ਮਾਮਲਾ ਧਾਰਮਿਕ ਅਕੀਦਤ ਵਿੱਚ ਦਖ਼ਲ ਅੰਦਾਜ਼ੀ ਦਾ, - ਬਘੇਲ ਸਿੰਘ ਧਾਲੀਵਾਲ

ਸਭਨਾਂ ਧਰਮਾਂ ਦੀ ਆਪਣੀ ਮਰਿਯਾਦਾ,ਆਪਣੇ ਅਸੂਲ ਅਤੇ ਆਪਣੀ ਵਿਲੱਖਣਤਾ ਹੁੰਦੀ ਹੈ। ਕਿਸੇ ਵੀ ਧਰਮ ਨੂੰ ਨੀਵਾਂ ਦਿਖਾਉਣ ਜਾਂ ਬੇਅਦਬ ਕਰਨ ਦੀ ਕੋਈ ਵੀ ਧਰਮ ਆਗਿਆ ਨਹੀ ਦਿੰਦਾ।ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਹੀ ਵੰਨ ਸੁਵੰਨਤਾ ਨੂੰ  ਬਣਾਈ ਰੱਖਣ ਵਿੱਚ ਸਹਾਈ ਹੋ ਸਕਦਾ ਹੈ।ਸਿੱਖ ਧਰਮ ਦੁਨੀਆਂ ਦਾ ਅਜਿਹਾ ਨਵੀਨਤਮ ਧਰਮ ਹੈ,ਜਿਸ ਨੇ ਸਰਬਤ ਦੇ ਭਲੇ ਦਾ ਸੰਕਲਪ ਦੁਨੀਆਂ ਸਾਹਮਣੇ ਲੈ ਕੇ ਆਉਣ ਦਾ ਮਾਣ ਪਰਾਪਤ ਕੀਤਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗਿਆਨ ਦਾ ਅਮੁੱਕ ਭੰਡਾਰ ਤਾਂ ਹੈ ਹੀ,ਬਲਕਿ ਬਰਾਬਰਤਾ ਅਤੇ ਸਰਬ ਸਾਂਝੀਵਾਲਤਾ ਦਾ ਠਾਠਾਂ ਮਾਰਦਾ ਅਜਿਹਾ ਸਮੁੰਦਰ ਹੈ,ਜਿਸ ਵਿੱਚ ਗੋਤਾ ਲਾਉਣ ਵਾਲਾ ਹਾਉਮੈ,ਹੰਕਾਰ ਅਤੇ ਭਿੰਨ ਭੇਦ ਤੋ ਮੁਕਤ ਹੋ ਜਾਂਦਾ ਹੈ। ਸਿੱਖ ਧਰਮ ਦੁਨੀਆਂ ਦਾ ਇੱਕੋ ਇੱਕ ਅਜਿਹਾ ਧਰਮ ਹੈ,ਜਿਹੜਾ ਨਿੱਜਵਾਦ ਤੋ ਹੱਟ ਕੇ ਸਰਬ ਸਾਂਝੀਵਾਲਤਾ ਤੇ ਡਟ ਕੇ ਪਹਿਰਾ ਦਿੰਦਾ ਹੈ। ਸਿੱਖ ਧਰਮ ਦੇ ਸੰਸਥਾਪਕ  ਸ੍ਰੀ ਗੁਰੂ ਨਾਨਕ ਸਾਹਿਬ ਤੋ ਲੈ ਕੇ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਮੇਤ ਸਾਰੇ ਹੀ ਗੁਰੂ ਸਹਿਬਾਨ ਨੇ ਜਿੱਥੇ ਸਰਬ ਸਾਂਝੀਵਾਲਤਾ ਦਾ ਸੰਦੇਸ ਦ੍ਰਿੜ ਕਰਵਾਇਆ,ਓਥੇ  ਜਬਰ ਜੁਲਮ ਦੇ ਖਿਲਾਫ ਅਵਾਜ ਬੁਲੰਦ ਕਰਨ ਤੋ ਲੈ ਕੇ ਟਾਕਰਾ ਕਰਨ ਤੱਕ ਦੀ ਤਾਕੀਦ ਵੀ ਕੀਤੀ ਹੈ।ਪਹਿਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਦੇ ਜੁਲਮਾਂ ਖਿਲਾਫ ਅਵਾਜ ਬੁਲੰਦ ਕਰਦਿਆਂ
 ਪਾਪੁ ਕੀ ਜੰਝ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ,
 ਕਹਿ ਕੇ ਜਾਬਰ ਹਾਕਮ ਨੂੰ ਵੰਗਾਰਿਆ,ਅਤੇ ਲੋਕਾਈ ਨੂੰ ਵੀ ਜਬਰ ਜੁਲਮ ਦੇ ਖਿਲਾਫ ਉੱਠਣ ਦਾ ਹੋਕਾ ਦਿੱਤਾ। ਅਸੂਲ ਦੀ ਗੱਲ ਕਰਨ ਤੋ ਪਾਸਾ ਨਹੀ ਵੱਟਿਆ,ਬਲਕਿ ਖੂਨ ਦੇ ਸੋਹਿਲੇ ਗਾ ਕੇ ਉਹਨਾਂ ਜਾਬਰ ਹਾਕਮਾਂ ਨੂੰ ਸੁਚੇਤ ਕਰਦਿਆ
 ਆਵਨਿ ਅਠਤਰੈ ਜਾਨਿ ਸਤਾਨਵੈ ਹੋਰ ਭੀ ਉਠਸੀ ਮਰਸ ਕਾ ਚੇਲਾ ।।
 ਕਹਿ ਕੇ ਯਾਦ ਕਰਵਾਇਆ ਸੀ ਕਿ  ਇੱਥੇ ਬਹੁਤ ਸਾਰੇ ਆਏ ਤੇ ਬਹੁਤ ਆ ਕੇ ਚਲੇ ਜਾਣਗੇ ,ਕੋਈ ਹੋਰ ਸੂਰਮਾ ਉੱਠ ਖੜਾ ਹੋਵੇਗਾ। ਇਹ ਸੱਤਾ ਦਾ ਹੰਕਾਰ ਕਰਨਾ ਤਾਂ ਨਰਕਾਂ ਦੇ ਭਾਗੀ ਬਨਣ ਵਰਗਾ ਵਰਤਾਰਾ ਹੈ। ਜਦੋ ਔਰੰਗਜੇਬ ਨੇ ਕਸ਼ਮੀਰੀ ਪੰਡਤਾਂ ਦਾ ਜਬਰੀ ਧਰਮ ਪਰਿਵਰਤਨ ਸ਼ੁਰੂ ਕੀਤਾ,ਤਾਂ ਉਸ ਮੌਕੇ ਬਹੁਤ ਸਾਰੇ ਪੰਡਤ ਇਕੱਠੇ ਹੋ ਕੇ ਸਿੱਖਾਂ ਦੇ ਨੌਂਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਆਏ ਸਨ ਤੇ ਫਰਿਆਦ ਕੀਤੀ ਸੀ ਕਿ ਸਾਡਾ ਧਰਮ ਬਚਾਇਆ ਜਾਵੇ।ਉਸ ਮੌਕੇ ਗੁਰੂ ਸਾਹਿਬ ਨੇ ਇਹ ਨਹੀ ਸੋਚਿਆ ਸੀ ਕਿ ਇਹ ਜੁਲਮ ਸਹਿਣ ਵਾਲੇ ਲੋਕ ਕਿਹੜੇ ਧਰਮ ਨਾਲ ਸਬੰਧ ਰੱਖਦੇ ਹਨ,ਬਲਕਿ ਉਹਨਾਂ ਹਿੰਦੂਆਂ ਤੇ ਹੋ ਰਹੇ ਜੁਲਮਾਂ ਨੂੰ ਮਾਨਵੀ ਅਸੂਲਾਂ ਦੇ ਖਿਲਾਫ ਸਮਝਦਿਆਂ ਐਲਾਨੀਆਂ ਕਿਹਾ ਸੀ ਕਿ ਜਾਓ ਜਾ ਕੇ ਕਹਿ ਦਿਓ ਔਰੰਗਜੇਬ ਨੂੰ ਕਿ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਕੇ ਦੇਖ ਲੈਣ,ਫਿਰ ਅਸੀ ਸਾਰੇ ਆਪ ਹੀ ਮੁਸਲਮਾਨ ਬਣ ਜਾਵਾਂਗੇ।ਲਿਹਾਜਾ ਗੁਰੂ ਸਾਹਿਬ ਨੂੰ ਮਜਲੂਮਾਂ ਹਿੰਦੂ ਬ੍ਰਾਹਮਣਾਂ ਦੇ ਧਰਮ ਬਚਾਉਣ ਖਾਤਰ ਆਪਣਾ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸੀਸ ਕਟਵਾਉਣਾ ਪਿਆ ਸੀ। ਏਥੇ ਹੀ ਬੱਸ ਨਹੀ ਜਦੋ ਅਫਗਾਨੀ ਧਾੜਵੀ ਭਾਰਤ ਨੂੰ ਲੁੱਟਣ ਲਈ ਆਉਂਦੇ ਸਨ ਤਾਂ ਉਹ ਹਿੰਦੂ ਬਹੂ ਬੇਟੀਆਂ ਨੂੰ ਵੀ ਲੁੱਟ ਦਾ ਮਾਲ ਸਮਝ ਕੇ ਨਾਲ ਲੈ ਜਾਂਦੇ ਸਨ ਤੇ ਗਜਨੀ ਦੇ ਬਜਾਰਾਂ ਵਿੱਚ ਹਿੰਦੂ ਬਹੂ ਬੇਟੀਆਂ ਦੀ ਕੀਮਤ ਲਗਾਈ ਜਾਂਦੀ ਸੀ,ਪ੍ਰੰਤੂ ਇਹ ਗੈਰ ਮਨੁੱਖੀ ਵਰਤਾਰੇ ਨੂੰ ਵੀ ਸਿੱਖ ਸੂਰਮਿਆਂ ਨੇ ਠੱਲ੍ਹ ਪਾਈ ਸੀ,ਪਰ ਬੇਹੱਦ ਅਫਸੋਸ ਹੁੰਦਾ ਹੈ,ਜਦੋ ਮੌਜੂਦਾ ਸਮੇ ਦੇ ਹਾਕਮ ਸਿੱਖਾਂ ਦੇ ਅਹਿਸਾਨ ਮੰਦ ਰਹਿਣ ਦੀ ਬਜਾਏ ਅਹਿਸਾਨ ਫਰਾਮੋਸ਼ ਬਣਦੇ ਦਿਖਾਈ ਦਿੰਦੇ ਹਨ।ਸਿੱਖਾਂ ਦੇ ਸਰਬ ਉੱਚ ਤਖਤ ਸਹਿਬਾਨਾਂ  ਦੇ ਪ੍ਰਬੰਧਕ ਉਹ ਗੈਰ ਸਿੱਖ ਮਾਮੂਲੀ ਅਧਿਕਾਰੀਆਂ ਨੂੰ ਲਾਇਆ ਜਾ ਰਿਹਾ ਹੈ,ਜਿੰਨਾਂ ਨੂੰ ਸਿੱਖ ਰਹਿਤ ਮਰਿਯਾਦਾ,ਸਿੱਖੀ ਸਿਧਾਂਤ ਅਤੇ ਸਰਬ ਉੱਚ ਸਿੱਖ ਅਸਥਾਨਾਂ ਦੀ ਨਾ ਸਮਝ ਹੈ ਅਤੇ ਨਾ ਉਹਨਾਂ ਦਾ ਕੋਈ ਸਿੱਖੀ ਨਾਲ ਸਰੋਕਾਰ ਹੈ। ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧਕ ਹਮੇਸਾਂ ਪੂਰਨ ਗੁਰਸਿੱਖ ਹੀ ਹੋ ਸਕਦੇ ਹਨ,ਪਤਿਤ ਸਿੱਖ ਨੂੰ ਵੀ ਇਸ ਸੇਵਾ ਦੇ ਯੋਗ ਨਹੀ ਮੰਨਿਆ ਜਾਂਦਾ, ਫਿਰ ਇੱਕ ਗੈਰ ਸਿੱਖ ਜਿਹੜਾ ਹੋਰ ਕਿਸੇ ਧਰਮ ਵਿੱਚ ਆਸਥਾ ਰੱਖਦਾ ਹੈ, ਉਹ ਸਿੱਖੀ ਦੇ ਅਸੂਲਾਂ ਦੀ ਪਾਲਣਾ ਕਿਵੇਂ ਕਰ ਸਕਦਾ ਹੈ। ਇਹੋ ਜਿਹਾ ਵਰਤਾਰਾ ਜਿੱਥੇ ਧਰਮ ਨਿਰਪੱਖ ਦੇਸ਼ ਦੇ ਲੋਕ ਤੰਤਰਿਕ ਸਿਸਟਮ ਨੂੰ ਕਟਿਹਰੇ ਵਿੱਚ ਖੜਾ ਕਰਦਾ ਹੈ।ਉਥੇ ਘੱਟ ਗਿਣਤੀ ਲੋਕਾਂ ਦੇ ਮਨਾਂ ਅੰਦਰ ਬੇਚੈਨੀ,ਬੇਗਾਨਗੀ ਅਤੇ ਬੇ-ਭਰੋਸ਼ਗੀ ਵੀ ਪੈਦਾ ਕਰਦਾ ਹੈ। ਸਿੱਖਾਂ ਦੇ ਧਾਰਮਿਕ ਮਾਮਲਿਆਂ ਚ ਦਾਖਲ ਅੰਦਾਜੀ ਵਾਲਾ ਮਸਲਾ ਤਾਂ ਕਦੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੀ ਨਹੀਂ ਸੁਣਿਆ ਗਿਆ,ਪਰ ਸਿੱਖਾਂ ਨਾਲ ਆਪਣੇ ਆਜ਼ਾਦ ਮੁਲਕ ਭਾਰਤ ਅੰਦਰ ਅਜਿਹਾ ਵਾਰ ਵਾਰ ਹੋ ਰਿਹਾ ਹੈ, ਇਸਤਰਾਂ ਕਰਕੇ ਸਿੱਖਾਂ ਦੇ ਮਨਾਂ ਅੰਦਰ ਵਿਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ।ਸਿੱਖ ਆਪਣੇ ਧਾਰਮਿਕ ਮਾਮਲਿਆਂ ਚ ਸਿੱਧੀ ਦਖ਼ਲ ਅੰਦਾਜ਼ੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦੇ। ਸਿੱਖ ਕੌਂਮ ਸਾਂਤੀ ਪਸੰਦ ਕੌਂਮ ਤਾਂ ਹੈ,ਪਰ ਨਾਲ ਹੀ ਉਹਨਾਂ ਨੂੰ ਗੁਰੂ ਸਿਧਾਂਤ “ਭੈ ਕਾਹੂ ਕੋ ਦੈਤ ਨਹਿ ਨਹਿ ਭੈ ਮਾਨਤ ਆਨ” ਦੀ ਸਿੱਖਿਆ ਵੀ ਦਿੰਦਾ ਹੈ,ਸਿੱਖ ਆਪਣੇ ਉੱਚੇ ਸੁੱਚੇ  ਸਿਧਾਂਤਾਂ ‘ਤੇ ਪਹਿਰਾ ਦਿੰਦੇ ਹੋਏ ਜਿੰਦਗੀ ਵਿੱਚ ਅੱਗੇ ਵਧ ਰਹੇ ਹਨ,ਪ੍ਰੰਤੂ ਪੈਰ ਪੈਰ ਤੇ ਧੋਖਾ, ਪੈਰ ਪੈਰ ਤੇ ਬੇਗਾਨਗੀ ਦਾ ਅਹਿਸਾਸ ਅਤੇ ਜਬਰ ਜੁਲਮ ਦਾ ਖੌਫ਼ ਦੇ ਕੇ ਸਿੱਖ ਕੌਂਮ ਨੂੰ ਬਿਖੜੇ ਰਾਹਾਂ ਵੱਲ ਤੋਰਨ ਦੇ ਕੋਝੇ ਯਤਨ ਹੋ ਰਹੇ ਹਨ। ਜਿੱਥੇ ਅਜਿਹੇ ਕੋਝੇ ਹਥਕੰਡੇ ਸਿੱਖਾਂ ਲਈ ਘਾਤਕ ਹੋਣਗੇ, ਓਥੇ  ਇਹ ਵਰਤਾਰਾ ਮੁਲਕ ਦੀ ਏਕਤਾ ਅਤੇ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ।
 ਇਹਦੇ ਵਿੱਚ ਕੋਈ ਸ਼ੱਕ ਨਹੀ ਹੈ ਕਿ ਸਿੱਖ ਕੌਮ ਨੂੰ ਇਸ ਕਦਰ ਕਮਜ਼ੋਰ ਕਰਨ ਲਈ ਸਿੱਧੇ ਤੌਰ ਤੇ ਉਹ ਸਿੱਖ ਆਗੂ ਮੁੱਖ ਤੌਰ ਤੇ ਜੁੰਮੇਵਾਰ ਹਨ,ਜਿੰਨਾਂ ਨੇ ਆਪਣੇ ਨਿੱਜੀ ਮੁਫਾਦਾਂ ਖਾਤਰ ਕੌਮ ਦੇ ਹਿਤਾਂ ਨੂੰ ਵੇਚਿਆਂ ਅਤੇ ਸਿੱਖੀ ਸਿਧਾਂਤਾਂ ਦਾ ਘਾਣ ਕਰਵਾਇਆ, ਪੰਥਕ ਰਹੁ ਰੀਤਾਂ ਦੇ ਘਾਣ ਬਦਲੇ ਸੱਤਾ ਦੇ ਸੌਦੇ ਕੀਤੇ।ਮੌਜੂਦਾ ਦੌਰ ਵਿੱਚ ਸਿੱਖਾਂ ਦੀ ਹਾਲਤ ਤਰਸਯੋਗ ਬਨਾਉਣ ਵਿੱਚ ਸਿੱਖ ਆਗੂਆਂ ਦੀ ਕੁਰਸੀ ਦੀ ਭੁੱਖ ਜਿੰਮੇਵਾਰ ਰਹੀ ਹੈ। ਇਹ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਖੁਦ ਤਾਂ ਨਹੀਂ ਰਹੇ,ਪਰ ਕੌਮ ਨੂੰ ਜਿਹੜੇ ਘੁੱਪ ਹਨੇਰੇ ਚ ਸੁੱਟ ਕੇ ਚਲੇ ਗਏ,ਉਥੋਂ ਬਾਹਰ ਨਿਕਲਣ ਦਾ ਰਾਹ ਲੱਭਣਾ ਹੀ ਬੇਹੱਦ ਮੁਸ਼ਕਲ ਬਣ ਚੁੱਕਿਆ ਹੈ। ਸਿੱਖ ਵਿਰੋਧੀ ਤਾਕਤਾਂ ਦੀ ਗੁਰਦੁਆਰਾ ਪ੍ਰਬੰਧ ਵਿੱਚ ਸਿੱਧੀ ਦਾਖਲ ਅੰਦਾਜੀ ਸਿੱਖੀ ਦੀ ਨਿਆਰੀ ਨਿਰਾਲੀ ਹੋਂਦ ਨੂੰ ਢਾਹ ਲਾਉਣ ਦਾ ਮੁੱਢਲਾ ਕਦਮ ਹੈ,ਜਿਸ ਨੂੰ ਹਲਕੇ ਵਿੱਚ ਨਹੀ ਲਿਆ ਜਾਣਾ ਚਾਹੀਦਾ।ਇਸ ਕੌੜੇ ਸੱਚ ਨੂੰ ਕੋਈ ਮੰਨੇ ਜਾਂ ਨਾਂ ਮੰਨੇ,ਪਰ ਇਹ ਸਚਾਈ ਹੈ ਕਿ ਸਿੱਖ ਵਿਰੋਧੀ ਤਾਕਤਾਂ ਅਸਿੱਧੇ ਢੰਗ ਨਾਲ ਪਹਿਲਾਂ ਹੀ ਸਮੁੱਚੇ ਗੁਰਦੁਆਰਾ ਪ੍ਰਬੰਧ,ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਦਿੱਲੀ ਗੁਰਦੁਆਰਾ ਮੈਨੇਜਮੈਟ ਕਮੇਟੀ,ਪਟਨਾ ਸਾਹਿਬ ਬੋਰਡ ਅਤੇ ਹਜੂਰ ਸਾਹਿਬ ਨੰਦੇੜ ਦੇ ਗੁਰਦੁਆਰਾ ਬੋਰਡ ਤੇ ਕਾਬਜ ਹੋ ਚੁੱਕੀਆਂ ਸਨ,ਪਰੰਤੂ ਹੁਣ ਪਰਤੱਖ ਰੂਪ ਚ ਸਾਹਮਣੇ ਆ ਗਈਆਂ ਹਨ।ਸਿਆਸੀ ਮਾਹਰਾਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਭਾਵੇਂ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅਤੇ ਅਕਾਲੀ ਦਲ ਬਾਦਲ ਦੇ ਆਗੂ ਮਗਰਮੱਛ ਦੇ ਹੰਝੂ ਬਹਾ ਕੇ ਆਪਣੇ ਆਪ ਨੂੰ ਸੱਚੇ ਸਾਬਤ ਕਰਨ ਦੇ ਯਤਨ ਵਿੱਚ ਲੱਗੇ ਹੋਏ ਹਨ,ਪਰ ਸੱਚ ਇਹ ਹੈ ਕਿ ਇਹ ਸਾਰਾ ਕੁੱਝ ਅੱਜ ਵੀ ਅਕਾਲੀ ਦਲ ਬਾਦਲ ਦੀ ਲੁਕਵੀਂ ਸਹਿਮਤੀ ਨਾਲ ਹੀ ਹੋ ਰਿਹਾ ਹੈ।ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਹੁਣ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ ਗੱਠਜੋੜ ਨਹੀ ਹੈ,ਤਾਂ ਵੀ ਅਕਾਲੀ ਦਲ ਬਾਦਲ ਨੂੰ ਦੋਸ਼ਾਂ ਤੋ ਮੁਕਤ ਨਹੀ ਕੀਤਾ ਜਾ ਸਕਦਾ,ਕਿਉਂਕਿ ਸਰੋਮਣੀ ਅਕਾਲੀ ਦਲ ਦੀ ਜੋ ਦੁਰਦਸ਼ਾ ਮੌਜੂਦਾ ਸਮੇ ਵਿੱਚ ਹੋਈ ਹੈ,ਉਹਦੇ ਲਈ ਸਿੱਧੇ ਤੌਰ ਤੇ ਅਕਾਲੀ ਦਲ ਤੇ ਕਾਬਜ ਲੋਕ ਹੀ ਜਿੰਮੇਵਾਰ ਮੰਨੇ ਜਾਣਗੇ।  ਜੇਕਰ ਅਕਾਲੀ ਦਲ ਮਜਬੂਤ ਹੁੰਦਾ ਤਾਂ ਕਿਸੇ ਦੀ ਵੀ ਸਿੱਖ ਮਾਮਲਿਆਂ ਵਿੱਚ ਦਾਖਲ ਅੰਦਾਜੀ ਕਰਨ ਦੀ ਹਿੰਮਤ ਨਹੀ ਸੀ ਹੋ ਸਕਦੀ। ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਸਾਰੀਆਂ ਸਿੱਖ ਸੰਸਥਾਵਾਂ ਵਿੱਚ ਧੜੇਬੰਦੀ ਪੈਦਾ ਕਰਕੇ ਉਹਨਾਂ ਨੂੰ ਕਮਜੋਰ ਕੀਤਾ,ਫਿਰ ਅਕਾਲੀ ਦਲ ਨੂੰ ਪੰਥਕ ਪਾਰਟੀ ਤੋ ਪੰਜਾਬੀ ਪਾਰਟੀ ਬਣਾ ਕੇ ਕੁਰਬਾਨੀਆਂ ਵਾਲੀ ਜਥੇਬੰਦੀ ਦੇ ਅਕਸ਼ ਨੂੰ ਵੱਡੀ ਢਾਹ ਲਾਈ,ਉਹਦੇ ਬਦਲੇ ਭਾਵੇ ਪਰਕਾਸ਼ ਸਿੰਘ ਬਾਦਲ ਖੁਦ ਤਾਂ ਲੰਮਾ ਸਮਾ ਰਾਜ ਸੱਤਾ ਭੋਗਦੇ ਰਹੇ, ਪਰ ਕੌਂਮ ਵਿੱਚ ਆਪਸੀ ਵੰਡੀਆਂ ਅਤੇ ਦੂਰੀਆਂ ਐਨੀਆਂ ਪਾ ਗਏ ,ਜਿੰਨਾਂ ਨੂੰ ਦੂਰ ਕਰਨਾ ਸੁਪਨੇ ਵਾਂਗ ਜਾਪਦਾ ਹੈ। ਪਰਕਾਸ਼ ਸਿੰਘ ਬਾਦਲ ਦੀਆਂ ਦਿੱਤੀਆਂ ਗੰਢਾਂ ਪੰਥ ਤੋ ਦੰਦਾਂ ਨਾਲ ਵੀ ਨਹੀ ਖੁੱਲਣੀਆਂ। ਭਾਂਵੇਂ  ਸ੍ਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆਂ ਤੋ ਜਾਂਦੇ ਸਮੇ ਪੰਥ ਕੌਂਮ ਨਾਲ ਧਰੋਹ ਕਮਾਉਣ ਅਤੇ ਬੇਅਦਬੀ ਦਾ ਵੱਡਾ ਕਲੰਕ ਮੱਥੇ ਤੇ ਲਗਵਾ ਕੇ ਅਖੀਰ ਜਾਂਦੀ ਵਾਰੀ ਦੁਨੀਆਂ ਤੋ ਹਾਰ ਕੇ ਤੁਰ ਗਏ ਹਨ,ਪਰ ਇਸ ਦੇ ਬਾਵਜੂਦ ਵੀ ਪਿਛਲਿਆਂ ਨੇ ਕੋਈ ਸਬਕ ਨਹੀ ਸਿੱਖਿਆ। ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਸੱਤਾ ਚ ਹੁੰਦਿਆਂ ਹੀ ਅਕਾਲੀ ਦਲ ਦੀ ਅਗਵਾਈ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੀ ਸੀ,ਜਿਸ ਕਰਕੇ ਅਕਾਲੀ ਦਲ ਵਿੱਚ ਵੀ ਧੜੇਬੰਦੀ ਪੈਦਾ ਹੋ ਗਈ,ਨਤੀਜਾ ਇਹ ਨਿਕਲਿਆ ਕਿ ਪੰਜਾਬ ਦੀ ਸਿਆਸਤ ਤੇ ਸਰਦਾਰੀ ਕਰਨ ਵਾਲਾ ਅਕਾਲੀ ਦਲ ਹਾਸੀਏ ਤੇ ਚਲਾ ਗਿਆ।ਗੁਰਦੁਆਰਾ ਪ੍ਰਬੰਧ ‘ਤੇ ਸਿੱਖ ਵਿਰੋਧੀ ਤਾਕਤਾਂ ਭਾਰੂ ਹੋ ਗਈਆਂ। ਲਿਹਾਜਾ ਅੱਜ ਸਿੱਖ ਪੰਥ ਲਾਵਾਰਸ ਹੋਇਆ ਮਹਿਸੂਸ ਕਰਦਾ ਹੈ। ਇਸ ਸਾਰੇ ਵਰਤਾਰੇ ਦੇ ਸੰਦਰਭ ਵਿੱਚ ਕਹਿਣਾ ਪਵੇਗਾ ਕਿ ਅਜੇ ਵੀ ਭਲਾ ਹੋਵੇ ਜੇਕਰ ਸ੍ਰ ਸੁਖਬੀਰ ਸਿੰਘ ਬਾਦਲ ਬਿਨਾਂ ਦੇਰੀ ਕੀਤਿਆਂ ਇਸ ਕੌਂਮ ਵਿਰੋਧੀ ਵਰਤਾਰੇ ਲਈ ਆਪਣੇ ਆਪ ਨੂੰ ਜੁੰਮੇਵਾਰ ਮੰਨਦੇ ਹੋਏ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਕੇ ਪਾਸੇ ਹਟ ਜਾਣ, ਤਾਂਕਿ ਸਿੱਖ ਸ੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਕੇ ਆਪਣੀ ਹੋਣੀ ਦੇ ਨਾਲ ਨਜਿੱਠਣ ਦੇ ਕਾਬਲ ਹੋ ਸਕਣ। ਦੂਜੇ ਪਾਸੇ ਹਾਕਮ ਧਿਰਾਂ ਨੂੰ ਵੀ ਗੁਰੂ ਨਾਨਕ ਸਾਹਿਬ ਦੇ ਬਚਨ :-“ਆਵਨਿ ਅਠਤਰੈ ਜਾਨਿ ਸਤਾਨਵੈ ਹੋਰ ਭੀ ਉਠਸੀ ਮਰਸ ਕਾ ਚੇਲਾ”।। ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ  ਗੁਰਬਾਣੀ ਦੇ ਇਸ ਗੁੱਝੇ ਭੇਦ ਦੇ ਅਰਥ ਦ੍ਰਿੜ ਕਰ ਲੈਣੇ ਚਾਹੀਦੇ ਹਨ।

ਬਘੇਲ ਸਿੰਘ ਧਾਲੀਵਾਲ
 99142-58142