ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
03 ਜੁਲਾਈ 2023
ਮਣੀ ਪੁਰ ਸੜ ਰਿਹੈ, ਪ੍ਰਧਾਨ ਮੰਤਰੀ ਚੁੱਪ ਹਨ- ਜੈਰਾਮ ਰਮੇਸ਼
ਕਾਹਨੂੰ ਕੀਤੀ ਅਸਾਂ ਨਾਲ਼ ਬਸ ਵੇ, ਕੋਈ ਦੋਸ਼ ਅਸਾਡਾ ਦੱਸ ਵੇ।
ਭਾਰਤ, ਅਮਰੀਕਾ ਦੀ ਦੋਸਤੀ ਦੁਨੀਆਂ ‘ਚ ‘ਸਭ ਤੋਂ ਮਹੱਤਵਪੂਰਨ’ – ਰਾਸ਼ਟਰਪਤੀ ਬਾਈਡਨ
ਸਭ ਦੁਨੀਆਂ ਮਤਲਬ ਦੀ, ਇਥੇ ਕੋਈ ਨਾ ਕਿਸੇ ਦਾ ਬੇਲੀ।
ਜਥੇਦਾਰ ਹਰਪ੍ਰੀਤ ਸਿੰਘ ਨੂੰ ਇਜਲਾਸ ‘ਚ ਨਾ ਬੁਲਾਏ ਜਾਣ ‘ਤੇ ਬਲਤੇਜ ਪੰਨੂੰ ਨੇ ਸਵਾਲ ਚੁੱਕਿਆ- ਇਕ ਖ਼ਬਰ
ਯਾਰ ਮਸੀਂ ਤਾਂ ਅਗਲਿਆਂ ਨੇ ਖਹਿੜਾ ਛੁਡਾਇਆ, ਚੈਨਲ ਦਾ ਹੀ ਪੰਗਾ ਹੀ ਪਾਉਣਾ ਸੀ ਆ ਕੇ।
ਲੋਕ ਸਭਾ ਚੋਣਾਂ ਨੇੜੇ ਜਾ ਕੇ ਬਾਦਲ ਅਕਾਲੀ ਦਲ- ਭਾਜਪਾ ਗੱਠਜੋੜ ਹੋ ਸਕਦਾ ਹੈ- ਇਕ ਖ਼ਬਰ
ਹੱਡੀਆਂ ਨੂੰ ਤੋੜ ਤੋੜ ਖਾਵੇ, ਵਿਛੋੜਾ ਬੁਰਾ ਸੱਜਣਾਂ ਦਾ।
ਸ਼੍ਰੋਮਣੀ ਕਮੇਟੀ ਦੇ ਬਹੁਤੇ ਮੈਂਬਰ ਸਿੱਖ ਸੰਗਤਾਂ ਦੀ ਆਸ ‘ਤੇ ਨਹੀਂ ਉੱਤਰੇ ਖਰੇ- ਬਲਦੇਵ ਸਿੰਘ ਸਿਰਸਾ
ਸਿਰਸਾ ਜੀ, ਜਿਸ ਦੀ ਖਾਈਏ ਬਾਜਰੀ, ਉਸ ਦੀ ਭਰੀਏ ਹਾਜ਼ਰੀ।
ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਦੀ ਰਫ਼ਤਾਰ ‘ਚ ਅੜਿੱਕੇ ਡਾਹ ਰਹੀ ਹੈ- ਹਰਜੋਤ ਬੈਂਸ
ਮੁਗ਼ਲਾਂ ਨੇ ਤੇਰਾ ਸਭ ਕੁਝ ਲੁੱਟਿਆ, ੳਏ ਵੱਡਿਆ ਬਹਾਦਰਾ।
ਕੇਂਦਰ ਸਰਕਾਰ ਦੀ ਬਦੌਲਤ ਦੇਸ਼ ਦਾ ਹਰ ਨਾਗਰਿਕ ਇਕ ਲੱਖ ਰੁਪਏ ਦਾ ਕਰਜ਼ਾਈ- ਲਖਵੀਰ ਰਾਏ
ਨੀਂਦਰ ਭੁੱਖ ਆਰਾਮ ਨਾ ਮੂਲੇ, ਲੱਗੇ ਦੁਖ ਹਜ਼ਾਰਾਂ, ਆਹੀਂ ਮਾਰਾਂ।
ਪੰਜਾਬ ਦੀਆਂ ਨਹਿਰਾਂ ਸੁੱਕੀਆਂ, ਰਾਜਸਥਾਨ ਨੂੰ ਜਾ ਰਿਹੈ ਪਾਣੀ- ਇਕ ਖ਼ਬਰ
ਲੋਕ ਆਖਦੇ ਮੋਇਆ ਹੈ ਖ਼ਸਮ ਜਿਹਦਾ, ਤਖ਼ਤ ਉੱਜੜੇ ਤਦੋਂ ਵੀਰਾਨ ਹੋ ਕੇ।
ਪ੍ਰਧਾਨ ਧਾਮੀ ਇਕ ਪਰਵਾਰ ਨੂੰ ਬਚਾਉਣ ਲਈ ਆਪਣੇ ਅਹੁਦੇ ਦੀ ਗਰਿਮਾ ਨੂੰ ਸੱਟ ਨਾ ਮਾਰਨ- ਬਲਵਿੰਦਰ ਸਿੰਘ ਮੁੰਡੀ
ਹੱਥਾਂ ਵਿਚੋਂ ਲਾਲ ਗਵਾਇਆ, ਧਿਰ ਨੂੰ ਪਿਆਰੀ ਕਰ ਕੇ।
ਬੀਬੀ ਜਗੀਰ ਕੌਰ ਅਤੇ ਹਰਜਿੰਦਰ ਸਿੰਘ ਧਾਮੀ ਵਿਚਕਾਰ ਤਿੱਖੀ ਬਹਿਸ- ਇਕ ਖ਼ਬਰ
ਕੂੰਡੇ ਟੁੱਟ ਗਏ, ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।
ਚੀਨ ਅਤੇ ਸਾਊਦੀ ਅਰਬ ਦੋਸਤੀ ਨੇ ਅਮਰੀਕਾ ਦੀ ਨੀਂਦ ਉਡਾਈ- ਇਕ ਖ਼ਬਰ
ਵੇ ਘਰ ਤੇਲਣ ਦੇ, ਤੇਰਾ ਚਾਦਰਾ ਖੜਕੇ।
ਕੇਂਦਰ ਸਰਕਾਰ ਵਲ ਪੰਜਾਬ ਦੀ ਬਕਾਇਆ ਰਾਸ਼ੀ ਦੀ ਪੰਡ ਹੋਰ ਭਾਰੀ ਹੋਈ- ਇਕ ਖ਼ਬਰ
ਮੇਰਾ ਮੋਰਨੀ ਜਿਹੀ ਦਾ ਗਲ਼ ਖਾਲੀ, ਆਪ ਤੇ ਜੰਜ਼ੀਰੀ ਰੱਖਦਾ।
ਸ਼੍ਰੋਮਣੀ ਕਮੇਟੀ ਦਾ ਇਕੋ ਏਜੰਡਾ ਕਿ ਬਾਦਲਾਂ ਦੇ ਵਪਾਰਕ ਹਿਤ ਕਿਵੇਂ ਸੁਰੱਖਿਅਤ ਰੱਖੇ ਜਾਣ- ਮਨਜੀਤ ਸਿੰਘ ਭੋਮਾ
ਤੇਰਾ ਵਾਲ਼ ਵੀ ਵਿੰਗਾ ਨਾ ਹੋਵੇ, ਮੇਰੀ ਭਾਵੇਂ ਜਿੰਦ ਮੁੱਕ ਜਾਏ।
ਵਿਰੋਧੀ ਪਾਰਟੀਆਂ ਤੋਂ ਖ਼ਤਰਾ ਮਹਿਸੂਸ ਕਰ ਰਹੀ ਹੈ ਭਾਜਪਾ- ਇਕ ਖ਼ਬਰ
ਜੇਠ ਤੋਂ ਡਰ ਕੋਈ ਨਾ, ਮੈਨੂੰ ਤੇਰੇ ਤੋਂ ਖ਼ਤਰਾ ਭਾਰੀ।