ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
17 ਸਤੰਬਰ 2023
ਇੰਡੀਆ ਦਾ ਨਾਮ ਬਦਲ ਕੇ ਭਾਰਤ ਕਰ ਦਿਤਾ ਜਾਵੇਗਾ- ਭਾਜਪਾ ਆਗੂ ਦਲੀਪ ਘੋਸ਼
ਜਿੱਥੇ ਮਰਜ਼ੀ ਨਿਸ਼ਾਨੇ ਲਾ, ਹੁਣ ਤੇਰੇ ਦਿਨ ਬੱਲੀਏ।
ਅਕਾਲੀ ਦਲ ਬਾਦਲ ‘ਚ ਹੇਠਲੇ ਪੱਧਰ ਦੇ ਆਗੂਆਂ ਵਿਚ ਵੀ ਬਗ਼ਾਵਤ ਸ਼ੁਰੂ- ਇਕ ਖ਼ਬਰ
ਭੋਗ ਦੇ ਸ਼ਲੋਕਾਂ ਵੇਲੇ ਸਭ ਨੂੰ ਬੁਲਾ ਲਿਉ ਬਈ।
ਭਗਵੰਤ ਮਾਨ ਨੇ ਪੰਜਾਬੀਆਂ ਨਾਲ ਧੋਖਾ ਕੀਤਾ-ਹਰਸਿਮਰਤ ਬਾਦਲ
ਤੇ ਜਿਹੜੀਆਂ ਜੜ੍ਹਾਂ ਤੁਸੀਂ ਪੰਜਾਬ ਦੀਆਂ ਵੱਢੀਆਂ, ਕੀ ਉਹ ਧੋਖਾ ਨਹੀਂ?
ਭਾਰਤ ਕਿਸਾਨਾਂ ਦੀ ਬਦੌਲਤ ਹੀ ਹੈ- ਉੱਪ ਰਾਸ਼ਟਰਪਤੀ ਧਨਖੜ
ਫੇਰ ਹਰੇਕ ਕਿਸਾਨ ਲੱਖਾਂ ਰੁਪਿਆਂ ਦਾ ਕਰਜ਼ਾਈ ਕਿਉਂ ਹੈ ਜੀ?
ਗੁਜਰਾਤ ਦੇ 900 ਤੋਂ ਵੱਧ ਪ੍ਰਇਮਰੀ ਸਕੂਲਾਂ ਵਿਚ ਸਿਰਫ਼ ਇਕ ਹੀ ਅਧਿਆਪਕ- ਇਕ ਖ਼ਬਰ
ਗੁਜਰਾਤ ਮਾਡਲ ਜ਼ਿੰਦਾਬਾਦ।
‘ਇੰਡੀਆ’ ਗੱਠਜੋੜ ਵਲੋਂ 14 ਐਂਕਰਾਂ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨ ਦਾ ਐਲਾਨ- ਇਕ ਖ਼ਬਰ
ਜਿਗਰੀ ਯਾਰ ਬਿਨਾਂ, ਕੋਈ ਨਾ ਦਿਲਾਂ ਦਾ ਜਾਨੀ।
ਪੱਛਮੀ ਬੰਗਾਲ ਦੇ ਰਾਜਪਾਲ ਨੇ ਕੇਂਦਰ ਨੂੰ ਗੁਪਤ ਚਿੱਠੀ ਲਿਖੀ, ਮਚਿਆ ਬਵਾਲ- ਇਕ ਖ਼ਬਰ
ਚਿੱਠੀਆਂ ਪ੍ਰੇਮ ਦੀਆਂ, ਸੋਹਣੇ ਯਾਰ ਦਾ ਉੱਤੇ ਸਿਰਨਾਵਾਂ।
‘ਇੰਡੀਆ’ ਨਾਮ ਦਾ ਅੰਗਰੇਜ਼ਾਂ ਨਾਲ ਕੋਈ ਸਬੰਧ ਨਹੀਂ- ਇਤਿਹਾਸਕਾਰ ਇਰਫਾਨ ਹਬੀਬ
ਗੋਰਿਆਂ ਦਾ ਰੌਲ਼ਾ ਕੋਈ ਨਾ, ਚੰਗਾ ਲਗਦਾ ਨਹੀਂ ਭਾਜਪਾ ਨੂੰ ਨਾਂ।
ਕੇਂਦਰ ਸਰਕਾਰ ਸੂਬਿਆਂ ‘ਚ ਚੋਣਾਂ ਮੁਲਤਵੀ ਕਰਨਾ ਚਾਹੁੰਦੀ ਹੈ- ਪ੍ਰਸ਼ਾਂਤ ਭੂਸ਼ਨ
ਆ ਵੇ ਮਾਹੀ ਬਹਿ ਵੇ ਮਾਹੀ, ਦਿਲ ਦਾ ਹਾਲ ਸੁਣਾਵਾਂ।
ਭਾਰਤ ‘ਚ 40 ਫ਼ੀਸਦੀ ਸੰਸਦ ਮੈਂਬਰਾਂ ਵਿਰੁੱਧ ਅਪਰਾਧਕ ਮਾਮਲੇ ਦਰਜ- ਇਕ ਖ਼ਬਰ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।
ਪੰਜਾਬ ਵਿਚ ਕਾਂਗਰਸ ਦਾ ‘ਆਪ’ ਨਾਲ ਗੱਠਜੋੜ ਦਾ ਫ਼ੈਸਲਾ ਹੋ ਚੁੱਕਾ ਹੈ- ਰਵਨੀਤ ਸਿੰਘ ਬਿੱਟੂ
ਅੰਦਰੋ ਅੰਦਰੀ ਲੁਕ ਛਿਪ ਲਾਈਆਂ, ਵੱਜ ਜਾਣੇ ਹੁਣ ਢੋਲ ਨਗਾਰੇ।
‘ਇੰਡੀਆ’ ਤਾਲਮੇਲ ਕਮੇਟੀ ਦੀ ਪਹਿਲੀ ਮੀਟਿੰਗ ਹੋਈ-ਇਕ ਖ਼ਬਰ
ਅੱਡੀ ਮਾਰ ਕੇ ਨੱਚੀ ਜਦ ਬੰਤੋ, ਪਿੰਡ ‘ਚ ਭੁਚਾਲ ਆ ਗਿਆ।
ਹੁਣ ਬਸਪਾ ਅਕਾਲੀ ਦਲ ਤੋਂ ਪੱਲਾ ਛੁਡਾ ਕੇ ਆਪਣੇ ਬਲਬੂਤੇ ਚੋਣ ਲੜੇਗੀ- ਇਕ ਖ਼ਬਰ
ਨੱਚ ਲੈ ਸ਼ਿਆਮ ਕੁਰੇ, ਹੁਣ ਭੋਰ ਬੋਲੀਆਂ ਪਾਵੇ।
ਪਹਿਲਾਂ ਹੀ ਵਧੀਆ ਚਲਦੇ ਸਕੂਲ ਨੂੰ ਸਕੂਲ ਆਫ਼ ਐਮੀਨੈਂਸ ਕਹਿ ਕੇ ਵਾਹਵਾ ਖੱਟ ਰਹੀ ਹੈ ਮਾਨ ਸਰਕਾਰ- ਕੁੰਵਰ ਵਿਜੇ ਪ੍ਰਤਾਪ
ਟੁੱਟ ਪੈਣੇ ਬਚਨੇ ਨੇ, ਕੰਧ ਢਾ ਕੇ ਚੁਬਾਰਾ ਪਾਇਆ।
ਜੇ ਹਿੰਮਤ ਹੈ ਤਾਂ ਭਾਜਪਾ ਦੇਸ਼ ਦਾ ਨਾਮ ਬਦਲ ਕੇ ਵਿਖਾਵੇ- ਕੇਜਰੀਵਾਲ
ਜੇ ਤੂੰ ਚੁੰਘੀਆਂ ਬੂਰੀਆਂ, ਤਾਂ ਵਿਚ ਮੈਦਾਨੇ ਆ।