ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
19 ਜੂਨ 2023
ਹਰਿਆਣਾ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੂੰ ਖੱਟਰ ਨੇ ਪੜ੍ਹਾਇਆ ਏਕਤਾ ਦਾ ਸਬਕ- ਇਕ ਖ਼ਬਰ
ਜਦੋਂ ਲੂੰਬੜੀ ਉਪਦੇਸ਼ ਦੇਵੇ ਉਦੋਂ ਆਪਣੀਆਂ ਬੱਤਖ਼ਾਂ ਨੂੰ ਬਚਾਅ ਕੇ ਰੱਖੋ।
ਕਿਸ ਨੂੰ ਪੁੱਛ ਕੇ ਬੁਲਾਇਆ ਸੈਸ਼ਨ? ਰਾਜਪਾਲ ਨੇ ਸਪੀਕਰ ਸੰਧਵਾਂ ਨੂੰ ਖ਼ਤ ਲਿਖ ਕੇ ਪੁੱਛਿਆ- ਇਕ ਖ਼ਬਰ
ਹੱਥ ਸੋਚ ਕੇ ਗੰਦਲ ਨੂੰ ਪਾਈਂ, ਨੀਂ ਕਿਹੜੀ ਏਂ ਤੂੰ ਸਾਗ ਤੋੜਦੀ।
ਕੀ ਪੰਥਕ ਸਿਆਸਤ ਵਿਚ ਧਿਆਨ ਸਿੰਘ ਮੰਡ ਕਰਨਗੇ ਕੋਈ ਧਮਾਕਾ?- ਇਕ ਖ਼ਬਰ
ਨਾ ਖੰਜਰ ਉਠੇਗਾ ਨਾ ਤਲਵਾਰ ਹੀ ਉਠੇਗੀ, ਯੇਹ ਬਾਜ਼ੂ ਮਿਰੇ ਆਜ਼ਮਾਏ ਹੂਏ ਹੈਂ।
ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਮਰਜ਼ੀ ਨਾਲ ਜਥੇਦਾਰੀ ਦਾ ਅਹੁਦਾ ਛੱਡਿਆ- ਹਰਜਿੰਦਰ ਸਿੰਘ ਧਾਮੀ
ਧਾਮੀ ਸਾਹਿਬ ‘ਯੇਹ ਜੋ ਪਬਲਿਕ ਹੇ ਯੇਹ ਸਭ ਜਾਨਤੀ ਹੈ’।
ਨਵੇਂ ਬਣੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ,’ ਪੰਥ ਦੇ ਵਿਸ਼ਵਾਸ ਨੂੰ ਬਣਾਈ ਰੱਖਾਂਗਾ’- ਇਕ ਖ਼ਬਰ
ਫਿਕਰ ਕਰੀਂ ਨਾ ਪੰਥ ਖਾਲਸੇ ਦਾ, ਵਿਸ਼ਵਾਸ ਤੋੜੀਂ ਨਾ ਆਪਣੇ ‘ਮਾਲਕਾਂ’ ਦਾ।
ਜਥੇਦਾਰ ਨੂੰ ਅਹੁਦੇ ਤੋਂ ਲਾਂਭੇ ਕਰਨ ਲਈ ਪਾਇਆ ਗਿਆ ਸਿਆਸੀ ਦਬਾਅ-ਬੀਬੀ ਜਗੀਰ ਕੌਰ
ਧਾਮੀ:- ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।
ਬਾਦਲਾਂ ਵਿਰੁੱਧ ਬੋਲਣਾ ਮਹਿੰਗਾ ਪੈ ਗਿਆ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ- ਇਕ ਖ਼ਬਰ
ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।
ਪ੍ਰਿਅੰਕਾ ਗਾਂਧੀ ਨੇ ਮੱਧ ਪ੍ਰਦੇਸ਼ ਵਿਚ ਚੋਣਾਂ ਦਾ ਬਿਗਲ ਵਜਾਇਆ-ਇਕ ਖ਼ਬਰ
ਛਾਂਵੇਂ ਬਹਿ ਕੇ ਕੱਤਿਆ ਕਰੂੰ, ਵਿਹੜੇ ਲਾ ਤ੍ਰਿਵੈਣੀ।
ਰਾਜਪਾਲ ਜੀ ਆਪਣੇ ਅਹੁਦੇ ਦੀ ਗਰਿਮਾ ਦਾ ਖ਼ਿਆਲ ਰੱਖ ਕੇ ਹੀ ਬੋਲੋ- ਹਰਪਾਲ ਚੀਮਾ
ਨ੍ਹਾਉਂਦੀ ਫਿਰੇਂ ਤੀਰਥਾਂ ‘ਤੇ, ਤੇਰੇ ਅੰਦਰੋਂ ਮੈਲ਼ ਨਾ ਜਾਵੇ।
ਰਾਜਪਾਲ ਨਾਲ ਸਬੰਧਾਂ ਦੇ ਸਾਰੇ ਤੱਥ ਅਸੀਂ ਜਨਤਾ ਦੇ ਸਾਹਮਣੇ ਰੱਖ ਦਿਤੇ ਹਨ- ਮਾਲਵਿੰਦਰ ਸਿੰਘ ਕੰਗ
ਪੂਣੀਆਂ ਮੈਂ ਤਿੰਨ ਕੱਤੀਆਂ, ਟੁੱਟ ਪੈਣੇ ਦਾ ਤੇਰ੍ਹਵਾਂ ਗੇੜਾ।
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਰਹੇਗਾ ਹੰਗਾਮਿਆਂ ਭਰਿਆ- ਇਕ ਖ਼ਬਰ
ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।
ਭਗਵੰਤ ਮਾਨ ਅਤੇ ਸੁਖਬੀਰ ਬਾਦਲ ਹੋਏ ਟਵੀਟੋ- ਟਵੀਟੀ- ਇਕ ਖ਼ਬਰ
ਡੱਡੂਆਂ ਨੇ ਪਾਇਆ ਭੰਗੜਾ, ਕਾਟੋ ਸਾਜ਼ ਵਜਾਵੇ।
ਭਗਵੰਤ ਮਾਨ ਸੁਪਰੀਮ ਕੋਰਟ ਦਾ ਹੁਕਮ ਵੀ ਨਹੀਂ ਮੰਨ ਰਹੇ- ਰਾਜਪਾਲ ਪੁਰੋਹਿਤ
ਉੱਜੜੀਆਂ ਭਰਜਾਈਆਂ, ਵਲੀ ਜਿਨ੍ਹਾਂ ਦੇ ਜੇਠ।
ਗਿਆਨੀ ਰਘਬੀਰ ਸਿੰਘ ਦੀ ਨਿਯੁਕਤੀ ਸੰਗਤ ਤੋਂ ਚੋਰੀਂ ਕੀਤੀ ਗਈ- ਪੰਜੋਲੀ
ਕਾਦਰਯਾਰ ਅਣਹੋਣੀਆਂ ਕਰਨ ਜਿਹੜੇ, ਆਖਰ ਵਾਰ ਉਨ੍ਹਾਂ ਪੱਛੋਤਾਵਣਾ ਈ।