ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
23 ਜੁਲਾਈ 2023
ਧਾਮੀ ਨੇ ਇਕ ਜਥੇਦਾਰ ਦਾ ਆਦੇਸ਼ ਕੀਤਾ ਅਣਸੁਣਿਆ ਤੇ ਦੂਸਰੇ ਦਾ ਝੱਟ ਮੰਨ ਲਿਆ- ਇਕ ਖ਼ਬਰ
ਆਦੇਸ਼ ਤਾਂ ‘ਮਾਲਕਾਂ ’ ਦਾ ਹੀ ਹੈ ਪਰ ਆਇਆ ਹੈ ‘ਹੱਥਠੋਕੇ’ ਦੇ ਰਾਹੀਂ।
ਭਗਵਾਨ ਦੀ ਮਾਰ ਨਹੀਂ ਭਗਵੰਤ ਮਾਨ ਦੀ ਮਾਰ ਨੇ ਹੜ੍ਹ- ਹਰਸਿਮਰਤ ਬਾਦਲ
ਅਸੀ ਤਾਂ ਸਮਝਿਆ ਸੀ ਕਿ ਸੁੱਖਾ ਅਮਲੀ ਹੀ ਹਿੱਲਿਆ ਹੋਇਐ ਪਰ ਇਥੇ ਤਾਂ.........
ਵਿਜੀਲੈਂਸ ਵਲੋਂ ਦਸ ਹਜ਼ਾਰ ਦੀ ਰਿਸ਼ਵਤ ਲੈਂਦਿਆਂ ਦਰਜਾ ਚਾਰ ਮੁਲਾਜ਼ਮ ਕਾਬੂ- ਇਕ ਖ਼ਬਰ
‘ਵੱਡਾ ਬੱਕਰਾ’ ਵੀ ਫੜੋ ਜਿਸ ਦੇ ਵਾਸਤੇ ਰਿਸ਼ਵਤ ਲਈ ਇਸ ਮੁਲਾਜ਼ਮ ਨੇ।
ਬੇਰੁਜ਼ਗਾਰੀ ਵਿਚ ਹਰਿਆਣਾ ਨੰਬਰ ਇਕ ਬਣਿਆ- ਇੰਦਰਜੀਤ ਗੁਰਾਇਆ
ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।
ਪ੍ਰਧਾਨ ਮੰਤਰੀ ਵਲੋਂ ਢੀਂਡਸਾ ਨੂੰ ਬਾਦਲ ਦਾ ਅਸਲੀ ਵਾਰਸ ਕਹਿਣ ਨਾਲ਼ ਅਕਾਲੀਆਂ ‘ਚ ਛਿੜੀ ਨਵੀਂ ਚਰਚਾ- ਇਕ ਖ਼ਬਰ
ਹੁਣ ਬਾਦਲ ਸਾਹਿਬ ਵਾਲ਼ੀ ਨਿੱਕਰ ਵੀ ਢੀਂਡਸੇ ਦੇ ਹਵਾਲੇ ਕਰਨੀ ਪਊ।
26 ਵਿਰੋਧੀ ਪਾਰਟੀਆਂ ਦੀ ਮੀਟਿੰਗ ਬਾਅਦ ਪੰਜਾਬ ਦੀ ਸਿਆਸਤ ਵੀ ਗਰਮਾਈ- ਇਕ ਖ਼ਬਰ
ਨਿੰਮ ਹੇਠ ਕੱਤਦੀ ਦੀ, ਮੇਰੀ ਗੂੰਜ ਪਵੇ ਦਰਵਾਜੇ।
ਮਨੀਪੁਰ ਦੀ ਸ਼ਰਮਨਾਕ ਘਟਨਾ ਦੇ ਦੋਸ਼ੀਆਂ ਨੂੰ ਬਖ਼ਸ਼ਾਂਗੇ ਨਹੀਂ- ਮੋਦੀ
ਮੋਦੀ ਸਾਹਿਬ ਅੱਜ ਤਾਈਂ ਤਾਂ ਸਭ ਬਖ਼ਸ਼ ਹੁੰਦੇ ਰਹੇ ਐ।
ਬ੍ਰਿਜ ਭੂਸ਼ਨ ਨੂੰ ਮਿਲੀ ਅੰਤਰਿਮ ਜ਼ਮਾਨਤ- ਇਕ ਖ਼ਬਰ
ਟੁੱਟ ਪੈਣੇ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।
ਮਨੀਪੁਰ ਮਾਮਲੇ ‘ਚ ਸਖ਼ਤ ਹੋਇਆ ਸੁਪਰੀਮ ਕੋਰਟ- ਇਕ ਖ਼ਬਰ
ਦੋ ਪਈਆਂ ਕਿਧਰ ਗਈਆਂ, ਸਦਕਾ ਢੂਈ ਦਾ।
ਟਰੰਪ ਦਾ ਦਾਅਵਾ: ਇਕ ਦਿਨ ਵਿਚ ਖਤਮ ਹੋ ਜਾਵੇਗੀ ਰੂਸ-ਯੂਕਰੇਨ ਜੰਗ- ਇਕ ਖ਼ਬਰ
ਕੌਣ ਜੰਮਿਆਂ ਨਿਬੇੜਨ ਵਾਲ਼ਾ, ਝਗੜੇ ਮਿੱਤਰਾਂ ਦੇ।
ਕਾਂਗਰਸ ਤੇ ‘ਆਪ’ ਦੇ ਗੱਠਜੋੜ ਨਾਲ ਪੰਜਾਬ ‘ਚ ਮਚਿਆ ਸਿਆਸੀ ਘਮਸਾਣ- ਇਕ ਖ਼ਬਰ
ਪਿਆ ਦੇਸ਼ ਦੇ ਵਿਚ ਸੀ ਬੜਾ ਰੌਲਾ, ਭੂਤ ਮੰਡਲੀ ਇਕ ਥੀਂ ਚਾਰ ਹੋਈ।
ਹੜ੍ਹਾਂ ਦੀ ਤ੍ਰਾਸਦੀ ਲਈ ਭਗਵੰਤ ਮਾਨ ਸਿੱਧੇ ਤੌਰ ‘ਤੇ ਜ਼ਿੰਮੇਂਵਾਰ- ਸੁਖਬੀਰ ਬਾਦਲ
ਸਾਊਥ ਕੋਰੀਆ, ਅਮਰੀਕਾ, ਉੱਤਰਾਖੰਡ, ਮੁੰਬਈ ‘ਚ ਹੜ੍ਹਾਂ ਲਈ ਵੀ ਭਗਵੰਤ ਮਾਨ ਜ਼ਿੰਮੇਵਾਰ।
ਅਜੋਕੇ ਮਸੰਦਾਂ ਨੂੰ ਸਜ਼ਾ ਤਾਂ ਭੁਗਤਣੀ ਹੀ ਪਵੇਗੀ- ਭਗਵੰਤ ਮਾਨ
ਗਲ਼ੀਆਂ ਸੁਣੀਂਦੀਆਂ ਭੀੜੀਆਂ, ਜਿੱਥੋਂ ਦੀ ਜਮ ਲੈ ਜਾਣਗੇ।
ਰਾਜਪਾਲ ਪੁਰੋਹਿਤ ਜੀ ਅਸੀਂ ਵੀ ਕੱਚੀਆਂ ਗੋਲ਼ੀਆਂ ਨਹੀਂ ਖੇਡਦੇ- ਭਗਵੰਤ ਮਾਨ
ਜੱਟ ਸ਼ਾਹਾਂ ਨੂੰ ਖੰਘੂਰੇ ਮਾਰੇ, ਕਣਕਾਂ ਨਿੱਸਰ ਪਈਆਂ।
ਸੌਦਾ ਸਾਧ ਫਿਰ ਆਵੇਗਾ ਜੇਹਲ ਤੋਂ ਬਾਹਰ, ਫਿਰ ਮਿਲੀ ਪੈਰੋਲ ਉਸ ਨੂੰ- ਇਕ ਖ਼ਬਰ
ਮੈਨੂੰ ਐਵੇਂ ਨਹੀਂ ਮਿਲਦੀਆਂ ਪੈਰੋਲਾਂ, ਵੋਟਾਂ ਵਾਲ਼ੀ ਗੱਠੜੀ ਨੂੰ ਸਭ ਨੇ ਸਲਾਮਾਂ।