ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
28 ਅਗਸਤ 2023
ਜਾਇਜ਼ ਮੰਗਾਂ ਪ੍ਰਤੀ ਸਰਕਾਰ ਦੀ ਕਿਸਾਨਾਂ ‘ਤੇ ਸਖ਼ਤੀ ਅਤਿ ਨਿੰਦਣਯੋਗ- ਬਾਜਵਾ
ਤੁਸੀਂ ਤਾਂ ਜਿਵੇਂ ਕਿਸਾਨਾਂ ‘ਤੇ ਫੁੱਲ ਵਰਸਾਉਂਦੇ ਰਹੇ ਹੋ!
ਸਿੱਖ ਨੌਜਵਾਨ ਨਾਲ ਵਿਆਹ ਕਰਵਾਉਣ ਲਈ ਦੱਖਣੀ ਕੋਰੀਆ ਤੋਂ ਆਈ ਮੁਟਿਆਰ- ਇਕ ਖ਼ਬਰ
ਚੁੱਕ ਚਰਖ਼ਾ ਗਲ਼ੀ ਦੇ ਵਿਚ ਡਾਹੁੰਦੀਆਂ, ਜਿਹਨਾਂ ਨੂੰ ਲੋੜ ਮਿੱਤਰਾਂ ਦੀ।
ਨੌਜਵਾਨ ਬੇਰੁਜ਼ਗਾਰੀ ਦੇ ਸਹੀ ਅੰਕੜੇ ਨਹੀਂ ਦੇ ਰਿਹਾ ਚੀਨ- ਇਕ ਖ਼ਬਰ
ਝੱਗਾ ਚੁੱਕਿਆਂ ਆਪਣਾ ਹੀ ਢਿੱਡ ਨੰਗਾ ਹੁੰਦੈ ਮਿੱਤਰੋ।
ਪੰਜਾਬ ਸਰਕਾਰ ਵਲੋਂ ਕਿਸਾਨਾਂ ‘ਤੇ ਕੀਤੇ ਗਏ ਲਾਠੀਚਾਰਜ ਦੀ ਧਾਮੀ ਵਲੋਂ ਨਿੰਦਾ- ਇਕ ਖ਼ਬਰ
ਜਦੋਂ ਤੁਹਾਡੀ ਟਾਸਕ ਫੋਰਸ ਸ਼ਾਂਤਮਈ ਸੰਗਤਾਂ ‘ਤੇ ਲਾਠੀਆਂ ਵਰ੍ਹਾਉਂਦੀ ਆ, ਉਦੋਂ ਕਿਉਂ ਨਹੀਂ ਨਿੰਦਾ ਕਰਦੇ?
ਮੈਂ ਕਿਸੇ ਵੀ ਸੀਟ ਤੋਂ ਲੋਕ ਸਭਾ ਦੀ ਚੋਣ ਨਹੀਂ ਲੜਾਂਗਾ-ਸੁਨੀਲ ਜਾਖੜ
ਕੌੜਾ ਬਕਬਕਾ ਸਵਾਦ ਹੈ ਜੋਗ ਸੰਦਾ, ਜਿਹੀ ਘੋਟ ਕੇ ਪੀਵਣੀ ਨਿੰਮ ਮੀਆਂ।
ਜੋ ਲੋਕ ਮਹਿੰਗਾ ਪਿਆਜ਼ ਨਹੀਂ ਖ਼ਰੀਦ ਸਕਦੇ ਉਹ ਪਿਆਜ਼ ਨਾ ਖਾਣ- ਭਾਜਪਾ ਮੰਤਰੀ
ਫਰਾਂਸ ਦੀ ਇਕ ਸ਼ਹਿਜ਼ਾਦੀ ਨੇ ਕਿਹਾ ਸੀ ‘ ਜੇ ਲੋਕ ਬਰੈੱਡ ਨਹੀਂ ਖ਼ਰੀਦ ਸਕਦੇ ਤਾਂ ਉਹ ਕੇਕ, ਬਿਸਕੁਟ ਖਾ ਲੈਣ।’
ਮੁੰਬਈ ‘ਚ ਵਿਰੋਧੀ ਗੱਠਜੋੜ ‘ਇੰਡੀਆ’ ਦੀ ਮੀਟਿੰਗ ‘ਚ ਸ਼ਾਮਲ ਹੋਵਾਂਗਾ- ਕੇਜਰੀਵਾਲ
ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ਼ ਲਾਈਆਂ।
ਨਸ਼ੇ ਦੇ ਕਾਰੋਬਾਰ ‘ਚ ਮਹੱਤਵਪੂਰਨ ਖਿਡਾਰੀ ਹੈ ਪਾਕਿਸਤਾਨ- ਇਕ ਖ਼ਬਰ
ਸਾਰੇ ਪਿੰਡ ‘ਚ ਲੜਾਈਆਂ ਪਾਉਂਦਾ ਨੀਂ, ਮਰ ਜਾਣਾ ਅਮਲੀ।
ਮੈਂ ਅਗਲੀਆਂ ਲੋਕ ਸਭਾ ਚੋਣਾਂ ਨਹੀਂ ਲੜਾਂਗਾ- ਸੰਨੀ ਦਿਓਲ
ਚਲੋ ਚੰਗਾ, ਨਲ਼ਕਾ ਪੁੱਟਣ ਲਈ ਹੋਰ ਸਮਾਂ ਮਿਲ ਜਾਊ ਤੈਨੂੰ।
ਸੰਨੀ ਦਿਓਲ ਦੇ ਬੰਗਲੇ ਦੀ ਨਿਲਾਮੀ ਭੇਦ ਭਰੇ ਢੰਗ ਨਾਲ ਰੁਕੀ- ਇਕ ਖ਼ਬਰ
ਮਿੱਤਰਾਂ ਦੇ ਫੁਲਕੇ ਨੂੰ, ਨੀਂ ਮੈਂ ਖੰਡ ਦਾ ਪਲੇਥਣ ਲਾਵਾਂ।
ਛੱਤੀਸਗੜ੍ਹ, ਝਾਰਖੰਡ ਅਤੇ ਪੱਛਮੀ ਬੰਗਾਲ’ਚ ਈ.ਡੀ. ਦੀ ਛਾਪੇਮਾਰੀ- ਇਕ ਖ਼ਬਰ
ਤੋਰ ਦੇ ਮਾਏਂ ਨੀਂ, ਰਾਂਝਾ ਨਿੱਤ ਪਾਵੇ ਫੇਰੀਆਂ।
ਭਗਵੰਤ ਮਾਨ ਜੀ ਹਰਿਆਣੇ ਦੀ ਚਿੰਤਾ ਛੱਡੋ, ਤੁਸੀਂ ਆਪਣਾ ਰਾਜ ਸੰਭਾਲੋ- ਖੱਟਰ
ਤੁਝੇ ਪਰਾਈ ਕਿਆ ਪੜੀ, ਤੂ ਅਪਨੀ ਨਿਬੇੜ।
ਇਸਰੋ ਦੇ ਵਿਗਿਆਨੀਆਂ ‘ਚ ਕੋਈ ਵੀ ਕਰੋੜਪਤੀ ਨਹੀਂ- ਇਕ ਖ਼ਬਰ
ਬਾਲਣ ਹੱਡੀਆਂ ਦਾ, ਰੋਟੀ ਇਸ਼ਕੇ ਦੀ ਲਾਈ ਹੋਈ ਆ।
ਧਿਆਨ ਸਿੰਘ ਮੰਡ ਨੇ ਭਗਵੰਤ ਮਾਨ ਨੂੰ ਦਿਤਾ ਤਨਖਾਹੀਆ ਕਰਾਰ- ਇਕ ਖ਼ਬਰ
ਢਲ ਗਏ ਜੋਬਨ ਤੋਂ, ਮੁੱਲ ਨਾ ਪਵੇ ਦੁਆਨੀ।
ਜਿੰਨਾ ਚਿਰ ਸ਼੍ਰੋਮਣੀ ਕਮੇਟੀ ਬਾਦਲਾਂ ਦੇ ਹੱਥ ‘ਚ ਹੈ, ਸਿੱਖਾਂ ਦਾ ਕੁਝ ਨਹੀਂ ਸੰਵਰਨਾ- ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ
ਡਾਲ ਡੰਗਣੋਂ ਸੱਪ ਨਹੀਂ ਮੂਲ਼ ਜਾਂਦਾ, ਭਾਵੇਂ ਲੱਪ ਵਿਚ ਦੁੱਧ ਪਿਆ ਮੀਆਂ।