ਗ਼ਜ਼ਲ - ਅਮਰਜੀਤ ਸਿੰਘ ਸਿੱਧੂ

ਇਹ ਜੀਵਨ ਹੈ ਚਾਰ ਦਿਹਾੜੇ।
ਇਸ ਵਿਚ ਨਾਂ ਕਰ ਧੰਦੇ ਮਾੜੇ।

ਮੋਹ ਮੁਹੱਬਤ  ਮਨ ਚ ਵਸਾ ਕੇ,
ਸੋਚੋ     ਚੰਗਾ    ਛੱਡੋ    ਸਾੜੇ।

ਕਿੱਦਾਂ ਸਿਫਤ  ਲਿਖਾਂ ਮੈਂ ਤੇਰੀ,  
ਦੱਸ  ਦੁਨੀਆਂ  ਦੇ  ਬੁਤਘਾੜੇ।

ਉਹ ਦੀ ਲੀਲਾ ਉਹ ਹੀ ਜਾਣੇ,
ਕਦ ਫਰਸ਼ੋ ਚੱਕ ਅਰਸ਼ ਚਾੜੇ।

ਚੁਗਲੀ ਦੀ ਹੈ ਆਦਤ ਮਾੜੀ,
ਵਸਦੇ ਰਸਦੇ ਘਰ ਨੂੰ ਉਜਾੜੇ।

ਮਾੜਾ  ਕਰਨੋਂ   ਪਹਿਲਾਂ  ਸੋਚੋ,
ਮਗਰੋਂ  ਨਾ  ਫਿਰ  ਕੱਢੋ ਹਾੜੇ,

ਔਰਤ ਦੇ ਹਨ ਵਾਰੇ ਨਿਆਰੇ,
ਖਤਮ ਗਏ ਹੋ  ਜਦ ਤੋਂ ਭਾੜੇ।

ਬਿੰਨ ਗੁਨਾਹੋਂ ਫੜ ਸਰਕਾਰਾ,
ਬੇ-ਦੋਸ਼ੇ  ਕਿਉਂ ਜੇਲ ਚ  ਤਾੜੇ।

ਧਾਹਾਂ  ਮਾਰਨ  ਲੋਕ  ਵਿਚਾਰੇ,
ਮਹਿੰਗਾਈ  ਦੇ  ਦੈਂਤ ਲਿਤਾੜੇ।

ਜਦ ਦੀ ਸਿੱਧੂ ਚੁਗਲੀ ਕੀਤੀ,
ਆਪਾਂ  ਨੇ  ਵੀ  ਵਰਕੇ  ਪਾੜੇ।

          ਗ਼ਜ਼ਲ

ਪੱਠੇ ਪਾਉਣੇ ਹਉਮੈਂ ਨੂੰ  ਤੂੰ ਦੇ ਛੱਡ।
ਮੈਂ ਦੇ ਇਸ ਕੀੜੇ ਨੂੰ ਦੇ ਮਨ ਚੋਂ ਕੱਢ।

ਨੇਕ ਕਮਾਈ ਕਰ ਤੂੰ ਟੱਬਰ ਨੂੰ ਪਾਲ,
ਦੋ  ਨੰਬਰ  ਦੇ  ਧੰਦੇ  ਦਾ ਫਸਤਾ ਵੱਡ

ਸਮਤਲ  ਰਹਿਣਾ  ਸਿੱਖੋ ਦੁੱਖਾਂ ਸੁੱਖਾਂ ਚ,
ਆਪੇ ਹਟ ਜੂ ਆਉਣਾ ਸੋਚਾਂ ਚ ਫਲੱਡ।

ਕੰਮ  ਕਰੋ  ਅਜਿਹੇ  ਜੋ  ਭੁੱਲਣ ਨਾ ਲੋਕ,
ਨਾਲ ਪਿਆਰ ਰਹੋ ਵੈਰ ਦਿਲਾਂ ਚੋਂ ਕੱਢ।

ਸਿੱਧੂ ਜੀਵਨ ਦੇ ਵਿਚ ਜੇ ਪਾਉਣਾ ਸੁੱਖ,
ਸੱਚੀ   ਗੱਲ   ਕਰੋ  ਭੈੜਾਂ  ਦੇਵੋ  ਛੱਡ।