੁੱਲ ਸੀ- ਜੀਤ ਮਹਿੰਦਰ ਸਿੰਘ
ਵਕਤੋਂ ਮੈਂ ਖੁੰਝ ਗਈ, ਘੜਾ ਦੇਖ ਨਾ ਲਿਆ ਟੁਣਕਾ ਕੇ।
ਪ੍ਰਕਾਸ਼ ਸਿੰਘ ਬਾਦਲ ਹੀ ਦਰਿਆਈ ਪਾਣੀਆਂ ਦੇ ਅਸਲ ਰਾਖੇ ਸਨ- ਦਲਜੀਤ ਸਿੰਘ ਚੀਮਾ
ਸੁਣ ਲੈ ਨਿਹਾਲੀਏ ਚੋਰਾਂ ਦੀਆਂ ਗੱਲਾਂ।
ਦੁਬਈ ਤੋਂ ਚਾਰਟਰਡ ਜਹਾਜ਼ ਰਾਹੀਂ 21 ਅਕਤੂਬਰ ਨੂੰ ਪਾਕਿਸਤਾਨ ਪਹੁੰਚਣਗੇ ਨਵਾਜ਼ ਸ਼ਰੀਫ਼- ਇਕ ਖ਼ਬਰ
ਲੌਢੇ ਵੇਲੇ ਮਾਹੀਏ ਆਉਣਾ ਮੰਨ ਪਕਾਵਾਂ ਕਣਕ ਦਾ, ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ- ਇਕ ਖ਼ਬਰ
ਇਜ਼ਰਾਈਲ ਨੇ ਲੋਕਾਂ ਨੂੰ ਗਾਜ਼ਾ ਪੱਟੀ ਖ਼ਾਲੀ ਕਰਨ ਲਈ ਕਿਹਾ- ਇਕ ਖ਼ਬਰ
ਚੁੱਕ ਚਰਖ਼ਾ ਪਰ੍ਹਾਂ ਕਰ ਪੀੜ੍ਹੀ, ਛੜਿਆਂ ਨੇ ਬੋਕ ਬੰਨ੍ਹਣਾ।
ਕੇਂਦਰ ‘ਚ ਵਾਰ ਵਾਰ ਭਾਈਵਾਲੀ ਦੇ ਬਾਵਜੂਦ ਬਾਦਲ ਕਿਉਂ ਐੱਸ.ਵਾਈ.ਐੱਲ. ‘ਤੇ ਚੁੱਪ ਰਿਹਾ?- ਇਕ ਸਵਾਲ
ਮੂੰਹ ਖਾਵੇ ਤੇ ਅੱਖ ਸ਼ਰਮਾਵੇ।
ਇਜ਼ਰਾਈਲ-ਫ਼ਲਸਤੀਨ ਦਾ ਝਗੜਾ ਇੰਜ ਹੀ ਚਲਦਾ ਰਹੇਗਾ ਜਾਂ ਕੋਈ ਹੱਲ ਵੀ ਨਿਕਲੇਗਾ?- ਇਕ ਸਵਾਲ
ਹੱਲ ਕੱਢ ਕੇ ਬਾਅਦ ‘ਚ ਫਿਰ ਸਿਆਸੀ ਲੋਕ ਕੀ ਮੱਖੀਆਂ ਮਾਰਨਗੇ?
ਭਾਰਤ-ਕੈਨੇਡਾ ਤਣਾਅ ਹੋਣ ਕਰ ਕੇ ਗੁਰਦਾਸ ਮਾਨ ਦਾ ਸ਼ੋਅ ਕੈਂਸਲ- ਇਕ ਖ਼ਬਰ
ਸੱਚ ਕਿਉਂ ਲੁਕਾਉਂਦੇ ਹੋ ਪਿਆਰਿਉ, ਅਸਲ ਕਾਰਨ ਦੱਸੋ ਸ਼ੋਅ ਕਿਉਂ ਕੈਂਸਲ ਹੋਏ।
ਇਜ਼ਰਾਈਲ ਪਹੁੰਚੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ-ਇਕ ਖ਼ਬਰ
ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ।
ਕਈ ਕਾਂਗਰਸੀ ਅਤੇ ਅਕਾਲੀ ਆਗੂ ਭਾਜਪਾ ਨੂੰ ਛੱਡ ਕੇ ਕਾਂਗਰਸ ‘ਚ ਮੁੜ ਆਏ- ਇਕ ਖ਼ਬਰ
ਜਾਨ ਬਚੀ ਸੋ ਲਾਖੋਂ ਪਾਏ, ਘਰ ਕੇ ਬੁੱਧੂ ਘਰ ਕੋ ਆਏ।
ਭਾਜਪਾ ਤੋਂ ਬਾਅਦ ਅਕਾਲੀ ਦਲ ਬਾਦਲ ਵੀ ਬਹਿਸ ਤੋਂ ਬਾਹਰ-ਇਕ ਖ਼ਬਰ
ਜੇਠ ਦੇ ਬੁਰੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।
ਦੇਸ਼ ਦੇ ਨੌਜਵਾਨਾਂ ਲਈ ਬਣਾਈ ਜਾਵੇਗੀ ‘ਮੇਰਾ ਯੁਵਾ ਭਾਰਤ’ ਨਾਂ ਦੀ ਸੰਸਥਾ- ਇਕ ਖ਼ਬਰ
ਸਾਡੇ ਨਰਮ ਕਾਲ਼ਜੇ ਲੜ ਗਏ, ਲੱਡੂ ਖਾ ਲਏ ਤੇਰੇ ਤੇਲ ਦੇ।
ਬਾਦਲ ਅਕਾਲੀ ਦਲ ਨੇ ਜੀਤ ਮੁਹਿੰਦਰ ਸਿੰਘ ਨੂੰ ਕੀਤਾ ਮੁਅੱਤਲ- ਇਕ ਖ਼ਬਰ
ਬਾਂਹ, ਮਾਰ ਕੇ ਘੋਟਣਾ ਭੰਨ ‘ਤੀ, ਜੇਠ ਦੀ ਮੈਂ ਗੱਲ ਨਾ ਮੰਨੀ।
‘ਆਪ’ ਨੇ ਐੱਸ.ਵਾਈ.ਐੱਲ. ਦੇ ਮੁੱਦੇ ‘ਤੇ ਬਾਦਲ ਅਕਾਲੀ ਦਲ ਨੂੰ ਘੇਰਿਆ- ਇਕ ਖ਼ਬਰ
ਤੈਨੂੰ ਭੱਜ ਕੇ ਜਾਣ ਨਹੀਂ ਦੇਣਾ, ਵਾਹਣੋ ਵਾਹਣੀ ਪਾਉਣਾ ਮਿੱਤਰਾ।
ਹਮਾਸ ਦਾ ਸਮਰਥਨ ਕਰਨ ‘ਤੇ ਅਮਰੀਕਾ ਵਲੋਂ ਈਰਾਨ ਨੂੰ ਚਿਤਾਵਨੀ-ਇਕ ਖ਼ਬਰ
ਪਰੇ ਹਟ ਜਾ ਬਲਦ ਸਿੰਙ ਮਾਰੂ, ਨੀ ਸੋਨੇ ਦੇ ਤਵੀਤ ਵਾਲ਼ੀਏ।