ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
11 ਸਤੰਬਰ 2023
ਰਾਜਾ ਵੜਿੰਗ ਨੇ 13 ਸੀਟਾਂ ‘ਤੇ ਚੋਣ ਲੜਨ ਦੀ ਗੱਲ ਦੁਹਰਾਈ- ਇਕ ਖ਼ਬਰ
ਬਹਿਣ ਦੇਣਾ ਨਹੀਂ ਕਿਸੇ ਨੂੰ ਅਸੀਂ ਟਿਕ ਕੇ, ਕਾਨਾ ਟਿੰਡ ਵਿਚ ਪਾਈ ਰੱਖਣਾ।
‘ਆਪ’ ਨਾਲ਼ ਗੱਠਜੋੜ ਪੰਜਾਬ ਕਾਂਗਰਸ ਦੇ ਕਾਡਰ ਦੀਆਂ ਭਾਵਨਾਵਾਂ ਦੇ ਵਿਰੁੱਧ- ਬਾਜਵਾ
ਹੀਰ ਖੇੜਿਆਂ ਨਾਲ਼ ਨਾ ਤੁਰੇ ਮੂਲ਼ੇ, ਸਾਡੀ ਇਹਨਾਂ ਦੇ ਨਾਲ ਖੜਖੱਸ ਹੋਈ।
ਪੰਜਾਬ ਸਰਕਾਰ ਅਤੇ ਸੰਘਰਸ਼ਸ਼ੀਲ ਪਟਵਾਰੀਆਂ ਦਰਮਿਆਨ ਵਧਣ ਲੱਗਾ ਟਕਰਾਅ- ਇਕ ਖ਼ਬਰ
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ।
ਦਿੱਲੀ ਗੁਰਦੁਆਰਾ ਕਮੇਟੀ ਦੇ ਖਾਤੇ ਆਨਲਾਈਨ ਕਿਉਂ ਨਹੀਂ ਕੀਤੇ ਗਏ- ਅਕਾਲੀ ਦਲ ਦਿੱਲੀ
ਵਾਰਸਸ਼ਾਹ ਲੁਕਾਈਏ ਜੱਗ ਕੋਲੋਂ, ਭਾਵੇਂ ਆਪਣਾ ਹੀ ਗੁੜ ਖਾਈਏ ਜੀ।
ਲੜਕੀ ਵਾਲੇ ਉਡੀਕਦੇ ਰਹੇ ਤੇ ਲਾੜਾ ਘੋੜੀ ਚੜ੍ਹਨ ਤੋਂ ਪਹਿਲਾਂ ਹੀ ਫਰਾਰ ਹੋ ਗਿਆ।
ਕਿਸਮਤ ਵਾਲ਼ਾ ਸੀ, ਬਚ ਗਿਆ ਉਮਰ ਕੈਦ ਤੋਂ।
ਪੰਜਾਬ ‘ਚ ਹਰੇਕ ਕਿਸਾਨ ਸਿਰ ਦੋ ਲੱਖ ਪਚਾਨਵੇਂ ਹਜ਼ਾਰ ਦਾ ਕਰਜ਼ਾ- ਇਕ ਖ਼ਬਰ
ਕਮਾਲ ਐ ਯਾਰ ਸਰਕਾਰ ਵਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਬਾਵਜੂਦ ਏਨਾ ਕਰਜ਼ਾ!
ਗਿੱਦੜਬਾਹਾ ਦੇ ਪਿੰਡਾਂ ਦੇ ਵਿਕਾਸ ਕਾਰਜਾਂ ‘ਚ ਘਪਲਾ, 400 ਦੀ ਇਕ ਇੱਟ ਅਤੇ 3500 ਦੀ ਸੀਮਿੰਟ ਦੀ ਬੋਰੀ-ਇਕ ਖ਼ਬਰ
ਧਿਆਨ ਨਾਲ ਦੇਖੋ ਇੱਟਾਂ ਚਾਂਦੀ ਦੀਆਂ ਸਨ ਤੇ ਸੀਮਿੰਟ ਵਿਚ ਸੋਨੇ ਦਾ ਬੁਰਾਦਾ ਪਾਇਆ ਹੋਇਆ ਸੀ।
ਹੁਣ ਮੈਂ ਹਮੇਸ਼ਾ ਭਾਜਪਾ ‘ਚ ਰਹਿਣ ਦਾ ਮਨ ਬਣਾ ਲਿਐ- ਕੈਪਟਨ ਅਮਰਿੰਦਰ ਸਿੰਘ
ਨਵਿਆਂ ਦੇ ਸੰਗ ਲੱਗ ਕੇ, ਭੁੱਲ ਗਈ ਯਾਰ ਪੁਰਾਣੇ।
ਹੁਣ ਰਾਜਸਥਾਨ ‘ਚ ਗਰਜੇ ਕੇਜਰੀਵਾਲ ਤੇ ਭਗਵੰਤ ਮਾਨ, ਕਈ ਗਾਰੰਟੀਆਂ ਐਲਾਨੀਆਂ- ਇਕ ਖ਼ਬਰ
ਰੋਕੜ ਲੱਕ ਬੰਨ੍ਹ ਕੇ, ਛੜੇ ਤੀਵੀਆਂ ਖ਼ਰੀਦਣ ਜਾਂਦੇ।
ਬਾਜਵਾ ਨੇ ਪੰਜਾਬ ਵਿਚ ‘ਆਪ’ ਨਾਲ ਗੱਠਜੋੜ ਦਾ ਮੁੜ ਕੀਤਾ ਵਿਰੋਧ- ਇਕ ਖ਼ਬਰ
ਬੰਤੋ ਦੇ ਬਾਪੂ ਨੇ, ਪੱਗ ਲਾਹ ਕੇ ਸੁਆਹ ਵਿਚ ਮਾਰੀ।
ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲਈ ਜਗਦੀਸ਼ ਸਿੰਘ ਝੀਂਡਾ ਸਰਗਰਮ- ਇਕ ਖ਼ਬਰ
ਚਰਖੇ ਦੀ ਘੂਕ ਸੁਣ ਕੇ, ਜੋਗੀ ਉੱਤਰ ਪਹਾੜੋਂ ਆਇਆ।
ਕਾਂਗਰਸ ‘ਚੋਂ ਆਏ ਆਗੂਆਂ ਦਾ ਭਾਜਪਾ ‘ਚ ਨਹੀਂ ਬੈਠ ਰਿਹਾ ਤਾਲਮੇਲ- ਇਕ ਖ਼ਬਰ
ਢਲ਼ ਗਏ ਜੋਬਨ ਤੋਂ, ਮੁੱਲ ਨਾ ਪਵੇ ਦੁਆਨੀ।
ਪੰਜਾਬ ਵਿਚ ਕਾਂਗਰਸ ਤੇ ‘ਆਪ’ ਪਾਰਟੀ ਦੇ ਗੱਠਜੋੜ ਮੁੱਦੇ ਨੂੰ ਲੈ ਕੇ ਮਚਿਆ ਘਮਸਾਣ- ਇਕ ਖ਼ਬਰ
ਕੂੰਡੇ ਟੁੱਟ ਗਏ ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।
ਪੁਲਿਸ ਗ਼ੈਰਕਾਨੂੰਨੀ ਮਾਈਨਿੰਗ ਕਰਨ ਵਾਲ਼ਿਆਂ ਨਾਲ਼ ਮਿਲੀ ਹੋਈ ਹੈ- ਹਾਈ ਕੋਰਟ
ਕੜਾਹ ਦਾ ਦੇਵੇ ਰੁੱਗ ਭਰ ਕੇ, ਯਾਰੀ ਭਾਈ ਦੇ ਮੁੰਡੇ ਨਾਲ਼ ਲਾਉਣੀ।