*'ਢਾਹਾਂ ਪੁਰਸਕਾਰ' ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ - ਡਾ. ਗੁਰਵਿੰਦਰ ਸਿੰਘ

*ਖ਼ਬਰਾਂ ਚੇਪਣ ਤੇ ਸਾਹਿਤਕ ਮਿਆਰ ਤੋਂ ਸੱਖਣੇ ਨਾਵਲ ਦੀ,
ਛੇ ਸ਼ਾਰਟ ਲਿਸਟ ਰਚਨਾਵਾਂ 'ਚ ਚੋਣ
*ਵੱਡੀ ਉਮਰ ਦੇ ਲੇਖਕ ਨੂੰ 'ਐਡਜਸਟ' ਕਰਨ ਦੀ ਚੋਣ ਕਰਤਾਵਾਂ ਦੀ ਸੋਚ
ਨਾਲ ਪੰਜਾਬੀ ਸਾਹਿਤ ਹਲਕਿਆਂ ਵਿੱਚ ਨਿਰਾਸ਼ਾ

ਕੈਨੇਡਾ ਦੀ ਧਰਤੀ ਤੋਂ ਕੁਝ ਸਾਲ ਪਹਿਲਾਂ ਜਦੋਂ ਢਾਹਾਂ ਪੁਰਸਕਾਰ ਸ਼ੁਰੂ ਕੀਤਾ ਗਿਆ ਸੀ, ਤਾਂ ਆਸ ਬੱਝੀ ਸੀ ਕਿ ਪੰਜਾਬੀ ਦੇ ਨਰੋਏ ਸਾਹਿਤ ਨੂੰ ਉਤਸ਼ਾਹਿਤ ਕੀਤਾ ਜਾਏਗਾ ਅਤੇ ਚੰਗੇ ਸਾਹਿਤਕਾਰਾਂ ਤੇ ਲਿਖਤਾਂ ਨੂੰ ਇਹ ਪੁਰਸਕਾਰ ਮਿਲੇਗਾ। ਦੁੱਖ ਇਸ ਗੱਲ ਦਾ ਹੈ ਕਿ ਕੁਝ ਸਮੇਂ ਵਿੱਚ ਹੀ, ਕੁਝ ਕੁ ਚੰਗੀਆਂ ਲਿਖਤਾਂ ਨੂੰ ਇਨਾਮ ਦੇਣ ਮਗਰੋਂ, ਜਦ ਰੱਦੀ ਦੇ ਟੋਕਰੇ ਵਿੱਚ ਸੁੱਟੀਆਂ ਜਾਣ ਵਾਲੀਆਂ ਕਿਤਾਬਾਂ ਨੂੰ ਇਨਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ, ਤਾਂ ਇਸਦਾ ਮਿਆਰ ਦਿਨੋ-ਦਿਨ ਢਹਿੰਦਾ ਗਿਆ। ਅਜਿਹੀਆਂ ਕੁਝ ਕਿਤਾਬਾਂ ਨੂੰ ਵੀ ਇਹ ਪੁਰਸਕਾਰ ਦਿੱਤਾ ਗਿਆ, ਜਿਨਾਂ ਦੀ ਕੋਈ ਸਥਾਨਕ ਪੱਧਰ 'ਤੇ ਵੀ 25 ਰੁਪਏ ਦਾ ਇਨਾਮ ਦੇਣ ਵਾਸਤੇ ਚੋਣ ਨਹੀਂ ਕਰਦਾ, ਉਹਨਾਂ ਦੀ ਚੋਣ 25 ਹਜ਼ਾਰ ਡਾਲਰ ਵਾਲੇ ਪੁਰਸਕਾਰ ਲਈ ਕੀਤੀ ਗਈ। ਪਰ ਅਫਸੋਸ ਹੈ ਕਿ ਕਈ ਮੀਡੀਆਕਾਰ ਅਤੇ ਲੇਖਕ ਅਜੇ ਵੀ ਇਸ ਇਨਾਮ ਨੂੰ 'ਪੰਜਾਬੀ ਦਾ ਨੋਬਲ ਪੁਰਸਕਾਰ' ਕਹੀ ਜਾਂਦੇ ਹਨ, ਉਹਨਾਂ ਦੀ ਸੋਚ 'ਤੇ ਹਾਸਾ ਆਉਂਦਾ ਹੈ।
ਇਸ ਵਾਰ ਵੀ ਕੁਝ ਇਸ ਤਰ੍ਹਾਂ ਹੀ ਹੋ ਰਿਹਾ ਹੈ। ਇੱਕ ਕਿਤਾਬ ''ਅਬ ਜੂਝਨ ਕੋ ਦਾਉ'' ਨੂੰ ਛੇ ਸ਼ਾਰਟ ਲਿਸਟ ਕੀਤੀਆਂ ਕਿਤਾਬਾਂ 'ਚ ਸ਼ਾਮਿਲ ਕੀਤਾ ਗਿਆ ਹੈ। ਬੇਸ਼ੱਕ ਇਹ ਇਹ ਪਤਾ ਨਹੀਂ ਕਿ ਛੇਆਂ ਵਿੱਚੋਂ ਕਿਸ ਨੂੰ ਇਹ ਪੁਰਸਕਾਰ ਮਿਲਣਾ ਹੈ, ਪਰ ਇਨਾ ਜ਼ਰੂਰ ਹੈ ਕਿ 'ਇਸ ਇਨਾਮ ਅਨੁਸਾਰ 'ਚੋਟੀ ਦੀਆਂ ਛੇ ਕਿਤਾਬਾਂ ਵਿੱਚੋਂ ਇਹ ਇੱਕ ਕਿਤਾਬ' ਹੈ, ਜਿਸਦਾ ਮਿਆਰ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ।
ਇਹ ਨਾਵਲ ਨਾ ਕਿਸੇ ਪੱਖੋਂ ਇਤਿਹਾਸਕ ਹੈ ਤੇ ਨਾ ਹੀ ਇਸ ਦਾ ਬਿਰਤਾਂਤ ਸਹੀ ਹੈ ਤੇ ਭਾਸ਼ਾ ਪੱਧਰ ਵੀ ਨੀਵਾਂ ਹੈ। ਜਾਪਦਾ ਇਉਂ ਹੈ ਕਿ ਅਖਬਾਰ ਦੀਆਂ ਖਬਰਾਂ ਕੱਟ ਕੇ ਲਾਈਆਂ ਹੋਣ, ਉਹ ਵੀ ਆਧਾਰਹੀਣ ਖਬਰਾਂ। ਵਿਰੋਧੀ ਵਿਚਾਰ ਵਾਲਿਆਂ ਦੇ ਪ੍ਰਤੀ ਜੋ ਸ਼ਬਦਾਵਲੀ ਵਰਤੀ ਗਈ ਹੈ, ਉਸ ਵਿੱਚ ਨਾਵਲਕਾਰ ਅੰਤਾਂ ਦਾ ਜ਼ਹਿਰ ਲਈ ਬੈਠਾ ਹੈ। ਪਾਤਰਾਂ ਰਾਹੀਂ ਨਹੀਂ, ਸਗੋਂ ਨਾਵਲਕਾਰ ਨੇ ਖੁਦ, ਆਪਣੇ ਤੋਂ ਵੱਖਰੇ ਵਿਚਾਰ ਰੱਖਣ ਵਾਲੇ ਵਿਅਕਤੀਆਂ ਦੇ ਨਾਮ ਲਿਖ ਲਿਖ ਕੇ, ਜਿਸ ਤਰੀਕੇ ਨਾਲ ਮੂੰਹੋਂ ਝੱਗ ਸੁੱਟੀ ਹੈ, ਉਸ ਤੋਂ ਇਉ ਜਾਪਦਾ ਹੈ ਕਿ ਉਹ ਇੱਕ ਧਿਰ ਨੂੰ ਖੁਸ਼ ਕਰਨ ਲਈ ਅਤੇ ਦੂਜੀ ਦਾ ਵਿਰੋਧ ਕਰਨ ਲਈ, ਇਸ ਨਾਵਲ ਦੀ ਪੂਰੀ ਦੁਰਵਰਤੋਂ ਕਰ ਰਿਹਾ ਹੈ।
ਪੁਰਸਕਾਰ ਦੇਣ ਵਾਲੇ ਚੋਣ ਕਰਤਾਵਾਂ ਨੇ ਵੀ ਨਾਵਲ ਦੀ ਭਾਸ਼ਾ, ਬਿਰਤਾਂਤ, ਪਲਾਟ ਆਦਿ ਕੁਝ ਨਹੀਂ ਦੇਖਿਆ, ਬਲਕਿ ਸਿਰਫ ਇੱਕੋ ਹੀ ਗੱਲ ਦੇਖੀ ਹੈ ਕਿ ਉਸਨੇ ਉਹਨਾਂ ਤੋਂ ਵਿਰੁੱਧ ਖਿਆਲ ਰੱਖਣ ਵਾਲਿਆਂ ਨੂੰ ਖੁੱਲ ਕੇ ਗਾਲਾਂ ਕੱਢੀਆਂ ਹਨ। ਬਸ ਇਹੀ ਨਾਵਲ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ ਅਤੇ ਇਸੇ ਸੋਚ ਕਰਕੇ ਇਸ ਨੂੰ ਛੇ ਸ਼ਾਰਟਲਿਸਟ ਨਾਵਲਾਂ 'ਚ ਸ਼ਾਮਿਲ ਕੀਤਾ ਹੈ। ਇੱਥੇ ਦੱਸਣਯੋਗ ਇਹ ਹੈ ਕਿ ਪਹਿਲਾਂ ਵੀ 'ਢਾਹਾਂ ਅਵਾਰਡ ਵਾਲਿਆਂ ਨੇ ਸੂਰਜ ਦੀ ਅੱਖ' ਵਰਗੇ ਰੱਦੀ ਕਿਸਮ ਦੇ ਨਾਵਲ ਨੂੰ 25 ਹਜ਼ਾਰ ਦਾ ਇਨਾਮ ਦੇ ਕੇ, ਸਿਰ 'ਚ ਸੁਆਹ ਪਾਈ ਸੀ ਅਤੇ ਹੁਣ ਫਿਰ ਤਿਆਰੀ ਕਰੀ ਬੈਠੇ ਹਨ।
ਇਹ ਨਾਵਲ ਬੇਸ਼ੱਕ ਕਿਸਾਨੀ ਸੰਘਰਸ਼ ਬਾਰੇ ਲਿਖਿਆ ਹੈ, ਪਰ ਕਿਸਾਨੀ ਸੰਘਰਸ਼ ਦੀ ਬੜੀ ਹੀ ਪੇਤਲੀ ਪੱਧਰ ਦੀ ਗੱਲ ਨਾਵਲ ਵਿੱਚ ਕੀਤੀ ਗਈ ਹੈ, ਜੋ ਇਤਿਹਾਸਿਕ ਪੱਖੋਂ ਝੂਠ ਦਾ ਪੁਲੰਦਾ ਹੈ। ਨਾਵਲਕਾਰ ਵੱਲੋਂ ਕੇਵਲ ਇੱਕੋ ਗੱਲ ਨੂੰ ਮੁੱਖ ਰੱਖਿਆ ਗਿਆ ਹੈ ਕਿ ਕਿਸਾਨਾਂ ਦੀ ਇੱਕ ਧਿਰ ਵੱਲੋਂ ਦੀਪ ਸਿੱਧੂ ਅਤੇ ਲੱਖਾ ਸਧਾਣਾ ਨੂੰ ਮੰਦਾ ਸਾਬਤ ਕਰਨਾ। ਖਾਲਿਸਤਾਨੀਆਂ, ਗਾਤਰਿਆਂ ਵਾਲਿਆਂ, ਬਾਣੀ ਪੜ੍ਨ ਵਾਲਿਆਂ ਗੁਰਸਿੱਖਾਂ ਆਦਿ ਦੇ ਵੇਰਵੇ ਦੇ ਕੇ, ਉਹਨਾਂ ਨੂੰ ਇਸ ਸੰਘਰਸ਼ ਤੋਂ ਵੱਖ ਕਰਕੇ ਪੇਸ਼ ਕਰਨਾ। ਸੰਘਰਸ਼ ਦੀਆਂ ਪ੍ਰਾਪਤੀਆਂ ਅਖੌਤੀ ਕਿਸਾਨ ਜਥੇਬੰਦੀਆਂ ਦੇ ਸਿਰ ਅਤੇ ਸੰਘਰਸ਼ ਦੀਆਂ ਅਸਫਲਤਾਵਾਂ ਸਮੁੱਚੇ ਤੌਰ 'ਤੇ ਸਿੱਖਾਂ (ਅੰਮ੍ਰਿਤਧਾਰੀ ਜਾਂ ਖਾਲਿਸਤਾਨੀ) ਦੇ ਸਿਰ ਮੜਨਾ। ਮੀਡੀਏ ਦੇ ਵਿੱਚੋਂ ਚਲੰਤ ਕਿਸਮ ਦੀਆਂ ਟਿੱਪਣੀਆਂ ਚੁੱਕਣੀਆਂ, ਅਖਬਾਰਾਂ ਦੀਆਂ ਕੱਟੀਆਂ ਖਬਰਾਂ, ਝੂਠੇ ਮੂਠੇ ਬਿਆਨ ਅਤੇ ਬੇਅਰਥ ਵਿਚਾਰ ਰੱਖ ਕੇ ਨਾਵਲ ਨੂੰ ਧੱਕੇ ਨਾਲ ਹੀ ਅੱਗੇ ਵਧਾਉਣਾ ਅਤੇ ਅਖੌਤੀ ਅਗਾਂਹ ਵਧੂ ਧਿਰ ਨੂੰ ਹਰ ਤਰ੍ਹਾਂ ਖੁਸ਼ ਕਰਨਾ।
ਅਜਿਹੇ ਨਾਵਲ ਨੂੰ ਜੇਕਰ ਇਨਾਮ ਦੇਣ ਲਈ ਚੁਣਿਆ ਜਾ ਸਕਦਾ ਹੈ, ਤਾਂ ਫਿਰ ਪੰਜਾਬੀ ਸਾਹਿਤ ਦਾ ਮਿਆਰ ਕਿੰਨਾ ਕ ਥੱਲੇ ਜਾ ਚੁੱਕਾ ਹੈ ਇਸ ਦਾ ਅੰਦਾਜ਼ਾ ਸਹਿਜੇ ਹੀ ਲਾ ਸਕਦੇ ਹਾਂ। ਆਸ ਕਰਦੇ ਹਾਂ ਕਿ ਸਤਿਕਾਰਤ ਸਾਹਿਤਕਾਰ, ਲਿਖਾਰੀ ਅਤੇ ਪਾਠਕ, ਬਿਨਾਂ ਕਿਸੇ ਧਿਰਬਾਜ਼ੀ ਦੇ, ਨਿਰਪੱਖ ਹੋ ਕੇ, ਇਸ ਨਾਵਲ ਦੇ ਸਾਹਿਤਕ ਮਿਆਰ, ਭਾਸ਼ਾ ਅਤੇ ਗੋਂਦ ਆਦਿ ਨੂੰ ਦੇਖ ਕੇ ਆਪਣੇ ਵਿਚਾਰ ਜ਼ਰੂਰ ਦੇਣਗੇ। ਜੇ ਅਜਿਹੇ ਨਾਵਲ ਨੂੰ ਇਨਾਮ ਮਿਲਦਾ ਹੈ, ਤਾਂ ਉਹ ਪੰਜਾਬੀ ਸਾਹਿਤ ਲਈ ਆਮ ਕਰਕੇ ਅਤੇ ਢਾਹਾਂ ਪੁਰਸਕਾਰ ਲਈ ਖਾਸ ਕਰਕੇ ਇੱਕ ਵਾਰ ਫਿਰ, ਕਾਲਾ ਦਿਨ ਹੋਏਗਾ।
ਕੁਝ ਸੁਹਿਰਦ ਲੇਖਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਨਾਵਲ ਦਾ ਲਿਖਾਰੀ ਬਜ਼ੁਰਗ ਹੋ ਚੁੱਕਿਆ ਹੈ, ਉਮਰ ਬਹੁਤ ਬੀਤ ਚੁੱਕੀ ਹੈ, ਉਸਨੂੰ ਕੋਈ ਇਨਾਮ ਨਹੀਂ ਮਿਲਿਆ, ਇਸੇ ਕਾਰਨ ਹੀ ਉਸਨੇ ਹੱਥ -ਪੱਲਾ ਮਾਰ ਕੇ ਇਹ ਇਲਮ ਲੈਣ ਦੇ ਲਈ, ਸੌ ਪਾਪੜ ਵੇਲੇ ਹਨ। ਸਾਡਾ ਮੰਨਣਾ ਹੈ ਕਿ ਉਸ ਨੂੰ ਵੈਸੇ ਹੀ ਸੱਦ ਕੇ, ਉਸਦੇ ਗਲ 'ਚ ਸ਼ਾਲ ਪਾ ਦਿਓ ਜਾਂ ਉਸਨੂੰ ਇਨਾਮ ਦੀ ਥਾਂ ਤੇ ਚੰਦ ਡਾਲਰ ਦੇ ਕੇ ਨਿਵਾਜ ਦਿਓ, ਇਨਾਮ ਦੀ ਜੱਖਣਾ ਕਿਉਂ ਵੱਢਦੇ ਹੋ? ਕਿਉਂ ਇਨਾਮ ਕਲੰਕਤ ਕਰਦੇ ਹੋ? ਜੇਕਰ ਅਜਿਹੇ ਲੇਖਕ ਇਨਾਮ ਦੇ ਹੱਕਦਾਰ ਹਨ, ਤਾਂ ਫਿਰ ਪੰਜਾਬੀ 'ਚ ਕੋਈ ਨਵਾਂ ਵਧੀਆ ਲਿਖਾਰੀ ਨਹੀਂ ਉਠੇਗਾ, ਕਿਉਂਕਿ ਜੇ ਸਿਰਫ ਉਮਰ ਅਤੇ ਸਾਲਾਂ ਦਾ ਤਕਾਜ਼ਾ ਰੱਖ ਕੇ ਇਨਾਮ ਦਿੱਤੇ ਜਾਂਦੇ ਹਨ, ਤਾਂ ਇਹ ਪੰਜਾਬੀ ਲਈ ਬਹੁਤ ਮਾੜੀ ਗੱਲ ਹੋਏਗੀ। ਪੰਜਾਬੀ ਸਾਹਿਤ ਦੇ ਪ੍ਰੇਮੀਆਂ ਨੂੰ ਇਸ ਬਾਰੇ ਵੀ ਸੋਚਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਢਾਹਾਂ ਵਾਲਿਆਂ ਨੇ ਕੁਝ ਇਸ ਤਰ੍ਹਾਂ ਹੀ ਕੀਤਾ ਸੀ, ਜਦੋਂ ਚੰਗੀਆਂ ਰਚਨਾਵਾਂ ਨੂੰ ਛੱਡ ਕੇ 'ਲੋਟੇ ਨੂੰ 25 ਹਜ਼ਾਰੀ ਇਨਾਮ ਦਿੱਤਾ ਗਿਆ ਸੀ, ਤਾਂ ਦਬਵੀਂ ਆਵਾਜ਼ ਵਿੱਚ ਲੇਖਕਾਂ ਨੇ ਇਤਰਾਜ਼ ਉਠਾਇਆ ਸੀ। ਜੇ ਉਦੋਂ ਲਿਖਾਰੀ ਖੁੱਲ ਕੇ ਬੋਲਦੇ, ਤਾਂ ਅੱਜ ਹਾਲ ਹੋਰ ਨਾ ਵਿਗੜਦਾ।
ਵੈਸੇ ਤਾਂ ਨਾਵਲਕਾਰ ਅਤਰਜੀਤ ਨੇ 'ਅਬ ਜੂਝਨ ਕੋ ਦਾਉ' ਨਾਵਲ ਵਿੱਚ ਇਤਿਹਾਸ ਦੇ ਨਾਂ 'ਤੇ ਝੂਠ ਵੰਡਿਆ ਹੈ, ਪਰ 396 ਤੋਂ 399 ਪੰਨਿਆਂ ਵਿੱਚੋਂ ਕੁਝ ਅੰਸ਼ ਆਪ ਨਾਲ ਸਾਂਝੇ ਕਰ ਰਹੇ ਹਾਂ!
“ਬੇਟਾ ਚਾਹ ਲਿਆਉ।” ਬਾਹਰ ਵਿਹੜੇ ਵੱਲ ਵੇਖ ਕੇ ਆਵਾਜ਼ ਦਿੰਦਾ, ਗੱਲ ਟਾਲ ਕੇ ਉਹ ਪਿਸ਼ਾਬ ਕਰਨ ਦੇ ਬਹਾਨੇ ਬਾਹਰ ਨੂੰ ਨਿੱਕਲ ਗਿਆ ਤੇ ਉਦੋਂ ਹੀ ਵਾਪਸ ਆਇਆ ਜਦੋਂ ਚਾਹ ਬਣ ਕੇ ਆ ਗਈ।
ਉਸ ਨੇ 25 ਜਨਵਰੀ ਦੀ ਰਾਤ ਨੂੰ ਭਾਜਪਾ ਪੱਖੀ ਸਨੀ ਦਿਉਲ ਦੇ ਚੋਣ ਪ੍ਰਚਾਰਕ ਵਧੀਆਫ਼ਿਲਮੀ ਅਦਾਕਾਰ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਨਾਲ ਚਾਰ ਪੰਜ ਸੌ ਬੰਦੇ ਸਿੰਘ ਬਾਰਡਰ ਦੀ ਕਿਸਾਨਾਂ ਦੀ ਸਟੇਜ ਉੱਪਰ ਕਬਜ਼ਾ ਕਰਨ ਲਈ ਭੇਜ ਕੇ ਖਿਲਾਰਾ ਪਾਉਣ ਦਾ ਪੂਰਾ ਯਤਨ ਕੀਤਾ।
“ਲਾਲ ਕਿਲਾ ਸਰ ਕਰਨੈ। ਖ਼ਾਲਸਾ ਜੀ ਲਾਲ ਕਿਲੇ 'ਤੇ ਕੱਲ੍ਹ ਨੂੰ ਜੇ ਖ਼ਾਲਸਾਈ ਝੰਡਾਂ ਨਾ ਝੁਲਾਇਆ ਤਾਂ ਇਸ ਤੋਂ ਵਧੀਆ ਸੁਨਹਿਰੀ ਮੌਕਾ ਹੋਰ ਕਦੋਂ ਮਿਲਣੈ। ਕਮਰਕੱਸੇ ਕੱਸ ਲਉ। ਅੱਜ ਖ਼ਾਲਸੇ ਨੂੰ ਲਾਲ ਕਿਲਾ ਉਡੀਕ ਰਿਹਾ ਹੈ।” ਲੁਧਿਆਣੇ ਤੋਂ ਇਕ ਅੰਮ੍ਰਿਤਧਾਰੀ ਬੀਬੀ ਨੇ ਬਹੁਤ ਮਿੰਨਤਾਂ ਕੀਤੀਆਂ-
“ਵੀਰ ਜੀਉ, ਇਹ ਨਿਰਨਾ ਨਾ ਲਉ। ਦੇਖੋ ਕਿਸਾਨ ਪ੍ਰਣ ਕਰਕੇ ਤੁਰੇ ਐ ਬਈ ਸ਼ਾਂਤੀ ਦਾ ਪੱਲਾ ਨਹੀਂ ਛੱਡਣਾ। ਸਰਕਾਰ ਤਾਂ ਚਾਹੁੰਦੀ ਹੈ ਕਿ ਅੰਦੋਲਨ ਹਿੰਸਕ ਹੋ ਜਾਏ ਤੇ ਸੁਰੱਖਿਆ ਬਲਾਂ ਨੂੰ ਖੁੱਲ੍ਹ ਦਿੱਤੀ ਜਾਵੇ ਤਸ਼ੱਦਦ ਕਰਨ ਦੀ। ਮੈਂ ਤੁਹਾਡੇ ਪੈਰੀਂ ਹੱਥ ਲਾਉਂਦੀ ਹਾਂ।” ਸੱਚ ਮੁੱਚ ਹੀ ਉਸ ਬੀਬੀ ਨੇ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੇ ਪੈਰੀਂ ਆਪਣੇ ਸਿਰ ਤੋਂ ਚੁੰਨੀ ਲਾਹ ਕੇ ਰੱਖ ਦਿੱਤੀ।
“ ਬੀਬੀ ਤੈਨੂੰ ਨਹੀਂ ਪਤਾ। ਬਾਬਾ ਬਘੇਲ ਸਿੰਘ ਜੀ ਦੀ ਆਤਮਾ ਪੁਕਾਰ ਰਹੀ ਹੈ ਕਿ ਲਾਲ ਕਿਲੇ ਉੱਪਰ ਦੂਜੀ ਵਾਰ ਖ਼ਾਲਸਈ ਨਿਸ਼ਾਨ ਜ਼ਰੂਰ ਝੂਲੇਗਾ।" ਬੀਬੀ ਦੀ ਕਿਸੇ ਅਰਜੋਈ ਦਾ ‘ਅਸਲ ਸਿੰਘਾਂ` 'ਤੇ ਕੋਈ ਅਸਰ ਨਾ ਹੋਇਆ।
ਕਿਸਾਨ ਆਗੂਆਂ ਦੀ ਇੱਕਸੁਰਤਾ ਨੇ ਰੰਗ ਵਿਖਾਇਆ। ਦ੍ਰਿੜਤਾ ਨਾਲ ਲਏ ਫ਼ੈਸਲੇ ਅੱਗੇ ਸਰਕਾਰ ਝੁਕ ਤਾਂ ਗਈ ਪਰ ਦਿੱਲੀ ਦੀ ਬਾਹਰੀ ਰਿੰਗ ਰੋਡ 'ਤੇ ਟਰੈਕਟਰ ਮਾਰਚ ਕਰਨ ਦੀ ਆਗਿਆ ਦੇ ਦਿੱਤੀ। ਇਕ ਲੱਖ ਦੇ ਕਰੀਬ ਝੰਡਿਆਂ ਨਾਲ ਸ਼ਿੰਗਾਰੇ ਟਰੈਕਟਰ ਗੂੰਜਾ ਪਾਉਂਦੇ ਸੜਕਾਂ 'ਤੇ ਨਿੱਕਲ ਤੁਰੇ ਤਾਂ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਤੇ ਦਿੱਲੀ ਨਿਵਾਸੀ, ਚਾਂਮ੍ਹ ਵਿੱਚ ਵੀ ਤੇ ਸੁਆਗਤ ਲਈ ਵੀ ਸੜਕਾਂ 'ਤੇ ਆ ਜਮ੍ਹਾ ਹੋਏ। ਕਿਸੇ ਕੋਲ ਫੁੱਲਾਂ ਦੇ ਹਾਰ ਕਿਸੇ ਕੋਲ ਟੋਕਰੀ ਵਿੱਚ ਫੁੱਲਪੱਤੀਆਂ। ਫੁੱਲਾਂ ਦੀ ਵਰਖਾ ਨਾਲ ਕਿਸਾਨਾਂ ਦਾ ਸੁਆਗਤ ਕੀਤਾ ਗਿਆ।
ਘੰਟੇ ਕੁ ਬਾਅਦ ਦਿੱਲੀ ਵਿੱਚ ਸ਼ੋਰ ਮੱਚ ਗਿਆ ਕਿ
‘ਸਿੰਘਾਂ'! ਨੇ ਲਾਲ ਕਿਲੇ ਉੱਪਰ ਖ਼ਾਲਸਈ ਨਿਸ਼ਾਨ ਝੁਲਾ ਕੇ ਖ਼ਾਲਿਸਤਾਨ ਦੀ ਨੀਂਹ ਰੱਖ ਦਿੱਤੀ ਹੈ। ਸਿੰਘਾਂ ਨੇ ਮਹਾਨ ਸੂਰਮੇ ਸ੍ਰ ਬਘੇਲ ਸਿੰਘ ਜੀ ਦੀ ਅਧੂਰੀ ਰਹੀ ਖ਼ਾਲਸੇ ਦੀ ਚ ਪੂਰੀ ਕਰ ਦਿੱਤੀ ਹੈ, ਲਾਲ ਕਿਲਾ ਫ਼ਤਿਹ ਕਰ ਕੇ। ਹੁਣ ਦਿੱਲੀ 'ਤੇ ਕਬਜ਼ਾ ਕਰਨਾ ਬਾਕੀ ਹੈ।" ਫਿਰ ਅਜਮੇਰ ਨਵਾਂ ਬਿਰਤਾਂਤ ਲੈ ਕੇ ਆਇਆ।
ਲੱਖਾ ਸਿਧਾਣਾ ਤੇ ਦੀਪ ਸਿੱਧੂ ਨੂੰ ਉਭਾਰਨ ਲਈ ਉਸ ਦਾ ਲੰਮੀ ਆਂਤ ਦੇ ਹੇਠਲੇ ਸਿਰੇ ਤੱਕ ਸਾਰਾ ਟਿੱਲ ਲੱਗਿਆ ਹੋਇਆ ਸੀ। ਵਿਦੇਸ਼ਾਂ ਤੋਂ ਪ੍ਰਚਾਰ ਕਰਨ ਵਾਲੇ ਸੋਸ਼ਲ ਮੀਡੀਆ ਉੱਪਰ ਤਾਬੜ ਤੋੜ ਹਮਲੇ ਕਰ ਰਹੇ ਸਨ ਕਿ ਸਿੰਘਾਂ ਨੂੰ ਸਟੇਜ ਸਾਂਝੀ ਕਿਉਂ ਨਹੀਂ ਕਰਨ ਦਿੱਤੀ ਜਾਂਦੀ।
ਅੰਦੋਲਨਕਾਰੀਆਂ ਨੂੰ ਕਾਮਰੇਡ ਕਹਿ ਕੇ ਗੰਦੀਆਂ ਗਾਲ੍ਹਾਂ ਵਰਤਾਈਆਂ ਜਾ ਰਹੀਆਂ ਸਨ, ਜਿਨ੍ਹਾਂ ਨੂੰ ਧੀਆਂ ਭੈਣਾਂ ਪੜ੍ਹ ਪੜ੍ਹ ਕੇ ਸ਼ਰਮ ਵਿੱਚ ਡੁੱਬ ਡੁੱਬ ਜਾਂਦੀਆਂ ਸਨ, ਪਰ ਸਿੱਖੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਮਾਂਵਾਂ ਭੈਣਾਂ ਧੀਆਂ ਦੇ ਨਾਂ 'ਤੇ ਗੰਦੀਆਂ ਤੋਂ ਗੰਦੀਆਂ ਗਾਲਾਂ ਤੋਂ ਇਲਾਵਾ ਹੋਰ ਕੋਈ ਜਾਪ ਨਹੀਂ ਸੀ ਆਉਂਦਾ-“ਇਹਨਾਂ ਦੀ ਮਾਂ ਦੀ ... ਭੈਣ ਦੀ ਧੀ ਦੀ ਦੇ...ਅਤੇ ਸਿੱਖੀ ਦੇ ਦੁਸ਼ਮਣ ਕਾਮਰੇਡ...। ਗੱਲ ਗੱਲ 'ਤੇ ਸਾਡੀ ਸਿੱਖੀ ਸਾਡੀ ਸਿੱਖੀ।
ਇੱਕ ਨੌਜੁਆਨ ਨੇ ਫੇਸਬੁੱਕ 'ਤੇ ਪੋਸਟ ਪਾ ਦਿੱਤੀ-“ਸਿੱਖੀ ਤੁਸੀਂ ਗੁਰੂ ਸਾਹਿਬ ਤੋਂ ਪਟੇ 'ਤੇ ਲਿਖਵਾਈ ਐ ?-ਜਵਾਬ ਵਿੱਚ ਗੰਦੀਆਂ ਗਾਲਾਂ ਦਾ ਪਾਠ। ਗੁਰਬਾਣੀ ਬਾਰੇ ਪ੍ਰਸ਼ਨ ਕਰਨ 'ਤੇ ਇਕੋ ਜਵਾਬ-“ਰੂਸ ਚੀਨ ਤੋਂ ਅਗਵਾਈ ਲੈਣ ਵਾਲੇ ਕਾਮਰੇਡ ਭੈ ... ... ਮੁਲਕ 'ਚੋਂ ਬਾਹਰ ਕੱਢਣੇ ਨੇ ਜਿਹੜੇ ਰੱਬ ਨੂੰ ਨਹੀਂ ਮੰਨਦੇ।” ਉਨ੍ਹਾਂ ਦਾ ਅਕਾਊਂਟ ਖੋਲ੍ਹ ਕੇ ਦੇਖਿਆਂ ਪਤਾ ਲੱਗਦਾ ਸੀ, ਵੱਡਾ ਬੰਗਲਾ, ਖੁਲ੍ਹਾ ਲਾਨ, ਸ਼ਾਨਦਾਰ ਦਰਖ਼ਤਾਂ ਫੁੱਲਦਾਰ ਪੌਦਿਆਂ ਨਾਲ ਟਹਿਕਿਆ ਹੋਇਆ ਬੰਗਲਾ ਤੇ ਵੱਡੀ ਆਲੀਸ਼ਾਨ ਕਾਰ, ਵਿਦੇਸ਼ੀ ਮੁਲਕ ਦੀਆਂ ਰੰਗ ਰਲੀਆਂ, ਵੱਡੇ ਕਾਰੋਬਾਰੀ-
“ਸਾਡੀ ਸਿੱਖੀ! ਸਾਡੀ ਸਿੱਖੀ!!” ਦੀ ਇਕੋ ਰੱਟ। ਬੱਸ ਜੇ ਕੋਈ ਫ਼ਰਕ ਹੁੰਦਾ ਹੈ ਤਾਂ ਇਹ ਕਿ ਪੂਰਾ ਖੁੱਲ੍ਹਾ ਦਾਹੜਾ, ਵਧੀਆ ਪੈਂਟ ਕੋਟ ਵਿੱਚ ਸਜੇ ਤੇ ਪੂਰੀ ਲੰਮੀ ਕਿਰਪਾਨ ਗਾਤਰੇ ਪਾਈ ਦੇ ਦਰਸ਼ਨ ਹੋਣਗੇ। ਜਦੋਂ ਬੋਲਣਗੇ- “ਚੀਨ ਤੇ ਰੂਸ ਤੋਂ ਅਗਵਾਈ ਲੈਣ ਵਾਲੇ ਭੈ ...ਚੋ ... ਕਾਮਰੇਡ।”
ਕਿਸੇ ਬਲਕਾਰ ਸਿੰਘ ਨਾਂ ਦੇ ਕਿਸੇ ਫੇਸਬੁੱਕੀਏ ਨੇ ਇਕ ਵਾਰ ਫੇਸਬੁੱਕ 'ਤੇ ਇਹ ਪੋਸਟ ਪਾ ਦਿੱਤੀ-“ਖ਼ਾਲਸਿਉ, ਕਦੇ ਇਹ ਵੀ ਦੇਖ ਲਉ ਕਿ ਚੀਨ ਤੇ 'ਰੂਸ ਵਿੱਚ ਹੁਣ ਤਾਂ ਸਮਾਜਵਾਦੀ ਪ੍ਰਬੰਧ ਹੀ ਨਹੀਂ ਰਿਹਾ। ਉਸ ਤੋਂ ਅਗਵਾਈ ਲੈਣ ਦਾ ਮਤਲਬ ਤਾਂ ਮੁੜ ਕੇ ਲੇਟੇਰਾ ਰਾਜ ਸਥਾਪਤ ਕਰਨਾ ਹੀ ਹੋਵੇਗਾ। ਦੋਵੇਂ ਮੁਲਕ ਆਪਣਾ ਸਿਧਾਂਤ ਛੱਡ ਚੁੱਕੇ ਹਨ। ਫਿਰ ਤੁਸੀਂ ਵਾਰ ਵਾਰ ਰੂਸ ਚੀਨ ਦੀ ਰੱਟ ਲਾਈ ਹੋਈ ਹੈ।" ਦੇ ਜਵਾਬ ਵਿੱਚ ਹੋਰ ਵੀ ਗੰਦੀਆਂ ਤੋਂ ਗੰਦੀਆਂ ਗਾਲ੍ਹਾਂ ਦੀ ਵਾਛੜ ਟਿੱਪਣੀਆਂ ਵਿੱਚ-ਮਾਂ.. ਭੈਣ, ਧੀ...। ਫਿਰ ਹੋਰ ਲੋਕਾਂ ਦੀਆਂ ਟਿੱਪਣੀਆਂ ਆਈਆਂ ਸਨ, ਜਿਨ੍ਹਾਂ ਵਿੱਚ ਬਲਕਾਰ ਸਿੰਘ ਨੂੰ ਹੀ ਸਮਝਾਇਆ ਗਿਆ ਸੀ-
“ਦੋਸਤ ਇਨ੍ਹਾਂ ਨਾਲ ਮਗ਼ਜ਼ਪਚੀ ਨਾ ਕਰੋ। ਆਪਣੀ ਸ਼ਕਤੀ ਕਿਸੇ ਹੋਰ ਕਰੀਏਟਿਵ ਕੰਮ ਵਿੱਚ ਲਾਉ। ਸਾਡੀ ਤਾਂ ਇਹੋ ਰਾਇ ਹੈ ਅੱਗੇ ਤੁਹਾਡੀ ਮਰਜ਼ੀ। ਇਨ੍ਹਾਂ ਖ਼ਾਲਸਿਆਂ 'ਚੋਂ ਸਿੱਖੀ ਨਹੀਂ, ਨਫ਼ਰਤ ਹੀ ਨਿੱਕਲਣੀ ਹੈ। ਕਿਸਾਨ ਅੰਦੋਲਨ ਜਿੱਤ ਵੱਲ ਵਧ ਰਿਹਾ ਹੈ, ਇਹ ਲੋਕ ਕਰੈਡਿਟ ਆਪਣੀ ਝੋਲੀ ਪਾਉਣ ਲਈ ਤਰਲੋਮੱਛੀ ਹੋ ਰਹੇ ਹਨ।” ਇਕ ਕਿਸੇ ਅੰਮ੍ਰਿਤਧਾਰੀ ਦੀ ਵੱਡੀ ਪੋਸਟ ਵੀ ਆਈ ਸੀ-
"ਮੈਂ ਗੁਰੂ ਨਾਨਕ ਪਾਤਸ਼ਾਹ ਦੇ ਇਕ ਨਿਮਾਣੇ ਜਿਹੇ ਸੇਵਕ ਨੇ ਅੰਮ੍ਰਿਤ ਵੀ ਪਾਨ ਕੀਤਾ ਹੋਇਆ ਹੈ। ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਰੱਖੇ ਹੋਏ ਨੇ। ਦਾਸ ਨਿੱਤਨੇਮ ਨਾਲ ਗੁਰੂ ' ਸਾਹਿਬ ਦੇ ਦੀਦਾਰੇ ਕਰਕੇ ਅਤੇ ਹੁਕਮਨਾਮਾ ਲੈ ਕੇ ਅਗਲੇ ਕਾਰਜ ਕਰਦਾ ਹੈ। ਸਾਰਾ ਪਰਿਵਾਰ ਪੰਜਾਂ ਬਾਣੀਆਂ ਦਾ ਨਿਤਨੇਮ ਅਨੁਸਾਰ ਜਾਪ ਵੀ ਕਰਦਾ ਹੈ। ਗੁਰਬਾਣੀ ਦਾ ਉਪਦੇਸ਼ ਹੈ-ਸਭੇ ਸਾਂਝੀਵਾਲ ਸਦਾਇਨ ਕੋਇ ਨਾ ਦਿੱਸੇ ਬਾਹਰਾ ਜੀਉ।' ਮੈਂ ਕਾਫ਼ੀ ਸਾਰਾ ਮਾਰਕਸਵਾਦ ਦਾ ਅਧਿਐਨ ਵੀ ਕੀਤਾ ਹੈ। ਸਾਂਝੀਵਾਲਤਾ ਦਾ ਹੀ ਮਾਰਕਸ ਨੇ ਪ੍ਰਚਾਰ ਕੀਤਾ ਹੈ। ਮੇਰੀ ਲੜਕੀ ਨੇ ਇਕ ਰਾਮਦਾਸੀਆ ਪਰਿਵਾਰ ਦੇ ਸੁਣੱਖੇ ਗੱਭਰੂ ਦੀ ਚੋਣ ਕਰ ਲਈ। ਦੋਵੇਂ ਇਕੋ ਵਿਭਾਗ ਵਿੱਚ ਕੰਮ ਕਰਦੇ ਸਨ। ਲੜਕਾ ਵੀ ਅੰਮ੍ਰਿਤਧਾਰੀ ਹੈ। ਅਸੀਂ ਘਰ ਵਿੱਚ ਵਿਚਾਰ ਕੀਤੀ ਕਿ ਜੇ ਅਸੀਂ ਜਾਤਾਂ-ਪਾਤਾਂ ਦੇ ਚੱਕਰਾਂ ਵਿੱਚੋਂ ਨਾ ਨਿੱਕਲੇ' ਤਾਂ ਗੁਰੂ ਸਾਹਿਬ ਨੇ ਸਾਨੂੰ ਕਦੇ ਮੁਆਫ਼ ਨਹੀਂ ਕਰਨਾ। ਅਸੀਂ ਆਪ ਲੜਕੇ ਵਾਲੇ ਦੇ ਘਰ ਗਏ ਤੇ ਸਾਦਾ ਸ਼ਗਨ ਪਾ ਕੇ ਦੁਹਾਂ ਦੇ ਆਨੰਦ ਕਾਰਜ ਕਰਕੇ ਸ਼ਾਦੀ ਕਰ ਦਿੱਤੀ ਹੈ। ਗੁਰੂ ਪਾਤਸ਼ਾਹ ਪਾਸੋਂ ਅਸ਼ੀਰਵਾਦ ਪ੍ਰਾਪਤ ਕਰ ਲਈ ਹੈ। ਮਨ ਬਹੁਤ ਸ਼ਾਂਤ ਹੈ। ਗੁਰੂ ਪਾਤਸ਼ਾਹ ਜੋੜੀ ਨੂੰ ਲੰਮੀ ਆਯੂ ਬਖ਼ਸ਼ਣ। ਇਹ ਲੋਕ ਮੇਰੇ ਵਿਚਾਰ ਮੁਤਾਬਿਕ ਜਿਹੜੇ ਅੰਦੋਲਨ ਦੇ ਖ਼ਿਲਾਫ਼ ਗਾਲ੍ਹਾਂ ਦੀ ਵਰਤੋਂ ਕਰਦੇ ਐ, ਬਾਹਰਲੀਆਂ ਏਜੰਸੀਆਂ ਦੇ ਜ਼ਰ ਖ਼ਰੀਦ ਨੇ। ਵੱਡੇ ਕਾਰੋਬਾਰੀਆਂ ਨੇ ਸਿੱਖੀ ਦਾ ਲਬਾਦਾ ਧਾਰਨ ਕੀਤਾ ਹੈ ਪਰ ਅੰਦਰੋਂ ਇਹ ਸਿੱਖੀ ਵਿਧਾਨ ਦੇ ਰੰਗ ਵਿੱਚ ਨਹੀਂ ਰੰਗੇ ਹੋਏ। ਇਹ ਅਮੀਰ ਵਪਾਰੀ ਹਨ ਤੇ ਪੰਜਾਬ ਦੀਆਂ ਹੋਰ ਬਰਾਦਰੀਆਂ ਨੂੰ ਬਾਹਰ ਕੱਢ ਕੇ ਵੱਡੇ ਕਾਰੋਬਾਰ 'ਤੇ ਜੱਫ਼ਾ ਮਾਰਨਾ ਹੀ ਇਨ੍ਹਾਂ ਦਾ ਸਿੱਖੀ ਵਿਧਾਨ ਹੈ। ਇਹ ਅਜੇ ਵੀ ਰੂ ਤੇ ਚੀਨ ਦੀ ਰੱਟ ਲਾਈ ਜਾਂਦੇ ਐ। ਕਿੰਨਾ ਗਿਆਨ ਹੈ ਇਹਨਾਂ ਨੂੰ ਸੰਸਾਰ ਇਤਿਹਾਸ ਦਾ। ਇਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਇਹ ਮੁਲਕ ਤਾਂ ਹੁਣ ਪੁਰਾਣੇ ਸਰਮਾਏਦਾਰੀ ਰਾਹ 'ਤੇ ਚੱਲੇ ਹੋਏ ਨੇ।"
-ਤੇ ਫਿਰ “ਸੱਚੇ ਖ਼ਾਲਸਿਆਂ ਵੱਲੋਂ ਉਸ ਗੁਰਸਿੱਖ ਨੂੰ ਵੀ ਮਾਂ...ਧੀ...ਭੈਣ... ਗਾਲ੍ਹਾਂ ਦੇ ਖੁੱਲ੍ਹੇ ਗੱਫ਼ੇ ਵਰਤਾਏ ਗਏ।
ਟੀ. ਵੀ. ਚੈਨਲਾਂ 'ਤੇ ਰਿੰਗ ਰਿੰਗ ਕੇ ਪ੍ਰਚਾਰ ਕਰਨਾ ਆਰੰਭ ਹੋ ਗਿਆ- “ਦੇਖੀਏ ਹਮ ਤੋਂ ਪਹਿਲੇ ਸੇ ਹੀ ਕਹਿ ਰਹੇ ਥੇ ਕਿ ਯੇਹ ਕਿਸਾਨ ਅੰਦੋਲਨਕਾਰੀ ਨਹੀਂ ਹੈਂ, ਯੇਹ ਖ਼ਾਲਿਸਤਾਨੀ ਹੈਂ। ਯੇਹ ਦੇਖੇਂ... ਯੇਹ ਦੇਖੇਂ... ਯੇਹ ਦੇਖੇਂ ਖ਼ਾਲਿਸਤਾਨੀਓਂ ਕੇ ਕਾਰਨਾਮੇ " ਬੜੀ ਤੇਜ਼ ਤਰਾਰ ਐਂਕਰ ਲੁਤਰ ਲੁਤਰ ਜ਼ਬਾਨ ਚਲਾ ਰਹੀ ਸੀ। ਕਦੇ ਸੱਜੇ ਘੁੰਮ ਕੇ ਕਦੇ ਖੱਬੇ ਮੁੜ ਕੇ ਬੋਲ ਰਹੀ ਸੀ-“ਦੇਖੀਏ ਵਹ ਹਮਾਰੀ ਰਾਸ਼ਟਰੀ ਧਵੱਜ ਹੈ, ਉਸ ਕੀ ਬੇਹੁਰਮਤੀ ਕੀ ਗਈ ਹੈ। ਇਨ ਖ਼ਾਲਿਸਤਾਨੀਉਂ ਨੇ ਹਮਾਰੇ ਮੁਲਕ ਕੀ ਆਨ ਸ਼ਾਨ ਮਿੱਟੀ ਮੇਂ ਮਿਲਾ ਦੀ ਹੈ। ਵੋਹ ਦੇਖੋ ਕੈਸੇ ਰਾਸ਼ਟਰੀ ਧਵੱਜ ਕੇ ਉੱਪਰ ਖ਼ਾਲਸਤਾਨੀ ਝੰਡਾ ਲਹਿਰਾਇਆ ਗਿਆ ਹੈ। ਯੇਹ ਲੋਕ ਹਮਾਰੀ ਰਾਸ਼ਟਰੀ ਏਕਤਾ ਕੇ ਲੀਏ ਖ਼ਤਰਾ ਬਨ ਕਰ ਸਾਮਨੇ ਆ ਗਏ ਹੈਂ। ਯੇਹ ਦੇਖ ਅਬ ਤੋਂ ਕੋਈ ਸ਼ੱਕ ਨਹੀਂ ਕਿ ਯਹ ਕਿਸਾਨੀ ਕੇ ਬੇਸ ਮੇਂ ਖ਼ਾਲਿਸਤਾਨੀ ਲੋਗ ਹੈਂ। ਯੇਹ ਦੇਖੋ, ਯੇਹ ਦੇਖੋ..ਲੁਤਰ ਲੁਤਰ | ਲੁਤਰ ਲੁਤਰ | ਲੁਤਰ ਲੁਤਰ।।।”
ਸਿੰਘ ਬਾਰਡਰ 'ਤੇ ਖੜਦੁੰਬ ਮਚਾਉਣ ਤੋਂ ਬਾਅਦ ਉਨ੍ਹਾਂ ਨੇ ਟਿੱਕਰੀ ਅਤੇ ਗੱਦਰੀ ਬੀਬੀ ਗੁਲਾਬ ਕੌਰ ਨਗਰ ਵਾਲੀ ਸਟੇਜ 'ਤੇ ਕਬਜ਼ਾ ਕਰਨ ਦਾ ਯਤਨ ਕੀਤਾ। ਕੁਝ ਨਿਹੰਗ ਸਿੰਘ ਉਨ੍ਹਾਂ ਦੇ ਨਾਲ ਸਨ, ਪਰ ਛੇਤੀ ਹੀ ਖਦੇੜ ਦਿੱਤੇ ਗਏ। ਜਿਉਂ ਹੀ ਟਰਾਲੀਆਂ 'ਚੋਂ ਕਿਸਾਨ ਨੌਜੁਆਨ ਮੁੰਡੇ ਤੇ ਲੜਕੀਆਂ ਝੰਡੇ ਲੈ ਕੇ ਬਾਹਰ ਆਏ, ਤਾਂ ‘ਖ਼ਾਲਿਸਤਾਨੀ ਫੌਜਾਂ " ਦੇ ਟੋਟਰੂਆਂ ਨੂੰ ਭੱਜਦਿਆਂ ਨੂੰ ਵਾਹਣ ਨਾ ਲੱਭੇ। ਕਈਆਂ ਦੀਆਂ ਤਾਂ ਜੁੱਤੀਆਂ ਵੀ ਪੰਡਾਲ ਵਿੱਚ ਹੀ ਰਹਿ ਗਈਆਂ। ਦੀਪ ਸਿੱਧੂ ਤਾਂ ਕਾਬੂ ਆਉਂਦਾ ਆਉਂਦਾ ਹੀ ਰਹਿ ਗਿਆ। ਉਹ ਕਿਸਾਨਾਂ ਦੇ ਨਿਸ਼ਾਨੇ 'ਤੇ ਤਾਂ ਪਹਿਲਾਂ ਹੀ ਸੀ, ਪਰ ਆਪਣੇ ਬਚਾ ਲਈ ਨਾਲ ਮੋਟਰ ਸਾਈਕਲ ਤੇ ਕੁੱਝ ਜੀਪਾਂ ਲੈ ਕੇ ਆਇਆ ਸੀ, ਜੋ ਉਸ ਨੂੰ ਭਜਾ ਕੇ ਲਿਜਾਣ ਵਿੱਚ ਸਫ਼ਲ ਹੋ ਗਏ।
ਇਸ ਸਭ ਕਾਸੇ ਦੀ ਮੋਰਚੇ ਨੂੰ ਕੀਮਤ ਚੁਕਾਉਣੀ ਪੈ ਗਈ, ਜਦੋਂ ਭੁਲੇਖਿਆਂ ਦਾ ਸ਼ਿਕਾਰ ਹੋਏ ਹਰਿਆਣਵੀ ਕਿਸਾਨਾਂ ਦੀਆਂ ਕੁੱਝ ਕੁ ਟਰਾਲੀਆਂ ਨੇ ਵਾਪਸੀ ਆਰੰਭ ਦਿੱਤੀ। ਗਾਜ਼ੀਪੁਰ ਬਾਰਡਰ 'ਤੇ ਪੁਲਸ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਆਰ. ਐੱਸ. ਐੱਸ. ਦੇ ਸਮਰਥਕਾਂ ਨੇ ਧਾਵਾ ਬੋਲ ਕੇ ਰਾਕੇਸ਼ ਟਕੈਤ ਨੂੰ ਘੇਰ ਲਿਆ ਤੇ ਉਸ ਦੇ ਤੰਬੂ ਉਖਾੜ ਦਿੱਤੇ।
“ਅਮੇ ਮਰਨਾ ਮਨਜ਼ੂਰ ਹੈ। ਅਮ ਜੇਲ੍ਹ ਚਲੇ ਜਾਏਂਗੇ ਪਰ ਮੋਰਚਾ ਨਹੀਂ ਛੋੜੇਂਗੇ। ਉਖਾੜ ਦੋ ਤੰਬੂ | ਮਾਰ ਡਾਲੋ ਅਮੇ।ਅਮ ਯਹੀਂ ਪਰ ਜਾਨ ਦੇਂਗੇ। ਅਮ ਤਬ ਤੱਕ ਪਾਨੀ ਬੀ ਨਹੀਂ ਪੀਏਂਗੇ ਜਬ ਤੱਕ ਮੇਰੇ ਗਾਂਵ ਸੇ ਪਾਨੀ ਨਹੀਂ ਆਏਗਾ।”
ਅਨੇਕਾਂ ਕਿਸਾਨ ਬਜ਼ੁਰਗ ਤੇ ਨੌਜੁਆਨ ਮੁੰਡੇ ਰਖਵਾਲੀ ਲਈ ਰਾਕੇਸ਼ ਟਕੈਤ ਦੇ ਦੁਆਲੇ ਜਮ੍ਹਾ ਹੋ ਗਏ। ਯੂ. ਪੀ. ਦੇ ਨੌਜੁਆਨ ਛੁਹਰਿਆਂ ਨੇ ਟਕੈਤ ਦੀ ਰੋਂਦੇ ਦੀ ਵੀਡੀਉ ਲਾਈਵ ਕਰ ਦਿੱਤੀ। ਨੇੜੇ ਦੇ ਪਿੰਡਾਂ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਟਰਾਲੀਆਂ ਲੈ ਕੇ ਆ ਧਮਕੇ। ਘੰਟੇ ਕੁ ਬਾਅਦ ਇਕ ਛੁਹਰੀ ਸਿਰ 'ਤੇ ਪਾਣੀ ਦੀ ਮਟਕੀ ਲੈ ਕੇ ਆ ਪਹੁੰਚੀ। ਡਿੱਗਦੇ ਜਾਂਦੇ ਬਲ ਵਿੱਚ ਮੁੜ ਰੂਹ ਫੂਕੀ ਗਈ। ਰਾਕੇਸ਼ ਟਕੈਤ ਨੇ ਨਾਹਰਾ ਗੁੰਜਾ ਦਿੱਤਾ-“ਮੇਰੇ ਮਜ਼ਦੂਰ ਕਿਸਾਨ ਲੋਗੋਂ ਕਾ ਏਕਾ ਜ਼ਿੰਦਾਬਾਦ।” ਦੋ ਕੁ ਘੰਟਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨ ਔਰਤਾਂ ਤੇ ਮਰਦਾਂ ਨੇ ਇਹ ਕਹਿ ਕੇ ਕਿਸੀ ਕੋ-“ਮਾਰਨਾ ਪੀਟਨਾ ਨਹੀਂ ਬੱਸ ਪਕੜ ਕੇ ਬਿਠਾ ਲੋ।” ਇਸ ਤੋਂ ਪਹਿਲਾਂ ਕਿ ਕੋਈ ਦੰਗਾਕਾਰੀ ਲੋਕਾਂ ਦੇ ਹੱਥ ਆਉਂਦਾ ਕੋਈ ਮੋਰਚੇ ਦੀ ਹਦੂਦ ਵਿੱਚ ਦਿਖਾਈ ਹੀ ਨਾ ਦਿੱਤਾ।
ਕਵੀਆਂ ਨੇ ਕਵਿਤਾਵਾਂ ਤੇ ਗੀਤਾਂ ਦਾ ਹੜ੍ਹ ਲਿਆ ਦਿੱਤਾ-“ਬਾਬੇ ਟਿਕੈਤ ਦੇ ਅੱਥਰੂ ਨੇ ਕੰਮ ਬੰਬ ਦਾ ਕੀਤਾ।”
“ਤੇਰੇ ਅੱਥਰੂ ਨੂੰ, ਅੰਮ੍ਰਿਤ ਕਰਕੇ ਪੀਵਾਂ। ...
"ਅਬ ਜੂਝਨ ਕੋ ਦਾਉ"