ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
07 ਅਗਸਤ 2023
ਅਮਰੀਕਾ ਵਿਚ ਸਿੱਖ ਦੁਕਾਨਦਾਰ ਨੇ ਹਥਿਆਰਬੰਦ ਚੋਰ ਨੂੰ ਘੇਰ ਘੇਰ ਕੇ ਕੁੱਟਿਆ- ਇਕ ਖ਼ਬਰ
ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਡੰਡੇ ਬਾਝ ਨਾ ਕਾਬੂ ਭੂਤ ਆਉਂਦੇ।
ਪੰਜਾਬ ਸਰਕਾਰ ਤੇ ਰਾਜਪਾਲ ਦਰਮਿਆਨ ਟਕਰਾਅ ਜਾਰੀ-ਇਕ ਖ਼ਬਰ
ਕੁੰਢੀਆਂ ਦੇ ਸਿੰਙ ਫ਼ਸ ਗਏ, ਕੋਈ ਨਿੱਤਰੂ ਵੜੇਵੇਂ ਖਾਣੀ।
ਕੌਮਾਂਤਰੀ ਹਾਲਾਤ ਭਾਵੇਂ ਜਿੰਨੇ ਮਰਜ਼ੀ ਬਦਲ ਜਾਣ, ਅਸੀਂ ਪਾਕਿਸਤਾਨ ਨਾਲ਼ ਖੜ੍ਹੇ ਰਹਾਂਗੇ- ਸ਼ੀ ਜਿਨਪਿੰਗ
ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ਼ ਵੀ ਵਿੰਗਾ ਨ ਹੋਵੇ।
ਪ੍ਰਸ਼ਾਸਨ ਦੇ ਅਧਿਕਾਰੀ ਹੀ ਸਰਕਾਰ ‘ਤੇ ਕੰਮ ਨਾ ਕਰਨ ਦੇ ਦੋਸ਼ ਲਗਾ ਰਹੇ ਹਨ- ਜਾਖੜ
ਬਸ ਜਾਖੜ ਸਾਬ ਇੰਜ ਹੀ ਟਿੰਡ ‘ਚ ਕਾਨਾ ਪਾਈ ਰੱਖਿਉ।
ਸਰਨਾ ਵਲੋਂ ਦਿੱਲੀ ਦੇ ਸਿੱਖਾਂ ਨੂੰ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਦੇ ਬਾਈਕਾਟ ਦਾ ਸੱਦਾ- ਇਕ ਖ਼ਬਰ
ਰੱਬ ਖ਼ੈਰ ਕਰੇ! ਸਰਨਾ ਸਾਹਿਬ ਕੀ ਦਿੱਲੀ ਦੇ ਸਿੱਖ ਤੁਹਾਡੇ ‘ਤੇ ਯਕੀਨ ਕਰਨਗੇ?
ਰਾਜਪਾਲ ਵਲੋਂ ਪੰਜਾਬ ਰਾਜ ਭਵਨ ਵਿਚ ਟਮਾਟਰਾਂ ਦੀ ਵਰਤੋਂ ‘ਤੇ ਰੋਕ- ਇਕ ਖ਼ਬਰ
ਊਠ ਤੋਂ ਛਾਨਣੀ ਲਾਹਿਆਂ ਕਿੰਨਾਂ ਕੁ ਫ਼ਰਕ ਪੈ ਜਾਊ ਰਾਜਪਾਲ ਸਾਹਿਬ।
ਉਸਾਰੀ ਦੇ ਕੁਝ ਦਿਨਾਂ ਬਾਅਦ ਹੀ ਸੜਕਾਂ ਉਖੜਨੀਆਂ ਸ਼ੁਰੂ- ਇਕ ਖ਼ਬਰ
ਇਥੇ ਤਾਂ ਬਣਾਉਂਦਿਆਂ ਬਣਾਉਂਦਿਆਂ ਉੱਖੜ ਜਾਂਦੀਆਂ, ਇਹ ਤਾਂ ਫੇਰ ਵੀ ਕੁਝ ਦਿਨ ਕੱਢ ਗਈਆਂ।
ਮੋਦੀ ਦੇ ਪੁਰਸਕਾਰ ਪ੍ਰੋਗਰਾਮ ਵਿਚ ਸ਼ਰਦ ਪਵਾਰ ਮੁੱਖ ਮਹਿਮਾਨ- ਇਕ ਖ਼ਬਰ
ਹਮ ਬੇਪੇਂਦੇ ਕੇ ਲੋਟੇ ਹੈਂ, ਕਭੀ ਇਧਰ ਗਿਰੇ ਕਭੀ ਉਧਰ ਗਿਰੇ।
ਜੰਮੂ ਕਸ਼ਮੀਰ ਵਿਧਾਨ ਸਭਾ ‘ਚ ਸਿੱਖਾਂ ਲਈ ਦੋ ਸੀਟਾਂ ਰਾਖਵੀਆਂ ਕੀਤੀਆਂ ਜਾਣ- ਭੋਮਾ/ਪੰਨੂੰ
ਸੁੱਤੀ ਪਈ ਨੇ ਲੁਹਾਈਆਂ ਚੂੜੀਆਂ, ਅਜੇ ਵੀ ਘੁਰਾੜੇ ਮਾਰਦੀ।
ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਦੀਆਂ ਮੰਗਾਂ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ- ਇਕ ਖ਼ਬਰ
ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜ਼ੇ ਵਲ ਪਾਈਆਂ।
ਸਦਨ ਨੂੰ ਪੂਰਾ ਅਧਿਕਾਰ ਹੈ ਤੇ ਉਹ ਦਿੱਲੀ ਰਾਜ ਲਈ ਕੋਈ ਵੀ ਕਾਨੂੰਨ ਬਣਾ ਸਕਦਾ ਹੈ- ਅਮਿੱਤ ਸ਼ਾਹ
ਚੰਦਰਾ ਸ਼ੌਕੀਨ ਹੋ ਗਿਆ, ਤੇੜ ਲਾ ਕੇ ਲੱਠੇ ਦਾ ਸਾਫ਼ਾ।
ਪੰਥਕ ਏਜੰਡਾ ਛੱਡਣ ਅਤੇ ਆਪਹੁਦਰੀਆਂ ਨੇ ਅਕਾਲੀ ਦਲ ਨੂੰ ਅਰਸ਼ ਤੋਂ ਫ਼ਰਸ਼ ‘ਤੇ ਲਿਆਂਦਾ- ਇਕ ਖ਼ਬਰ
ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।
ਲੋਕ ਸਭਾ ਨੇ ਹੰਗਾਮੇ ਦੌਰਾਨ ਤਿੰਨ ਬਿੱਲ ਪਾਸ ਕੀਤੇ- ਇਕ ਖ਼ਬਰ
ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ।
ਪੰਥਕ ਏਜੰਡੇ ਨਾਲ ਹੀ ਅਕਾਲੀ ਦਲ ਦੀ ਪੁਨਰਸੁਰਜੀਤੀ ਹੋ ਸਕਦੀ ਹੈ- ਕਿਰਨਜੋਤ ਕੌਰ
ਵਿਹੜੇ ਲਾ ਤ੍ਰਿਵੈਣੀ, ਛਾਂਵੇਂ ਬਹਿਕੇ ਕੱਤਿਆ ਕਰੂੰ।