ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
14 ਅਗਸਤ 2023
ਸਾਲ ਦੇ ਪਹਿਲੇ ਚਾਰ ਮਹੀਨਿਆਂ ‘ਚ ਜੀ.ਐੱਸ.ਟੀ. ਵਿਚ 16.5 ਪ੍ਰਤੀਸ਼ਤ ਦਾ ਵਾਧਾ- ਹਰਪਾਲ ਚੀਮਾ
ਤੁਹਾਨੂੰ ਕੀ ਮਿਲਣਾ ਵਿਚੋਂ, ਛਿੱਕੂ? ਬਿਗਾਨੀ ਛਾਹ ‘ਤੇ ਮੁੱਛਾਂ ਮੁਨਾਈ ਜਾਂਦੇ ਹੋ।
‘ਕੁਇੱਟ ਇੰਡੀਆ ਦਿਵਸ’ ਮਨਾਉਣ ਜਾਂਦੇ ਸਮੇਂ ਮੈਨੂੰ ਹਿਰਾਸਤ ‘ਚ ਲਿਆ ਗਿਆ- ਤੁਸ਼ਾਰ ਗਾਂਧੀ
ਤੁਸ਼ਾਰ ਭਾਈ, ਤੁਹਾਡੇ ਨਾਲ ਕੋਈ ਰੌਲ਼ਾ ਨਹੀਂ, ਪੰਗਾ ਤਾਂ ਸ਼ਬਦ ‘ਇੰਡੀਆ’ ਨੇ ਪਾਇਆ ਹੈ।
ਭਾਜਪਾ ਗੱਠਜੋੜ ਸਿਧਾਂਤਾਂ ਦੀ ਸਿਆਸਤ ਕਰਦਾ ਹੈ- ਅਮਿਤ ਸ਼ਾਹ
ਵਾਸ਼ਿੰਗ ਮਸ਼ੀਨ ਦਾ ਸਿਧਾਂਤ।
ਸਾਊਦੀ ਅਰਬ ਦੀ 110 ਸਾਲਾ ਬੇਬੇ ਬਣੀ ਸਕੂਲ ਵਿਦਿਆਰਥਣ- ਇਕ ਖ਼ਬਰ
ਦਿਲ ਹੋਣਾ ਚਾਹੀਦਾ ਏ ਜਵਾਨ, ਉਮਰਾਂ ਕੀ ਰੱਖਿਆ।
ਭਾਰਤੀ ਜੰਨਤਾ ਪਾਰਟੀ ਪੰਜਾਬ ਦੇ ਹਿਤਾਂ ‘ਤੇ ਡਟ ਕੇ ਪਹਿਰਾ ਦੇਵੇਗੀ-ਜਾਖੜ
ਜਾਖੜ ਸਾਬ ਇਹ ਤਾਂ ਸਮਾਂ ਹੀ ਦੱਸੇਗਾ, ਤਾਰਾਂ ਤਾਂ ਕਿਸੇ ਹੋਰ ਥਾਂ ਤੋਂ ਹਿਲਦੀਆਂ।
ਟਮਾਟਰਾਂ ਦੀ ਨਿਗਰਾਨੀ ਲਈ ਕਿਸਾਨ ਨੇ ਖੇਤ ‘ਚ ਸੀ.ਸੀ.ਟੀ.ਵੀ. ਕੈਮਰੇ ਲਾਏ- ਇਕ ਖ਼ਬਰ
ਮਰਦਾ ਕੀ ਨਾ ਕਰਦਾ!
ਸਮ੍ਰਿਤੀ ਇਰਾਨੀ ਨੇ ‘ਫਲਾਈਂਗ ਕਿੱਸ’ ‘ਤੇ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ- ਇਕ ਖ਼ਬਰ
ਮੈਨੂੰ ਹੀਰੇ ਹੀਰੇ ਆਖੇ, ਹਾਏ ਨੀ ਮੁੰਡਾ ਲੰਬੜਾਂ ਦਾ।
ਸੁਨੀਲ ਜਾਖੜ ਕਾਇਰ ਅਤੇ ਮੌਕਾਪ੍ਰਸਤ ਵਿਅਕਤੀ- ਸੁਖਜਿੰਦਰ ਸਿੰਘ ਰੰਧਾਵਾ
ਟੁੱਟ ਪੈਣੇ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।
ਹਰਸਿਮਰਤ ਬਾਦਲ ਨੇ ਲੋਕ ਸਭਾ ‘ਚ ਸਿੱਖ ਮੁੱਦਿਆਂ ਨੂੰ ਬਾਖ਼ੂਬੀ ਚੁੱਕਿਆ- ਹਨੀ ਫੱਤਣਵਾਲਾ
ਈਦੋਂ ਬਾਅਦ ਤੰਬਾ ਖਰੀਦਿਆ ਤਾਂ ਕਿਹੜਾ ਤੀਰ ਮਾਰਿਆ।
ਅਮਰੀਕਾ ਦੇ ਇਸ਼ਾਰੇ ‘ਤੇ ਡੇਗੀ ਗਈ ਸੀ ਇਮਰਾਨ ਖ਼ਾਨ ਦੀ ਸਰਕਾਰ- ਇਕ ਖ਼ਬਰ
ਤੇਰਾ ਕੱਖ ਨਹੀਂ ਬਚਨੀਏਂ ਰਹਿਣਾ, ਛੜਿਆਂ ਦਾ ਹੱਕ ਮਾਰ ਕੇ।
ਬਰਜਿੰਦਰ ਸਿੰਘ ਹਮਦਰਦ ਤੀਜੀ ਵਾਰ ਵੀ ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ- ਇਕ ਖ਼ਬਰ
ਗੱਭਰੂ ਨੇ ਬਾਂਹ ਫੜ ਲਈ, ਮੈਨੂੰ ਕੱਚੀਆਂ ਤ੍ਰੇਲੀਆਂ ਆਈਆਂ।
ਈ.ਡੀ. ਨੇ ਸਾਬਕਾ ਉੱਪ ਮੁੱਖ ਮੰਤਰੀ ਓ.ਪੀ.ਸੋਨੀ ਪਾਸੋਂ ਚਲ-ਅਚਲ ਜਾਇਦਾਦ ਦਾ ਵੇਰਵਾ ਮੰਗਿਆ- ਇਕ ਖ਼ਬਰ
ਅੱਗੇ ਭੀੜੀਆਂ ਸੁਣੀਂਦੀਆਂ ਗਲ਼ੀਆਂ, ਜਿੱਥੋਂ ਦੀ ਜਮ ਲੈ ਜਾਣਗੇ।
ਦਿੱਲੀ ਸੇਵਾਵਾਂ ਬਿੱਲ ਰਾਜ ਸਭਾ ਵਿਚ ਵੀ ਪਾਸ ਹੋ ਗਿਆ- ਇਕ ਖ਼ਬਰ
ਟੁੱਟ ਪੈਣੇ ਬਚਨੇ ਨੇ, ਕੰਧ ਢਾ ਕੇ ਚੁਬਾਰਾ ਪਾਇਆ।
ਭਾਜਪਾ ਦਾ ਉਦੇਸ਼ ਦਿੱਲੀ ਸਰਕਾਰ ਨੂੰ ਖ਼ਤਮ ਕਰਨਾ- ਰਾਘਵ ਚੱਢਾ
ਵੈਰੀਆਂ ਦਾ ਖੂਹ ਵਗਦਾ, ਮੈਨੂੰ ਤੇਰੀ ਵੇ ਜਾਨ ਦਾ ਧੋਖਾ।
ਦਿੱਲੀ ਸੇਵਾ ਬਿੱਲ ‘ਤੇ ਸਮਰਥਨ ਦੇਣ ਲਈ ਕੇਜਰੀਵਾਲ ਨੇ ਕਾਂਗਰਸੀ ਆਗੂਆਂ ਦਾ ਧੰਨਵਾਦ ਕੀਤਾ- ਇਕ ਖ਼ਬਰ
ਆਪਾਂ ਦੋਵੇਂ ਤਾਸ਼ ਖੇਡੀਏ, ਬੋਤਾਂ ਬੰਨ੍ਹ ਕੇ ਬੋਹੜ ਦੀ ਛਾਵੇਂ।