ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਸਾਡੀਆਂ ਇੰਨਾ ਗੱਲਾਂ ਦਾ ਦੱਸੋ ਕੌਣ ਜਵਾਬ ਦਿਊ।
ਲੁੱਟੀਆਂ ਹੋਈਆਂ ਇੱਜਤਾਂ ਦਾ ਕੌਣ ਹਿਸਾਬ ਦਿਊ।
ਰੋਲਣ ਇੱਜਤ ਧੀ ਦੀ ਖੁਦ ਜਦ ਰਾਖੇ ਕਾਨੂੰਨਾਂ ਦੇ ਇਹ,
ਸੁਣ ਕੇ ਮੁਨਸਫ ਨੀਵੀਂ ਪਾ ਜੇ ਕੌਣ ਉਥੇ ਇਨਸਾਫ ਦਿਊ।
ਗਿਣਤੀ ਦੇ ਛੱਡ ਅਫਸਰਾਂ ਨੂੰ ਬਾਕੀ ਨੇ ਲੂੱਟ ਮਚਾ ਕੇ,
ਲੱਖਾਂ ਦੇ ਘਪਲੇ ਕੀਤੇ ਜੋ ਉਹ ਦਾ ਕੌਣ ਹਿਸਾਬ ਦਿਊ।
ਜਦ ਲੁੱਟੀ ਅਜਮਤ ਦਾ ਕੋਈ ਅਬਲਾ ਮਸਲਾ ਚੱਕ ਲਵੇ,
ਫਿਰ ਦੋਸ਼ੀ ਦੇ ਆਖੇ ਨੌਕਰ ਉਸ ਤੇ ਪਾ ਤੇਜਾਬ ਦਿਊ।
ਮੁੱਢ ਕਦੀਮੋਂ ਜਿਸ ਦੀ ਖਾਤਰ ਹੈ ਜਾਨ ਨਿਸ਼ਾਵਰ ਕੀਤੀ।
ਵਸਦਾ ਰਸਦਾ ਹੱਥੀ ਉਹ ਕਿੱਦਾਂ ਉਜਾੜ ਪੰਜਾਬ ਦਿਊ।
ਜੋ ਲੋਕਾਂ ਦੀ ਖਾਤਰ ਕਤਰਾ ਕਤਰਾ ਖੂਨ ਬਹਾ ਸਕਦਾ,
ਉਹ ਘਰ ਅਪਣਾ ਸਿੱਧੂ ਦੱਸੋ ਕਿੱਦਾਂ ਹੋਣ ਖਰਾਬ ਦਿਊ।
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਇੰਡੀਆ ਆਖੋ, ਭਾਰਤ ਆਖੋ, ਜਾਂ ਫਿਰ ਆਖੋ ਹਿੰਦੋਸਤਾਨ।
ਬਿੰਨਾਂ ਮਤਲਬ ਤੋਂ, ਨਾਮ ਬਦਲਿਆ, ਇਸ ਨੇ ਬਣ ਨੀ ਜਾਣਾ ਮਹਾਨ।
ਗੱਲੀ ਬਾਤੀਂ, ਲੀਡਰ ਸਾਨੂੰ ਜਦ ਤੱਕ ਵਿਖਾਉਣਗੇ ਸਬਜਬਾਗ,
ਤਦ ਤਾਈਂ, ਇਹ ਹੀ ਹਾਲ ਰਹੂਗਾ, ਇਸ ਤੋਂ ਹੋਊ ਵੱਧ ਨੁਕਸਾਨ।
ਕੀ ਧੱਕੇ ਨਾਲ, ਧਰਮ ਥੋਪੇ ਤੋਂ, ਖੁਸ਼ ਹੋ ਜਾਵਣਗੇ ਦੱਸ ਲੋਕ,
ਮਰਜੀ ਦੇ ਨਾਲ, ਧਿਆਉਣ ਦਿਉ, ਅੱਲ੍ਹਾ ਵਾਹਿਗੁਰੂ ਰਾਮ ਭਗਵਾਨ।
ਇਹ ਨਾਲ ਜਬਰ ਦੇ, ਟੱਕਰ ਨੇ ਲੈਂਦੇ, ਰੱਖਣ ਨਾ ਦਿੱਲਾਂ ਚ ਖੌਫ,
ਮੰਨਣ ਨਾਂ ਈਨ, ਧਰਮ ਦੇ ਨਾਂ ਤੇ, ਹੋ ਜਾਂਦੇ ਹਨ ਹੱਸ ਕੁਰਬਾਨ।
ਛੱਡ ਨਹੀਂ ਸਕਦੇ,ਆਦਤ ਉਹ ਸਿੱਧੂ, ਹੁੰਦੇ ਜੋ ਲੋਕ ਮਜਬੂਰ,
ਪੰਗੇ ਲੈਂਦਾ, ਹੈ ਲੋਕਾਂ ਨਾਲ, ਜਦੋਂ ਸੰਭਾਲੇ ਰਾਜ ਦਰਬਾਨ।