ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
ਪੰਜਾਬ ਦਾ ਨਕਲੀ ਗ਼ਾਲਿਬ ਮਨਪ੍ਰੀਤ ਸਿੰਘ ਬਾਦਲ ਕਿੱਥੇ ਲੁਕਿਆ ਹੋਇਆ ਹੈ?- ਦੀਪਕ ਬਾਲੀ
ਜ਼ਰਾ ਸਾਮਨੇ ਤੋ ਆਉ ਛਲੀਏ, ਛੁਪ ਛੁਪ ਛਲਨੇ ਮੇਂ ਕਿਆ ਰਾਜ਼ ਹੈ।
ਕਾਨ੍ਹਪੁਰ ‘ਚ ਅੰਨ੍ਹਾ ਤਸ਼ੱਦਦ ਵੀ ਸਿੱਖ ਨੇ ਝੱਲਿਆ ਤੇ ਐਫ.ਆਈ.ਆਰ. ਵੀ ਉਸ ਦੇ ਖ਼ਿਲਾਫ਼- ਇਕ ਖ਼ਬਰ
ਅੰਧੇਰ ਨਗਰੀ ਬੇਦਾਦ ਰਾਜਾ, ਟਕੇ ਸਿਰ ਭਾਜੀ ਟਕੇ ਸੇਰ ਖਾਜਾ।
ਪੰਜਾਬ ਕੋਲ ਪਾਣੀ ਦੀ ਇਕ ਬੂੰਦ ਵੀ ਵਾਧੂ ਨਹੀਂ ਕਿਸੇ ਹੋਰ ਸੂਬੇ ਨੂੰ ਦੇਣ ਲਈ- ਜਾਖੜ
ਤੈਨੂੰ ਸ਼ਰਮ ਨਾ ਗੁਆਂਢਣੇ ਆਵੇ, ਨੀਂ ਦਾਲ਼ ਮੰਗੇ ਛੜਿਆਂ ਤੋਂ।
ਈ.ਡੀ. ਨੂੰ ਬਦਲੇ ਦੀ ਭਾਵਨਾ ਨਾਲ਼ ਕੰਮ ਨਹੀਂ ਕਰਨਾ ਚਾਹੀਦਾ- ਸੁਪ੍ਰੀਮ ਕੋਰਟ
ਪੰਚਾਂ ਦਾ ਕਿਹਾ ਸਿਰ ਮੱਥੇ, ਪਰ ਪਰਨਾਲ਼ਾ ਉੱਥੇ ਦਾ ਉੱਥੇ।
ਅਦਾਲਤ ਨੇ ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਕੀਤੀ ਰੱਦ-ਇਕ ਖ਼ਬਰ
ਛੜਿਆਂ ਦੇ ਗਈ ਅੱਗ ਨੂੰ, ਉਹਨਾਂ ਚੱਪਣੀ ਵਗਾਹ ਕੇ ਮਾਰੀ।
ਪੰਜਾਬ ਪੁਲਿਸ ਦੀ ਹੈੱਡ ਕਾਂਸਟੇਬਲ ਨੇ ਜਿੱਤਿਆ ਮਿਸਿਜ਼ ਪੰਜਾਬ ਦਾ ਖ਼ਿਤਾਬ- ਇਕ ਖ਼ਬਰ
ਰੂਪ ਉਹਨੂੰ ਰੱਬ ਨੇ ਦਿਤਾ, ਤੁਰਦੀ ਮੋਰਨੀ ਬਣ ਕੇ।
ਭਗਵੰਤ ਮਾਨ ਨੇ ਵਿਸਥਾਰ ਸਹਿਤ ਕਰਜ਼ੇ ਦਾ ਹਿਸਾਬ ਰਾਜਪਾਲ ਨੂੰ ਦਿਤਾ- ਇਕ ਖ਼ਬਰ
ਮੈਨੂੰ ਲੜ ਸੂਮ ਦੇ ਲਾਇਆ, ਦੁਆਨੀ ਦੁਆਨੀ ਦਾ ਹਿਸਾਬ ਮੰਗਦਾ।
ਭਾਜਪਾ ਨੇ ਰਾਹੁਲ ਨੂੰ ਦੱਸਿਆ ‘ਨਵੇਂ ਯੁਗ ਦਾ ਰਾਵਣ’- ਇਕ ਖ਼ਬਰ
ਰਾਮ ਕੌਨ ਹੈ ਕੌਨ ਹੈ ਰਾਵਣ, ਜੰਨਤਾ ਯੇਹ ਸਭ ਜਾਨਤੀ ਹੈ।
ਠੇਕੇਦਾਰ ਤੋਂ ਕਮਿਸ਼ਨ ਨਾ ਮਿਲਿਆ ਤਾਂ ਭਾਜਪਾ ਵਿਧਾਇਕ ਨੇ ਸੜਕ ਹੀ ਪੁਟਵਾ ਦਿਤੀ- ਇਕ ਖ਼ਬਰ
ਕੈਦ ਕਰਾ ਦਊਂਗੀ, ਮੈਂ ਡਿਪਟੀ ਦੀ ਸਾਲ਼ੀ।
ਮੰਡੀਆਂ ‘ਚ ਧੜਾ ਧੜ ਹੋ ਰਹੀ ਝੋਨੇ ਦੀ ਖ਼ਰੀਦ ਤੋਂ ਕਿਸਾਨ ਹੋਏ ਬਾਗੋ-ਬਾਗ਼- ਇਕ ਖ਼ਬਰ
ਜੱਟ ਸ਼ਾਹਾਂ ਨੂੰ ਖੰਘੂਰੇ ਮਾਰੇ, ਮੰਡੀ ਵਿਚ ਨੋਟ ਗਿਣਦਾ।
ਕੀ ਪੰਜਾਬ ਦੇ ਰਾਇਪੇਰੀਅਨ ਅਧਿਕਾਰਾਂ ਦੀ ਅਣਦੇਖੀ ਸੁਪ੍ਰੀਮ ਕੋਰਟ ਵੀ ਕਰੇਗੀ?- ਇਕ ਸਵਾਲ
ਪੰਜਾਬ ਸਿਆਂ ਤੈਨੂੰ ਘੇਰ ਲਿਐ, ਏਥੇ ਕੋਈ ਨਹੀਂ ਤੇਰਾ ਦਰਦੀ।
ਪਵਾਰ ਨੇ ਖੜਗੇ ਅਤੇ ਰਾਹੁਲ ਨਾਲ਼ ਕੀਤੀ ਮੁਲਾਕਾਤ- ਇਕ ਖ਼ਬਰ
ਛੜੇ ਬੈਠ ਕੇ ਸਲਾਹਾਂ ਕਰਦੇ, ‘ ਡੱਡੂਆਂ ’ ਨੂੰ ਕਿਵੇਂ ਸਾਂਭਣਾਂ।
ਅਮਰੀਕਾ ਦੇ ਕਨੈਕਟੀਕਟ ਸੂਬੇ ‘ਚ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ- ਇਕ ਖ਼ਬਰ
ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ।
ਭਾਰਤ ਦੀ ਸੰਸਦ ਦੇ 33 ਮੈਂਬਰਾਂ ਵਿਰੁੱਧ ਦਰਜ ਹਨ ਨਫ਼ਰਤੀ ਭਾਸ਼ਨ ਦੇਣ ਦੇ ਮਾਮਲੇ- ਏ.ਡੀ.ਆਰ.
ਮੂੰਹ ਉਂਗਲਾਂ ਘੱਤ ਕੇ ਕਹਿਣ ਸਭੇ, ਕਾਰੇ ਕਰਨ ਥੀਂ ਇਹ ਨਾ ਸੰਗਦੇ ਨੇ।