ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
04 ਸਤੰਬਰ 2023
ਘਰੇਲੂ ਰਸੋਈ ਗੈਸ ਸਲੰਡਰ 200 ਰੁਪਏ ਸਸਤਾ ਹੋ ਜਾਵੇਗਾ- ਇਕ ਖ਼ਬਰ
ਯਾਨੀ ਕਿ 24 ਵਾਸਤੇ ਰਿਉੜੀਆਂ ਦੀ ਥੈਲੀ ਹੌਲੀ ਹੌਲੀ ਖੁੱਲ੍ਹਦੀ ਜਾਵੇਗੀ।
ਰਾਜਸਥਾਨ ‘ਚ ਔਰਤ ਨੂੰ ਨਗਨ ਹਾਲਤ ਵਿਚ ਘੁਮਾਉਣ ਦਾ ਮਾਮਲਾ- ਇਕ ਖ਼ਬਰ
ਮਨੀਪੁਰ ਨੂੰ ਕੀ ਰੋਨੀ ਏਂ ਊਤ ਗਿਆ ਈ ਆਵਾ।
ਪੇਸ਼ੀ ਭੁਗਤਣ ਆਏ ਸੁਖਬੀਰ ਦੇ ਵਰਕਰਾਂ ਵਲੋਂ ਕੋਟਕਪੂਰਾ ‘ਚ ਦੋ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ- ਇਕ ਖ਼ਬਰ
ਡਿਗੀ ਖੋਤੇ ਤੋਂ , ਗੁੱਸਾ ਘੁਮਿਆਰ ਤੇ।
ਸੁਖਬੀਰ ਬਾਦਲ ਸਾਥੀਆਂ ਸਮੇਤ ਜਲੰਧਰ ‘ਚ ਕਿਸਾਨਾਂ ਦੇ ਹੱਕ ਵਿਚ ਧਰਨਾ ਦੇਣਗੇ- ਇਕ ਖ਼ਬਰ
ਗਿਰਗਟਾਂ ਤੋਂ ਬਚ ਕੇ ਰਹੀਓ ਕਿਸਾਨ ਭਰਾਵੋ, ਇਹ ਉਹੀ ਨੇ ਖੇਤੀ ਬਿੱਲਾਂ ਦੇ ਹੱਕ ‘ਚ ਬੋਲਣ ਵਾਲੇ।
ਭਾਜਪਾ ਨਾਲ ਗੱਠਜੋੜ ਕਰਨ ਲਈ ਬਾਦਲ ਦਲ ਤਰਲੋਮੱਛੀ ਹੋ ਰਿਹਾ ਹੈ-ਇਕ ਖ਼ਬਰ
ਮੈਂ ਮਰਦੀ ਜਾਵਾਂ ਵੇ ਸੋਹਣਿਆਂ, ਤੱਤੜੀ ਨੂੰ ਹਿੱਕ ਨਾਲ ਲਾ ਲੈ।
ਬਸਪਾ ਆਪਣੇ ਦਮ ’ਤੇ ਲੋਕ ਸਭਾ ਅਤੇ ਚਾਰ ਸੂਬਿਆਂ ‘ਚ ਵਿਧਾਨ ਸਭਾ ਦੀਆਂ ਚੋਣਾਂ ਲੜੇਗੀ- ਮਾਇਆਵਤੀ
ਘੜਾ ਚੁੱਕ ਲਊਂ ਪੱਟਾਂ ‘ਤੇ ਹੱਥ ਧਰ ਕੇ, ਖ਼ਸਮਾਂ ਨੂੰ ਖਾਣ ਕੁੜੀਆਂ।
ਮੋਦੀ ਜੀ ਨੇ ਕਦੇ ਕੁਰਸੀ ਦੀ ਪਰਵਾਹ ਨਹੀਂ ਕੀਤੀ- ਨੱਢਾ
ਖੁਆਜੇ ਦਾ ਗਵਾਹ ਡੱਡੂ।
ਭਾਜਪਾ ਦਾ ਕੌਮੀ ਸਕੱਤ੍ਰ ਬਣਨ ‘ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਵਲੋਂ ਮਨਜਿੰਦਰ ਸਿੰਘ ਸਿਰਸਾ ਦਾ ਭਰਪੂਰ ਸੁਆਗਤ- ਇਕ ਖ਼ਬਰ
ਮਿੱਠੇ ਯਾਰ ਦੇ ਬਰੋਬਰ ਬਹਿਕੇ, ਮਿੱਠੇ ਮਿੱਠੇ ਬੇਰ ਚੁਗੀਏ।
ਪ੍ਰਧਾਨ ਮੰਤਰੀ ਦੇਸ਼ ਨੂੰ ਦੱਸਣ ਕਿ ਉਹ ਅਡਾਨੀ ਵਿਰੁੱਧ ਪੜਤਾਲ ਕਿਉਂ ਨਹੀਂ ਕਰਵਾ ਰਹੇ- ਰਾਹੁਲ ਗਾਂਧੀ
ਮੇਰੇ ਯਾਰ ਨੂੰ ਮੰਦਾ ਨਾ ਬੋਲੀਂ, ਮੇਰੀ ਭਾਵੇਂ ਜਿੰਦ ਕੱਢ ਲੈ।
ਬਾਦਲ ਅਕਾਲੀ ਦਲ ਹਰਿਆਣਾ ਗੁਰਦੁਅਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੇਗਾ- ਇਕ ਖ਼ਬਰ
ਯਾਨੀ ਕਿ ਥੁੱਕ ਕੇ ਚੱਟੇਗਾ।
‘ਇੰਡੀਆ’ ਗੱਠਜੋੜ ਨੇ ਅਕਾਲੀ ਦਲ ਨੂੰ ਇਸ ਵਿਚ ਸ਼ਾਮਲ ਹੋਣ ਦਾ ਦਿਤਾ ਸੱਦਾ-ਇਕ ਖਬਰ
ਮੈਨੂੰ ਚੁਟਕੀ ਦੇ ਨਾਲ ਬੁਲਾਉਂਦਾ ਨੀਂ, ਇਕ ਗੱਭਰੂ ਹਾਣ ਦਾ।
ਕੇਂਦਰ ਸਰਕਾਰ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ- ਇਕ ਖ਼ਬਰ
ਲੱਸੀ ਲੈਣ ਦੇ ਬਹਾਨੇ ਆਉਂਦੇ, ਛੜਿਆਂ ਦੀ ਨੀਅਤ ਬੁਰੀ।
ਲੋਕ ਸਭਾ ਚੋਣਾਂ ਇਕਜੁਟ ਹੋ ਕੇ ਲੜੇਗਾ ‘ਇੰਡੀਆ’ ਗੱਠਜੋੜ- ਇਕ ਖ਼ਬਰ
ਵਾਰਸ ਸ਼ਾਹ ਮੀਆਂ ਚੰਦ ਰੋਜ਼ ਅੰਦਰ, ਖੇੜੇ ਮੇਲ ਕੇ ਜੰਞ ਲੈ ਆਂਵਦੇ ਨੇ।
ਬਾਦਲਕਿਆਂ ਨੇ ‘ਇਕ ਦੇਸ਼ ਇਕ ਚੋਣ’ ਦੀ ਹਮਾਇਤ ਕਰ ਕੇ ਪੰਜਾਬ ਨਾਲ ਇਕ ਹੋਰ ਗ਼ਦਾਰੀ ਕੀਤੀ- ਖਾਲੜਾ ਮਿਸ਼ਨ
ਇਹਨਾਂ ਸੋਹਣਿਆਂ ਮੂੰਹਾਂ ‘ਤੇ ਖ਼ਾਕ ਪੈਣੀ, ਕੁੰਡੇ ਲੱਗਣੇ ਅੰਤ ਹਵੇਲੀਆਂ ਨੂੰ।
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਨੇ ਦਿਤਾ ਅਸਤੀਫ਼ਾ- ਇਕ ਖ਼ਬਰ
ਕੋਹ ਤੁਰੀ ਨਾ, ਬਾਬਾ ਤ੍ਰਿਹਾਈ।