ਮਣੀਪੁਰ ਦਾ ਮੰਜਰ  ਬਹਿਸੀਪੁਣੇ ਦੀ  ਸਿਖ਼ਰ, ਔਰਤ ਦੀ ਹੋਣੀ,ਤਾਨਸ਼ਾਹੀ ਵੱਲ ਵਧਦੇ ਕਦਮਾਂ ਦੀ ਆਹਟ  - ਬਘੇਲ ਸਿੰਘ ਧਾਲੀਵਾਲ

 ਬਦਚਲਣਾਂ ਦੇ ਟੋਲੇ ਚ ਨਿਰਬਸਤਰ ਹੋਕੇ ਅੰਗ ਨੁਚਵਾ ਰਹੀਆਂ ਬਾਲੜੀਆਂ ਸਾਇਦ ਸਾਨੂੰ ਤੇ ਸਾਡੇ ਅਖੌਤੀ ਸਭਿਅਕ ਸਮਾਜ ਨੂੰ ਕੋਸ ਵੀ ਰਹੀਆਂ ਹੋਣਗੀਆਂ ਕਿ ਐ ਭਾਰਤ ਦੇ ਬੇ ਗੈਰਤ ਲੋਕੋ ਜੇ ਤੁਸੀ ਆਪਣੀਆਂ ਬੱਚੀਆਂ ਦਾ ਮਾਸ ਸਾਡੀ ਤਰਾਂ ਆਪਣੀਆਂ ਅੱਖਾ ਦੇ ਸਾਹਮਣੇ ਨੁਚਵਾਇਆ ਹੁੰਦਾ ਤਾਂ ਕਿਤੇ ਜਾਕੇ ਤੁਹਾਨੂੰ ਵੀ ਇਹ ਦਰਦ ਜਰੂਰ ਮਹਿਸੂਸ ਹੁੰਦਾ,ਜਿਹੜਾ ਸਾਡੇ ਮਾਪਿਆਂ ਨੇ ਆਪਣੀਆਂ ਅੱਖਾਂ ਸਾਹਮਣੇ ਝੱਲਿਆ ਤੇ ਸਾਨੂੰ ਇਜਤਾਂ ਲੁਟਵਾ ਕੇ  ਕਹਿਰ ਦੀ ਮੌਤ ਮਰਦੇ ਤੱਕਿਆ।
  ਮਣੀਪੁਰ ਵਿੱਚ ਤਕਰੀਬਨ ਢਾਈ ਮਹੀਨੇ ਪਹਿਲਾਂ ਵਾਪਰੇ ਹੌਲਨਾਕ ਅਮਾਨਵੀ ਵਰਤਾਰੇ ਦੀ ਪਿਛਲੇ ਕੁੱਝ ਦਿਨ ਪਹਿਲਾਂ ਜਨਤਕ ਹੋਈ ਵੀਡੀਓ ਨੇ ਜਿੱਥੇ ਹਰ ਮਨੁੱਖੀ ਹਿਰਦੇ ਨੂੰ ਲਹੂ ਲੁਹਾਣ ਕਰਕੇ ਰੱਖ ਦਿੱਤਾ ਹੈ,ਓਥੇ ਇੱਕੀਵੀਂ ਸਦੀ ਦੇ ਵਿਕਾਸ਼ਸ਼ੀਲ ਭਾਰਤ ਦੀ ਤਸਵੀਰ  ਬਹਿਸੀ,ਆਦਮਖੋਰ,ਬਲਾਤਕਾਰੀ ਦੇ ਰੂਪ ਚ ਦੁਨੀਆਂ ਸਾਹਮਣੇ ਪੇਸ਼ ਕੀਤੀ ਹੈ। ਬੇਟੀ ਬਚਾਉਣ ਅਤੇ ਬੇਟੀ ਪੜਾਉਣ ਦੇ ਦਮਗਜੇ ਮਾਰਨ ਵਾਲੀ ਕਪਟੀ ਰਾਜਨੀਤੀ ਦਾ ਔਰਤ ਵਰਗ ਪ੍ਰਤੀ ਨਜਰੀਆ ਵੀ ਬੇਪਰਦ ਕੀਤਾ ਹੈ। ਮੁੱਕਦੀ ਗੱਲ ਕਿ ਇਸ ਦਰਿੰਦਗੀ ਭਰੇ ਕਾਰਨਾਮੇ ਨੇ ਭਾਰਤੀ ਲੋਕਤੰਤਰ ਨੂੰ ਕਟਿਹਰੇ ਵਿੱਚ ਖੜਾ ਕਰ ਦਿੱਤਾ ਹੈ। ਭਾਰਤ ਅੰਦਰ ਘੱਟ ਗਿਣਤੀਆਂ ਖਿਲਾਫ ਇਹ ਕੋਈ ਪਹਿਲੀ ਘਟਨਾ ਨਹੀ ਹੈ,ਇਸ ਤੋ ਚਾਰ ਦਹਾਕੇ ਪਹਿਲਾਂ ਦਿੱਲੀ,ਕਾਨਪੁਰ,ਬੁਕਾਰੋ ਆਦਿ ਵੱਡੇ ਸਹਿਰਾਂ ਵਿੱਚ ਸਿੱਖ ਇਹ ਮੰਜਰ ਆਪਣੇ ਤਨ ਅਤੇ ਮਨ ਤੇ ਹੰਢਾਅ ਚੁੱਕੇ ਹਨ,ਜਿਸ ਦੇ  ਜਖ਼ਮਾਂ ਨੂੰ  ਅਜਿਹੀਆਂ ਘਟਨਾਵਾਂ ਫਿਰ ਤਾਜਾ ਕਰ ਜਾਂਦੀਆਂ ਹਨ। ਬਿਗੜੇ ਹੋਏ ਬਹੁ ਗਿਣਤੀ ਹਜੂਮ ਵੱਲੋਂ ਆਏ ਦਿਨ ਘੱਟ ਗਿਣਤੀ ਲੋਕਾਂ ਨੂੰ ਨਿਸਾਨਾ ਬਣਾਇਆ ਜਾ ਰਿਹਾ ਹੈ,ਜਿਸ ਦਾ ਸ਼ਿਕਾਰ ਸਭ ਤੋ ਪਹਿਲਾਂ ਔਰਤ ਹੁੰਦੀ ਹੈ।ਆਏ ਦਿਨ ਹੁੰਦੇ ਅਜਿਹੇ ਦਰਿੰਦਗੀ ਦੇ ਨੰਗੇ ਨਾਚ ਤੇ ਹਾਕਮਾਂ ਦੀ ਚੁੱਪੀ ਬਹੁਤ ਸਾਰੇ ਖਦਸ਼ਿਆਂ ਨੂੰ ਜਨਮ ਦਿੰਦੀ ਹੈ। ਘੱਟ ਗਿਣਤੀ ਬਹੂ ਬੇਟੀਆਂ ਨਾਲ ਸਮੂਹਿਕ ਬਲਾਤਕਾਰ ਹੋ ਰਹੇ ਹਨ,ਘੱਟ ਗਿਣਤੀ ਮਰਦਾਂ ਨੂੰ ਸਰੇਆਮ ਕੁੱਟ ਕੁੱਟ ਕੇ ਜਾਨੋ ਮਾਰਨ ਦੀਆਂ ਕਿੰਨੀਆਂ ਹੀ ਵੀਡੀਓ ਇਸ ਤੋ ਪਹਿਲਾਂ ਜਨਤਕ ਹੋ ਚੁੱਕੀਆਂ ਹਨ। ਆਏ ਦਿਨ ਦਲਿਤ ਸਮਾਜ ਦੇ ਲੋਕਾਂ ਤੇ ਕਹਿਰ ਢਾਹੁਣਾ ਇੱਥੋਂ ਦੀ ਅਖੌਤੀ ਉੱਚ ਜਾਤੀ ਚੰਡਾਲ ਚੌਕੜੀ ਦਾ ਸੌਕ ਬਣ ਚੁੱਕਾ ਹੈ। ਅਜੇ ਕੁੱਝ ਦਿਨ ਪਹਿਲਾਂ ਹੀ ਇੱਕ ਘਟਨਾ ਜਨਤਕ ਹੋਈ ਸੀ,ਜਦੋ ਇੱਕ ਬ੍ਰਾਹਮਣ ਜਾਤੀ ਦਾ ਵਿਅਕਤੀ ਇੱਕ ਦਲਿਤ ਵਿਅਕਤੀ ਦੇ ਸਿਰ ਵਿੱਚ ਪਿਸ਼ਾਬ ਕਰਕੇ ਆਪਣੇ ਅੰਦਰਲੀ ਉੱਚ ਜਾਤੀ ਦੀ ਹਾਉਮੈ ਨੂੰ ਪੱਠੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਅਜੇ ਤੱਕ ਭਾਰਤ ਦੇ ਸੰਵੇਦਨਸੀਲ ਲੋਕਾਂ ਦੇ ਚੇਤਿਆਂ ਵਿੱਚੋਂ 2002 ਦਾ ਗੁਜਰਾਤ ਕਾਂਡ ਵੀ ਨਹੀ ਵਿਸਰਿਆ,ਕਿ ਇੱਕ ਹੋਰ ਦਿਲ ਦਹਿਲਾ ਦੇਣ ਵਾਲੀ ਘਟਨਾ ਮਣੀਪੁਰ ਤੋ ਸਾਹਮਣੇ ਆ ਗਈ ਹੈ।ਇਸ ਮੰਦਭਾਗੀ ਘਟਨਾ ਦੇ ਪ੍ਰਤੀਕਰਮ ਵਿੱਚ ਭਾਰਤ ਦੇ ਬਹੁਤ ਸਾਰੇ ਫਿਕਰਮੰਦ ਲੋਕਾਂ ਵੱਲੋਂ ਸ਼ੋਸ਼ਲ ਮੀਡੀਏ ਤੇ 2002 ਦੇ ਗੁਜਰਾਤ ਅਤੇ 2023 ਦੇ ਮਨੀਪੁਰ ਦੀ ਘਟਨਾ ਨੂੰ ਸਾਂਝਾ ਕਰਕੇ ਇਹ ਸਵਾਲ ਚੀਕ ਚੀਕ ਕੇ ਪੁੱਛਿਆ ਜਾ ਰਿਹਾ ਹੈ,ਕਿ ਪਿਛਲੇ 21 ਸਾਲਾਂ ਵਿੱਚ ਕੀ ਬਦਲਿਆ ਹੈ ? ਹੈਰਾਨੀ ਦੀ ਗੱਲ ਇਹ ਹੈ ਕਿ ਮਨੀਪੁਰ ਉੱਜੜ ਰਿਹਾ ਹੈ,ਉੱਥੋ ਦੇ ਕੂਕੀ ਕਬੀਲੇ ‘ਤੇ ਬਹੁ ਗਿਣਤੀ ਕੱਟੜਵਾਦੀ ਮਿਤਾਈਆਂ ਦੇ ਜੁਲਮਾਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।150 ਤੋ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ,ਬਹੂ ਬੇਟੀਆਂ,ਬਾਲੜੀਆਂ ਨਾਲ ਬਲਾਤਕਾਰ ਸਮੇਤ ਹਰ ਗੈਰ ਮਨੁੱਖੀ ਜੁਲਮ ਨੂੰ ਹਿੰਦੂ ਰਾਸ਼ਟਰ ਦੇ ਅਨੁਯਾਈਆਂ ਵੱਲੋਂ ਘੱਟ ਗਿਣਤੀ ਤਬਕੇ ‘ਤੇ ਅਜਮਾਇਆ ਜਾ ਰਿਹਾ ਹੈ। ਮਨੁੱਖ ਦੇ ਭੇਸ ਵਿੱਚ ਗੈਰ ਇਖਲਾਕੀ ਨਸਲ ਦੇ ਆਦਮਖੋਰਾਂ ਨੇ ਭੇੜੀਏ, ਬਘਿਆੜਾਂ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ।ਮਣੀਪੁਰ ਦੇ 60,000 ਤੋ ਵੱਧ ਲੋਕਾਂ ਦਾ ਉਜਾੜਾ ਕਰਕੇ ਨਵੰਬਰ 1984 ਦਿੱਲੀ ਅਤੇ ਗੁਜਰਾਤ 2002 ਦੇ ਕਹਿਰ ਨੂੰ ਤਾਜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ,ਪਰ ਭਾਰਤੀ ਲੋਕਤੰਤਰ ਆਪਣੀ ਮੌਜ ਵਿੱਚ ਇਸਤਰਾਂ ਬੇਫਿਕਰੀ ਵਿੱਚ ਮਸਤ ਹੈ,ਜਿਵੇਂ ਕਿਧਰੇ ਕੁੱਝ ਵਾਪਰਿਆ ਹੀ ਨਾ ਹੋਵੇ,ਜਿਵੇਂ ਇਹ ਸਾਰਾ ਕੁੱਝ ਮਾਨਵ ਰਾਜ ਵਿੱਚ ਨਾ ਹੋਕੇ ਜੰਗਲਾਂ ਵਿੱਚ ਵਾਪਰ ਰਿਹਾ ਹੋਵੇ।ਕੋਈ ਵੀ ਧੀ,ਭੈਣ,ਵਾਲਾ ਪਿਉ,ਭਰਾ ਆਪਣੀ ਸੋਚ ਵਿੱਚ ਉਸ ਮੰਜਰ ਨੂੰ ਲੈ ਕੇ ਸੋਚਣ ਦੀ ਕੋਸ਼ਿਸ਼ ਕਰਕੇ ਦੇਖੇ ਕਿ ਜਿਹੜੇ ਬਦਕਿਸਮਤ ਲੋਕਾਂ ਨਾਲ ਅਜਿਹਾ ਗੈਰ ਮਾਨਵੀ ਵਰਤਾਰਾ ਵਾਪਰਿਆ ਹੈ,ਉਹ ਪਿਛਲੇ ਢਾਈ ਮਹੀਨੇ ਤੋ ਅਜਿਹਾ ਹੋਰ ਕਿੰਨਾ ਕੁ ਦਰਦ,ਸੰਤਾਪ ਹੰਢਾਅ ਚੁੱਕੇ ਹੋਣਗੇ,ਕਿੰਨੀਆਂ ਨਭਾਗੀਆਂ ਬਾਲੜੀਆਂ ਇਸ ਗੈਰ ਇਖਲਾਕੀ ਨਸਲ ਵੱਲੋਂ ਨੋਚੀਆਂ ਜਾ ਚੁੱਕੀਆਂ ਹੋਣਗੀਆਂ,ਇਹ ਸਵਾਲ ਬਹੁਤ ਗੰਭੀਰ ਹੈ,ਕਿਉਂਕਿ ਸਾਡੇ ਤੱਕ ਜੋ ਵੀਡੀਓ ਪਹੁੰਚੀ ਹੈ,ਉਹ ਤਕਰੀਬਨ ਢਾਈ ਮਹੀਨੇ ਪਹਿਲਾਂ ਦੀ ਦੱਸੀ ਜਾ ਰਹੀ ਹੈ,ਫਿਰ ਸੋਚੋ ਕਿ ਉਸ ਦਿਨ ਤੋ ਲੈ ਕੇ ਉਦੋਂ ਤੱਕ, ਜਦੋ ਇਹ ਵੀਡੀਓ ਲੋਕਾਂ ਵਿੱਚ ਆਈ ਹੈ,ਉਹਨਾਂ ਲੋਕਾਂ ਨਾਲ ਕੀ ਕੀ ਬੀਤਦਾ ਰਿਹਾ ਹੋਵੇਗਾ।ਅਜਿਹੀ ਘਟਨਾ ਨੂੰ ਮਹਿਜ਼  ਸ਼ਰਮਨਾਕ ਕਾਰਾ ਕਹਿ ਕੇ ਪੱਲਾ ਝਾੜ ਲੈਣਾ ਮਸਲੇ ਦਾ ਹੱਲ ਨਹੀ,ਬਲਕਿ ਇਸ ਫਿਰਕੂ ਨਸਲਵਾਦ ਦੇ ਦੈਂਤ ਨੂੰ ਮੂਲ਼ੋਂ ਹੀ ਖਤਮ ਕਰਨ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ।ਭਾਰਤ ਦੇ ਹਰ ਇਨਸਾਫ ਪਸੰਦ ਸ਼ਹਿਰੀ  ਨੂੰ ਇਹ ਫਿਕਰਮੰਦੀ ਹਰ ਸਮੇ ਆਪਣੇ ਚੇਤਿਆਂ ਚ ਰੱਖਣੀ ਹੋਵੇਗੀ ਕਿ ਅਖੌਤੀ ਹਿੰਦੂ ਰਾਸ਼ਟਰ ਦੇ ਇਹ ਅਗਾਊਂ ਦ੍ਰਿਸ਼ ਭਵਿੱਖ ਚ  ਹੋਰ ਮਾਰੂ ਰੂਪ ਅਖਤਿਆਰ ਕਰਕੇ ਆਪਣੇ ਤਨ,ਮਨ ਦੀ ਹਬਸ ਪੂਰਤੀ ਲਈ ਉਹ ਸਾਰੀਆਂ ਹੱਦਾਂ ਪਾਰ ਵੀ ਕਰ ਸਕਦੇ ਹਨ,ਜਿਸ ਦਾ ਆਮ ਸਹਿਰੀ ਨੂੰ ਚਿੱਤ ਚੇਤਾ ਵੀ ਨਹੀ।ਇਸ ਭਿਆਨਕ ਵਰਤਾਰੇ ਨੂੰ ਰੂਪਮਾਨ ਕਰ ਰਹੇ ਅਗਾਊਂ ਦ੍ਰਿਸ਼ਾਂ ਨੂੰ ਪਰਦੇ ਤੋ ਹਮੇਸਾਂ ਲਈ ਹਟਾਉਣ ਖਾਤਰ ਅਜਿਹੇ ਮਾਰੂ ਦ੍ਰਿਸ਼ਾਂ ਦੇ ਖਲਨਾਇਕਾਂ ਦੀ ਭੀੜ ਤਿਆਰ ਕਰਨ ਵਾਲਿਆਂ ਦੀ ਪਛਾਣ ਕਰਨੀ ਪਵੇਗੀ,ਜਿਹੜੇ ਫਿਰਕੂ ਨਫਰਤ ਦੀ ਗੈਰ ਮਨੁੱਖੀ ਖੇਡ,ਖੇਡ ਕੇ ਰਾਜਨੀਤੀ ਨੂੰ ਗੈਰ ਇਖਲਾਕੀ ਜੰਗ ਦਾ ਅਖਾੜਾ ਬਨਾਉਣ ਵਿੱਚ ਸਫਲ ਹੋ ਰਹੇ ਹਨ।ਇਹ ਘੱਟ ਗਿਣਤੀ ਵਿਰੋਧੀ ਵਰਤਾਰਾ ਜਿੱਥੇ ਭਾਰਤ ਦੀ ਵੰਨ ਸੁਵੰਨਤਾ ਲਈ ਵੱਡਾ ਖਤਰਾ ਹੈ,ਭਾਰਤ ਦੀ ਅਖੰਡਤਾ ਨੂੰ ਖੰਡਿਤ ਕਰਨ ਵਾਲਾ ਹੈ,ਓਥੇ ਇਹ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਢਹਿ ਢੇਰੀ ਕਰਕੇ ਤਾਨਾਸ਼ਾਹੀ ਦਾ ਮੁੱਢ  ਬੰਨਣ ਵਿੱਚ ਮੋਹਰੀ ਭੂਮਿਕਾ ਅਦਾ ਕਰਨ ਵਾਲਾ ਕਪਟੀ ਵਰਤਾਰਾ ਵੀ ਹੈ, ਜਿਸ ਤੋ ਹਰ  ਇਨਸਾਫ-ਪਸੰਦ ਸਹਿਰੀ ਨੂੰ ਜਿੱਥੇ ਸੁਚੇਤ ਹੋਣ ਦੀ ਜਰੂਰਤ ਹੈ, ਓਥੇ ਸੱਤਾ ਦੀ ਸ਼ਹਿ ਪਰਾਪਤ ਇਸ ਆਦਮਖੋਰ ਨਸਲ ਨੂੰ ਪਛਾੜਨ ਅਤੇ ਅਜਿਹੇ ਲੋਕ ਮਾਰੂ ਮਨਸੂਬਿਆਂ ਖਿਲਾਫ ਲੋਕ ਲਹਿਰ ਪੈਦਾ ਕਰਨ ਦੀ ਵੱਡੀ ਲੋੜ ਹੈ,ਤਾਂ ਕਿ ਅਮਨ ਪਸੰਦ ਸਹਿਰੀਆਂ ਨੂੰ ਦੁਨੀਆਂ ਸਾਹਮਣੇ ਸ਼ਰਮਸਾਰ ਨਾ ਹੋਣਾ ਪਵੇ ਅਤੇ ਇੱਥੋਂ ਦੀਆਂ ਬਹੂ ਬੇਟੀਆਂ ਭਵਿੱਖ ਚ ਮਣੀਪੁਰ ਵਰਗੇ ਦਰਿੰਦਿਆਂ ਦੇ ਬਹਿਸੀ ਕਹਿਰ ਦਾ ਸ਼ਿਕਾਰ ਹੋਣ ਤੋ ਮਹਿਫੂਜ਼ ਰਹਿ ਸਕਣ

  ਬਘੇਲ ਸਿੰਘ ਧਾਲੀਵਾਲ
  99142-58142