ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
21 ਅਗਸਤ 2023
ਕਰਨਾਟਕ ਸਰਕਾਰ ਚੋਣਾਂ ਤੋਂ ਪਹਿਲਾਂ ਪਹਿਲਾਂ ਡਿਗ ਜਾਵੇਗੀ- ਭਾਜਪਾ ਵਿਧਾਇਕ
ਵਿਧਾਇਕ ਸਾਹਿਬ ਇੰਜ ਕਹੋ ਕਿ ਸਰਕਾਰ ਡੇਗ ਦਿਤੀ ਜਾਏਗੀ।
ਭਾਈਚਾਰੇ, ਦੋਸਤੀ ਦੀ ਭਾਵਨਾ ਨਾਲ ਅੱਗੇ ਵਧਣ ਦੇਸ਼ ਵਾਸੀ- ਰਾਸ਼ਟਰਪਤੀ ਮੁਰਮੂ
ਬੀਬੀ ਤੂੰ ਉਹ ਅਖਾਣ ਨਹੀਂ ਸੁਣਿਆ ਕਿ ਰੰਡੀਆਂ ਤਾਂ ਰੰਡ ਕੱਟਦੀਆਂ ਪਰ ਮੁਸ਼ਟੰਡੇ ਨਹੀਂ ਕੱਟਣ ਦਿੰਦੇ।
ਕਾਂਗਰਸੀਆਂ ਨੂੰ ਅਮਰੂਦ ਕਹਿਣ ‘ਤੇ ਰੰਧਾਵਾ ਨੇ ਬੁਰਾ ਮਨਾਇਆ- ਇਕ ਖ਼ਬਰ
ਗ਼ਲਤ ਗੱਲ ਐ! ਚੀਕੂ ਤੇ ਸੀਤਾ ਫ਼ਲ ਕਹਿ ਲੈਂਦੇ ਤਾਂ ਕੋਈ ਇਤਰਾਜ਼ ਨਹੀਂ ਸੀ।
ਤਾਲਿਬਾਨ ਨੇ ਸਾਰੀਆਂ ਰਾਜਸੀ ਪਾਰਟੀਆਂ ‘ਤੇ ਪਾਬੰਦੀ ਲਗਾਈ- ਇਕ ਖ਼ਬਰ
ਨਾ ਰਹੇ ਬਾਂਸ, ਨਾ ਵੱਜੇ ਬੰਸਰੀ।
ਵਿਧਾਇਕ ਸੰਦੀਪ ਜਾਖੜ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ ਪਾਰਟੀ ‘ਚੋਂ ਕੱਢਿਆ- ਰਾਜਾ ਵੜਿੰਗ
ਚਲੋ, ਹੁਣ ਭਤੀਜੇ ਦੇ ਆਉਣ ਨਾਲ ਚਾਚਾ ਹੋਰ ਮਜਬੂਤ ਹੋਵੇਗਾ।
ਜੋ ਉਪਾਅ ਭਾਰਤ ‘ਚ ਚਲ ਗਿਆ, ਉਹ ਦੁਨੀਆ ‘ਚ ਕਿਤੇ ਵੀ ਚਲ ਸਕਦਾ ਹੈ- ਮੋਦੀ
ਯਾਨੀ ਕਿ ਬੈਂਕਾਂ ਨਾਲ ਫਰਾਡ ਤੁਸੀਂ ਕਿਤੇ ਵੀ ਕਰ ਸਕਦੇ ਹੋ।
ਜ਼ਿਲ੍ਹਾ ਪੁਲਿਸ ਵਲੋਂ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਿਆ ਗਿਆ- ਇਕ ਖ਼ਬਰ
ਪਰ ਸ਼ਿਕੰਜੇ ਦਾ ਕੰਟਰੋਲ ਪੁਲਿਸ ਕੋਲ ਹੀ ਰਹੇਗਾ।
ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਠੀਕ ਗੱਲ ਨਹੀਂ ਦੱਸਦਾ- ਸੁਖਬੀਰ ਬਾਦਲ
ਤੁਸੀਂ ਕਿੰਨਾ ਕੁ ਸੱਚ ਦੱਸਦੇ ਰਹੇ ਹੋ ਆਪਣੇ ਵੇਲੇ? ਖੇਤੀ ਕਾਨੂੰਨਾਂ ਬਾਰੇ ਅਖ਼ੀਰ ਤੱਕ ਝੂਠ ਬੋਲਦੇ ਰਹੇ ਤੁਸੀਂ।
ਨਿਤੀਸ਼ ਸਰਕਾਰ ਦੇ ਫ਼ੈਸਲੇ ਨੂੰ ਰਾਜਪਾਲ ਨੇ ਪਲਟਿਆ, ਟਕਰਾਅ ਦੇ ਹਾਲਾਤ ਬਣੇ- ਇਕ ਖ਼ਬਰ
ਪਾਣੀ ਡੋਲ੍ਹ ਗਈ ਝਾਂਜਰਾਂ ਵਾਲ਼ੀ, ਕੈਂਠੇ ਵਾਲ਼ਾ ਤਿਲਕ ਪਿਆ।
ਪੰਚਾਇਤ ਅਤੇ ਜਿਲ੍ਹਾ ਪ੍ਰੀਸ਼ਦ ਚੋਣਾਂ ‘ਚ ਕਾਂਗਰਸ ਵੱਡੀ ਜਿੱਤ ਹਾਸਲ ਕਰੇਗੀ –ਬੀਬੀ ਭੱਠਲ
ਸਉਣ ਵਿਚ ਆ ਜਾ ਮਿੱਤਰਾ, ਗੁੜ ਵੰਡਦੀ ਪੀਰ ਦੇ ਜਾਵਾਂ।
ਪੰਜਾਬ ਛੇਤੀ ਹੀ ਨਸ਼ਾ ਅਤੇ ਭ੍ਰਿਸ਼ਟਾਚਾਰ ਮੁਕਤ ਸੂਬਾ ਬਣੇਗਾ- ਮੁੱਖ ਮੰਤਰੀ ਭਗਵੰਤ ਮਾਨ
ਮੇਰੀ ਕੱਚੇ ਘੜੇ ਦੀ ਬੇੜੀ, ਜੇ ਰੱਬ ਪਾਰ ਕਰੇ।
ਰਾਹੁਲ ਗਾਂਧੀ ‘ਤੇ ਝੂਠੇ ਇਲਜ਼ਾਮ ਲਾਉਣ ਵਾਲੀ ਸਮ੍ਰਿਤੀ ਇਰਾਨੀ ਨੂੰ ਬਰਖ਼ਾਸਤ ਕੀਤਾ ਜਾਵੇ- ਤ੍ਰਿਲੋਚਨ ਸਿੰਘ
ਲੱਡੂ ਖਾ ਕੇ ਚੁਬਾਰੇ ਵਿਚੋਂ ਨਿਕਲੀ, ਮੱਖੀਆਂ ਨੇ ਪੈੜ ਨੱਪ ਲਈ।
ਸੰਕਟ ਸਮੇਂ ਪ੍ਰਧਾਨ ਮੰਤਰੀ ਮੋਦੀ ਚੁੱਪ ਧਾਰ ਲੈਂਦੇ ਹਨ- ਕੇਜਰੀਵਾਲ
ਕੁਝ ਬੋਲ ਵੇ ਦਿਲਾਂ ਦੀ ਘੁੰਡੀ ਖੋਲ੍ਹ ਵੇ, ਅੱਧੀ ਰਾਤੋਂ ਰਾਤ ਟੱਪ ਗਈ।
ਦਿੱਲੀ ਗੁਰਦੁਆਰਾ ਕਮੇਟੀ ਸਰਕਾਰੀ ਪਿੱਠੂਆਂ ਦੇ ਕਬਜ਼ੇ ‘ਚ- ਮਨਜੀਤ ਸਿੰਘ ਜੀ.ਕੇ.
ਵਾਰਸ ਸ਼ਾਹ ਅਸਾਂ ਮਾਲੂਮ ਕੀਤਾ, ਜੱਟੀ ਜੋਗੀ ਇਕੋ ਹਾਣ ਦੇ ਨੇ।