ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
30 ਜੁਲਾਈ 2023
ਪੰਜਾਬ ਕਾਂਗਰਸ ਨੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਕੀਤਾ ਮੌਨ ਸਤਿਆਗ੍ਰਹਿ- ਇਕ ਖ਼ਬਰ
ਤੇਰੇ ਸਾਹਮਣੇ ਬੈਠ ਕੇ ਰੋਣਾ, ਦੁੱਖ ਤੈਨੂੰ ਨਹੀਂਉਂ ਦੱਸਣਾ।
ਯੂਕਰੇਨ ਨੂੰ ਮਿਲੇ ਅਮਰੀਕੀ ਹਥਿਆਰ ਬਲੈਕ ਮਾਰਕੀਟ ‘ਚ ਵੇਚੇ ਗਏ-ਇਕ ਖ਼ਬਰ
ਚੋਰਾਂ ਦੇ ਕੱਪੜੇ, ਡਾਂਗਾਂ ਦੇ ਗਜ਼।
ਲੌਢੂਵਾਲ ਦੇ ਟੌਲ ਪਲਾਜ਼ੇ ਦੇ ਕਰਮਚਾਰੀਆਂ ਤੋਂ ਦਿਨ-ਦਿਹਾੜੇ 23 ਲੱਖ ਰੁਪਏ ਦੀ ਲੁੱਟ- ਇਕ ਖ਼ਬਰ
ਚੋਰਾਂ ਨੂੰ ਮੋਰ।
ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਵੀ ਆਪਣੀ ਯੂਨੀਅਨ ਬਣਾ ਕੇ ਰਜਿਸਟਰ ਕਰਵਾਈ- ਇਕ ਖ਼ਬਰ
ਤੰਗ ਆਮਦ, ਬਜੰਗ ਆਮਦ।
ਦਿੱਲੀ ਕਮੇਟੀ ਨੇ ਸ਼੍ਰੋਮਣੀ ਕਮੇਟੀ ਨੂੰ ਦਿੱਲੀ ਵਾਲ਼ਾ ਦਫ਼ਤਰ ਖ਼ਾਲੀ ਕਰਨ ਦੀ ਦਿਤੀ ਚਿਤਾਵਨੀ-ਇਕ ਖ਼ਬਰ
ਚੁੱਕ ਚਰਖ਼ਾ ਪਰ੍ਹਾਂ ਕਰ ਪੀੜ੍ਹੀ, ਛੜਿਆਂ ਨੇ ਬੋਕ ਬੰਨ੍ਹਣਾ।
ਸਿੱਖਾਂ ਦੇ ਧਾਰਮਕ ਮਾਮਲਿਆਂ ‘ਚ ਦਖ਼ਲਅੰਦਾਜ਼ੀ ਬੰਦ ਕਰੇ ਭਗਵੰਤ ਮਾਨ- ਸੁਖਬੀਰ ਬਾਦਲ
ਇਹ ਹੱਕ ਸਿਰਫ਼ ਤੇ ਸਿਰਫ਼ ਇਕੋ ਪਰਵਾਰ ਨੂੰ ਹੈ ।
ਯੂਥ ਅਕਾਲੀ ਦਲ ਨੇ ਮੁੱਖ ਮੰਤਰੀ ਰਿਹਾਇਸ਼ ਅਤੇ ਕਾਂਗਰਸ ਭਵਨ ਵਲ ਕੀਤਾ ਰੋਸ ਮਾਰਚ- ਇਕ ਖ਼ਬਰ
ਹੁਣ ਅੱਕਾਂ ਤੋਂ ਭਾਲ਼ਦੀ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।
ਮਨੀਪੁਰ ਦੇ ਮੁੱਦੇ ‘ਤੇ ਲੋਕ ਸਭਾ ‘ਚ ਰੇੜਕਾ ਬਰਕਰਾਰ- ਇਕ ਖ਼ਬਰ
ਸੱਸ ਲੜਦੀ ਜਠਾਣੀ ਗੁੱਤ ਫੜਦੀ, ਦਿਉਰ ਮਾਰੇ ਮਿਹਣੇ ਵੀਰਨਾ।
ਸੁਨੀਲ ਜਾਖੜ ਨੇ ਅਸ਼ਵਨੀ ਸੇਖੜੀ ਨੂੰ ਕਰਵਾਇਆ ਭਾਜਪਾ ‘ਚ ਦਾਖ਼ਲ- ਇਕ ਖ਼ਬਰ
ਤੂੰ ਪੱਟੀ ਲੱਡੂਆਂ ਨੇ, ਤੇਰੀ ਤੋਰ ਪੱਟਿਆ ਪਟਵਾਰੀ।
ਬਾਜਵੇ ਨੇ ਪੰਜਾਬ ‘ਚ ਕੀਤੇ ਗੱਠਜੋੜ ਬਾਰੇ ਸੋਨੀਆ ਗਾਂਧੀ ਅਤੇ ਖੜਗੇ ਕੋਲ਼ ਰੱਖਿਆ ਆਪਣਾ ਪੱਖ-ਇਕ ਖ਼ਬਰ
ਅਰਜ਼ ਗ਼ਰੀਬਾਂ ਦੀ, ਸੁਣ ਲੈ ਪਟੋਲਿਆ ਖੜ੍ਹ ਕੇ।
ਭਾਜਪਾ ਅਤੇ ਆਰ.ਐਸ.ਐਸ. ਸੱਤਾ ਪ੍ਰਾਪਤੀ ਲਈ ਕੁਝ ਵੀ ਕਰ ਸਕਦੇ ਹਨ- ਰਾਹੁਲ
ਰੋਕੜ ਲੱਕ ਬੰਨ੍ਹ ਕੇ, ਛੜੇ ਤੀਵੀਆਂ ਖਰੀਦਣ ਜਾਂਦੇ।
ਪ੍ਰਧਾਨ ਮੰਤਰੀ ਲੋਕਤੰਤਰ ‘ਚ ਵਿਸ਼ਵਾਸ ਨਹੀਂ ਰੱਖਦੇ, ਸੰਸਦ ਦਾ ਅਪਮਾਨ ਕਰ ਰਹੇ ਹਨ- ਖੜਗੇ
ਮੂੰਹ ਉਂਗਲਾਂ ਘੱਤ ਕੇ ਕਹਿਣ ਸਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।
ਭਗਵੰਤ ਮਾਨ ਨੇ ਮਨਪ੍ਰੀਤ ਬਾਦਲ ਵਲੋਂ ਪਾਕ ਸਾਫ਼ ਹੋਣ ਦੇ ਦਾਅਵੇ ‘ਤੇ ਕੀਤੇ ਤਿੱਖੇ ਸ਼ਬਦੀ ਵਾਰ- ਇਕ ਖ਼ਬਰ
ਜੱਟ ਆਉਂਦੈ ਪਰੈਣੀ ਕੱਸੀ, ਨੀ ਮੈਂ ਹੁਣ ਕੀ ਕਰਾਂ।
ਰਾਜਪਾਲ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਲਈ ਨਿਕਲੇ- ਇਕ ਖ਼ਬਰ
ਤੋਰ ਦੇ ਮਾਏਂ ਨੀ, ਰਾਂਝਾ ਨਿੱਤ ਪਾਵੇ ਫੇਰੀਆਂ।