ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
27 ਜੂਨ 2023
ਗੱਠਜੋੜ ਛੱਡਣ ਵਾਲਿਆਂ ਤੋਂ ਅਸੀਂ ਕਦੇ ਵੀ ਦਿਲੋਂ ਦੂਰ ਨਹੀਂ ਹੁੰਦੇ- ਰਾਜਨਾਥ ਸਿੰਘ
ਚਲੇ ਗਈ ਏਂ ਤੂੰ ਛੱਡ ਕੇ, ਤੈਨੂੰ ਮਨੋਂ ਨਾ ਅਸੀਂ ਵਿਸਾਰਿਆ।
ਅਮਰੀਕੀ ਕਾਰੋਬਾਰੀ ਧਾਲੀਵਾਲ ਦੀ ਮੋਦੀ ਨਾਲ ਬੰਦ ਕਮਰਾ ਮੀਟਿੰਗ- ਇਕ ਖ਼ਬਰ
ਰੁੱਤ ਯਾਰੀਆਂ ਲਾਉਣ ਦੀ ਆਈ ਕਿ ਲੱਕ ਲੱਕ ਹੋ ਗਏ ਬਾਜਰੇ।
ਮੋਦੀ ਦੇ ਅਮਰੀਕਾ ਦੌਰੇ ਨੂੰ ਲੈ ਕੇ ਪਾਕਿ ਚਿੰਤਤ- ਇਕ ਖ਼ਬਰ
ਭਾਬੀ ਮੈਨੂੰ ਡਰ ਲਗਦਾ, ਬੁਰਛਾ ਜੇਠ ਕੁਆਰਾ।
ਭਗਵੰਤ ਮਾਨ ਤੇ ਕੇਜਰੀਵਾਲ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋਇਆ- ਅਮਰਜੀਤ ਸਿੰਘ ਚਾਵਲਾ
ਸਿੱਖ ਰਹਿਤ ਮਰਯਾਦਾ ਦਾ ਵਿਰੋਧ ਕਰਕੇ ਜਨਾਬ ਦਾ ਵੀ ਚਿਹਰਾ ਨੰਗਾ ਹੋਇਆ।
ਰਾਜਪਾਲ ਨੇ ਭਵਿੱਖ ‘ਚ ਪੰਜਾਬ ਸਰਕਾਰ ਦਾ ਹੈਲੀਕਾਪਟਰ ਨਾ ਵਰਤਣ ਦਾ ਕੀਤਾ ਐਲਾਨ- ਇਕ ਖ਼ਬਰ
ਫੇਰ ਕਿਹੜਾ ਮੱਸਿਆ ਲੱਗਣੋਂ ਬੰਦ ਹੋ ਜਾਊ ਰਾਜਪਾਲ ਸਾਹਿਬ।
‘ਜਥੇਦਾਰ’ ਨੂੰ ਰੁਖ਼ਸਤ ਹੋਣ ਵੇਲੇ ਸਨਮਾਨ ਵਜੋਂ ਸਿਰਪਾਉ ਵੀ ਨਹੀਂ ਮਿਲਦਾ- ਇਕ ਖ਼ਬਰ
‘ਮਾਲਕ’ ਤਾਂ ਜੁੱਤੀ ਵੀ ਨਹੀਂ ਪਾਉਣ ਦਿੰਦੇ ਜਥੇਦਾਰ ਨੂੰ, ਤੁਸੀਂ ਸਿਰਪਾਉ ਦੀ ਗੱਲ ਕਰਦੇ ਹੋ।
ਸਿੱਖ ਕੌਮ ਦੇ ਧਾਰਮਕ ਕੰਮਾਂ ‘ਚ ਬਾਹਰੀ ਦਖ਼ਲ ਬਰਦਾਸ਼ਤ ਨਹੀਂ- ਚੰਦੂਮਾਜਰਾ
ਅਸਾਂ ਜੇਠ ਨੂੰ ਲੱਸੀ ਨਹੀਂਉਂ ਦੇਣੀ, ਦਿਉਰ (ਬਾਦਲ) ਭਾਵੇਂ ਦੁੱਧ ਪੀ ਲਵੇ।
ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵਿਚ ਖੜਕੀ-ਇਕ ਖ਼ਬਰ
ਵਿਚ ਕਚਹਿਰੀ ਦੇ, ਭੂਆ ਭਤੀਜੀ ਲੜੀਆਂ।
ਕਾਂਗਰਸ ਨੇ ਵਿਧਾਨ ਸਭਾ ਦੇ ਦੂਜੇ ਦਿਨ ਦੇ ਸੈਸ਼ਨ ਦਾ ਕੀਤਾ ਬਾਈਕਾਟ-ਇਕ ਖ਼ਬਰ
ਉਹਦੇ ਨਾਲ ਕੀ ਬੋਲਣਾ, ਜਿਹਨੂੰ ਪੱਗ ਬੰਨ੍ਹਣੀਂ ਨਾ ਆਵੇ।
ਵਿਰੋਧੀ ਧਿਰ ਹੋਣ ਦੇ ਨਾਤੇ ਸਾਨੂੰ ਵਿਧਾਨ ਸਭਾ ਦੇ ਸੈਸ਼ਨ ਦਾ ਏਜੰਡਾ ਹੀ ਨਹੀਂ ਦਿਤਾ ਗਿਆ- ਪਰਤਾਪ ਸਿੰਘ ਬਾਜਵਾ
ਕਿਉਂ ਨਿਰਮੋਹਾ ਹੋ ਗਿਉਂ ਵੇ, ਨਾ ਕਾਟ ਸ਼ਗਨਾਂ ਦਾ ਪਾਇਆ।
ਅਕਾਲ ਤਖ਼ਤ ਨੂੰ ਬਾਦਲ ਪਰਵਾਰ ਤੋਂ ਆਜ਼ਾਦ ਕਰਵਾਉਣਾ ਸਮੇਂ ਦੀ ਮੰਗ- ਦਿੱਲੀ ਕਮੇਟੀ
ਦਿੱਲੀ ਕਮੇਟੀ ਨੂੰ ਵੀ ਭਾਜਪਾ ਤੋਂ ਆਜ਼ਾਦ ਕਰਵਾਉਣਾ ਸਮੇਂ ਦੀ ਮੰਗ।
ਕਾਂਗਰਸ ਵਿਚ ਸ਼ਾਮਲ ਹੋਣ ਨਾਲੋਂ ਖੂਹ ਵਿਚ ਛਾਲ ਮਾਰਨੀ ਪਸੰਦ ਕਰਾਂਗਾ- ਗਡਕਰੀ
ਜਾਣਾ ਨਹੀਂ ਬੁੱਢੜੇ ਨਾਲ, ਨਹੀਂ ਮਰ ਜੂੰ ਮਹੁਰਾ ਖਾ ਕੇ।
ਅਮਰੀਕਨ ਸਾਂਸਦਾਂ ਦੀ ਤਾਰੀਫ਼ ਕਰਦਿਆਂ ਮੋਦੀ ਨੇ ਰਾਹੁਲ ਗਾਂਧੀ ‘ਤੇ ਅਸਿੱਧਾ ਨਿਸ਼ਾਨਾ ਲਾਇਆ- ਇਕ ਖ਼ਬਰ
ਅੱਖ ਨਾਲ ਗੱਲ ਕਰ ਗਈ, ਪੱਲਾ ਮਾਰ ਕੇ ਬੁਝਾ ਗਈ ਦੀਵਾ।
ਰਾਜਨਾਥ ਸਿੰਘ ਨੂੰ ਪੰਜਾਬ ਦੀ ਚਿੰਤਾ ਪਰ ਮਨੀਪੁਰ ਦੀ ਅੱਗ ਨਹੀਂ ਦਿਸਦੀ- ਮਾਲਵਿੰਦਰ ਸਿੰਘ ਕੰਗ
ਕੰਧਾਂ ਕਾਲ਼ੀਆਂ ਸ਼ਹਿਰ ਹੜਤਾਲ ਹੋਈ, ਧੁੰਦੂਕਾਰ ਜ਼ਿਮੀਂ ਆਸਮਾਨ ਹੋਇਆ।
ਪੰਜਾਬ ਮੋਦੀ ਸਰਕਾਰ ਦੀਆਂ ਤਰਜੀਹਾਂ ਵਾਲ਼ੇ ਰਾਜਾਂ ਵਿਚ ਸ਼ਾਮਲ- ਰਾਜਨਾਥ ਸਿੰਘ
ਪੰਜਾਬੀਉ ਸੰਵਾ ਲਉ ਵੱਡੀਆਂ ਜੇਬਾਂ ਵਾਲੇ ਝੱਗੇ, ਪੰਦਰਾਂ ਪੰਦਰਾਂ ਲੱਖ ਆਉਣ ਵਾਲ਼ਾ।