ਸ਼ਹੀਦ - ਰਵਿੰਦਰ ਸਿੰਘ ਕੁੰਦਰਾ
ਚਾੜ੍ਹ ਜਨੂੰਨਾਂ ਦੇ ਨਸ਼ੇ, ਅਸੀਂ ਪਾਕ ਸੁਪਨੇ ਲੈ ਤੁਰੇ,
ਪੁਸ਼ਤ ਦਰ ਪੁਸ਼ਤ ਹੋਏ ਸ਼ਹੀਦ, ਕਹਾਏ ਫਿਰ ਆਖ਼ਰ ਬੁਰੇ।
ਕਟੋਰੀ ਵੀ ਸਾਡੇ ਖ਼ੂਨ ਦੀ, ਕਤਰਾ ਕਰ ਕਰ ਮੁੱਕ ਗਈ,
ਕੌਡੀਆਂ ਹੋਈਆਂ ਮਹਿੰਗੀਆਂ, ਠੀਕਰ ਵੀ ਸਾਨੂੰ ਨਾ ਜੁੜੇ।
ਚੁੰਮਦੇ ਰਹੇ ਅਸੀਂ ਫਾਂਸੀਆਂ, ਨਾਪਦੇ ਰਹੇ ਉਹ ਗਰਦਣਾਂ,
ਕੀਮਤਾਂ ਸਾਡੇ ਧੜਾਂ ਦੀਆਂ, ਵਪਾਰੀ ਹਮੇਸ਼ਾਂ ਲੈ ਤੁਰੇ।
ਕੱਫਣ ਵੀ ਕੀਤੇ ਤਾਰ ਤਾਰ, ਢਕਣ ਤੋਂ ਪਹਿਲਾਂ ਸਾਡੇ ਧੜ,
ਲਾਸ਼ਾਂ ਨੂੰ ਅੱਗ ਦੇਣ ਲਈ, ਜਾਨਸ਼ੀਨ ਸਾਡੇ ਨਿੱਤ ਝੁਰੇ।
ਕੋਠੜੀਆਂ ਦਾ ਕਾਲ ਵੀ, ਕੰਧਾਂ ਤੋਂ ਰਿਹਾ ਦਹਿਲਦਾ,
ਉੱਕਰੇ ਉਨ੍ਹਾਂ ਉੱਤੇ ਸਾਡੇ, ਜਜ਼ਬੇ ਕਦੀ ਵੀ ਨਾ ਖੁਰੇ।
ਜਿਸ ਧਰਤ ਲਈ ਮਿਟਦੇ ਰਹੇ, ਉਸ ਉੱਤੋਂ ਹੀ ਮਿਟ ਗਏ,
ਮਿੱਟੀ ਨੂੰ ਮਿੱਟੀ ਨਾ ਮਿਲ਼ੀ, ਜਲਾਵਤਨ ਵੀ ਹੋ ਤੁਰੇ।
ਬੁੱਤ ਹਾਂ ਬਣ ਕੇ ਦੇਖਦੇ, ਕਰਤੂਤਾਂ ਝੋਲ਼ੀ ਚੁੱਕਾਂ ਦੀਆਂ,
ਪਥਰਾਏ ਸਾਡੇ ਨੈਣ ਵੀ, ਹੋ ਗਏ ਤੱਕ ਤੱਕ ਭੁਰਭਰੇ।
ਚਾੜ੍ਹ ਜਨੂੰਨਾਂ ਦੇ ਨਸ਼ੇ, ਅਸੀਂ ਪਾਕ ਸੁਪਨੇ ਲੈ ਤੁਰੇ,
ਪੁਸ਼ਤ ਦਰ ਪੁਸ਼ਤ ਹੋਏ ਸ਼ਹੀਦ, ਕਹਾਏ ਫਿਰ ਆਖ਼ਰ ਬੁਰੇ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ