ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ

11 ਜੁਲਾਈ 2023

ਚੰਡੀਗੜ੍ਹ ਦੀ ਇਕ ਇੰਚ ਵੀ ਜ਼ਮੀਨ ਹਿਮਾਚਲ ਨੂੰ ਨਹੀਂ ਦਿਤੀ ਜਾ ਸਕਦੀ- ਬਾਜਵਾ

ਦਾਲ਼ ਮੰਗੇਂ ਛੜਿਆਂ ਤੋਂ, ਨਾ ਸ਼ਰਮ ਗੁਆਂਢਣੇ ਆਵੇ।

ਮੇਰੇ ਲਈ ਇਹ ਸਭ ਕੁਝ ਨਵਾਂ ਨਹੀਂ- ਸ਼ਰਦ ਪਵਾਰ

ਛੜੇ ਬੈਠ ਕੇ ਸਲਾਹਾਂ ਕਰਦੇ, ਕੌਣ ਕੌਣ ਹੋਈਆਂ ਰੰਡੀਆਂ।

ਦੇਸ਼ ਦੇ ਵਿਕਾਸ ਲਈ ਸ਼ਿੰਦੇ ਸਰਕਾਰ ‘ਚ ਸ਼ਾਮਲ ਹੋਇਆ ਹਾਂ- ਅਜੀਤ ਪਵਾਰ

ਤਿਕੜਮਬਾਜ਼ੀ ‘ਚ ਬੜੇ ਹਾਂ ਮਾਹਰ ਲੋਕੋ, ਵਿਕਾਸ ਵਿਕਾਸ ਦਾ ਰਾਗ ਅਲਾਪਦੇ ਹਾਂ।

ਭਾਜਪਾ ਨੇ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ- ਇਕ ਖ਼ਬਰ

ਬਾਜ਼ੀ ਮਾਰ ਗਿਆ ਅਬੋਹਰ ਵਾਲਾ ਗੱਭਰੂ, ਬਾਕੀ ਰਹਿ ਗਏ ਹਾਲ ਪੁੱਛਦੇ।

ਭਗਵੰਤ ਮਾਨ ਦਾ ਰਾਜਪਾਲ ਦੇ ਨਹਿਲੇ ‘ਤੇ ਦਹਿਲਾ- ਇਕ ਖ਼ਬਰ

ਤੂੰ ਡਾਲ ਡਾਲ, ਮੈਂ ਪਾਤ ਪਾਤ।

ਪੁਰਾਣੇ ਵਰਕਰਾਂ ਨੂੰ ਦਰਕਿਨਾਰ ਕਰਕੇ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ ਗਿਆ- ਅਰੁਣ ਨਾਰੰਗ

ਕੁੰਜੀਆਂ ਹਿਜਰ ਦੀਆਂ, ਕਿਸ ਜਿੰਦਰੇ ਨੂੰ ਲਾਵਾਂ।

ਪੰਜਾਬ ਦੇ ਹਿਤਾਂ ਦੀ ਪਹਿਰੇਦਾਰੀ ਪੂਰੀ ਤਨਦੇਹੀ ਨਾਲ ਕਰਾਂਗਾ- ਜਾਖੜ

ਵਿਹੜੇ ਖੇੜਿਆਂ ਦੇ ਤਿਲਕਣਬਾਜ਼ੀਆਂ ਨੇ, ਜ਼ਰਾ ਸੰਭਲ ਕੇ ਪੈਰ ਟਿਕਾਈਂ ਜੋਗੀ।

ਸ਼੍ਰੋਮਣੀ ਕਮੇਟੀ ਨੇ ਯੂਨੀਫ਼ਾਰਮ ਸਿਵਲ ਕੋਡ ਦੇ ਵਿਰੁੱਧ ਕਰੜਾ ਰੁਖ਼ ਅਪਣਾਇਆ- ਇਕ ਖ਼ਬਰ

ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਮੁਥਾਜ ਝੱਲਣੀ।

ਪਰੈੱਸ ਵਾਲੇ ਜੂਠ ਦੇ ਮਾਮਲੇ ਨੂੰ ਘਪਲ਼ਾ ਨਾ ਕਹਿਣ, ਸਗੋਂ ਬੇਨਿਯਮੀਆਂ ਕਹਿਣ- ਧਾਮੀ

ਸਾਡਾ ਕੁੱਤਾ, ਕੁੱਤਾ, ਤੁਹਾਡਾ ਕੁੱਤਾ ਟੌਮੀ।

ਕਿਸਾਨ ਅੰਦੋਲਨ ਦੇ ਦਬਾਅ ਹੇਠ ਹੀ ਅਕਾਲੀਆਂ ਨੇ ਭਾਜਪਾ ਛੱਡਣ ਦਾ ਡਰਾਮਾ ਕੀਤਾ ਸੀ- ਇਕ ਖ਼ਬਰ

ਚੰਨ ਭਾਵੇਂ ਨਿੱਤ ਚੜ੍ਹਦਾ, ਸਾਨੂੰ ਸੱਜਣਾ ਬਾਝ ਹਨ੍ਹੇਰਾ।

ਮੱਧ ਪ੍ਰਦੇਸ਼ ‘ਚ ਭਾਜਪਾ ਨੇਤਾ ਨੇ ਕਬਾਇਲੀ ਨੌਜੁਆਨ ਦੇ ਸਿਰ ‘ਚ ਪਿਸ਼ਾਬ ਕੀਤਾ- ਇਕ ਖ਼ਬਰ

ਘੱਟ ਗਿਣਤੀਆਂ ਨੂੰ ਹਿੰਦੂ ਰਾਸ਼ਟਰ ਦਾ ਟਰੇਲਰ ਦਿਖਾਇਆ ਜਾ ਰਿਹੈ।

2024 ‘ਚ ਭਾਜਪਾ ਪੰਜਾਬ ਵਿਚ ਇਕੱਲੀ ਹੀ ਚੋਣਾਂ ਲੜੇਗੀ –ਵਿਜੇ ਰੂਪਾਨੀ

ਘੜਾ ਚੁੱਕ ਲਊਂ ਪੱਟਾਂ ‘ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।

ਅਕਾਲੀ ਦਲ ਦਾ ਗੱਠਜੋੜ ਸਿਰਫ਼ ਬਸਪਾ ਨਾਲ਼, ਕਿਸੇ ਹੋਰ ਨਾਲ਼ ਨਹੀਂ-ਸੁਖਬੀਰ ਬਾਦਲ

ਡੋਰ ਵੱਟ ਕੇ ਗਲ਼ੇ ਦੇ ਵਿਚ ਪਾਵਾਂ, ਮਿੱਤਰਾ ਤਵੀਤ ਬਣ ਜਾ।

ਕੈਲੇਫ਼ੋਰਨੀਆਂ ਦੇ ਸਿੱਖਾਂ ਨੇ ਜਾਤ ਵਿਰੋਧੀ ਬਿੱਲ ਦੀ ਹਮਾਇਤ ਕੀਤੀ- ਇਕ ਖ਼ਬਰ

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ।। ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ।। (ਗੁਰੂ ਗ੍ਰੰਥ ਸਾਹਿਬ, 1227/8)

ਪਿਸ਼ਾਬ ਘਟਨਾ ਦੇ ਪੀੜਤ ਵਿਅਕਤੀ ਦੇ ਮੁੱਖ ਮੰਤਰੀ ਚੌਹਾਨ ਨੇ ਪੈਰ ਧੋਤੇ ਤੇ ਮੰਗੀ ਮੁਆਫ਼ੀ-ਇਕ ਖ਼ਬਰ

ਵੋਟਾਂ ਦੀ ਖ਼ਾਤਰ ਲੋਕਾ ਵੇ, ਸਾਨੂੰ ਕੀ ਕੀ ਕਰਨਾ ਪੈਂਦਾ ਹੈ।