ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
11 ਜੂਨ 2023
ਸੱਤਾ ਵਿਹੂਣੇ ਸਿਆਸਤਦਾਨਾਂ ਦੀਆਂ ਜੱਫੀਆਂ ਸਿਆਸੀ ਤਾਕਤ ਵਾਸਤੇ ਨਾ ਕਿ ਪੰਜਾਬ ਦੇ ਮਸਲਿਆਂ ਬਾਰੇ- ਇਕ ਖ਼ਬਰ
ਰੋਂਦੀ ਯਾਰਾਂ ਨੂੰ, ਨਾਂ ਲੈ ਲੈ ਕੇ ਭਰਾਵਾਂ ਦਾ।
ਪਿਉ ਨੇ ਦੇਸ਼ ਲਈ ਦਿਤੀ ਜਾਨ ਪਰ ਪੁੱਤਰ ਨੂੰ ਕੁਝ ਨਹੀਂ ਮਿਲਿਆ- ਇਕ ਖ਼ਬਰ
ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ।
ਮੁੱਖ ਮੰਤਰੀ ਮਾਨ ਸੂਬੇ ਦੇ ਹਿਤਾਂ ਦੀ ਰਖਵਾਲੀ ਕਰਨ ਦੇ ਯੋਗ ਨਹੀਂ- ਚੰਦੂਮਾਜਰਾ
ਜਿਹੜੇ ਬਿਨਾਂ ਸ਼ਰਤੋਂ ਸਮਝੌਤੇ ਕਰ ਕੇ ਪੰਜਾਬ ਨੂੰ ਦਾਅ ‘ਤੇ ਲਾਉਂਦੇ ਰਹੇ, ਉਨ੍ਹਾਂ ਬਾਰੇ ਕੀ ਖ਼ਿਆਲ ਐ?
ਕੈਨੇਡਾ ਤੋਂ ਜਬਰੀ ਵਤਨ ਵਾਪਸੀ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਕਾਨੂੰਨੀ ਸਹਾਇਤਾ ਦੇਵਾਂਗੇ- ਕੁਲਦੀਪ ਸਿੰਘ ਧਾਲੀਵਾਲ
ਧਾਲੀਵਾਲ ਸਾਹਿਬ, ਠੱਗ ਏਜੰਟ ਮਿਸ਼ਰੇ ਬਾਰੇ ਕੀ ਕਰ ਰਹੇ ਹੋ?
ਕੇਂਦਰ ਦੀਆਂ ਕਟੌਤੀਆਂ ਕਾਰਨ ਪੰਜਾਬ ਦੀ ਵਿਤੀ ਦਸ਼ਾ ਡਗਮਗਾਈ- ਇਕ ਖ਼ਬਰ
ਸੁਣਿਐ ਬਈ ਮੋਦੀ ਸਾਹਿਬ ਕਹਿੰਦੇ ਐ ਕਿ ਪੰਜਾਬ ਨੂੰ ਨੰਬਰ ਇਕ ਸੂਬਾ ਬਣਾਉਣੈ।
ਮੁੱਖ ਮੰਤਰੀ ਪੰਜਾਬ ਯੂਨੀਵਰਸਿਟੀ ਦੇ ਮਾਮਲੇ ‘ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਦਨਾਮ ਨਾ ਕਰਨ- ਦਲਜੀਤ ਸਿੰਘ ਚੀਮਾ
ਜਦੋਂ ਸੱਚੀਆਂ ਸੁਣਾਈਆਂ ਨੀਂ, ਬੜਾ ਦੁਖ ਲੱਗਿਆ, ਬੜਾ ਦੁਖ ਲੱਗਿਆ।
ਅਮਰੀਕਾ ‘ਤੇ ਨਜ਼ਰ ਰੱਖਣ ਲਈ ਚੀਨ ਕਿਊਬਾ ‘ਚ ਬਣਾਵੇਗਾ ਖੁਫ਼ੀਆ ਅੱਡਾ- ਅਮਰੀਕੀ ਮੀਡੀਆ
ਛੜੇ ਜੇਠ ਦੀ ਮੈਂ ਅੱਖ ਵਿਚ ਰੜਕਾਂ, ਕੰਧ ਉੱਤੋਂ ਰਹੇ ਝਾਕਦਾ।
ਪੰਜਾਬ ਯੂਨੀਵਰਸਟੀ ਦੇ ਮੁੱਦੇ ‘ਤੇ ਭਗਵੰਤ ਮਾਨ ਵਲੋਂ ਮੁੱਖ ਮੰਤਰੀ ਖੱਟਰ ਨੂੰ ਕੋਰੀ ਨਾਂਹ- ਇਕ ਖ਼ਬਰ
ਅਸਾਂ ਨਹੀਂ ਜਾਣਾ ਸਹੁਰੇ, ਤੂੰ ਲੈ ਜਾ ਗੱਡੀ ਮੋੜ ਕੇ।
ਹਰਿਆਣਾ ‘ਚ ਜੇ.ਜੇ.ਪੀ. ਨਾਲ ਗੱਠਜੋੜ ਨੂੰ ਕੋਈ ਖ਼ਤਰਾ ਨਹੀਂ- ਖੱਟਰ
ਅੰਦਰੋਂ ਡਰ ਲਗਦਾ, ਬੁਰਛਾ ਦਿਉਰ ਕੁਆਰਾ।
‘ਸਰਕਾਰ ਤੁਹਾਡੇ ਦੁਆਰ’ ਦਾ ਮੰਤਵ ਆਮ ਆਦਮੀ ਨੂੰ ਅਸਲ ਮਾਅਨਿਆਂ ‘ਚ ਅਖ਼ਤਿਆਰ ਦੇਣਾ- ਭਗਵੰਤ ਮਾਨ
ਏਹੀ ਗੱਲ ਤਾਂ ਭਗਵੰਤ ਮਾਨਾ ‘ਉਹਨਾਂ’ ਦੇ ਸੰਘੋਂ ਹੇਠਾਂ ਨਹੀਂ ਉੱਤਰਦੀ। ਇਸੇ ਲਈ ਤਾਂ ਸ਼ਬਦ ‘ਮਟੀਰੀਅਲ’ ਵਰਤਿਆ ਬਾਜਵੇ ਨੇ।
ਵਿਰੋਧੀ ਧਿਰਾਂ ਦੇ ਆਗੂ ਪੰਜਾਬੀਆਂ ਦੇ ਮਨੋਂ ਉੱਤਰ ਚੁੱਕੇ ਲੋਕਾਂ ਦੀ ਜੁੰਡਲੀ- ਭਗਵੰਤ ਮਾਨ
ਗਿੱਦੜਾਂ ਦੀ ਜੰਨ ਚੜ੍ਹਦੀ, ਜਿੱਥੇ ਸੈਹਾ ਬੋਲੀਆਂ ਪਾਵੇ।
ਕੇਂਦਰ ਦੇ ਆਰਡੀਨੈਂਸ ਸਬੰਧੀ ਕੇਜਰੀਵਾਲ ਨੂੰ ਮਿਲਿਆ ਅਖਿਲੇਸ਼ ਦਾ ਸਾਥ- ਇਕ ਖ਼ਬਰ
ਪਾਰ ਲੰਘਾ ਦੇ ਵੇ, ਤੂੰ ਨਦੀਆਂ ਦਾ ਭੇਤੀ।
ਕਿਸਾਨਾਂ ‘ਤੇ ਕੀਤੇ ਲਾਠੀਚਾਰਜ ਦੀ ਕੀਮਤ ਖੱਟਰ ਸਰਕਾਰ ਨੂੰ ਚੁਕਾਉਣੀ ਪਵੇਗੀ- ਬੀਬੀ ਰਾਜੂ
ਮੂੰਹ ਉਂਗਲਾਂ ਘੱਤ ਕੇ ਕਹਿਣ ਸਭੇ, ਕਾਰੇ ਕਰਨ ਥੀਂ ਇਹ ਨਾ ਸੰਗਦਾ ਏ।
ਅਕਾਲੀ ਦਲ ਪੰਥ ਦੀ ਪਾਰਟੀ, ਜੰਨਤਾ ਦੀ ਸੋਚ ਪੰਥ ਦੀ ਫੌਜ- ਸੁਖਬੀਰ ਬਾਦਲ
ਕੀ ਕਰਨਾ ਕੱਪੜੇ ਰੰਗਿਆਂ ਨੂੰ, ਜੇ ਮਨ ਰੰਗਿਆ ਨਾ ਜਾਵੇ।
ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ‘ਤੇ ਮੇਰਾ ਅੱਜ ਵੀ ਪਹਿਲਾਂ ਵਾਲ਼ਾ ਸਪਸ਼ਟ ਸਟੈਂਡ- ਬੀਬੀ ਜਾਗੀਰ ਕੌਰ
ਤੀਆਂ ਨੂੰ ਹਟਾਉਣ ਵਾਲ਼ਿਆ, ਤੇਰਾ ਹੋਵੇ ਨਰਕਾਂ ਵਿਚ ਵਾਸਾ।