ਅਨਮੋਲ  ਰੱਖੜੀ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਰੱਖੜੀ.ਰਾਖੀ,ਰਕਸ਼ਾ ਬੰਧਨ,ਰਾਖੀ ਬੰਧਂਨ.ਕੁਝ ਵੀ ਕਹਿ ਲਓ,ਰੱਖੜੀ ਦਾ ਤਿਉਹਾਰ ਹੈ ਨਿਰਾ ਪਿਆਰ,ਤੇ ਅਨੁੱਠੀ ਕਸਮ ਹੈ,ਭੈਣ ਦੀ ਰੱਖਿਆ ਕਰਨ ਦੀ।ਇਹ ਮੇਲ ਮਿਲਾਪ,ਤੇ ਬੇਗਾਨਿਆਂ ਨੂੰ ਅਪਨੇ ਬਣਾਉਣ ਦਾ ਸਲੀਕਾ ਹੈ। ਬੇਸ਼ੱਕ ਅੱਜ ਇਸ ਨੂੰ ਵੀ ਪਦਾਰਥ ਵਾਦੀ ਮਾਹੌਲ ਨੇ ਆਪਣਾ ਰੰਗ ਲਾ ਦਿੱਤਾ ਹੈ,ਤੇ ਰੇਸ਼ਮ ਦੀ ਡੋਰੀ ਖ੍ਰੀਦ ਫਰੋਖਤ ਦੀ ਆਈਟਮ ਬਣ ਕੇ ਰਹਿ ਗਈ ਹੈ।ਰੱਖੜੀ ਸਕਿਆਂ ਲਈ ਨਹੀਂ ਬੇਗਾਨੇ ਵੀਰ ਆਪਣੇ ਬਣਾਉਣ ਲਈ ਪਰਾਂਦੇ ਨਾਲੌਂ ਲਾਇਆ ਧਾਗਾ ਜਾਂ ਦੁਪੱਟੇ ਨਾਲੋਂ ਲਾਹੀ ਲੀਰ- ਇਕ ਦਿਲ ਵਿੱਚ ਵੱਜ ਜਾਣ ਵਾਲੀ ਗੱਠ ਸੀ,ਤੇ ਗੱਠ ਆਖਰੀ ਦਮ ਤੱਕ ਸਲਾਮਤ ਰਹਿੰਦੀ  ਸੀ,ਇਸਦੀ ਸ਼ਰਤ ਹੁੰਦੀ ਸੀ ਔਖੀ ਵੇਲੇ ਜਦੋਂ ਸਕੇ ਦੂਰ ਹੋਣ ਤਾਂ ਗੱਠ ਬੰਨ੍ਹਣ ਵਾਲੀ ਭੈਣ ਦੀ ਮਦਦ ਕਰਨਾਂ,ਧਰਮ ਦੀ ਭੈਣ ਦੀ ਰਾਖੀ ਕਰਨਾਂ।
ਵਰ੍ਹਿਆਂ ਤੋਂ ਇੰਜ ਹੀ ਚਲਦਾ ਆ ਰਿਹਾ ਸੀ ਤੇ ਇਸ ਤਰਾਂ ਸਮਜਿਕ ਏਕਤਾ ਪੀਢੀ ਹੁੰਦੀ ਰਹਿੰਦੀ ਸੀ।ਇਕ ਹੋਰ ਵੀਰ ਬਨਾਉਣ ਤੇ ਪਿਆਰ ਦੀ ਇਹ ਕਸਮ ਮਨੋਰੰਜਕ ਰਸਮ ਵੀ ਸੀ।ਬੜਾ ਮਜ਼ਾ ਆਉਂਦਾ ਜਦੋਂ ਵੀਰ ਅੱਗੇ,ਅੱਗੇ ਤੇ ਭੈੈਣ ਰੱਖੜੀ ਲੈ ਕੇ ਪਿਛੇ ਪਿਛੈ ਸਾਰੇ ਵਿਹੜੈ ਵਿੱਚ ਦੌੜਦੇ।
ਮੈਂ ਵੀਰ ਨੂੰ ਰੱਖੜੀ ਬੰਨ੍ਹਣ ਲਗੀ,ਉਹ ਭੱਜ ਪਿਆ,ਦੋ ਰੁਪਏ ਦੀ ਰੱਖੜੀ ਤੇ ਸੌ ਰੁਪਏ ਦਿਓ ਇਹਨੂੰ ਗੰਢ ਮਾਰਨ ਦੇ ,ਮੈਂ ਘੜੀ ਰੋਜ਼ ਆਪੇ ਇਕ ਹੱਥ ਨਾਲ ਬੰਨ੍ਹਦਾ ਹਾਂ ਤੇ ਰੱਖੜੀ ਨਾਂ ਬੰਨ੍ਹੀ ਜਾਊ ਮੇਰੇ ਤੋਂ,ਸੌ ਰੁਪਏ ਕਿਉਂ ਗਵਾਉਣੇ?ਉਹ ਖੋਹ ਕੇ ਰੱਖੜੀ ਅੋਹ ਗਿਆ ਤੇ ਆਪੇ ਬੰਨ੍ਹਣ ਲਗਾ ਅਸੀਂ ਹਸੀ ਜਾਈਏ,
ਉਹ ਨਾਲ ਨਾਲ ਬੋਲੀ ਜਾਵੇ,ਬਿਜ਼ਨੇਸ ਵਧੀਆ,ਦੋ ਰੁਪਏ ਲਾਓ,ਸੌ ਰੁਪਏ ਪਾਓ..ਦੋ ਰੁਪਏ ਲਾਓ,ਸੌ ਰੁਪਏ ਪਾਓ ਤੇ ਉਸ ਨੇ ਉਹੋ ਰੱਖੜੀ ਮੇਰੀ ਕਲਾਈ ਤੇ ਬੰਂ੍ਹਨ ਦਿੱਤੀ ਤੇ ਖਹਿੜੈ ਪੈ ਗਿਆ,ਆਹ ਚੁੱਕ ਦੋ ਰੁਪਏ,ਤੇ ਕੱਢ ਸੌ ਰੁਪਏ।ਅੱਧਾ,ਪੌਣਾ ਘੰਟਾ,ਹਾਸਾ ਠੱਠਾ ਚਲਦਾ,ਪਿਆਰ ਦਾ ਉੱਤਸਵ ਵੀ ਹੋ ਜਾਂਦਾ ਤੇ ਘਰ ਵਿੱਚ ਰੌਣਕ ਵੀ ਛਣਕਣ ਲਗਦੀ।
ਪਿਛਲੀ ਰੱਖੜੀ ਤੇ ਸਕੂਲ਼ ਵਿੱਚ ਸੋਫੀਆ ਦੇ ਨਾਲ ਬੈਠੇ ਨਿਤਨ ਦੀ ਰੱਖੜੀ ਦੀ ਗੰਢ ਖੁਲ੍ਹ ਗਈ ,ਉਹ ਬੰਨ੍ਹਣ ਦੀ ਕੋਸ਼ਿਸ਼ ਕਰਨ ਲਗਾ,ਪਰ ਅਸਫਲ-,ਸੋਫੀਆ ਨੇ ਰੱਖੜੀ ਦੀ ਗੱਠ ਬੰਨ੍ਹ ਦਿੱਤੀ,ਦੋਨਾਂ ਨੂੰ ਇਹ ਇਕ ਮਦਦ ਹੀ ਲਗੀ ਤੇ ਸ਼ਿਸ਼ਟਾਚਾਰ ਵੀ।ਨਿਤਨ ਨੇ ਘਰ ਜਾ ਕੇ ਆਪਣੀ ਮੰਮੀ ਨੂੰ ਇਸ ਬਾਰੇ ਦੱਸਿਆ,ਅਗਲੇ ੇਦਿਨ ਉਹਦੀ ਮੰਮੀ ਨੇ ਉਸ ਨੂੰ ਸੌ ਦਾ ਨੋਟ ਦੇ ਕੇ ਤਾਕੀਦ ਕੀਤੀ ਕਿ ਸੋਫੀਆ ਤੇਰੀ ਨਵੀਂ ਭੈਣ ਹੈ,ਉਸ ਨੇ ਤੈਨੂੰ ਰੱਖੜੀ ਬੰਨ੍ਹੀ ਹੈ ਇਹ ਸ਼ਗਨ ਦੇ ਰੁਪਏ ਉਸ ਨੂੰ ਜਾਂਦਿਆ ਹੀ ਯਾਦ ਨਾਲ ਦੇ ਦੇਣਾ।
( ਸਕੂਲ ਵਿਚ) ਨਿਤਨ -ਸੋਫੀਆ',ਮੰਮਾ ਨੇ ਤੈਨੂੰ ਸੌ ਰੁਪਏ ਰੱਖੜੀ ਬੰਨ੍ਹਣ ਦੇ ਭਿਜਵਾਏੈ,ਅਹਿਲੈ ਸੰਭਾਲ ਲੈ।
ਸੋਫੀਆ-( ਹੈਰਾਨ ਹੋ ਕੇ)ਨਹੀਂ ਨਹੀਂ ਪੈਸੇ ਥੋੜੋ ਲੈਣੇ।
ਨਿਤਨ ਨੇ ਆਪਣੀ ਮੰਮੀ ਦੀ ਹਦਾਇਤ ਤੇ ਫੁੱਲ ਚੜ੍ਹਾਏ ਤੇ ਨੋਟ ਦੇ ਕੇ ਰਿਹਾ।ਸੋਫੀਆ ਨੇ ਘਰ ਆ ਕੇ ਮੈਨੂੰ ਸਾਰੀ ਗਲ ਦੱਸੀ ਤੇ ਨੋਟ ਫੜਾ ਦਿੱਤਾ,ਮੈਂ ਨੋਟ ਨਾਲ ਇਕ ਚਿੱਟ ਲਗਾਈ ਤੇ ਧੰਂਨਵਾਦ ਸਾਹਿਤ ਇਹ ਲਿਖਿਆ ਕਿ" ਰੱਖੜੀ ਅਨ ਮੁੱਲ ਹੁੰਦੀ ਹੈ ਇਸਦੀ ਕੀਮਤ ਰੁਪਈਆਂ ਵਿੱਚ ਨਹੀਂ ਹੁੰਦੀ",ਤੇ ਭਿਜਵਾ ਦਿੱਤੀ।
ਅਗਲੇ ਦਿਨ ਨਿਤਨ ਦੀ ਮੰਮੀ ਨੇ ਲਿਖ ਕੇ ਭੇਜਿਆ ਇਹ ਸ਼ਗਨ ਹੁੰਦਾ ਹੈ ਤੇ ਸ਼ਗਨ ਵਾਪਸ ਕਰਨਾਂ ਕੁਰੀਤੀ ਹੈ।ਨੋਟ ਫਿਰ ਨਿਤਨ ਨੇ ਲੰਚ ਬਾਕਸ ਵਿੱਚ ਪਾ ਦਿੱਤਾ,ਮੈਂ ਸੋਫੀਆ ਨੂੰ ਕਿਹਾ ਬੇਟੇ ਨੂੰ ਕਹੋ ਠੀਕ ਹੈ ਪੰਜ ਰੁਪਏ ਰੱਖ ਲਓ ਤੇ ਬਾਕੀ ਵਾਪਸ ਕਰ ਦਿਓ,ਨਿਤਨ ਦੀ ਮੰਮੀ ਦੱਸ ਰੁਪਏ ਰੱਖਣ ਤੇ ਸਹਿਮਤ ਹੋ ਗਈ।ਉਸ ਦੀ ਸਗਨ,ਅਪ-ਸ਼ਗਨ ਦੀ ਅਪੀਲ ਸਾਹਮਣੇ ਮੇਰੀ ਕੋਈ ਤਰਕਸ਼ੀਲ ਦਲੀਲ ਕੰਮ ਨਾ ਆਈ।ਆਏ ਸਾਲ ਸੋਫੀਆ ਨਿਤਨ ਨੂੰ ਰੱਖੜੀ ਲਾਉਂਦੀ ਹੈ ਪਰ ਉਹ ਪਹਿਲੇ ਸਾਲ ਵਾਲੇ ਦੱਸ ਰੁਪਏ ਹੀ ਰਕਸ਼ਾ ਬੰਧਂਨ ਜਾਣ ਕੇ ਹਰ ਸਾਲ ਤਾਜ਼ਾ ਕਰ ਲਈਦੇ ਹਨ।ਨਿਤਨ ਦੇ ਡੈਡੀ ਵਿਦੇਸ਼ ਗਏ ਤੇ ਸੋਫੀਆ ਲਈ ਖੁਬਸੂਰਤ ਗੁਟ ਘੜੀ ਲੈ ਆਏ ਤੇ ਬੜੈ ਪਿਆਰ ਨਾਲ ਭੇਂਟ ਕਰ ਕੇ ਬੋਲੇ ਇਹ ਭੈਣ ਦੀ ਰੱਖੜੀ ਹੈ।ਉਹ ਦੱਸ ਰੁਪਏ ਬੁਗਨੀ ਵਿੱਚ ਤੇ ਘੜੀ ਮਿੱਠੀ
ਯਾਦ ਨਿਸ਼ਾਨੀ ਬਣ ਕੇ ਵੀਰ ਭੈਣ ਦਾ ਪਿਆਰ ਸਮੇਟੇ ਮਹਿਫੂਜ਼ ਹਨ।
ਯਾਦਾਂ ਦੀ ਪਟਾਰੀ ਵਿੱਚ ਪਲ ਰਹੇ ਕਾਲਜ ਦੇ ਉਹ ਦਿਨਾਂ ਵਿੱਚ ਇਕ ਰੱਖੜੀ ਦਾ ਦਿਨ ਵੀ ਸ਼ਾਮਲ ਹੈ-
ਸ਼ਾਡੇ ਕਾਲਜ ਦੀ ਗਰਾਉਂਡ ਵਿੱਚ ਫੋਜੀ ਕੈਂਪ ਲਗਿਆ ਸੀ,ਰੱਖੜੀ ਵਾਲੇ ਦਿਨ ਦੋ ਘੰਟੇ ਦੀ ਸਰਕਾਰੀ ਛੂੱਟੀ ਹੋਣ ਕਰਕੇ ਕਲਾਸ ਲੇਟ ਲਗੀ ,ਨਿਮ੍ਹਾ ਨਿਮ੍ਹਾ ਮੀਂ੍ਹਹ ਪੈ ਰਿਹਾ ਸੀ,ਸੁਹਾਵਨੇ ਮੌਸਮ ਵਿੱਚ ਹਰ ਕਿਸੇ ਦਾ ਦਿਲ ਮਸਤੀ ਕਰਨ ਨੂੰ ਮਚਲ ਰਹਾ ਸੀ,ਪ੍ਰੋ.ਮੈਡਮ ਨੇ ਅੇੈਂਟਰ ਕੀਤਾ,ਹਾਜਰੀ ਲਈ,ਤੇ ਸਾਰੇ ਮੁੰਡੇ ਕੁੜੀਆਂ ਪਰੌਕਸੀ
ਦਿੱਤੀ।,ਜਦ ਲੇਕਚਰ ਸ਼ੁਰੂ ਹੋਣ ਲਗਾ,ਮੁੰਡੇੇ ਬੈਂਚ ਵਜਾਉਣ ਲਗੇ,ਇਕ ਨੇ ਇਕ ਦੇ ਕੰਨ ਵਿੱਚ ਕਿਹਾ ਅੱਜ ਫਾਈਨ ਡੇ ਮਨਾਉਣਾ ਹੈ,ਅੱਜ ਬੋਰ ਪੜ੍ਹਾਈ ਨੀ੍ਹ ਕਰਨੀ,ਕੁੜੀਆਂ ਵੀ ਮਚਲ ਉਠੀਆਂ।ਖਿੜਕੀ ਚੋਂ ਬਾਹਰ ਪਰੇਡ ਕਰਦੇ ਫੌਜੀਆਂ ਨੂੰ ਵੇਖ ਇਕ ਕੁੜੀ ਗਾਉਣ ਲਗੀ ਤੇ ਸਾਰੀਆ ਨੇ ਹੇਕ ਰਲਾ ਲਈ.....
" ਭੈਣ ਕੋਲੋਂ ਵੀਰ ਵੇ ਬਨ੍ਹਾ ਲੈ ਰੱਖੜੀ,ਸੋਹਣੇ ਜਿਹੇ ਗੁੱਟ ਤੇ ਸਜਾ ਲੈ ਰੱਖੜੀ "
ਇਹਦੇ ਵਿੱਚ ਗੁੰਦਿਆ ਪਿਆਰ ਭੈਣ ਦਾ,ਇਹਦੇ ਵਿੱਚ,ਚਾਅ ਤੇ ਮਲ੍ਹਾਰ ਭੈਣ ਦਾ "
ਮੈਡਮ ਫੋਜੀ ਵੀਰ ਰੱਖੜੀ ਤੋਂ ਸੱਖਣੇ ਹਨ-'ਭਰੇ ਮਨ ਨਾਲ ਰੋਜ਼ੀ ਨੇ ਕਿਹਾ"-
ਕਿਉਂ ਸੱਖਣੇ ਹਨ?ਆਪਾਂ ਹਾਂ ਨਾ ਚਲੋ ਆਪਾਂ ਫੋਜੀ ਵੀਰਾਂ ਨੂੰ ਰੱਖੜੀ ਲਾ ਕੇ ਆਈਏ,ਨੀਤੂ ਬੋਲੀ..
ਮੈਡਮ ਅਨੁਸ਼ਾਸਨ ਭੰਗ ਹੋਣ ਤੇ ਪ੍ਰਿਸੀਪਲ ਤੋਂ ਡਰ ਗਈ,ਉਸ ਨੇ ਕਿਹਾ ਪ੍ਰਿਸੀਪਲ ਸਾਹਿਬ ਤੋਂ ਪੁਛ ਲਓ
ਵਾਈਸ ਪ੍ਰਿੰਸੀਪਲ ਤੇ ਕਮਾਂਡੈਂਟ ਕੋਲੋਂ ਲੰਘ ਰਹੇ ਸੀ,ਉਹ ਕਲਾਸ ਦੇ ਰੌਲੇ ਦਾ ਲੁਤਫ਼ ਉਠਾਉਣ ਲਗੇ,ਸ਼ਾਇਦ ਉਹਨਾਂ ਨੂੰ ਆਪਣਾ ਵੇਲਾ ਯਾਦ ਆ ਗਿਆ ਸੀ,ਉਹ ਅੰਦਰ ਆ ਗਏ,ਕੁੜੀਆਂ ਆਪਣਾ ਚਾਅ ਉਹਨਾਂ ਅੱਗੇ ਰੱਖਿਆ,ਉਹ ਬਹੁਤ ਖੁਸ਼ ਹੋਏ, ਆਪਣੀ ਕਲਾਈ ਅੱਗੇ ਕੀਤੀ,ਇਕ ਕੁੜੀ ਤੋਂ ਧਾਗਾ ਲੈ ਮੈਡਮ ਨੇ ਫੋਜੀ ਕਮਾਡੈਂਟ ਨੂੰ ਰੱਖੜੀ ਬਨ੍ਹਣ ਦੀ ਰੀਤ ਕਰ ਕੇ ਸ਼ੂਰੂਆਤ ਕਰ ਦਿੱਤੀ,ਫਿਰ ਉਹ ਕੈਂਪ ਵਿੱਚ ਗਏ ਤੇ ਸਾਰੇ ਫੋਜੀ ਵੀਰਾਂ ਨੂੰ ਭੇੈਣਾਂ ਦੇ ਸਵਾਗਤ ਲਈ ਤਿਆਰ ਖੜੇ ਕੀਤਾ,ਸਾਡੇ ਕੋਲ ਰੱਖੜੀਆਂ ਨਹੀਂ ਸਨ,ਸੀਨੀਅਰ ਕੁੜੀਆਂ ਨੂੇ ਸਾਡੇ ਵੱਲ ਵੇਖਿਆ ਤੇ ਉਹਨਾਂ ਨੂੰ ਵੀ ਹਰਾਰਤ ਹੋਈ ਤੇ ਉਹ ਵੀ ਆ ਰਲੀਆਂ ਸਾਡੇ ਸਹਿਪਾਠੀ ਦੌੜ ਕੇ ਬਜਾਰੋਂ ਧਾਗੇ ਲੈ ਆਏ,ਅਸੀਂ ਫੋਜੀ ਵੀਰਾਂ ਨੂੰ ਰੱਖੜੀਆਂ ਲਾਈਆਂ ਤਾਂ ਉਹਨਾ ਦੀਆਂ ਅੱਖਾਂ ਨਮ ਹੋ ਗਈਆਂ-
ਇਕ  ਫੋਜੀ ਵੀਰ ਨੇ ਪਿਆਰ ਦੇ ਕੇ ਆਖਿਆ,"ਭੇੈਣਾਂ ਤੇਰੇ ਵੀਰ ਕੋਲ ਇਸ ਤੋਂ ਇਲਾਵਾ ਕੁਝ ਨਹੀਂ,"ਤੇ ਸਾਰੇ ਅੱਖਾਂ ਪੂੰਝਣ ਲਗੇ,"ਸਾਡੇ ਫੋਜੀ ਵੀਰ ਸਦਾ ਭੈੇਣਾਂ ਦੀ ਲੱਜ ਪਾਲਦੇ ਆਏ ਨੇ ਇਹ ਸੱਭ ਤੋਂ ਵੱਡਾ ਤੋਹਫਾ ਹੈ,ਕਿ ਕੋਈ ਸਾਡੀ ਵਾ ਵੱਲ ਨਹੀਂ ਵੇਖ ਸਕਦਾ"- ਕਹਿ ਕੇ-ਰੋਜ਼ੀ ਨੇ ਮਾਹੌਲ ਤਾਜ਼ਾ ਕਰ ਦਿੱਤਾ।
ਕੁਝ ਦੇਰ ਬਾਦ ਪਤਾ ਲਗਾ ਕਿ ਉਸ ਦਿਨ ਫੋਜੀ ਖੂੁਨ ਦਾਨ ਕੈਂਪ ਵੀ ਲਗਣਾ ਹੈ,ਸਾਰੇ ਕੁੜੀਆਂ ਮੁੰਡੇ ਉਛਲਣ ਲਗੇ ਕਿ ਸੱਭ ਖੂੁਨ ਦਾਨ ਕਰਨਗੇ।ਵਾਈਸ ਪ੍ਰਿੰਸੀਪਲ ਤੇ ਮੈਡਮ ਝੈਂਪ ਗਏ ਕਿ -ਨਹੀਂ ਇਹ ਨਹੀਂ ਹੋ ਸਕਦਾ,
"ਅਸੀ ਰਿਸਕ ਨਹੀਂ ਲੈ ਸਕਦੇ,ਜਿਹਨੇ ਜਾਣਾ ਆਪਣੇ ਘਰੋਂ ਜਾਓ-ਮੈਡਮ ਨੇ ਅੇੈਲਾਨ ਕੀਤਾ''।ਗਲ ਪ੍ਰਿੰਸੀਪਲ ਤੱਕ ਪਹੁੰਚੀ,ਉਸ ਨੇ ਇਜ਼ਾਜ਼ਤ ਦੇ ਦਿੱਤੀ,ਤੇ ਕਿਹਾ ਕਲ ਦੇ ਅਖਬਾਰ ਵਿੱਚ ਵੀ ਲਵਾ ਦੇਣਾ।

ਮੈਡਮ-ਕੁੜੀਆਂ ਚੋਂ ਕਿਹਨੇ ਕਿਹਨੇ ਜਾਣਾ "?
ਵੀਣਾ ਨੇ ਮੇਰਾ ਹੱਥ ਫੜ ਕੇ ਖੜੇ ਹੱਥਾਂ ਵਿੱਚ ਉੱਚਾ ਕਰ ਦਿੱਤਾ
ਇਹਨੂੰ ਆਪ ਨੂੰ ਖੁੂਨ ਚੜ੍ਹਾਉਣਾ ਪੈ ਜਾਣਾ..ਮੇਰੇ ਤੇ ਸਾਰੇ ਹੱਸ ਪਏ।ਪਰ ਮੈਂ  ਖੁੂਨ ਦਾਨ ਲਈ ਬਜਿੱਦ ਹੋ ਗਈ।
ਕੈਂਪ ਸਾਡੇ ਕਾਲਜ ਤੋਂ ਚਾਰ ਕਿਲੋਮੀਟਰ ਦੀ ਦੂਰੀ ਤੇ ਸੀ,ਜਾਣ ਦਾ ਕੋਈ ਪ੍ਰਬੰਧ ਨਹੀਂ ਸੀ ਤੇ ਵਾਪਸ ਘਰਾਂ ਨੂੰ ਵੀ ਜਾਣਾ ਸੀ।ਮੈਡਮ ਨੇ ਪ੍ਰਬੰਧ ਕਰ ਸਕਣ ਵਿੱਚ ਅਸਮਰਥਾ ਜਤਾਈ।ਨੀਨਾ ਦੇ ਪਿਤਾ ਫੋਜੀ ਰਿਟਾਇਰ ਸਨ,ਉਹ ਭੱਜ ਕੇ ਕਮਾਂਡੈਂਟ ਕੋਲ ਗਈ,ਉਹਦੀ ਗਲ ਸੁਣ ਕੇ ਕਮਾਂਡੈਂਟ ਨੇ ਖੂਨਦਾਨੀਆਂ ਦੇ ਜਾਣ ਲਈ ਫੋਜੀ ਟਰੱਕ ਦੇ ਦਿੱਤਾ,ਅਸੀਂ ਵਿੱਚ ਬੈਂਚ ਲਾ ਲਏ,ਤੇ ਮੁੰਡੇ ਖੜੇ ਹੀ ਠੀਕ ਸਨ,ਦੋ ਚਾਰ ਇਧਰ ਉਧਰ ਲਟਕ ਗਏ।
ਅੱਛਾ ਖਾਸਾ ਕਾਫ਼ਲਾ ਬਣ ਗਿਆ,ਨੱਚਦੇ ਟੱਪਦੇ,ਗਾਉਂਦੇ ਅਸੀਂ ਪੰਜ ਮਿੰਟ ਵਿੱਚ ਕੈਂਪ ਵਿੱਚ ਪਹੁੰਚ ਗਏ।
ਮੈਡਮ ਨੇ ਮੁੰਡਿਆਂ ਨੂੰ ਸਾਡੀ ਵਾਪਸ ਕਾਲਜ ਪੁਚਾਉਣ ਦੀ ਜਿੰਮੇਵਾਰੀ ਲਾ ੍ਰ ਦਿੱਤੀ,ਮੈਡਮ ਨੇ ਕਿਹਾ ਅੱਜ
ਤੁਹਾਡੀ ਰੱਖੜੀ ਦਾ ਇਮਤਿਹਾਨ ਹੈ,ਭੁਲਣਾ ਨਹੀਂ ਕਿ ਪਾਸ ਹੋਣਾ ਹੈ---
ਖੂੁਨ ਦੇਣ ਦੀ ਮੇਰੀ ਵਾਰੀ ਆਈ,ਚੈੱਕ ਕੀਤਾ ਤਾਂ ਉਹੀ ਗਲ ਹੋਈ,ਡਾਕਟਰ ਨੇ ਨਾਹ ਕਰ ਦਿੱਤੀ,ਮਸਾਂ ਪੂਰਾ ਹੈ,ਦਾਨ ਲਈ ਵਾਧੂ ਨਹੀਂ ਨਿਕਲ ਸਕਦਾ।ਮੈਂ ਨਿਰਾਸ਼ ਬਾਹਰ ਆ ਗਈ।
ਡਾਕਟਰ ਨੂੰ ਵੀਣਾ ਦੀ ਨਾੜੀ ਨਾਂ ਲੱਭੀ,ਕਿਉਂਕਿ ਉਹ ਬਹੁਤ ਮੋਟੀ ਸੀ ਤੇ ਫੈੇਟ ਕਾਰਨ ਨੀਡਲ ਵੇਨ ਵਿੱਚ ਨਹੀਂ ਸੀ ਜਾ ਰਹੀ ਜਾਂ ਕੀ ਕਾਰਨ ਸੀ ਪਤਾ ਨਹੀਂ ਪਰ ਵੀਣਾ ਇਕ ਬੂੰਦ ਵੀ ਖੁਨ ਦਾਨ ਨਾ ਦੇ ਸਕੀ-ਉਹ ਵੀ ਨਿਰਾਸ਼ ਬਾਹਰ ਆ ਗਈ।ਫੋਜੀ ਵੀਰ ਸਾਡੇ ਖੂੁਨ ਦੇ ਵੀਰ ਨਾਂ ਬਣ ਸਕੇ,ਬੱਸ ਕੱਚੇ ਧਾਗੇ ਦੇ ਵੀਰ ਰਹਿ ਗਏ।
ਅਤੇ ਇੰਝ ਉਹ ਅਨੁੱਠੀ ਰੱਖੜੀ ਭੈੇਣਾਂ ਵਲੋਂ ਫੋਜੀ ਵੀਰਾਂ ਦੀ ਸਲਾਮਤੀ ਲਈ ਦੁਆ ਸੀ। ਉਹ ਦਿਨ ਦੁਬਾਰਾ ਕਦੇ ਨਾਂ ਆਇਆ,ਕੂੰਜਾਂ ਦੀ ਡਾਰ ਵਾਂਗ ਆਪਣੀ ਛਾਪ ਛੱਡ ਕਿਤੇ ਅਤੀਤ ਵਿੱਚ ਛਪਨ ਹੋ ਗਿਆ।
ਭੈੇਣਾਂ ਨੂੰ ਰੱਖੜੀ ਦਾ ਚਾਅ ਤਾਂ ਅੱਜ ਵੀ ਓਨਾ ਹੀ ਹੁੰਦਾ ਹੈ,ਪਰ ਪਿਆਰ ਵਪਾਰ ਬਣ ਗਿਆ ਹੈ।ਇਧਰ ਭੇੈਣ ਸਕੀਮ ਲਾਉਂਦੀ ਹੈ ਰੱਖੜੀ ਤੇ ਵੀਰ ਕੋਲੋਂ ਆਹ ਲੈਣਾ,ਆਹ ਬਣਾਉਣਾ,ਯੇ ਵੋ,ਕਈ ਕੁਝ ਤੇ ਉਧਰ ਵੀਰ ਦਾ ਸਾਹ ਸੁਕਿਆ ਹੁੰਦਾ ਰੱਖੜੀ ਆ ਰਹੀ ਹੈ, ਬਜਟ ਹਿਲ ਜਾਣਾ,ਕੱਚੇ ਧਾਗੇ ਦੀ ਇਹ ਤੰਦ ਪੱਕੀ ਰੱਸੀ ਲਗਣ ਲਗ ਪਈ ਹੈ,ਰੱਖੜ ਪੁੰਨਿਆ ਵੱਡਭਾਗੀ ਤੋਂ ਰੱਫੜ ਪੁੰਨਿਆ ਨਜ਼ਰ ਆਉਣ ਲਗੀ ਹੈ।ਮੇਰੇ ਵਿਚਾਰ ਵਿੱਚ ਰੱਖੜੀ ਦਾ ਰੂਪ ਬਦਲ ਦੇਣਾ ਚਾਹੀਦਾ ਹੈ,ਜਿਸ ਤਰਾਂ ਇਸਤ੍ਰੀ ਜਾਤੀ ਦੀ ਬੇਕਦਰੀ ਹੋ ਰਹੀ ਹੈ,ਉਸ ਵਾਸਤੇ ਇਕ ਮੁਹੱਲੇ ਜਾਂ ਇਕ ਕਾਲੌਨੀ ਵਿੱਚ ਕੁੜੀਆਂ ਸਾਰੇ ਲੜਕਿਆਂ ਨੂੰ ਰੱਖੜੀ ਲਾ ਦੇਣ,ਤੇ ਅੋੌਰਤਾਂ,ਪਤੀ ਨੂੰ ਛੱਡ ਸਾਰੇ ਮਰਦਾਂ ਨੂੰ ਰੱਖੜੀ ਬਨ੍ਹ ਦੇਣ,ਤੇ ਇਸ ਦੇ ਬਦਲੇ ਰੁਪਏ ਜਾਂ ਤੋਹਫੈ ਨਾਂ ਲੈਣ,ਅਜਿਹਾ ਕਰਨ ਨਾਲ ਦੋਹਾਂ ਧਿਰਾਂ ਵਿੱਚ ਇਕ ਦੁਜੇ ਪ੍ਰਤੀ ਖੋ ਗਈ ਕਦਰ ਮੁੜ ਆਵੇਗੀ,ਰੱਖੜੀ ਦਾ ਖਿਆਲ ਆਉਦੇ ਹੀ ਮਰਦ ਦੇ ਅੰਦਰੋ  ਵਿਸ਼ਾਵਕਾਰ ਉਡ ਜਾਏਗਾ,ਚੋਰੀ ਵਿਆਹ ਨਹੀਂ ਹੋਣਗੇ,ਹੋ ਚੁਕੇ ਵਿਆਹ ਟੁਟਣ ਤੋਂ ਪ੍ਰਹੇਜ਼ ਕਰਨਗੇ।
ਰੱਖੜੀ ਨਾਟਕ ਨਾ ਹੋ ਕੇ ਸੱਚਮੁੱਚ ਦੀ ਰੱਖ ਬਣ ਜਾਏਗੀ,ਤੇ ਰਾਜੇ ਹਮਾਯੂੰ ਵਾਂਗ ਹਰ ਵੀਰ ਆਪਨੀ ਧਰਮ ਦੀ ਭੈਣ ਦੀ ਲੋੜ ਵੇਲੇ ਰਾਖੀ ਕਰੇਗਾ।ਰੱਖੜੀ ਜੋ ਪਦਾਰਥ ਬਣ ਗਈ ਹੈ,ਅਨਮੁੱਲ ਹੋ ਨਿਬੜੈਗੀ।
ਰੱਖੜੀ ਸਾਲ ਵਿੱਚ ਇਕ ਦਿਨ ਨਹੀਂ -ਗਾਹੇ ਬ ਗਾਹੇ ਰੋਜ਼ ਮਨਾਉਣ ਦੀ ਲੋੜ ਜਾਪਣ ਲਗੀ ਹੈ।
ਆਇਆ ਰੱਖੜੀ ਦਾ ਵੇਲਾ ਮੈਨੂੰ ਚਾਅ ਜਿਵੇਂ ਮੇਲਾ
ਜਿਵੇਂ ਚੂਰੀ ਦੇ ਛੰਨੇ ਨਾਲ  ਖੀਰ ਅੜੀਓ
ਮੈਨੂੰ ਲੱਖਾਂ ਵਿਚੋਂ ਇਕ ਮੇਰਾ ਵੀਰ ਅੜੀਓ
ਮੈਨੂੰ ਲੱਖਾਂ ਵਿਚੋਂ ਇਕ ਮੇਰਾ ਵੀਰ ਅੜੀਓ॥
        
ਰਣਜੀਤ ਕੌਰ ਗੁੱਡੀ ਤਰਨ ਤਾਰਨ