ਗੁਰਦਾਸ ਮਾਨ : ਅਰਸ਼ ਤੋਂ ਫਰਸ਼ 'ਤੇ - (ਕੈਨੇਡਾ ਵਿੱਚ ਤਿੱਖਾ ਵਿਰੋਧ ਅਤੇ ਸ਼ੋਅ ਮੁਲਤਵੀ ਹੋਣ ਦਾ ਮਾਮਲਾ) - ਡਾ. ਗੁਰਵਿੰਦਰ ਸਿੰਘ
ਕਿਸੇ ਸਮੇਂ 'ਪੰਜਾਬੀ ਦਾ ਮਾਣ' ਕਿਹਾ ਜਾਣ ਵਾਲਾ ਗੁਰਦਾਸ ਮਾਨ, ਅੱਜ 'ਪੰਜਾਬੀ ਦਾ ਅਪਮਾਨ' ਕਿਹਾ ਜਾ ਰਿਹਾ ਹੈ। ਗੁਰਦਾਸ ਮਾਨ ਦੇ ਅਰਸ਼ ਤੋਂ ਫਰਸ਼ ਤੇ ਤੱਕ ਦੇ ਸਫਰ ਦਾ ਲੇਖਾ-ਜੋਖਾ ਕਰਨਾ ਬਣਦਾ ਹੈ। ਕੈਨੇਡਾ ਵਿੱਚ ਗੁਰਦਾਸ ਮਾਨ ਦੇ ਸ਼ੋਆਂ ਦਾ ਵਿਰੋਧ ਲਗਾਤਾਰ ਕਈ ਸਾਲਾਂ ਤੋਂ ਹੋ ਰਿਹਾ ਹੈ, ਪਰ ਇਸ ਵਾਰ ਫੇਰ ਧੱਕੇ ਨਾਲ ਗੁਰਦਾਸ ਮਾਨ ਦੇ ਸ਼ੋਅ ਕਰਵਾਉਣ ਦੀ ਜ਼ਿੱਦ ਹੋ ਰਹੀ ਸੀ। ਤਾਜ਼ਾ ਖਬਰ ਇਹ ਹੈ ਕਿ ਗੁਰਦਾਸ ਮਾਨ ਦੇ ਕੈਨੇਡਾ ਵਿੱਚ ਹੋਣ ਵਾਲੇ ਸ਼ੋਅ ਮੁਲਤਵੀ ਹੋ ਗਏ ਹਨ। ਇਸ ਵਿੱਚ ਜਿੱਥੇ ਸਮੂਹ ਪੰਜਾਬੀਆਂ ਤੇ ਕੈਨੇਡਾ ਵੱਸਦੇ ਪੰਜਾਬੀਆਂ ਦੀ ਵਿਸ਼ੇਸ਼ ਭੂਮਿਕਾ ਹੈ, ਉੱਥੇ ਪਾਕਿਸਤਾਨੀ ਪੰਜਾਬੀ ਭਾਈਚਾਰੇ ਦਾ ਵੀ ਖਾਸ ਯੋਗਦਾਨ ਰਿਹਾ ਹੈ, ਜਿੰਨਾਂ ਗੁਰਦਾਸ ਮਾਨ ਦਾ ਪੰਜਾਬੀ ਬੋਲੀ ਦੇ ਅਪਮਾਨ ਤੇ ਅਪਸ਼ਬਦਾਂ ਲਈ ਵਿਰੋਧ ਕੀਤਾ ਅਤੇ ਉਸਨੂੰ 'ਵਾਰਿਸ ਸ਼ਾਹ ਅੰਤਰਰਾਸ਼ਟਰੀ ਪੁਰਸਕਾਰ' ਦੇਣ ਤੋਂ ਵੀ ਜਵਾਬ ਦਿੱਤਾ। ਹੁਣ ਗੁਰਦਾਸ ਮਾਨ ਦੇ ਸ਼ੋਅ ਮੁਲਤਵੀ ਹੋਣ 'ਤੇ ਮਾਂ ਬੋਲੀ ਪੰਜਾਬੀ ਦੀ ਵਾਰਿਸ ਸੰਸਥਾ ਤੋਂ ਇਲਾਵਾ, ਪਾਕਿਸਤਾਨੀ ਪੰਜਾਬ ਨਾਲ ਸਬੰਧਤ ਜਨਾਬ ਇਲਿਆਸ ਘੁੰਮਣ, ਨਜ਼ੀਰ ਕਹੂਟ, ਮੀਆਂ ਆਸਿਫ ਅਲੀ, ਮਸੂਦ ਖਾਲਿਦ, ਯੂਸਫ ਪੰਜਾਬੀ, ਸ਼ਫੀਕ ਭੱਟ, ਅਬਦੁਲ ਰਹਿਮਾਨ, ਅਰਸ਼ਦ ਅਲੀ ਜੱਟ ਆਸਿਫ ਰਾਜ, ਸ਼ਬੀਰ ਜੀ, ਸਦੀਕ ਭੱਟੀ, ਨਜ਼ੀਰ ਸੁਲਤਾਨੀ,' ਲੋਕ ਸਾਂਝ ਪਾਕ ਪਟਨ', 'ਵਾਰਿਸ ਸ਼ਾਹ ਪ੍ਰਚਾਰ ਤੇ ਪ੍ਰਸਾਰ ਪਰਿਆ', ਆਸਿਫ਼ ਰਜ਼ਾ 'ਮਾਂ ਬੋਲੀ ਰਿਸਰਚ ਸੈਂਟਰ', ਸੁਫ਼ੀਕ ਬੱਟ ਲੋਕ ਸੁਜੱਗ' ਸੰਸਥਾ, ਕੈਨੇਡਾ ਤੋਂ ਸਾਊਥ ਏਸ਼ੀਅਨ ਰਿਵਿਊ ਅਤੇ ਜੀਵੇ ਪੰਜਾਬ ਅਦਬੀ ਫਾਊਂਡੇਸ਼ਨ, 'ਮਾਂ ਬੋਲੀ ਪੰਜਾਬੀ ਦੇ ਵਾਰਿਸ' ਪੰਜਾਬ, 'ਪੰਜਾਬੀ ਸਾਹਿਤ ਸਭਾ ਮੁਢਲੀ ਰਜਿਸਟਰਡ' ਐਬਟਸਫੋਰਡ, ਲੋਕ ਲਿਖਾਰੀ ਸਹਿਤ ਸਭਾ ਉੱਤਰੀ ਅਮਰੀਕਾ, ਮਿਸ਼ਨ ਪੰਜ ਆਬ ਕਲਚਰਲ ਕਲੱਬ, ਵਣਜਾਰਾ ਨੋਮੈਡ ਸੰਸਥਾ ਕੈਨੇਡਾ, ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੋਸਾਇਟੀ ਅਤੇ ਨੌਰਥ ਅਮਰੀਕਾ ਸਿੱਖ ਅਲਾਇੰਸ, ਪੰਜਾਬੀ ਅਦਬੀ ਸੰਗਤ, ਲਾਹੌਰ, ਲੋਕ ਸਾਂਝ, ਪੰਜਾਬੀ ਮਹਾਜ, ਲੋਕ ਫਨਕਾਰ ਸੱਥ, ਜੱਟ ਫੈਡਰੇਸ਼ਨ ਬਹਾਵਲਪੁਰ, ਪੰਜਾਬੀ ਸੱਥ ਨੇ ਸਾਂਝੇ ਰੂਪ ਵਿੱਚ ਇਸ ਕਦਮ ਨੂੰ 'ਪੰਜਾਬੀ ਮਾਂ ਬੋਲੀ ਦੀ ਫ਼ਤਿਹ' ਕਰਾਰ ਦਿੱਤਾ ਹੈ।
ਗੁਰਦਾਸ ਮਾਨ ਦੇ ਸ਼ੋਅ ਮੁਲਤਵੀ ਹੋਣਾ ਅਸਲ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬੀਆਂ ਦੀ ਸਾਂਝੀ ਜਿੱਤ ਹੈ। ਦੂਜੇ ਪਾਸੇ ਪੰਜਾਬੀ ਭਾਈਚਾਰੇ ਦੀ ਸੋਚ ਦੇ ਵਿਰੁੱਧ ਭੁਗਤਣ ਵਾਲੇ ਪ੍ਰਮੋਟਰਾਂ, ਸ਼ੋਅ ਦੀ ਇਸ਼ਤਿਹਾਰਬਾਜ਼ੀ ਕਰਨ ਵਾਲੇ ਮੀਡੀਆ ਅਤੇ ਗੁਰਦਾਸ ਮਾਨ ਦੀ ਪੁਸ਼ਤ-ਪਨਾਹੀ ਕਰਨ ਵਾਲੇ ਚੰਦ ਕੁ ਅਖੌਤੀ ਲੇਖਕ-ਲੇਖਿਕਾਵਾਂ ਦੀ ਇਸ ਵਿੱਚ ਵੱਡੀ ਹਾਰ ਹੋਈ ਹੈ। ਅਚਨਚੇਤੀ ਗੁਰਦਾਸ ਮਾਨ ਦੇ ਸ਼ੋਅ ਮੁਲਤਵੀ ਹੋਣ ਦੇ ਪਿੱਛੇ ਕਈ ਲੁਕਵੇਂ ਪਹਿਲੂ ਵੀ ਨਜ਼ਰ ਆ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਅਤੇ ਭਾਰਤ ਦੇ ਸੰਬੰਧ ਵਿਗੜੇ ਹਨ, ਜਿਸ ਦਾ ਕਾਰਨ ਇਹ ਹੈ ਕਿ ਕੈਨੇਡਾ ਨੇ ਭਾਰਤ ਨੂੰ, ਕੈਨੇਡਾ ਦੀ ਧਰਤੀ 'ਤੇ ਉਸਦੇ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ਾਂ ਲਈ ਅੰਤਰ-ਰਾਸ਼ਟਰੀ ਕਟਹਿਰੇ ਵਿੱਚ ਖੜਾ ਕੀਤਾ ਹੈ। ਬੁਖਲਾ ਕੇ ਭਾਰਤ ਸਰਕਾਰ ਨੇ ਕੈਨੇਡੀਅਨ ਲੋਕਾਂ ਨੂੰ ਵੀਜ਼ੇ ਦੇਣੇ ਬੰਦ ਕਰ ਦਿੱਤੇ ਹਨ। ਇਸ ਤੋਂ ਇਲਾਵਾ ਕੈਨੇਡਾ ਦੇ ਬਹੁਤ ਸਾਰੇ ਡਿਪਲੋਮੇਟ ਭਾਰਤ ਵਿੱਚੋਂ ਕੱਢਣ ਵਾਸਤੇ ਜ਼ੋਰ ਪਾਇਆ ਹੈ ਤੇ ਕੈਨੇਡਾ ਨੇ ਉਹ ਕੱਢ ਵੀ ਲਏ ਹਨ। ਭਾਰਤ ਸਰਕਾਰ ਨੇ ਹੋਰ ਕਈ ਤਰ੍ਹਾਂ ਦੀਆਂ ਸਖਤਾਈਆਂ ਵੀ ਵਰਤੀਆਂ ਹਨ।
ਗੁਰਦਾਸ ਮਾਨ ਦਾ ਸ਼ੋਅ ਮੁਲਤਵੀ ਕਰਨ ਦੀ ਚਾਲ ਵੀ ਭਾਰਤ ਸਰਕਾਰ ਦੇ ਇਸ਼ਾਰੇ 'ਤੇ ਹੀ ਹੋਈ ਜਾਪਦੀ ਹੈ, ਤਾਂ ਕਿ ਕੈਨੇਡਾ ਦੇ ਖਿਲਾਫ, ਕੈਨੇਡਾ ਵੱਸਦੇ ਭਾਰਤੀ ਹਮਾਇਤੀਆਂ ਅੰਦਰ ਇਸ ਗੱਲ ਦਾ ਗੁੱਸਾ ਪੈਦਾ ਕੀਤਾ ਜਾਏ ਅਤੇ ਕੈਨੇਡਾ ਦੁਆਰਾ ਉਠਾਏ ਗਏ ਗੰਭੀਰ ਮੁੱਦਿਆਂ ਖਿਲਾਫ ਭਾਰਤ ਵੱਲੋਂ ਆਪਣਾ ਦਬਾਓ ਕੈਨੇਡਾ 'ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏ। ਨਹੀਂ ਤਾਂ ਕੀ ਕਾਰਨ ਸੀ ਕਿ ਗੁਰਦਾਸ ਮਾਨ ਤੇ ਉਸਦੇ ਸਾਜਿੰਦਿਆਂ ਕੋਲ ਕੈਨੇਡਾ ਦੇ ਵੀਜ਼ੇ ਵੀ ਸਨ, ਸਭ ਕੁਝ ਤਿਆਰੀ ਸੀ, ਪਰ ਫਿਰ ਵੀ ਇਹ ਸ਼ੋਅ ਮੁਲਤਵੀ ਕਿਉਂ ਕਰ ਦਿੱਤੇ ਗਏ? ਸਪੱਸ਼ਟ ਹੈ ਕਿ ਸ਼ੋਅ ਮੁਲਤਵੀ ਕਰਨ ਦਾ ਮਕਸਦ ਕੈਨੇਡਾ ਵਿੱਚ ਭਾਰਤ ਪੱਖੀ ਲੌਬੀ ਨੂੰ ਕੈਨੇਡਾ ਸਰਕਾਰ ਖਿਲਾਫ ਭੜਕਾ ਕੇ ਮਾਹੌਲ ਖਰਾਬ ਕਰਨਾ ਹੈ। ਸਟੇਟ ਪੱਖੀ ਬਿਰਤਾਂਤ ਵਿੱਚ ਗੁਰਦਾਸ ਮਾਨ ਦਾ ਅੰਨਾ ਰਾਸ਼ਟਰਵਾਦ ਅਤੇ ਕੈਨੇਡਾ ਵਿਰੁੱਧ ਬਦਨੀਤੀ ਦਾ ਮੋਹਰਾ ਬਣਨਾ ਨਜ਼ਰ ਆਉਂਦਾ ਹੈ।
ਗੁਰਦਾਸ ਮਾਨ ਨੂੰ 'ਅਰਸ਼ ਤੋਂ ਫਰਸ਼' 'ਤੇ ਲਿਆਉਣ ਵਾਲੇ ਪੰਜਾਬੀਆਂ ਵੱਲੋਂ, ਉਸਦੇ ਵਿਰੋਧ ਦੇ ਕਾਰਨਾਂ ਨੂੰ ਸਮਝਣ ਲਈ ਪਿਛੋਕੜ ਦਾ ਘਟਨਾਕ੍ਰਮ ਜਾਣਨਾ ਜ਼ਰੂਰੀ ਹੈ। ਦਰਅਸਲ ਭਾਰਤ ਅੰਦਰ ਰਾਸ਼ਟਰਵਾਦੀ- ਫਾਸ਼ੀਵਾਦੀ ਏਜੰਡੇ ਤਹਿਤ ਅਪਣਾਏ ਜਾ ਰਹੇ ਰਾਹ ਇੱਕ ਦੇਸ਼ ਇੱਕ ਬੋਲੀ ਦੀ ਤਰਜ਼ 'ਤੇ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ਬਦਾਂ ਨੂੰ ਲੈ ਕੇ ਕੈਨੇਡਾ ਵਸਦੇ ਪੰਜਾਬੀਆਂ ਵੱਲੋਂ ਉਸ ਦਾ ਤਿੱਖਾ ਵਿਰੋਧ ਹੋਇਆ ਸੀ। ਆਪਣੀ ਗਲਤੀ ਨੂੰ ਸਹੀ ਸਾਬਤ ਕਰਨ ਲਈ ਗੁਰਦਾਸ ਮਾਨ ਦਾ ਇਹ ਕਹਿਣਾ ਕਿ ਉੱਤਰ ਤੋਂ ਲੈ ਕੇ ਦੱਖਣ ਤੱਕ ਸਾਰੇ ਹਿੰਦੁਸਤਾਨ ਵਿੱਚ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਜਿਵੇਂ ਕਿ ਫਰਾਂਸ ਦੇ ਵਿੱਚ ਤੇ ਜਰਮਨੀ ਦੇ ਵਿੱਚ ਇੱਕ ਭਾਸ਼ਾ ਹੈ, ਬਿਲਕੁਲ ਬੇਤੁਕਾ ਸੀ। ਭਾਰਤ ਵਿੱਚ ਅੱਜ ਵੀ ਸੰਘੀ ਤਾਕਤਾਂ ਅਜਿਹਾ ਕਰਨ ਦੀ ਕੋਸ਼ਿਸ਼ 'ਚ ਹਨ ਅਤੇ ਅਤੇ ਉਨ੍ਹਾਂ ਫਾਸ਼ੀਵਾਦੀ ਨੀਤੀਆਂ ਨਾਲ ਦੱਖਣੀ ਭਾਰਤ ਵਿੱਚ ਵੀ ਹਿੰਦੀ ਨੂੰ ਲਾਗੂ ਕਰਨ ਦਾ ਤਹੱਈਆ ਕੀਤਾ ਹੋਇਆ ਹੈ, ਪਰ ਇਸ ਦੇ ਤਿੱਖੇ ਵਿਰੋਧ ਵਿੱਚ ਉੱਥੋਂ ਦੇ ਸਾਹਿਤਕਾਰ, ਕਲਾਕਾਰ, ਗਾਇਕ-ਗੀਤਕਾਰ ਸਭ ਇੱਕ-ਮੁੱਠ ਹਨ।
ਭਾਰਤ ਅੰਦਰ ਜਬਰੀ ਹਿੰਦੀ ਭਾਸ਼ਾ ਲਾਗੂ ਕਰਨ ਦੀ ਨੀਤੀ ਹਿੰਦੂਤਵੀ ਕੱਟੜਤਾ ਹੈ ਅਤੇ ਘੱਟ ਗਿਣਤੀਆਂ ਦੇ ਵਿਰੋਧ ਵਿੱਚ ਘੜੀ ਗਈ ਚਾਲ ਹੈ, ਜਿਸ ਦੀ 'ਹਾਂ ਵਿੱਚ ਹਾਂ' ਮਿਲਾਉਂਦੇ ਹੋਏ ਗੁਰਦਾਸ ਮਾਨ ਵੱਲੋਂ 'ਹੁੰਗਾਰਾ' ਭਰਿਆ ਜਾਣਾ, ਨਿਖੇਧੀਜਨਕ ਸੀ। ਗੁਰਦਾਸ ਮਾਨ ਕੈਨੇਡਾ ਦੀ ਸਥਿਤੀ ਦੇਖ ਸਕਦਾ ਸੀ ਕਿ ਇੱਥੋਂ ਦੇ ਹੀ ਇੱਕ ਸੂਬੇ ਕਿਊਬੈਕ ਵਿੱਚ ਫਰੈਂਚ ਭਾਸ਼ਾ ਦਾ ਬੋਲਬਾਲਾ ਹੈ ਤੇ ਉੱਥੇ ਧੱਕੇ ਨਾਲ ਕਿਸੇ ਹੋਰ ਭਾਸ਼ਾ ਨੂੰ ਲਾਗੂ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੁੱਖ ਇਸ ਗੱਲ ਦਾ ਹੈ ਕਿ ਮਾਨ ਨੇ ਕੈਨੇਡਾ ਦੀ ਉਦਾਹਰਨ ਛੱਡ ਕੇ ਉਹ ਉਦਾਹਰਨਾਂ ਦਿੱਤੀਆਂ, ਜਿੱਥੇ ਭਾਸ਼ਾਈ ਵੰਨ-ਸੁਵੰਨਤਾ ਨਹੀਂ ਹੈ। ਅਜਿਹੀ ਬਿਆਨਬਾਜ਼ੀ ਤੇ ਟਿੱਪਣੀਆਂ ਨੇ ਪੰਜਾਬੀ ਪ੍ਰੇਮੀਆਂ ਦੇ ਦਿਲਾਂ ਨੂੰ ਭਾਰੀ ਸੱਟ ਮਾਰੀ। ਇੱਥੇ ਹੀ ਬੱਸ ਨਹੀਂ, ਮਾਨ ਨੇ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਲਈ, ਸੋਸ਼ਲ ਮੀਡੀਆ ਦੇ ਵੱਖ-ਵੱਖ ਰੂਪਾਂ ਚ ਕੰਮ ਕਰ ਰਹੇ ਜਾਗਰੂਕ ਪੰਜਾਬੀਆਂ ਨੂੰ 'ਵਿਹਲੜ' ਕਹਿ ਕੇ ਨਕਾਰਿਆ।
ਵੱਡਾ ਸਵਾਲ ਇਹ ਹੈ ਕਿ ਗੁਰਦਾਸ ਮਾਨ ਕਿਹੋ ਜਿਹਾ ਸੇਵਾਦਾਰ ਹੈ ਮਾਂ ਪੰਜਾਬੀ ਦਾ? ਜਿਸ ਪੰਜਾਬੀ ਨੇ ਉਸ ਨੂੰ ਧਨ-ਦੌਲਤ ਤੇ ਸ਼ੋਹਰਤ ਦਿੱਤੀ, ਉਸੇ ਦੀ ਹੀ ਬਦਨਾਮੀ ਕਰ ਰਿਹਾ ਹੈ। ਅਜਿਹੀ ਹਾਲਤ ਵਿੱਚ ਪੰਜਾਬੀ ਦੀ ਨੁਹਾਰ ਫਿੱਕੀ ਪਾਉਣ ਅਤੇ ਇਸ ਦਾ ਸ਼ਿੰਗਾਰ ਖੋਹਣ ਦਾ ਦੋਸ਼ੀ ਉਹ ਖੁਦ ਹੀ ਹੈ, ਹੋਰ ਕੋਈ ਨਹੀਂ। 'ਮਾਂ ਨੂੰ ਨਕਾਰ ਕੇ ਮਾਸੀ ਨੂੰ ਪ੍ਰਚਾਰਨ' ਦੀ ਸਾਜ਼ਿਸ਼ ਕਾਰਨ ਗੁਰਦਾਸ ਮਾਨ ਦੇ ਸ਼ੋਅ ਦੇ ਵਿਰੋਧ ਵਿੱਚ ਚਾਰ ਕੁ ਸਾਲ ਪਹਿਲਾਂ ਐਬਟਸਫੋਰਡ ਕਨਵੈਨਸ਼ਨ ਹਾਲ ਦੇ ਬਾਹਰ ਸੈਂਕੜੇ ਪ੍ਰਦਰਸ਼ਨਕਾਰੀ ਇਕੱਠੇ ਹੋਏ। ਉਨ੍ਹਾਂ ਸ਼ਾਂਤਮਈ ਢੰਗ ਨਾਲ ਗੁਰਦਾਸ ਮਾਨ ਦਾ ਵਿਰੋਧ ਕੀਤਾ, ਨਾ ਕਿ ਕੋਈ ਧਮਕੀ ਜਾਂ ਡਰਾਵਾ ਦਿੱਤਾ। ਕਿਸੇ ਨੇ ਗੁਰਦਾਸ ਮਾਨ ਨੂੰ ਮਾਂ- ਭੈਣ ਦੀ ਗਾਲ੍ਹ ਨਹੀਂ ਕੱਢੀ। ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਸ਼ਖ਼ਸੀਅਤ, ਪੰਜਾਬੀ ਲੇਖਕ ਚਰਨਜੀਤ ਸਿੰਘ ਸੁੱਜੋ, ਜਿਨ੍ਹਾਂ ਨੇ ਪੰਜਾਬੀ ਵਿੱਚ ਨਾਵਲ 'ਮੌਤ ਦਾ ਰੇਗਿਸਤਾਨ' ਲਿਖਿਆ ਸੀ, ਵੱਲੋਂ ਹਾਲ ਅੰਦਰ ਜਾ ਕੇ ਅਤੇ ਪੋਸਟਰ ਲੈ ਕੇ ਮਾਨ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਆਪਣੇ ਵਿਰੋਧ ਤੋਂ ਬੌਖ਼ਲਾਏ ਹੋਏ ਗੁਰਦਾਸ ਮਾਨ ਨੇ ਇਹ ਨਾ ਦੇਖਿਆ ਕਿ ਹਾਲ ਵਿੱਚ ਮੌਜੂਦ ਧੀਆਂ ਭੈਣਾਂ ਮਾਵਾਂ ਕੀ ਸੋਚਦੀਆਂ ਹੋਣਗੀਆਂ, ਉਸ ਨੇ ਕ੍ਰੋਧ ਵਿੱਚ ਪ੍ਰਦਰਸ਼ਨਕਾਰੀ ਦੇ ਹੱਥ ਵਿੱਚ ਫੜੇ ਪੋਸਟਰ 'ਮਾਂ ਬੋਲੀ ਦਾ ਗੱਦਾਰ' ਵੱਲ ਦੇਖਦਿਆਂ, ਨੀਚਤਾ ਵਾਲੀ ਭਾਸ਼ਾ 'ਚ ਸਾਰੀਆਂ ਸੰਗਾਂ-ਸ਼ਰਮਾਂ ਲਾਹ ਕੇ, ਉਹ ਸ਼ਬਦ ਬੋਲੇ, ਜੋ ਕਦੇ ਕੋਈ ਬੰਦਾ ਦੋਸਤਾਂ ਦੀ ਮਹਿਫ਼ਿਲ ਵਿੱਚ ਵੀ ਨਹੀਂ ਬੋਲਦਾ। ਗੁਰਦਾਸ ਮਾਨ ਨੇ ਸਟੇਜ ਤੋਂ ਗੁੱਸੇ ਵਿੱਚ ਬੋਲਦਿਆਂ ਕਿਹਾ, ''ਇਹਨੂੰ ਮਰੋੜ ਕੇ..ਬਤੀ ਬਣਾ ਕੇ..ਲੈ ਲਾ...'' ਏਨੀਂ ਸ਼ਰਮਨਾਕ, ਅਪਮਾਨਜਨਕ ਤੇ ਗੈਰ-ਇਖਲਾਕੀ ਸ਼ਬਦਵਲੀ ਕਿਸੇ ਮਾੜੇ ਤੋਂ ਮਾੜੇ ਗਾਇਕ ਵੱਲੋਂ ਵੀ ਸਟੇਜ 'ਤੇ ਅੱਜ ਤੱਕ ਕਿਸੇ ਨੇ ਨਹੀਂ ਸੁਣੀ ਹੋਣੀ। ਮਾਂ ਬੋਲੀ ਪੰਜਾਬੀ ਦਾ ਤਾਂ ਜੋ ਅਪਮਾਨ ਉਸ ਨੇ ਕੀਤਾ, ਸੋ ਕੀਤਾ, ਪਰ ਪੰਜਾਬੀ ਮਾਵਾਂ ਧੀਆਂ ਬੱਚੀਆਂ ਦੇ ਸਾਹਮਣੇ ਜੋ ਘਟੀਆ ਭਾਸ਼ਾ ਵਰਤੀ, ਇਸ ਦਾ ਕਲੰਕ ਉਸ ਦੇ ਮੱਥੇ ਤੋਂ ਕਦੇ ਵੀ ਨਹੀਂ ਮਿੱਟੇਗਾ।
ਗੁਰਦਾਸ ਮਾਨ ਦਾ ਇੱਕ ਬੋਲੀ-ਇੱਕ ਦੇਸ਼ ਫਾਸ਼ੀਵਾਦੀ ਏਜੰਡਾ ਜਿਥੇ ਪੰਜਾਬੀ ਮਾਂ ਬੋਲੀ ਦੀਆਂ ਮੁੱਢ ਬਹਿ ਕੇ 'ਜੜ੍ਹਾਂ ਟੁੱਕਣ' ਦੇ ਬਰਾਬਰ ਸੀ, ਉਥੇ ਮਾਂ ਬੋਲੀ ਪੰਜਾਬੀ ਰਾਹੀਂ ਘਟੀਆ ਸ਼ਬਦਾਵਲੀ ਵਰਤਣਾ ਹੰਕਾਰੀ ਅਤੇ ਕਰੋਧੀ ਸੁਭਾਅ ਦੀ ਜਿਉਂਦੀ ਜਾਗਦੀ ਮਿਸਾਲ ਸੀ। ਗੁਰਦਾਸ ਮਾਨ ਦੇ 'ਕਿਸਾਨ ਮੋਰਚੇ' ਮੌਕੇ ਵਿਰੋਧ ਸਮੇਂ ਵੀ ਇਹ ਸੱਚ ਸਾਹਮਣੇ ਆ ਚੁੱਕਾ ਸੀ ਕਿ ਉਹ ਸਟੇਟ ਦੇ ਹੱਥਾਂ ਵਿੱਚ ਕਿਵੇਂ ਖੇਡ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੇ ਉਸ ਦਾ ਵਿਰੋਧ ਕੀਤਾ ਸੀ। ਤਾਜ਼ਾ ਘਟਨਾਕਰਮ ਵਿੱਚ ਵੀ ਜਿੱਥੇ ਉਹ ਧੱਕੇ ਨਾਲ ਆਪਣੇ ਸ਼ੋਅ ਕਰਕੇ ਸਟੇਟ ਨੂੰ ਖੁਸ਼ ਕਰਨ ਦੀ ਹਰ ਕੋਸ਼ਿਸ਼ ਕਰ ਰਿਹਾ ਸੀ, ਉੱਥੇ ਹੁਣ ਸ਼ੋਅ ਮੁਲਤਵੀ ਕਰਕੇ ਵੀ, ਉਸੇ ਸਟੇਟ ਦੀ ਕੈਨੇਡਾ ਵਿਰੋਧੀ ਪਹੁੰਚ ਦਾ ਬਿਰਤਾਂਤ ਸਿਰਜ ਰਿਹਾ ਹੈ। ਗੁਰਦਾਸ ਮਾਨ ਦੇ ਸਾਜਸ਼ੀ ਰੂਪ ਵਿੱਚ ਇਹ ਸ਼ੋਅ ਮੁਲਤਵੀ ਕਰਨ ਦੀ ਮੁਕੰਮਲ ਸੱਚਾਈ ਜਲਦੀ ਹੀ ਸਾਹਮਣੇ ਆਏਗੀ ਕਿ ਅਸਲ ਵਿੱਚ ਪੰਜਾਬੀਆਂ ਵੱਲੋਂ ਗੁਰਦਾਸ ਮਾਨ ਦੇ ਸ਼ੋਆਂ ਦਾ ਵਿਰੋਧ, ਟਿਕਟਾਂ ਵਿਕਣ ਨੂੰ ਹੁੰਗਾਰਾ ਨਾ ਮਿਲਣਾ, ਸਪੌਂਸਰਾਂ ਵਿੱਚ ਦਿਲਚਸਪੀ ਦੀ ਘਾਟ ਅਤੇ ਸੁਰੱਖਿਆ ਖਰਚਿਆਂ ਦਾ ਵਾਧਾ ਆਦਿ ਅਜਿਹ ਤੱਥ ਹਨ, ਜਿਨਾਂ ਨੂੰ ਪ੍ਰਮੋਟਰ ਛੁਪਾ ਕੇ ਝੂਠ ਬੋਲ ਰਹੇ ਹਨ। ਸ਼ੋਅ ਮੁਲਤਵੀ ਕਰਕੇ ਬੇਸ਼ੱਕ ਕੈਨੇਡਾ ਵਾਸਤੇ ਪੰਜਾਬੀਆਂ ਅਤੇ ਲਹਿੰਦੇ ਅਤੇ ਚੜਦੇ ਪੰਜਾਬ ਦੇ ਸਮੂਹ ਪੰਜਾਬੀ ਪ੍ਰੇਮੀਆਂ ਨੂੰ ਇਸ ਗੱਲ ਲਈ ਰਾਹਤ ਮਹਿਸੂਸ ਹੋਈ ਹੈ ਕਿ ਬੇਸ਼ੱਕ ਕੁਝ ਵੀ ਕਾਰਨ ਕਿਉਂ ਨਾ ਹੋਵੇ, ਕੈਨੇਡਾ ਵਿੱਚ ਗੁਰਦਾਸ ਮਾਨ ਦੇ ਅਜਿਹੇ ਵਿਵਾਦਤ ਸ਼ੋਅ ਨਹੀਂ ਹੋ ਰਹੇ। ਪਰ ਤਾਂ ਵੀ ਗੁਰਦਾਸ ਮਾਨ ਦੇ ਪੰਜਾਬੀ ਵਿਰੋਧੀ ਬਿਰਤਾਂਤ ਖਿਲਾਫ ਸੰਘਰਸ਼ ਜਾਰੀ ਰਹੇਗਾ ਤੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਦੇ ਵਿਰੁੱਧ ਭੁਗਤਣ ਵਾਲੇ, ਸ਼ੋਅ ਦੇ ਪ੍ਰਮੋਟਰਾਂ ਵਲੋਂ ਜੇਕਰ ਕਦੇ ਵੀ ਭਵਿੱਖ ਵਿੱਚ ਨਵੀਆਂ ਤਾਰੀਖਾਂ ਦਾ ਐਲਾਨ ਕੀਤਾ ਜਾਏਗਾ, ਤਾਂ ਇਹਨਾਂ ਵਿਰੁੱਧ ਜ਼ੋਰਦਾਰ ਵਿਰੋਧ ਹੋਰ ਵੀ ਤਿੱਖਾ ਹੋ ਕੇ ਸਾਹਮਣੇ ਆਏਗਾ।
ਇੱਕ ਦੇਸ਼ ਇੱਕ ਬੋਲੀ ਦੇ ਫਾਰਮੂਲੇ ਦੇ ਹਮਾਇਤੀ ਗੁਰਦਾਸ ਮਾਨ ਅਤੇ ਹੋਰਨਾਂ ਨੂੰ ਸਵਾਲ ਹੈ ਕਿ ਜੇ ਇਹੀ ਏਜੰਡਾ ਲਾਗੂ ਕਰਨਾ ਸੀ, ਤਾਂ ਪੰਜਾਬੀ ਸੂਬੇ ਲਈ ਸ਼ਹਾਦਤਾਂ ਕਿਉਂ ਦਿੱਤੀਆਂ ਗਈਆਂ? ਪੰਜਾਬੀ ਸੂਬੇ ਦੇ ਮੋਰਚੇ ਦੇ ਪਹਿਲੇ ਸ਼ਹੀਦ ਕਾਕਾ ਇੰਦਰਜੀਤ ਸਿੰਘ ਦੀ ਸ਼ਹਾਦਤ ਗੁਰਦਾਸ ਮਾਨ ਵਰਗੇ ਲੋਕਾਂ ਨੂੰ ਲਾਹਨਤਾਂ ਪਾ ਰਹੀ ਹੈ ਕਿ ਜਿਸ ਪੰਜਾਬੀ ਬੋਲੀ ਲਈ ਅਨੇਕਾਂ ਸ਼ਹਾਦਤਾਂ ਹੋਈਆਂ, ਉਸ ਦੇ ਸਤਿਕਾਰ ਨੂੰ ਘੱਟੇ ਰੋਲਣ ਵਾਲੇ ਅਕਿਰਤਘਣ ਅਤੇ ਪੰਜਾਬੀ ਬੋਲੀ ਦੇ ਗੱਦਾਰ ਹਨ ਤੇ ਇਤਿਹਾਸ ਵਿੱਚ ਹਮੇਸ਼ਾ 'ਅਪਮਾਨ' ਦੇ ਪਾਤਰ ਬਣਦੇ ਹਨ। ਮਾਂ ਬੋਲੀ ਨਾਲ ਗੱਦਾਰੀ ਕਰਕੇ ਹੀ ਉਹ 'ਅਰਸ਼ ਤੋਂ ਫਰਸ਼' 'ਤੇ ਆ ਡਿੱਗੇ ਹਨ। ਇਤਰਾਜ਼ ਉਨ੍ਹਾਂ ਲੋਕਾਂ 'ਤੇ ਵੀ ਹੈ, ਜਿਹੜੇ ਅਜੇ ਵੀ ਗੁਰਦਾਸ ਮਾਨ ਦੀ ਪੁਸ਼ਤਪਨਾਹੀ ਕਰ ਰਹੇ ਹਨ, ਅਜਿਹੇ 'ਦੋਗਲੇ ਬੰਦੇ ਦੋਗਲੀ ਨੀਤੀ' ਵਰਤ ਰਹੇ ਹਨ ਅਤੇ ਵਿਵਾਦਗ੍ਰਸਤ ਵਿਅਕਤੀ ਨੂੰ ਸੱਦ ਕੇ ਸ਼ੋਅ ਕਰਵਾ ਰਹੇ ਹਨ, ਜਿਹੜਾ ਇੱਕ ਪਾਸੇ ਸਟੇਟ ਰਾਹੀਂ ਲੋਕਾਂ ਨੂੰ ਨੀਵਾਂ ਦਿਖਾ ਰਿਹਾ ਹੈ, ਦੂਜ ਪਾਸੇ ਮਾਂ ਬੋਲੀ ਰਾਹੀਂ ਅਪਮਾਨ ਕਰਕੇ ਪੰਜਾਬੀ ਜ਼ੁਬਾਨ ਦੀ ਬੇਹੁਰਮਤੀ ਕਰ ਰਿਹਾ ਹੈ। ਯਕੀਨਨ ਤੌਰ 'ਤੇ 'ਜਾਗਦੀਆਂ ਜਮੀਰਾਂ ਵਾਲੇ' ਪੰਜਾਬੀਆਂ ਨੇ ਗੁਰਦਾਸ ਮਾਨ ਦੇ ਕੈਨੇਡਾ ਵਿਚਲੇ ਸ਼ੋਅ ਮੁਲਤਵੀ ਕਰਵਾ ਕੇ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਇਆ ਹੈ ਤੇ ਲਾਜ ਰੱਖੀ ਹੈ।
ਕੈਨੇਡਾ ਦੇ ਸਰੀ ਸ਼ਹਿਰ ਵਿੱਚ, ਸ਼ਨਿਚਰਵਾਰ 7 ਅਕਤੂਬਰ ਨੂੰ ਸ਼ਾਮੀ, ''ਪੰਜਾਬੀ ਮਾਂ ਬੋਲੀ ਦੇ ਵਾਰਿਸ ਸੰਸਥਾ'' ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ, ਜਿਸ ਵਿੱਚ ਇਸ ਬਾਰੇ ਵਿਚਾਰ ਕੀਤੀ ਗਈ। ਪੰਜਾਬੀ ਮਾਂ ਬੋਲੀ ਦੇ ਵਾਰਿਸਾਂ ਦਾ ਮੰਨਣਾ ਹੈ ਕਿ ਗੱਲ ਗੁਰਦਾਸ ਮਾਨ ਦੇ ਇੱਕਲੇ ਸ਼ੋਅ ਨੂੰ ਰੱਦ ਜਾਂ ਮੁਲਤਵੀ ਕੀਤੇ ਜਾਣ ਦੀ ਨਹੀਂ ਹੈ, ਅਸਲ ਗੱਲ ਹੈ ਪੰਜਾਬੀਆਂ ਸਮੇਤ ਹੋਰਨਾ ਭਾਈਚਾਰਿਆਂ ਉੱਪਰ ਇੱਕ ਬੋਲੀ ਇੱਕ ਭਾਸ਼ਾ ਥੋਪਣ ਦੀ, ਸਮੂਹ ਘੱਟ ਗਿਣਤੀਆਂ ਦੀਆਂ ਭਾਸ਼ਾਵਾਂ ਨੂੰ ਰੋਲਣ ਦੀ, ਪੰਜਾਬੀ ਧੀਆਂ- ਭੈਣਾਂ ਦੀ ਮੌਜੂਦਗੀ ਵਿੱਚ ਸਟੇਜ ਤੋਂ ਗਾਲ੍ਹ ਕੱਢ ਕੇ, ਪੰਜਾਬੀ ਮਾਂ ਬੋਲੀ ਦੀ ਬੇਅਦਬੀ ਕਰਨ ਦੀ, ਗੁਰੂ ਸਾਹਿਬਾਨ ਦੇ ਵੰਸ਼ਜ ਨਸ਼ੇੜੀ ਅਤੇ ਭੰਗ ਪੀਣਿਆਂ ਨੂੰ ਦੱਸਦੇ ਹੋਏ ਗੁਰੂਆਂ ਦਾ ਅਪਮਾਨ ਕਰਨ ਦੀ, ਕੇਪੀਐਸ ਗਿੱਲ ਵਰਗੇ ਬੁੱਚੜਾਂ ਨੂੰ ਪ੍ਰਮੋਟ ਕਰਨ ਦੀ,ਪੰਜਾਬ ਦੀ ਜਵਾਨੀ ਨੂੰ ਨਸ਼ਿਆਂ 'ਚ ਧੱਕਣ ਦੀ ਤੇ ਮਾਸੂਮ ਬੱਚਿਆਂ ਦੇ ਮੂੰਹਾਂ 'ਚ ਸਿਗਰਟਾਂ ਤੁੰਨਣ ਦੀ। ਇਹ ਸਾਰਾ ਕੁਝ ਸਟੇਟ ਦੇ ਇਸ਼ਾਰੇ 'ਤੇ ਗੁਰਦਾਸ ਮਾਨ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਦੀ ਪੰਜਾਬੀ ਬੋਲੀ ਦੇ ਵਾਰਿਸਾਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਉਹਨਾਂ ਇਸ ਸਬੰਧ ਵਿੱਚ ਆਪਣੀ ਅਗਲੀ ਰਣਨੀਤੀ ਤੈਅ ਕਰਨ ਦਾ ਫੈਸਲਾ ਕਰਦਿਆਂ ਕਿਹਾ ਹੈ ਕਿ ਫਿਲਹਾਲ ਇਹ ਸ਼ੋਅ ਮੁਲਤਵੀ ਕੀਤੇ ਜਾਣ ਤੋਂ ਬਾਅਦ ਵੀ, ਗੁਰਦਾਸ ਮਾਨ ਦਾ ਵਿਰੋਧ ਜਾਰੀ ਰਹੇਗਾ ਅਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਗੁਰਦਾਸ ਮਾਨ ਵੱਲੋਂ ਸਰਕਾਰ ਦੇ ਫਾਸ਼ੀਵਾਦੀ ਏਜੰਡੇ ਨੂੰ ਤਿਲਾਂਜਲੀ ਦੇ ਕੇ, ਮਾਂ ਬੋਲੀ ਪੰਜਾਬੀ ਖਿਲਾਫ ਕੀਤੀਆਂ ਗਲਤ ਟਿੱਪਣੀਆਂ ਦਾ ਅਹਿਸਾਸ ਨਹੀਂ ਕੀਤਾ ਜਾਂਦਾ ਅਤੇ ਆਪਣੇ ਮੂੰਹੋਂ ਕੱਢੇ ਪੰਜਾਬੀ ਵਿਰੋਧੀ ਸ਼ਬਦ ਰੱਦ ਕਰਕੇ, ਪਛਤਾਵਾ ਨਹੀਂ ਕੀਤਾ ਜਾਂਦਾ। ਉੰਝ ਇਹ ਵੀ ਸੱਚ ਹੈ ਕਿ ਗੁਰਦਾਸ ਮਾਨ ਨੇ ਆਪਣੀਆਂ ਗਲਤੀਆਂ ਦਾ ਪਛਤਾਵਾ ਤਾਂ ਕੀ ਕਰਨਾ ਸੀ, ਬਲਕਿ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਲਈ ਉਸਨੇ ਇੱਕ ਹੋਰ ਵਿਵਾਦਗ੍ਰਸਤ ਗੀਤ ਕੱਢ ਮਾਰਿਆ, ਜਿਸ ਵਿੱਚ ਆਪਣੇ ਕੀਤੇ ਗੁਨਾਹਾਂ ਦੀ ਉਹ ਪਰੋੜਤਾ ਕਰਦਾ ਹੈ। ਗੁਰਦਾਸ ਮਾਨ ਦੇ ਵਿਸ਼ੇ ਅਤੇ ਕਲਾ ਪੱਖੋਂ ਹਲਕੇ ਪੱਧਰ ਦੇ ਗੀਤ ਦਾ ਜਵਾਬ ਇਸ ਤਰ੍ਹਾਂ ਦੇਣਾ ਹੀ, ਪੰਜਾਬੀ ਪ੍ਰੇਮੀਆਂ ਨੇ ਆਪਣਾ ਫਰਜ਼ ਸਮਝਿਆ ਹੈ ;
ਸੱਚ ਸੁਣੀਂ! ਮਰ ਜਾਣਿਆਂ,
ਤੇਰਾ ਹੁੰਦਾ ਸੀ ਸਤਿਕਾਰ।
ਪਰ ਸ਼ੋਹਰਤ ਚੜ੍ਹੀ ਦਿਮਾਗ਼ ਨੂੰ,
ਮੱਤ ਐਸੀ ਦਿੱਤੀ ਮਾਰ।
ਬੇਅਦਬੀ ਦੀ ਸ਼ਬਦਾਵਲੀ,
ਤੈਨੂੰ ਗਈ ਜਿਉਂਦੇ ਮਾਰ।
ਧੀਆਂ ਭੈਣਾਂ ਸਾਹਮਣੇ,
ਤੂੰ ਦਿੱਤਾ ਅਦਬ ਵਿਸਾਰ।
ਮੂੰਹ ਥੁੱਕਾਂ ਫਿੱਕੇ ਪੈਂਦੀਆਂ,
ਸਿਰ 'ਪਾਣਾਂ' ਦੀ ਮਾਰ।
'ਤੇਰੀ ਬੱਤੀ' ਤੇਰੇ ਜਿਸਮ 'ਚੋਂ,
'ਬਣ ਬਰਛੀ' ਹੋ ਗਈ ਪਾਰ।
ਅਰਸ਼ੋਂ ਫਰਸ਼ੀਂ ਸੁੱਟਿਆ,
ਤੈਨੂੰ ਤੇਰੇ ਹੀ ਹੰਕਾਰ।
ਤਾਹੀਓ ਤੇਥੋਂ ਖੋਹਿਆ,
ਵਾਰਿਸ ਸ਼ਾਹ ਪੁਰਸਕਾਰ।
ਪੰਜਾਬੀ ਤਾਈਂ ਵਿਸਾਰ ਕੇ,
ਕਿਉਂ ਕੀਤਾ ਪਿੱਠ 'ਤੇ ਵਾਰ।
ਝੂਠਾ ਕਰਦਾ ਕਦੇ ਨਾ,
ਚਿੱਤ ਸੱਚੇ ਨਾਲ ਪਿਆਰ।
ਕਿਉਂ ਮਾਂ ਬੋਲੀ ਅਪਮਾਨ ਕੇ,
ਦਿੱਤਾ ਗ਼ੈਰਾਂ ਨੂੰ ਸਤਿਕਾਰ।
ਬੋਲੀ 'ਇੱਕੋ ਸਾਰੇ ਦੇਸ਼' ਦੀ,
ਦਿੱਤਾ ਨਾਅਰਾ ਜੋ ਸਰਕਾਰ।
ਤੂੰ ਜਾ ਕੇ ਦੇਸ਼-ਵਿਦੇਸ਼ ਵਿੱਚ,
ਕੀਤਾ ਉਸੇ ਦਾ ਪ੍ਰਚਾਰ।
ਪੰਜਾਬੀ ਦੇ ਗੱਦਾਰ ਨੂੰ,
ਪੈਂਦੀ ਹੈ ਫਿਟਕਾਰ।
ਆਖੇ 'ਸੁੱਜੋਂ' ਅਮਰ ਨੇ,
ਮਾਂ ਬੋਲੀ ਦੇ ਸੇਵਾਦਾਰ।
ਬੱਤੀ ਮਾਨ ਗੱਦਾਰ ਦਾ ,
ਜਿਹੜੇ ਬੁਰਕਾ ਦੇਣ ਉਤਾਰ।
ਤੇਰਾ ਇਕ ਗੁਨਾਹ ਨਹੀਂ ਭੈੜਿਆ,
ਹੈ ਲੰਮੀ ਬੜੀ ਕਤਾਰ।
ਸੀ ਬੁੱਚੜ ਕੁੱਲ ਪੰਜਾਬ ਦਾ,
ਤੇਰਾ ਕੇਪੀ ਐਸ ਗਿੱਲ ਯਾਰ।
ਰਿਹਾ ਨਕਲੀਆਂ ਨੂੰ ਪ੍ਰਚਾਰਦਾ,
ਤੂੰ ਛੱਡ ਨਾਨਕ ਦਾ ਦਰਬਾਰ।
ਕਦੇ 'ਚਿਲਮਾਂ ਪੀਣੇ' ਸਾਧ ਨੂੰ
ਦੱਸੇਂ ਗੁਰੂਆਂ ਦਾ ਪਰਿਵਾਰ।
ਬਣੇ 'ਕੰਜਰੀ ਲਾਡੀ ਸ਼ਾਹ ਦੀ'
ਸਰਬੰਸਦਾਨੀ ਤਾਈਂ ਵਿਸਾਰ।।
ਚੰਗਾ ਹੋਇਆ ਪਰਖ ਲਿਆ ,
ਆਪੇ ਬਣਿਆ ਲੰਬਰਦਾਰ।
ਜਦ ਵਿੱਚ ਚੁਰਾਹੇ ਭੱਜਿਆ,
ਇਹ ਦੋਹਰਾ ਕਿਰਦਾਰ।
ਤਦ ਗੀਤਾਂ ਦੇ ਵਿੱਚ ਆ ਗਿਆ,
ਸੱਚ ਅੰਦਰਲਾ ਬਾਹਰ।
ਸਦਾ 'ਚੜ੍ਹਦੀ ਕਲਾ' ਵਿੱਚ ਜੀਂਵਦੇ,
'ਪੰਜਾਬੀ ਦੇ ਪਹਿਰੇਦਾਰ'।