“ਮੇਰੀ ਸ਼ਖਸੀਅਤ” - ਰਸ਼ਪਿੰਦਰ ਕੌਰ ਗਿੱਲ

ਮੈਂ ਕਦੇ ਨਹੀਂ ਕਹਾਂਗੀ
ਕਿ ਮੈਨੂੰ ਮਨਾਉ
ਕਿਉਂਕੀ ਮੈੰ ਰੁੱਸਾਂਗੀ ਹੀ ਉਦੋਂ
ਜਦੋਂ ਮੈਂ ਮੰਨਣਾ ਨਾ ਹੋਵੇਗਾ
ਬੇਵਜਾ ਰੁੱਸਣਾ
ਉਹ ਮੇਰੀ ਸ਼ਖਸੀਅਤ ਨਹੀਂ ।

ਰੁੱਸਣਾ ਮਨਾਉਣਾ ਮੈਨੂੰ ਇੱਕ ਖੇਡ ਜਾਪਦਾ
ਪਰ ਮੇਰੀ ਜਿੰਦਗੀ ਕੋਈ ਖੇਡ ਨਹੀਂ
ਤੂੰ ਰੁੱਸ ਜਾਵੇਂ ਤੇ ਮੈਂ ਮਨਾਵਾਂ
ਕਦੇ ਮੈਂ ਰੁੱਸ ਜਾਵਾਂ ਤੇ ਤੂੰ ਮਨਾਵੇਂ
ਇਹ ਖੇਡਾਂ ਖੇਡ ਜਿੰਦਗੀ ਬਿਤਾਵਾਂ
ਉਹ ਮੇਰੀ ਸ਼ਖਸੀਅਤ ਨਹੀਂ

ਮੈਨੂੰ ਇੰਝ ਲਗਦਾ ਰੁੱਸਣ ਦੀ ਕੋਈ ਵਜਾ ਤਾਂ ਹੋਵੇ
ਵਜਾ ਵੀ ਉਹ ਹੋਵੇ ਜੋ ਮੇਰੇ ਲਈ ਇੱਕ ਸਜਾ ਹੋਵੇ
ਜਦ ਮੇਰੀ ਕੋਈ ਖਤਾ ਨਾ ਹੋਵੇ
ਤਾਂ ਫਿਰ ਮੇਰਾ ਰੁੱਸਣਾ ਬਣਦਾ ਹੈ
ਬੇਵਜਾ ਮੈਂ ਸੂਲੀ ਤੇ ਚੜਾਂ
ਉਹ ਮੇਰੀ ਸ਼ਖਸੀਅਤ ਨਹੀਂ

ਰਿਸ਼ਤੇ ਮੈਨੂੰ ਬਹੁਤ ਅਹਿਮ ਨੇ ਮੇਰੀ ਜਿੰਦਗੀ ਵਿੱਚ
ਕੋਈ ਮੇਰੀ ਕਦਰ ਨਾ ਪਾਵੇ ਤਾਂ ਮੈਂ ਕੀ ਕਰਾਂ
ਕੋਈ ਛੱਡ ਕੇ ਖੁਦ ਟੁਰ ਜਾਵੇ ਮੈਨੂੰ
ਮੈਂ ਰੋਵਾਂ ਜਾਂ ਕੁਰਲਾਵਾਂ
ਕਦੇ ਸਮਝ ਨਾ ਆਵੇ ਮੈਂ ਕੀ ਕਰਾਂ
ਖੁਦ ਨੂੰ ਸਮੇਟ ਕੇ ਡੱਟ ਕੇ ਖੜ ਜਾਂਦੀ ਹਾਂ ਮੈਂ
ਟੁੱਟ ਜਾਵਾਂ ਹਾੜੇ ਪਾਵਾਂ
ਜੁਦਾਈ ਦੇ ਵਿੱਚ ਮੈਂ ਮਰ ਜਾਵਾਂ
ਉਹ ਮੇਰੀ ਸ਼ਖਸੀਅਤ ਨਹੀਂ

ਆਕੜਖੋਰੀ ਹਾਂ, ਨੱਕਚੜੀ ਹਾਂ
ਹੰਕਾਰੀ ਵੀ ਮੈਂ ਲਗਦੀ ਹਾਂ ਸਭ ਨੂੰ
ਮੇਰੀ ਮਾਸੂਮੀਅਤ ਨੂੰ
ਕਿੰਝ ਕਿੰਝ ਕਤਲ ਕੀਤਾ
ਤੇ ਕਿਸ ਕਿਸ ਨੇ ਕੀਤਾ
ਮੈਂ ਉਹ ਸਭ ਭੁੱਲ ਜਾਵਾਂ
ਉਹ ਮੇਰੀ ਸ਼ਖਸੀਅਤ ਨਹੀਂ

ਰੋਸੇ ਸਾਰੇ ਮੁੱਕ ਗਏ ਹਨ ਮੇਰੇ
ਵਹਿਮ ਡਰ ਸਭ ਛੁੱਟ ਗਏ ਨੇ ਮੇਰੇ
ਮੇਰੇ ਕੋਲ ਸਿਰਫ ਮੈਂ ਬਚੀ ਹਾਂ
ਮੈਂ ਦੇ ਵਿੱਚ ਮੇਰੀ ਰੂਹ ਬਚੀ ਆ
ਆਪਣੀ ਰੂਹ ਨਾਲ ਮੈਂ ਰੁੱਸ ਜਾਵਾਂ
ਉਹ ਮੇਰੀ ਸ਼ਖਸੀਅਤ ਨਹੀਂ

- ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਸੰਪਾਦਕ, ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ, ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ
+91-9888697078