ਗਲ਼ ਪਿਆ ਢੋਲ - ਰਵਿੰਦਰ ਸਿੰਘ ਕੁੰਦਰਾ
ਸ਼ਾਦੀ ਮੌਲਵੀ ਦੀ ਹੋਈ ਨੂੰ, ਕਈ ਵਰ੍ਹੇ ਸਨ ਬੀਤੇ,
ਪਰ ਕੋਈ ਔਲਾਦ ਨਾ ਹੋਈ, ਲੱਖ ਉਸ ਹੀਲੇ ਕੀਤੇ।
ਬੀਵੀ ਦੂਜੇ ਪਾਸੇ ਤੜਪੇ, ਲੋਕੀ ਬੋੱਲੀਆਂ ਮਾਰਨ,
ਸਮਝ ਸਕੇ ਨਾ ਦੋਨੋਂ ਜੀਅ, ਇਸ ਦਾ ਜ਼਼ਾਹਿਰਾ ਕਾਰਨ।
ਮੌਲਵੀ ਕਹੇ ਸੁਣ ਮੇਰੀ ਸੱਜਣੀ, ਇਹ ਹੈ ਮੌਜ ਅੱਲਾ ਦੀ,
ਜਦੋਂ ਉਹ ਚਾਹੇ ਦੇ ਦੇਵੇਗਾ, ਤੈਨੂੰ ਨਵਾਂ ਪੁੱਤਰ ਜਾਂ ਧੀ।
ਪਰ ਮੌਲਾਣੀ ਸੁੱਕੇ ਫਿਕਰਾਂ ਚ', ਨਾ ਕੋਈ ਬੱਝੇ ਢਾਰਸ,
ਨਾ ਕੋਈ ਦਾਰੂ ਕੰਮ ਕਰੇ, ਨਾ ਕੋਈ ਤਬੀਤ ਨਾ ਪਾਰਸ।
ਆਖ਼ਰ ਅੱਕ ਕੇ ਮੌਲਾਣੀ ਨੇ, ਕਰੀ ਅਰਜ਼ ਖੁਦਾ ਦੇ ਅੱਗੇ,
ਕਰੇਂ ਜੇ ਮਿਹਰ ਤਾਂ ਮੈਂ ਬਜਵਾਵਾਂ, ਮਸੀਤੇ ਢੋਲ 'ਤੇ ਡੱਗੇ।
ਸੁਣੀ ਗਈ ਅਰਜ਼ ਨਿਮਾਣੀ ਦੀ, ਧੁਰ ਦਰਗਾਹੇ ਅੱਲਾ,
ਜਨਮਿਆ ਪੁੱਤਰ ਘਰ ਓਸ ਦੇ, ਹੋ ਗਈ ਵੱਲਾਹ ਵੱਲਾਹ।
ਖ਼ੁਸ਼ੀਆਂ ਬਰਸੀਆਂ ਘਰ ਮੁੱਲਾਂ ਦੇ, ਰੱਜ ਉਸ ਜਸ਼ਨ ਮਨਾਏ,
ਖਾਲੀ ਗਏ ਨਾ ਕੋਈ ਸਵਾਲੀ, ਜੋ ਘਰ ਉਸ ਦੇ ਆਏ।
ਵਿਹਲੇ ਹੋ ਕੇ ਸਭ ਕਾਸੇ ਤੋਂ, ਮੌਲਾਣੀ ਅਰਜ਼ ਗੁਜ਼ਾਰੇ,
ਮੇਰੀ ਸੁੱਖ ਵੀ ਪੂਰੀ ਕਰ ਦਿਓ, ਮੇਰੇ ਪ੍ਰੀਤਮ ਪਿਆਰੇ।
ਮੈਂ ਚਾਹੁੰਦੀ ਹਾਂ ਤੁਸੀਂ ਬਜਵਾਓ, ਢੋਲ ਮਸਜਿਦ ਦੁਆਰੇ,
ਮੇਰਾ ਅੱਲਾ ਖੁਸ਼ ਹੋ ਜਾਸੀ, ਹੋ ਜਾਵਣ ਵਾਰੇ ਨਿਆਰੇ।
ਸੁਣ ਕੇ ਗੱਲ ਮੌਲਾਣੀ ਦੀ, ਹੋਇਆ ਮੌਲਵੀ ਲੋਹਾ ਲਾਖਾ,
ਕਹੇ ਸ਼ਰਾਹ ਵਿੱਚ ਕਿਤੇ ਨੀਂ ਲਿਖਿਆ, ਐਸਾ ਪਖੰਡ ਤਮਾਸ਼ਾ।
ਮੈਨੂੰ ਲੋਕੀਂ ਮਾਰ ਦੇਣਗੇ, ਜੇ ਮੈਂ ਐਸਾ ਕੀਤਾ,
ਸਰੇ ਬਜ਼ਾਰ ਉਹ ਕਰ ਦੇਣਗੇ, ਮੇਰਾ ਫੀਤਾ ਫੀਤਾ।
ਮੰਨੀ ਨਾ ਪਰ ਅੜਬ ਮੌਲਾਣੀ, ਜ਼ਿਦ ਉੱਤੇ ਉਹ ਅੜ ਗਈ,
ਕਹੇ ਮੈਂ ਨਹੀਂ ਝੂਠੀ ਹੋਣਾ, ਅੱਲਾ ਦੇ ਇਸ ਵਰ ਲਈ।
ਮੌਲਵੀ ਬੜਾ ਕਸੂਤਾ ਫਸਿਆ, ਰਸਤਾ ਕੋਈ ਨਾ ਲੱਭੇ,
ਸੋਚ ਸੋਚ ਕੇ ਬੇਵੱਸ ਹੋ ਗਿਆ, ਲਾ ਕੇ ਤਾਣ ਉਹ ਸੱਭੇ।
ਆਖ਼ਰ ਉਸਨੂੰ ਜੁਗਤ ਇੱਕ ਸੁੱਝੀ, ਪਾਇਆ ਢੋਲ ਉਸ ਗਲ਼ ਵਿੱਚ,
ਜਾ ਚੜ੍ਹਿਆ ਮਸੀਤ ਚਬੂਤਰੇ, ਮਜਲਸ ਦੇ ਉਹ ਗੜ੍ਹ ਵਿੱਚ।
ਬੜੇ ਰੋਅਬ ਨਾਲ ਗਰਜਿਆ, ਆਖੇ ਮੈਂ ਸਬਕ ਤੁਸਾਂ ਨੂੰ ਦੇਸਾਂ,
ਜਿਹੜਾ ਤੁਸਾਂ ਨਾ ਸੁਣਿਆ ਹੋਸੀ, ਵਿੱਚ ਦੇਸਾਂ, ਪਰਦੇਸਾਂ।
ਮਸਜਿਦ ਵਿੱਚ ਹੈ ਮਨ੍ਹਾ ਵਜਾਉਣਾ, ਕੋਈ ਢੋਲ ਜਾਂ ਤਾਸਾ,
ਸ਼ਰਾਹ ਮੁਤਾਬਕ ਕੋਈ ਨਾ ਕਰੇ, ਇਸ ਤੋਂ ਆਸਾ ਪਾਸਾ।
ਬੇ ਸੁਰਾ ਇਹ ਟੱਮਕ ਜਿਹਾ, ਕੰਨਾਂ ਨੂੰ ਨਾ ਭਾਵੇ,
ਭਾਵੇਂ ਕੋਈ ਵਜਾਵੇ ਸੱਜਿਉਂ, ਜਾਂ ਖੱਬਿਉਂ ਖੜਕਾਵੇ।
ਇਹ ਕਹਿੰਦਿਆਂ ਹੱਥ ਉਸਨੇ, ਢੋਲ 'ਤੇ ਦੋ ਚਾਰ ਮਾਰੇ,
ਵਾਹ ਵਾਹ ਕਰਨ ਲੱਗੇ ਸਭ ਲੋਕੀਂ, ਜੁੜ ਜੋ ਬੈਠੇ ਸਾਰੇ।
ਦੇਖ ਲਵੋ ਤੁਸੀਂ ਮੇਰਾ ਕਹਿਣਾ, ਸੱਚਾ ਕਰ ਮੈਂ ਦੱਸਿਆ,
ਏਸੇ ਕਰਕੇ ਇਹਨੂੰ ਵਜਾਉਣਾ, ਸ਼ਰਾਹ ਵਿੱਚ ਨਹੀਂ ਰੱਖਿਆ।
ਲਾਹ ਕੇ ਢੋਲ ਗਲੋਂ ਜਦ ਉਸਨੇ, ਪਟਕਿਆ ਧਰਤੀ ਉੱਤੇ,
ਤੋੜਨ ਦੇ ਲਈ ਉਸਨੂੰ ਸਾਰੇ, ਪਏ ਇੱਕ ਦੂਜੇ ਤੋਂ ਉੱਤੇ।
ਤੋੜ ਤਾੜ ਇੱਕ ਪਾਸੇ ਕੀਤਾ, ਹਜੂਮ ਨੇ ਢੋਲ ਦਾ ਪਿੰਜਰ,
ਮਾਪੀ ਨਾ ਫਿਰ ਗਈ ਖੁਸ਼ੀ, ਜੋ ਉਪਜੀ ਮੌਲਵੀ ਅੰਦਰ।
ਮਨ ਵਿੱਚ ਸ਼ਾਂਤ ਜਿਹਾ ਉਹ ਹੋ ਕੇ, ਤੁਰ ਪਿਆ ਆਪਣੇ ਘਰ ਨੂੰ,
ਸ਼ੁਕਰ ਹੈ ਅੱਲਾ ਦਾ ਜਿਸ ਨੇ, ਤਰਕੀਬ ਸੁਝਾਈ ਮੈਨੂੰ।
ਮੁਆਸ਼ਰੇ ਵਿੱਚ ਮੇਰੀ ਇੱਜ਼ਤ ਰਹਿ ਗਈ, ਮੌਲਾਣੀ ਵੀ ਖੁਸ਼ ਹੋ ਗਈ,
ਖੁਸ਼ਕਿਸਮਤੀ ਨਾਲ ਸਾਰੇ ਪਾਸਿਉਂ, ਮੇਰੀ ਧੰਨ ਧੰਨ ਹੋ ਗਈ।
ਤਕਦੀਰੇ ਤੇਰੇ ਖੇਲ੍ਹ ਨਿਆਰੇ, ਮਨ ਵਿੱਚ ਜਾਵੇ ਕਹਿੰਦਾ,
ਗਲ਼ ਵਿੱਚ ਪੈ ਗਿਆ ਹਰ ਬੰਦੇ ਨੂੰ, ਢੋਲ ਵਜਾਉਣਾ ਪੈਂਦਾ।
ਢੋਲ ਵਜਾਉਣਾ ਪੈਂਦਾ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ