ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
18 ਜੁਲਾਈ 2023
ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਤੋਂ ਆਏ ਫੰਡ ਨੂੰ ਬਿਨਾਂ ਗਿਰਦਾਵਰੀ ਲੋੜਵੰਦਾਂ ਨੂੰ ਵੰਡੇ- ਜਾਖੜ
ਜਾਖੜ ਸਾਹਿਬ, ਭਗਵੰਤ ਮਾਨ ਏਨਾ ਨਿਆਣਾ ਨਹੀਂ ਜੋ ਤੁਹਾਡੇ ਵਿਛਾਏ ਜਾਲ਼ ‘ਚ ਫਸ ਜਾਊ।
ਤਜਰਬੇ ਦੀ ਘਾਟ ਕਾਰਣ ਸਰਕਾਰ ਕੁਦਰਤੀ ਆਫ਼ਤ ਨਾਲ ਨਜਿੱਠਣ ‘ਚ ਅਸਫ਼ਲ- ਰਾਜਾ ਵੜਿੰਗ
ਪਿਛਲੇ ਸਾਲਾਂ ‘ਚ ਆਏ ਹੜ੍ਹਾਂ ਵੇਲੇ ਤੁਹਾਡੇ ਤੇ ਤੁਹਾਡੇ ਸਾਥੀਆਂ ਦੇ ਤਜਰਬਿਆਂ ਨੇ ਕੰਮ ਕਿਉਂ ਨਾ ਕੀਤਾ?
ਹੁਣ ਵਾਜਪਾਈ ਦਾ ਜ਼ਮਾਨਾ ਨਹੀਂ, ਅਸੀਂ ਛੋਟੇ ਭਰਾ ਨਹੀਂ ਰਹੇ, ਤੇਰ੍ਹਾਂ ਦੀਆਂ ਤੇਰ੍ਹਾਂ ਸੀਟਾਂ ਜਿੱਤਣ ਦੇ ਸਮਰੱਥ ਹਾਂ- ਜਾਖੜ
ਨਵਾਂ ਨਵਾਂ ਬਣਿਆ ਮੌਲਵੀ ਉੱਚੀ ਉੱਚੀ ਬਾਂਗਾਂ ਦਿੰਦਾ ਹੀ ਹੁੰਦੈ।
ਕੇਂਦਰ ਤੇ ‘ਆਪ’ ਹਰਿਆਣੇ ਨੂੰ ਚੰਡੀਗੜ੍ਹ ‘ਚ ਵਿਧਾਨ ਸਭਾ ਲਈ ਥਾਂ ਦੇਣ ਦੀ ਸਾਜਿਸ਼ ਘੜ ਰਹੇ ਹਨ- ਬਾਦਲ
ਬਾਦਲੋ ਤੁਹਾਡੀਆਂ ਮਿਹਰਬਾਨੀਆਂ, ਤੁਸੀਂ ਮੁਹਾਲੀ ‘ਚ ਦਫ਼ਤਰ ਤਬਦੀਲ ਕਰ ਕੇ ਪੰਜਾਬ ਦਾ ਹੱਕ ਕਮਜ਼ੋਰ ਕੀਤੈ।
ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਕਾਰ ਟਕਰਾਅ ਬਰਕਰਾਰ- ਇਕ ਖ਼ਬਰ
ਦੋ ਛੜਿਆਂ ਦੀ ਇਕ ਢੋਲਕੀ, ਰੋਜ਼ ਰਾਤ ਨੂੰ ਖੜਕੇ।
ਧਿਆਨ ਸਿੰਘ ਮੰਡ ਨੇ ਭਗਵੰਤ ਮਾਨ ਨੂੰ ਮੁੜ ਅਕਾਲ ਤਖ਼ਤ ‘ਤੇ ਤਲਬ ਕੀਤਾ- ਇਕ ਖ਼ਬਰ
ਪੜ੍ਹ ਗੁਰਨਾਮ ਕੁਰੇ, ਕਾਟ ਯਾਰ ਦਾ ਆਇਆ।
ਪਤੀ ਨੂੰ ਬੰਧਕ ਬਣਾ ਕੇ ਰੱਖਣ ਦੇ ਦੋਸ਼ ਵਿਚ ਪਤਨੀ ਨੂੰ ਸਜ਼ਾ- ਇਕ ਖ਼ਬਰ
ਕਦੀ ਦਾਦੇ ਦੀਆਂ, ਕਦੇ ਪੋਤੇ ਦੀਆਂ।
ਓ.ਪੀ.ਸੋਨੀ ਨੇ ਚਾਰ ਸਾਲਾਂ ‘ਚ ਨਿਵੇਸ਼ ਕੀਤੇ 10.63 ਕਰੋੜ ਰੁਪਏ- ਵਿਜੀਲੈਂਸ
ਬਹੁਤੀਆਂ ਜਗੀਰਾਂ ਵਾਲਿਆ, ਸਾਢੇ ਤਿੰਨ ਹੱਥ ਧਰਤੀ ਤੇਰੀ।
ਐਸ.ਡੀ.ਐਮ. ਨੇ ਤਾਰੀ ਲਾ ਕੇ ਹੜ੍ਹ ‘ਚ ਘਿਰੇ ਵਿਅਕਤੀ ਨੂੰ ਬਚਾਇਆ- ਇਕ ਖ਼ਬਰ
ਪਾਰ ਲੰਘਾ ਦੇ ਵੇ, ਤੂੰ ਨਦੀਆਂ ਦਾ ਭੇਤੀ।
ਕੈਬਨਿਟ ਮੰਤਰੀ ਜੌੜਾਮਾਜਰਾ ਤੇ ਜੈਇੰਦਰ ਕੌਰ ਵਿਚਾਲੇ ਹੋਈ ਤਿੱਖੀ ਬਹਿਸ- ਇਕ ਖ਼ਬਰ
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ।
ਖੱਟਰ ਦੇ ਐਸ.ਵਾਈ.ਐਲ. ‘ਤੇ ਦਿਤੇ ਬਿਆਨ ਨਾਲ ਪੰਜਾਬ ਦੀ ਸਿਆਸਤ ਗਰਮਾਈ- ਇਕ ਖ਼ਬਰ
ਜਦ ਮੈਂ ਰਿੰਨ੍ਹੀਆਂ ਸੇਂਵੀਆਂ, ਕਮਲ਼ੇ ਨੂੰ ਚੜ੍ਹ ਗਿਆ ਚਾਅ।
ਪੰਜਾਬ ਕਾਂਗਰਸ ਨੂੰ ਵੱਡਾ ਝਟਕਾ: ਸਾਬਕਾ ਮੰਤਰੀ ਅਸ਼ਵਨੀ ਸੇਖੜੀ ਪਰਵਾਰ ਸਮੇਤ ਭਾਜਪਾ ‘ਚ ਸ਼ਾਮਲ-ਇਕ ਖ਼ਬਰ
ਤਾਏ ਦੀ ਧੀ ਚੱਲੀ, ਤਾਂ ਮੈਂ ਕਿਉਂ ਰਹਾਂ ‘ਕੱਲੀ।
ਕੀ ਪੰਜਾਬ ਦੇ ਹੱਥੋਂ ਨਿਕਲਣ ਜਾ ਰਹੀ ਹੈ ਰਾਜਧਾਨੀ ਚੰਡੀਗੜ੍ਹ?-ਇਕ ਸਵਾਲ
ਵਾਰਸਸ਼ਾਹ ਜਿਉਂ ਦਲਾ ਪੰਜਾਬ ਲੁੱਟੀ, ਤਿਵੇਂ ਜੋਗੀ ਨੂੰ ਲੁੱਟਿਆ ਡਾਰੀਆਂ ਨੇ।
ਸਾਬਕਾ ਉਪ ਮੁੱਖ ਮੰਤਰੀ ਓ.ਪੀ.ਸੋਨੀ ਦੀ ਅਦਾਲਤ ਪੇਸ਼ੀ ਦੌਰਾਨ ਸਿਹਤ ਵਿਗੜੀ- ਇਕ ਖ਼ਬਰ
ਤੋੜ ਤੋੜ ਖਾਣ ਹੱਡੀਆਂ, ਰੱਤਾ ਪਲੰਘ ਚੰਨਣ ਦੇ ਪਾਵੇ।