ਵਿਸ਼ਵਾਸ਼ ਉੱਤੇ ਪੈਰ - ਗੌਰਵ ਧੀਮਾਨ

ਗ਼ਰੀਬ ਦੇਸ਼ ਦਾ ਧਨ ਸਰਕਾਰ ਦੇ ਤਹਿਖਾਨੇ ਵਿੱਚ ਜੋੜ ਦਿੱਤਾ ਹੈ। ਜਿਸ ਥਾਂ ਪੈਸਾ ਜਰੂਰੀ ਨਹੀ ਉਸ ਥਾਂ ' ਤੇ ਪੈਸਾ ਸਰਕਾਰ ਨੇ ਖ਼ਰਚ ਕਰਨਾ ਸ਼ੁਰੂ ਕਰ ਦਿੱਤਾ ਹੈ। ਆਮ ਲੋਕਾਂ ਦੀਆਂ ਮੁਸੀਬਤਾਂ ਦਿਨ - ਬ - ਦਿਨ ਖਰਾਬ ਹੁੰਦੀਆਂ ਜਾ ਰਹੀਆਂ ਹਨ। ਹੜ੍ਹਾਂ ਦੇ ਪੈਂਦੇ ਪ੍ਰਭਾਵ ਸਰਕਾਰ ਨੂੰ ਨਜਰ ਹੀ ਨਹੀਂ ਆ ਰਹੇ। ਕਿਸ ਤਰ੍ਹਾਂ ਦੀ ਤਾਨਾਸ਼ਾਹ ਸਰਕਾਰ ਬਣ ਚੁੱਕੀ ਹੈ। ਜੋ ਆਪਣਾ ਹੱਕ ਮੰਗਣ ਲਈ ਅੱਗੇ ਵੱਧਦੇ ਹਨ ਉਹਨਾਂ ਉੱਤੇ ਝੂਠੇ ਪਰਚੇ ਦਰਜ ਕਰਵਾ ਦਿੱਤੇ ਜਾਂਦੇ ਹਨ। ਲੋਕਾਂ ਦੀ ਭਲਾਈ ਦਾ ਝੂਠਾ ਵਾਅਦਾ ਕਰਕੇ ਆਪ ਅਪਣਾ ਰਾਸਤਾ ਬਣਾ ਲੈਂਦੇ ਹਨ। ਕਿੱਥੋਂ ਦੀ ਸਰਕਾਰ ਨੇ ਇਹ ਕਿਹਾ ਕਿ ਜਿੱਥੇ ਅੰਨ ਦਾਣਾ ਖਤਮ ਉੱਥੇ ਅਸੀ ਨਹੀਂ ਪਹੁੰਚੇ ? ਸਵਾਲ ਤੇ ਜਵਾਬ ਬਣ ਕੇ ਰਹਿ ਜਾਂਦੇ ਹਨ ਪਰ ਸਰਕਾਰ ਦੇ ਬੋਲ ਇੱਕ ਵੰਗਾਰ ਦੀ ਤਰ੍ਹਾਂ ਪੇਸ਼ ਆਉਂਦੇ ਹਨ।
        ਇਹਨਾਂ ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਲੋਕ ਕੀ ਕੁਝ ਚਾਉਂਦੇ ਹਨ। ਤੁਹਾਡੀ ਹੀ ਬਣਾਈ ਸਰਕਾਰ ਲੋਕਾਂ ਉੱਤੇ ਝੂਠੇ ਪਰਚੇ ਬਣਾਉਂਦੀ ਹੈ ਤੇ ਲੋਕਾਂ ਉੱਤੇ ਬਹੁਤ ਹੱਤਿਆ ਚਾਰ ਕਰਦੀ ਹੈ। ਸਰਕਾਰ ਵਿਰੁੱਧ ਜੋ ਵੀ ਨਾਅਰੇ ਬਾਜੀ ਹੁੰਦੀ ਹੈ ਉਹ ਤੁਸੀ ਆਪ ਤਿਆਰ ਕੀਤੀ ਹੈ। ਤੁਸੀ ਆਪਣੇ ਵਾਅਦੇ ਕਦੇ ਵੀ ਪੂਰੇ ਨਹੀਂ ਕੀਤੇ। ਇੱਕ ਸਰਕਾਰ ਪੰਜਾਬ ਨੂੰ ਇਹ ਕਹਿ ਦੱਸਦਾ ਹੈ,' ਮੈ ਤੁਹਾਡਾ ਹੀ ਪੁੱਤ ਹਾਂ ਤੇ ਤੁਹਾਡਾ ਹੀ ਭਰਾ ਹਾਂ। ਮੈ ਵੀ ਤੁਹਾਡੇ ਬੱਚਿਆ ਵਰਗਾ ਹਾਂ। ਮੈ ਨਹੀ ਵੇਖਾਂਗਾ ਦੁੱਖ ਤਾਂ ਕੌਣ ਦੇਖੇਗਾ। ਤੁਸੀ ਘਬਰਾਓ ਨਾ ਮੈ ਆ ਗਿਆ। ਇਹ ਸਰਕਾਰ ਤੁਹਾਡੀ ਆਪਣੀ ਹੈ। ਤੁਸੀ ਜਿੰਦਗੀ ਜਿਊਣ ਦੇ ਪੂਰੇ ਹੱਕਦਾਰ ਹੋ।' ਇਹਨਾਂ ਸਭ ਸੁਣ ਕੇ ਤਾਂ ਸਾਫ਼ ਦਿਖਦਾ ਹੈ ਇਹ ਸਭ ਲੋਕਾਂ ਨੂੰ ਦਿਖਾਉਣ ਲਈ ਹੈ।
        ਅਸਲ ਜਿੰਦਗੀ ਵਿੱਚ ਸਰਕਾਰ ਲੋਕਾਂ ਦੇ ਮੂੰਹ ' ਤੇ ਚਪੇੜ ਹੀ ਮਾਰਦੀ ਰਹੀ ਹੈ। ਦੋ ਥਾਵਾਂ ਦੇ ਲੋਕ ਅਸਲ ਮੁੱਦੇ ' ਤੇ ਗੱਲ ਕਰਨ ਲਈ ਸਰਕਾਰ ਕੋਲ਼ ਜਾਂਦੇ ਹਨ। ਦੋਵਾਂ ਦੇ ਬੋਲ ਅਟੱਲ ਸਨ ਤੇ ਇੱਕ ਸਵਾਲ ਰੱਖਦਾ ਹੈ,' ਹੜ੍ਹ ਨਾਲ ਵਧੇਰੇ ਨੁਕਸਾਨ ਹੋਇਆ,ਇਸਦਾ ਕੋਈ ਹੱਲ ਕੱਢੋ।' ਅੱਗੋ ਦੂਜਾ ਬੋਲ ਸੁਣਨ ' ਚ ਆਉਂਦਾ ਹੈ,' ਕੱਚੇ ਘਰ ਟੁੱਟ ਤਬਾਹ ਹੋ ਗਏ। ਉਹਨਾਂ ਮਾਸੂਮ ਗ਼ਰੀਬ ਲੋਕਾਂ ਦਾ ਘਰ ਬਾਰ ਬਣਵਾ ਕੇ ਦਵੋ।' ਦੋਵੇਂ ਸਵਾਲ ਸਰਕਾਰ ਨੂੰ ਝੱਟਕਾ ਦੇ ਰਹੇ ਸੀ। ਦੋਵਾਂ ਵਿੱਚ ਨੁਕਸਾਨ ਬਰਾਬਰ ਸੀ। ਸਰਕਾਰ ਇੱਕ ਫ਼ੈਸਲਾ ਕਰਦੀ ਹੈ। ਦੇਖੋ! ਦੋ ਪੈਸਿਆਂ ਦਾ ਨੁਕਸਾਨ ਨਹੀਂ ਹੋਇਆ ਇਹ ਅਸੀ ਬਾਖੂਬੀ ਜਾਣਦੇ ਹਾਂ ਤੇ ਅਸੀ ਇਸ ਬਾਰੇ ਅੱਗੇ ਦਰਖਾਸਤ ਕਰਾਂਗੇ। ਤੁਸੀ ਬੇਫ਼ਿਕਰ ਰਵੋ।'
        ਇਹ ਸਭ ਸੁਣਨ ਤੋਂ ਬਾਅਦ ਦੋ ਆਗੂ ਚੁੱਪ ਨਹੀਂ ਰਹਿੰਦੇ ਤੇ ਸਰਕਾਰ ਇਹ ਅੱਗੇ ਕਹਿ ਲਲਕਾਰ ਦਿੰਦੇ ਹਨ ਅਗਰ ਤੁਸੀ ਸਾਡੀ ਕਹੀ ਗੱਲ ਨੂੰ ਧਿਆਨ ਵਿੱਚ ਨਹੀਂ ਲੈ ਕੇ ਆਉਂਦੇ... ਉਦੋਂ ਤੱਕ ਅਸੀਂ ਹੱਕ ਲਈ ਲੜ੍ਹਦੇ ਰਹਾਂਗੇ। ਸਰਕਾਰ ਦੇ ਫ਼ੈਸਲੇ ਬੇਸੁਆਦ ਲੱਗੇ। ਹਰ ਵਾਰ ਇੰਝ ਹੀ ਹੁੰਦਾ ਹੈ ਕਿ ਗਰੀਬ ਵਰਗ ਦੁੱਖ ਸਹਿ ਰਿਹਾ ਤੇ ਅਮੀਰਾਂ ਦਾ ਰਾਜ ਦੇਖਿਆ ਜਾ ਰਿਹਾ। ਜੋ ਇਸ ਸਾਲ ਭਾਰੀ ਵਰਖਾ ਨੇ ਸਭ ਤਬਾਹ ਕੀਤਾ ਉਸਤੋਂ ਮਗਰੋਂ ਸਰਕਾਰ ਦਾ ਵੀ ਹੱਥ ਲੱਗਿਆ। ਜਿਹਨਾਂ ਨੇ ਕੁਝ ਪਿੰਡਾਂ ਵਿੱਚ ਡੈਮ ਦਾ ਪਾਣੀ ਤੇਜ ਰਫ਼ਤਾਰ ਨਾਲ ਛੱਡ ਦਿੱਤਾ। ਪਾਣੀ ਨੂੰ ਛੱਡਿਆ ਜਾ ਸਕਦਾ ਹੈ ਲੇਕਿਨ ਵਹਾਅ ਘੱਟ ਕਰਕੇ...ਇੱਥੇ ਇੰਝ ਬਿਲਕੁੱਲ ਨਹੀਂ ਹੋਇਆ। ਰੋਜ਼ ਹੀ ਪਸ਼ੂ ਦੱਬ ਮਰ ਰਹੇ ਹਨ। ਕੱਚੇ ਘਰ ਹੜ੍ਹ ਦੀ ਲਪੇਟ ਵਿੱਚ ਆ ਟੁੱਟ ਰਹੇ ਹਨ ਤੇ ਮਾਸੂਮਾਂ ਦੀਆਂ ਜਾਨਾਂ ਜਾ ਰਹੀਆਂ ਹਨ। ਇਹਨਾਂ ਸਭ ਹੋਣ ਦੇ ਬਾਵਜੂਦ ਵੀ ਸਰਕਾਰ ਦਾ ਇਹ ਇਸ਼ਾਰਾ ਹੁੰਦਾ ਹੈ ਕਿ ਅਸੀਂ ਮਦਦ ਵਿੱਚ ਜੁੱਟੇ ਹਾਂ।
        ਹਾਲਾਂਕਿ ਇਹ ਸਭ ਸੁਣਨ ਵਿੱਚ ਆਉਂਦਾ ਹੈ ਕਿ ਸਰਕਾਰ ਨੇ  ਇੱਕ ਦੋ ਪਿੰਡ ਵਿੱਚ ਜਾ ਕੇ ਆਪ ਗ਼ਰੀਬ ਲੋਕਾਂ ਦੀ ਜਾਨ ਬਚਾਈ ਹੈ। ਜਦੋਂ ਪਤਾ ਹੈ ਪਿੰਡਾ ਵਿੱਚ ਪਾਣੀ ਛੱਡਿਆ ਜਾਵੇਗਾ ਫਿਰ ਕਿਉਂ ਉਹਨਾਂ ਲਈ ਪਹਿਲੋਂ ਇੰਤਜ਼ਾਮ ਨਹੀਂ ਕੀਤਾ ਗਿਆ। ਕਿਉਂ ਨਹੀਂ ਭਰੋਸਾ ਦਿਵਾਇਆ ਗਿਆ ਕਿ ਤੁਸੀ ਬੇਫ਼ਿਕਰ ਰਵੋ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਹੋਣ ਦਿਆਂਗੇ। ਝੂਠੇ ਵਾਅਦੇ ਝੂਠੇ ਲਾਰੇ ਹੀ ਬੋਲ ਸਰਕਾਰ ਨੂੰ ਹੁਣ ਮਹਿੰਗੇ ਪਹਿਣਗੇ। ਜੋ ਗ਼ਰੀਬਾਂ ਦਾ ਨੁਕਸਾਨੀਆਂ ਫ਼ਸਲਾਂ ਤੇ ਘਰ ਨੇ ਉਹ ਸਭ ਸਰਕਾਰ ਪੂਰਾ ਕਰੇਗੀ ਅਗਰ ਸਰਕਾਰ ਇਹ ਸਭ ਪੂਰਾ ਨਹੀਂ ਕਰਦੀ ਤਾਂ ਅਸੀ ਮਰਨ ਲਈ ਤਿਆਰ ਹਾਂ ਤੇ ਅਸੀ ਮਰਾਂਗੇ।
        ਕੁਝ ਪਿੰਡਾਂ ਵਿੱਚ ਤਬਾਹੀ ਦਾ ਮੰਜ਼ਰ ਬਹੁਤ ਭਿਆਨਕ ਦਿਖਿਆ। ਉਹਨਾਂ ਵਿੱਚ ਬੇਕਸੂਰਾਂ ਦਾ ਬਹੁਤ ਨੁਕਸਾਨ ਹੋਇਆ। ਸਰਕਾਰ ਨੇ ਭਰੋਸਾ ਇਹ ਦਿਵਾਇਆ ਕਿ ਤੁਹਾਡਾ ਹੱਕ ਤੁਹਾਨੂੰ ਜਰੂਰ ਮਿਲੇਗਾ। ਲੋਕਾਂ ਦੇ ਮੂੰਹੋਂ ਸੁਣੀ ਇਹ ਗੱਲ ਬਿਲਕੁੱਲ ਅਜੀਬ ਲੱਗਦੀ ਹੈ,' ਲੁੱਟ ਖੋਹ ਵਾਂ ਸਰਕਾਰ ਜਿਹੜੀ ਗ਼ਰੀਬਾਂ ਦਾ ਧਨ ਦੱਬਣ ਲਈ ਬੈਠੀ ਹੈ। ਹੁਣ ਤੱਕ ਕਿਸੇ ਵੀ ਸਰਕਾਰ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਸਾਡਾ ਸਾਰਾ ਪਿੰਡ ਹੜ੍ਹ ਕਰਕੇ ਡੁੱਬ ਗਿਆ ਤੇ ਪਸ਼ੂ ਸਾਡੇ ਮਰ ਮੁੱਕ ਗਏ।' ਇਹ ਸਭ ਜਾਣਕੇ ਬਹੁਤ ਦੁੱਖ ਹੁੰਦਾ ਹੈ ਕਿ ਸਰਕਾਰ ਹੁਣੇ ਵੀ ਚੁੱਪ ਹੀ ਬੈਠੀ ਹੈ। ਇੱਕ ਉੱਚ ਅਹੁਦੇ ਦਾ ਅਧਿਕਾਰੀ ਆਪਣੀ ਉਹ ਜਿੰਮੇਵਾਰੀ ਭੁੱਲ ਜਾਂਦਾ ਹੈ ਜੋ ਉਸਨੇ ਦੇਸ਼ ਭਾਰਤ ਦੀ ਰਕਸ਼ਾ ਕਰਨ ਸਮੇਂ ਜਿੰਮੇਵਾਰੀ ਲਈ ਸੀ। ਅੱਜ ਉਹ ਧਨੋਂ ਧਨ ਹੋਣ ਮਗਰੋਂ ਆਪਣੀਆਂ ਸਾਰੀਆਂ ਜਿੰਮੇਵਾਰੀਆਂ ਭੁੱਲ ਗਿਆ ਹੈ।
        ਸਰਕਾਰਾਂ ਦੇ ਹੁਕਮ ਨਾਲ ਰੋਜ਼ ਝੂਠੇ ਪਰਚੇ ਦਰਜ ਹੁੰਦੇ ਹਨ। ਰੋਜ਼ ਮਦਦਗਾਰ ਲੋਕ ਰੋਂਦੇ ਕੁਰਲਾਉਂਦੇ ਹਨ। ਜਿਹਨਾਂ ਦੀਆਂ ਫ਼ਸਲਾਂ ਉਜਾੜ ਹੋਈਆਂ, ਉਹਨਾਂ ਨੂੰ ਇੱਕ ਧੇਲਾ ਵੀ ਨਹੀਂ ਮਿਲਿਆ। ਜੋ ਵਾਅਦੇ ਸਰਕਾਰ ਨੇ ਕੀਤੇ ਉਹ ਥੋੜ੍ਹਾ ਚਿਰ ਹੀ ਨਜਰ ਆਏ। ਸਮੇਂ ਦੀ ਚਾਬੀ ਅੱਜ ਸਰਕਾਰ ਨੇ ਸਾਂਭ ਲਈ ਹੈ ਜਿਸ ਨਾਲ ਗ਼ਰੀਬ ਘਰ ਦਾ ਚੁੱਲ੍ਹਾ ਮੱਚਣ ਯੋਗ ਨਾ ਰਿਹਾ। ਖਾਣ ਪੀਣ ਦੀ ਹਰ ਚੀਜ਼ ਮਹਿੰਗੀ ਕੀਤੀ ਜਾ ਰਹੀ ਹੈ। ਜਿਸ ਥਾਂ ' ਤੇ ਰੇਡ ਪਹਿਣੀ ਚਾਹੀਦੀ ਹੈ ਉਸ ਥਾਂ ਉੱਤੇ ਪੈਸਿਆਂ ਦੇ ਢੇਰ ਇੱਕਠੇ ਕੀਤੇ ਜਾਂਦੇ ਹਨ। ਜਿਸ ਥਾਂ ਬਾਰੇ ਜਾਣਕਾਰੀ ਝੂਠ ਦਿੱਤੀ ਜਾਂਦੀ ਹੈ ਉਸ ਥਾਂ ਉੱਤੇ ਰੇਡ ਮਾਰ ਕੇ ਸ਼ੇਰ ਬਣ ਦਿਖਾਉਂਦੇ ਹਨ। ਹੱਕ ਮੰਗਣਾ ਕੋਈ ਮਾੜੀ ਗੱਲ ਨਹੀਂ ਹੈ। ਲੋਕਾਂ ਨੇ ਮਿਲ ਕੇ ਸਰਕਾਰ ਖੜ੍ਹੀ ਕੀਤੀ ਹੈ ਤੇ ਮਿਲ ਕੇ ਹੀ ਸਰਕਾਰ ਡਿੱਗ ਵੀ ਸਕਦੀ ਹੈ।
        ਸਰਕਾਰ ਆਪਣਾ ਫ਼ੈਸਲਾ ਜਦੋਂ ਤੱਕ ਸਹੀ ਨਹੀਂ ਕਰਦੀ, ਉਦੋਂ ਤੱਕ ਲੋਕਾਂ ਵਿੱਚ ਦੱਬੀ ਆਵਾਜ਼ ਐਵੇਂ ਹੀ ਇੱਕ ਇੱਕ ਹੋ ਉੱਠੇਗੀ। ਸਰਕਾਰ ਨੂੰ ਸਹੀ ਫ਼ੈਸਲੇ ਲੈਣੇ ਚਾਹੀਦੇ ਹਨ। ਲੋਕਾਂ ਦੀ ਭਲਾਈ ਤਾਂ ਹੀ ਹੋ ਸਕਦੀ ਹੈ ਜੇ ਰੱਲੀ ਮਿਲੀ ਸਰਕਾਰ ਵੱਲ ਮੂੰਹ ਨਾ ਕੀਤਾ ਜਾਏ। ਜਿਸ ਧਰਤੀ ਤੋਂ ਜੰਮੇ ਹੋ ਉਸ ਧਰਤੀ ਨੂੰ ਹੀ ਖਾਣ ਨੂੰ ਤੁਰ ਪਏ ਹੋ। ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨਾ ਕੋਈ ਗਲਤ ਗੱਲ ਨਹੀਂ ਹੈ ਪਰ ਇਹ ਸੱਚ ਇੱਥੇ ਇਨਸਾਫ਼ ਵੀ ਛੇਤੀ ਨਹੀਂ ਹੈ। ਸਰਕਾਰਾਂ ਦੇ ਨਜ਼ਰੀਏ ਤੋਂ ਲੋਕਾਂ ਦਾ ਵਿਸ਼ਵਾਸ ਪੈਰੀ ਨਿੱਚੇ ਹੈ। ਜਿਹੜਾ ਕਿ ਪੈਰੀ ਹੇਠਾਂ ਦੱਬ ਦਿੱਤਾ ਜਾਂਦਾ ਹੈ। ਸਰਕਾਰ ਨੂੰ ਬਚਨਯੋਗ ਬਣ ਦਿਖਾਉਣਾ ਚਾਹੀਦਾ ਹੈ ਤੇ ਗ਼ਰੀਬਾਂ ਦੀ ਪੂਰੀ ਤਰ੍ਹਾਂ ਮਦਦ ਕਰਨੀ ਚਾਹੀਦੀ ਹੈ।

ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016