ਪ੍ਰਦੇਸ਼ ਦੀ ਤਾਂਘ.. - ਸਿੰਦਰ ਸਿੰਘ ਮੀਰਪੁਰੀ

ਲੰਘੇ ਸਮੇਂ ਜਦੋਂ ਅਸਮਾਨ ਵਿੱਚ ਉੱਡਦੇ ਕਿਸੇ ਜਹਾਜ਼ ਨੂੰ ਵੇਖਦੇ ਸੀ ਤਾਂ ਮਨ ਅੰਦਰ ਇਕ ਵੱਖਰੀ ਤਰ੍ਹਾਂ ਦਾ ਸ਼ੌਕ ਪੈਦਾ ਹੁੰਦਾ ਸੀ ਕਿ ਅਸੀਂ ਇਸ ਜਹਾਜ ਵਿੱਚ ਬੈਠ ਕੇ ਪਰਦੇਸ ਜਾ ਸਕੀਏ । ਅਸਮਾਨ ਵਿੱਚ ਉੱਡਦੇ ਜਹਾਜ਼ ਨੂੰ ਲੈ ਕੇ ਮਨ ਅੰਦਰ ਚਲ ਰਹੀ ਰੀਝ ਪੂਰੀ ਹੋਣ ਦਾ ਸਮਾਂ ਆਇਆ ਤਾਂ ਵਰ੍ਹੇ ਬੀਤ ਗਏ ਪਤਾ ਹੀ ਨਾ ਲੱਗਿਆ ਕਿ ਕਦੋਂ ਵਿਦੇਸ਼ ਵਿਚ ਪਹੁੰਚ ਕੇ ਆਪਣੇ ਮਨ ਦੀਆਂ ਸੱਧਰਾਂ ਨੂੰ ਪੂਰਾ ਕਰਨ ਦਾ ਮੌਕਾ ਮਿਲਿਆ ਅਤੇ ਬਹੁਤ ਸਾਰੇ ਨਾਲ ਗਿਆ ਨੂੰ ਅਤੇ ਨਾਲ ਹੀ ਆਪਣੇ ਪ੍ਰਵਾਰਾਂ ਨੂੰ ਪਾਲਣ ਤੱਕ ਸਮਾਂ ਬੀਤਦਾ ਰਿਹਾ । ਪਹਿਲਾਂ ਸਾਰੇ ਦੋਸਤ-ਮਿੱਤਰ ਜਦੋਂ ਰਲ਼ ਕੇ ਬੈਠਦੇ ਸੀ ਤਾਂ ਪਹਿਲਾਂ ਮਨ ਅੰਦਰ ਇਕ ਰੀਝ ਹੁੰਦੀ ਸੀ ਕੇ ਖਬਰੇ ਵਿਦੇਸ਼ ਜਾਵਾਂਗੇ ਜਾਂ ਨਹੀਂ ਪਰ ਹੁਣ ਦਹਾਕੇ ਬੀਤ ਚੁੱਕੇ ਨੇ ਪਰਦੇਸੀਆਂ ਨੂੰ ਆਪਣੇ ਵਤਨ ਤੋਂ ਪਰਤਿਆ । ਮੁੜ ਕੇ ਕਦੇ ਵੀ ਫੇਰਾ ਨਹੀਂ ਪਾਇਆ ਗਿਆ । ਜਾਂ ਇੰਝ ਆਖ ਲਈਏ ਕਿ ਘਰ ਦੇ ਬੋਝ ਨੇ ਅਸਮਾਨ ਤੋਂ ਹੇਠਾਂ  ਵਾਪਸ ਆਉਣ ਹੀ ਨਹੀਂ ਦਿੱਤਾ ।
                 ਕੁਝ ਵੀ ਹੋਵੇ ਪਰ ਵਿਦੇਸ਼ ਦਾ ਚਾਅ ਮਨ ਵਿੱਚ ਸੀ ਜਦੋਂ ਲੋਕਾਂ ਨੂੰ ਵੇਖਦੇ ਸੀ ਕਿ ਫਲਾਣੇ ਦਾ ਮੁੰਡਾ ਵਿਦੇਸ਼ ਵਿਚ ਬੈਠਾ ਹੈਂ ਤਾਂ ਆਪਣੇ ਮਨ ਅੰਦਰ ਵਿਚ ਵੀ ਇਕ ਇੱਛਾ ਪੈਦਾ ਹੁੰਦੀ ਸੀ ਜੋ ਭਾਵੇਂ ਹੌਲੀ ਹੌਲੀ ਪੂਰੀ ਤਾਂ ਹੋਈ ਪਰ ਆਖਰ ਖਤਮ ਵੀ ਨਾਲੋ ਨਾਲ ਹੁੰਦੀ ਚਲੀ ਗਈ । ਕਿਉਂ ਕੇ ਵਿਦੇਸ਼ਾਂ ਅੰਦਰ ਰਹਿ ਕੇ ਕਿਹੜਾ ਇਨਸਾਨ ਆਪਣੇ ਵਤਨ ਵਰਗਾ ਮਹਿਸੂਸ ਕਰ ਸਕਦਾ ਹੈ । ਇਹ ਠੀਕ ਹੈ ਕਿ ਸਾਡੇ ਇੱਥੇ ਸਰਕਾਰਾਂ ਨੇ ਮਾੜਾ ਹਾਲ ਕੀਤਾ ਹੈ ਪਰ ਕੁਝ ਵੀ ਹੋਵੇ ਉਸਨੂੰ ਕਦੇ ਵੀ ਮਾੜਾ ਨਹੀਂ ਕਿਹਾ ਜਾ ਸਕਦਾ । ਬਹੁਤ ਸਾਰੇ ਵਿਅਕਤੀਆਂ ਨੂੰ ਬਦੇਸ਼ ਵਿੱਚ ਪਹੁੰਚਿਆ ਲੰਬਾ ਸਮਾਂ ਬੀਤ ਚੁੱਕਿਆ ਹੈ ਉਨ੍ਹਾਂ ਦੇ ਬੱਚੇ ਬੱਚੀਆਂ ਕੰਮ ਕਰ ਰਹੇ ਹਨ । ਸਰਕਾਰਾਂ ਚੰਗੀਆਂ ਹੋਣ ਜਾਂ ਮਾੜੀਆਂ ਇਹ ਵਿਸ਼ਾ ਵੀ ਵੱਖਰਾ ਹੈ ਪਰ ਪਰਦੇਸ ਦੀ ਤਾਂਘ ਹਰ ਇਨਸਾਨ ਦੇ ਮਨ ਵਿੱਚ ਸੀ ਜੋ ਸਮਾਂ ਆਉਣ ਤੇ ਪੂਰੀ ਹੋਈ ਤਾਂ ਨਾਲੋ ਨਾਲ ਹੋਰ ਬਹੁਤ ਕੁਝ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆ ਗਿਆ ।
            ਅੱਜ ਕੱਲ ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਬਦੇਸ਼ਾਂ ਦੇ ਵਿੱਚ ਪੜ੍ਹਨ ਆਉਂਦੇ ਹਨ ਉਨ੍ਹਾਂ ਦੇ ਨਾਲ ਵਾਪਰਿਆ ਭਾਣਾ ਵੀ ਬੇਹੱਦ ਦੁਖਦਾਈ ਹੈ । ਪੰਜਾਬ ਦੇ ਨੌਜਵਾਨ ਕਰਜ਼ੇ ਚੁੱਕ ਕੇ ਵਿਦੇਸ਼ ਦੀ ਧਰਤੀ ਤੇ ਪਹੁੰਚ ਰਹੇ ਹਨ ਬਹੁਤ ਸਾਰੇ ਵੱਲੋਂ ਜ਼ਮੀਨਾਂ ਵੇਚ ਕੇ ਆਪਣੇ ਪਰਵਾਰਾਂ ਦੀ ਪ੍ਰਾਪਰਟੀ ਵੇਚ ਵਿਦੇਸ਼ ਵੱਲ ਨੂੰ ਮੂੰਹ ਕੀਤਾ ਹੈ ਖ਼ੈਰ ਇਹ ਉਨ੍ਹਾਂ ਦੀ ਆਪਣੀ ਮਰਜੀ ਹੈ ਕਿ ਉਨ੍ਹਾਂ ਨੇ ਕੀ ਕੀਤਾ ਹੈ ਜਾਂ ਅਗਲੇ ਸਮੇਂ ਵਿੱਚ ਕਰਨਾ ਹੈ । ਪਰ ਹੁਣ ਇਥੇ ਵੀ ਹਾਲਾਤ ਸਾਜ਼ਗਾਰ ਨਹੀਂ ਹਨ ਬਹੁਤ ਸਾਰੀਆਂ ਥਾਵਾਂ ਤੇ ਅਕਸਰ ਵੇਖਣ ਵਿਚ ਆਇਆ ਹੈ ਅਤੇ ਭਿਆਨਕ ਅਤੇ ਬੇਹੱਦ ਗਲਤ ਕੰਮ ਹੁੰਦਾ ਹੈ ਜਿਸ ਦੇ ਨਾਲ ਅਕਸਰ ਨੌਜਵਾਨ ਪੀੜ੍ਹੀ ਟੁੱਟ ਜਾਂਦੀ ਹੈ ਅਤੇ ਨਤੀਜਾ ਮਾੜਾ ਹੁੰਦਾ ਹੈ ।  ਮਾਪਿਆਂ ਵੱਲੋਂ ਲੱਖਾਂ ਰੁਪਏ ਖਰਚ ਕੇ ਭੇਜੇ ਆਪਣੇ ਨੌਜਵਾਨ ਪੁੱਤਰ ਦੀ ਹਾਲਤ ਵੇਖ ਕੇ ਉਨ੍ਹਾਂ ਦੇ ਮਨ ਤੇ ਕੀ ਬੀਤਦੀ ਹੋਵੇਗੀ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ । ਇੱਥੇ ਵੀ ਰਿਸ਼ਤੇ ਤੜਾਕ-ਤੜਾਕ ਕਰਕੇ ਟੁੱਟ ਰਹੇ ਹਨ ਮਾਂ ਪਿਓ ਦੀ ਕੋਈ ਕਦਰ ਘੱਟ ਹੀ ਕਰ ਰਿਹਾ ਹੈ । ਜਿਹੜੇ ਲੋਕ ਲੰਬੇ ਸਮੇਂ ਤੋਂ ਇੱਥੇ ਟਿਕੇ ਬੈਠੇ ਸੀ ਉਹਨਾਂ ਦੀ ਗੱਲ ਤਾਂ ਠੀਕ ਹੈ ਪਰ ਕੁਝ ਸਮੇਂ ਤੋਂ ਵਿਦੇਸ਼ਾਂ ਵਿੱਚ ਆਇਆ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ।
                    ਕਰਜ਼ੇ ਚੁੱਕ ਕੇ ਮਕਾਨ ਬਣਾ ਲਏ ਅਤੇ ਪ੍ਰਾਪਟੀਆਂ ਲੈ ਲਈਆਂ ਜਿਸ ਦੀਆਂ ਕਿਸ਼ਤਾਂ ਭਰਨੀਆਂ ਜਾਰੀ ਹਨ ਅਤੇ ਬਹੁਤ ਸਾਰੀਆਂ ਕਿਸ਼ਤਾਂ ਨਾਲ਼ ਦੀ ਨਾਲ਼ ਟੁੱਟ ਵੀ ਰਹੀਆਂ ਹਨ ਉਨ੍ਹਾਂ ਨੂੰ ਕੋਈ ਕੰਮ ਵੀ ਨਹੀਂ ਮਿਲ ਰਿਹਾ ਹੈ । ਬਹੁਤ ਸਾਰਿਆਂ ਨੇ ਕਰਜ਼ਾ ਚੁੱਕ ਕੇ ਟਰਾਂਸਪੋਰਟ ਧੰਦੇ ਦੇ ਵਿਚ ਹੱਥ ਅਜ਼ਮਾਇਆ ਹੈ ਇਕ ਤੋਂ ਵੱਧ ਕੇ ਟਰੱਕ ਲੈਂ ਲੈ ਹਨ ਅੰਤ ਉਹ ਕੰਮ ਵੀ ਕਿਸੇ ਕੰਮ ਦਾ ਨਾ ਰਿਹਾ । ਬਹੁਤ ਸਾਰੇ ਸਾਥੀਆਂ ਦੀਆਂ ਕਿਸਤਾ ਟੁੱਟ ਰਹੀਆਂ ਹਨ ਅਤੇ ਘਰ ਵਿਆਜ਼ ਵਿੱਚ ਜਾ ਰਿਹਾ ਜਾ ਰਿਹਾ ਹੈ ਮਕਾਨ ਬਣਾਏ ਸੀ ਉਹ ਵੀ ਸੌਦਾ ਘਾਟੇ ਦਾ ਰਿਹਾ ਹੈ । ਬਹੁਤ ਸਾਰਿਆਂ ਨੇ ਆਪਣੇ ਕਾਰੋਬਾਰ ਕੀਤੇ ਸਨ ਉਹ ਵੀ ਕਿਸੇ ਕੰਮ ਨਾ ਆਏ ਸਟੋਰ ਵੀ ਘਾਟੇ ਦਾ ਸੌਦਾ ਸਾਬਤ ਹੋ ਰਹੇ ਹਨ । ਇਹ ਗੱਲ ਠੀਕ ਹੈ ਕਿ ਇਹ ਦੀ ਮਾਰ ਹੇਠ ਆਇਆ ਹੋਇਆ ਦਰਦ ਕਹਾਣੀ ਹੈ । ਪਰ ਕੁੱਲ ਮਿਲਾ ਕੇ ਹਾਲਾਤ ਮਾੜੇ ਹਨ । ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਦੇਹ ਵਪਾਰ ਦੇ ਧੰਦੇ ਵਿੱਚ ਫਸ ਕੇ ਬੁਰੀ ਤਰ੍ਹਾਂ ਲਿਪਤ ਹੋ ਚੁੱਕੇ ਹਨ ।
                 ਜਿਨ੍ਹਾਂ ਗੱਲਾਂ ਨੂੰ ਲੈ ਕੇ ਅਸੀਂ ਪੰਜਾਬ ਤੋਂ ਬਾਹਰਲੇ ਮੁਲਕਾਂ ਵਿੱਚ ਆਏ ਸੀ ਉਹੀ ਕੁਝ ਇਥੇ ਵੀ ਹੋ ਰਿਹਾ ਹੈ । ਹਰ ਰੋਜ਼ ਹੋ ਰਹੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ । ਬੰਦੇ ਮਾਰੇ ਜਾ ਰਹੇ ਹਨ । ਸਟੋਰਾਂ ਉੱਤੇ ਆਏ ਦਿਨ ਗੋਲੀਆਂ ਚੱਲਣ ਦੀਆਂ ਘਟਨਾਵਾਂ ਵਿੱਚ ਵੱਡੇ ਪੱਧਰ ਤੇ ਵਾਧਾ ਹੋ ਰਿਹਾ ਹੈ । ਕਿਸੇ ਨਾ ਕਿਸੇ ਸਟੋਰ ਉੱਤੇ ਬੋਲੀ ਲਾ ਕੇ ਲੁੱਟ-ਖੋਹ ਕੀਤੀ ਜਾਂਦੀ ਹੈ । ਬੰਦੇ ਮਾਰੇ ਜਾ ਰਹੇ ਹਨ । ਅਪਰਾਧਿਕ ਗਤੀਵਿਧੀਆਂ ਵਿਚ ਭੱਟਾ ਉਨ੍ਹਾਂ ਵਿੱਚ ਵਾਧਾ ਹੋਇਆ ਹੈ । ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਨੌਜਵਾਨਾਂ ਵੱਲੋਂ ਹਰ ਰੋਜ਼ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਸਾਰੇ ਵਰਤਾਰੇ ਵਿੱਚ ਗੋਰੇ ਕਾਲ਼ੇ ਸਭ ਇਕੋ ਜਿਹੇ ਹਨ । ਜਿਹੜੀਆਂ ਚੀਜ਼ਾਂ ਤੋਂ ਡਰਦੇ ਪੰਜਾਬ ਵਿੱਚੋਂ ਆਏ ਸੀ ਉਹੀ ਕੁਝ ਹੁਣ ਸ਼ਰੇਆਮ ਵਾਪਰ ਰਿਹਾ ਹੈ । ਬਜ਼ੁਰਗ ਵਿਅਕਤੀ ਨੂੰ ਮੌਤ ਤੱਕ ਕੰਮ ਕਰਨਾ ਪੈਂਦਾ ਹੈ ਵਿਦੇਸ਼ ਵਿੱਚ ਤਾਂ ਜਾ ਕੇ ਪ੍ਰਵਾਰ ਪਾਲਿਆ ਜਾਂਦਾ ਹੈ । ਬਹੁਤ ਸਾਰੀਆਂ ਥਾਵਾਂ ਤੇ ਬਜ਼ੁਰਗਾਂ ਨੂੰ ਬੱਚੇ ਸਾਂਭਣ ਵਿਚ ਮਸਰੂਫ ਵੇਖਿਆ ਜਾ ਸਕਦਾ ਹੈ ਅਤੇ ਬਾਅਦ ਵਿਚ ਉਨ੍ਹਾਂ ਨੂੰ ਇਸ ਸਭ ਕੁਝ ਦੇ ਸੋਸਣ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ ।
                  ਸਟੋਰ ਉੱਤੇ ਖੜ ਖੜ ਕੇ ਲੱਤਾਂ ਫੁੱਲ ਜਾਂਦੀਆਂ ਹਨ ਅਤੇ ਟਰੱਕ ਡਰਾਈਵਰਾਂ ਦਾ ਹਾਲ ਬਹੁਤ ਮੰਦਾ ਹੁੰਦਾ ਹੈ । ਕਈ ਬਜ਼ੁਰਗਾਂ ਦੀ ਤਾਂ ਕਹਾਣੀ ਇਹ ਵੱਖਰੀ ਹੈ ਉਹਨਾਂ ਨੂੰ ਤਾਂ ਬੱਚੇ ਸਾਂਭਣ ਦੇ ਲਈ ਹੀ ਪੰਜਾਬ ਤੋਂ ਬੁਲਾਇਆ ਜਾਂਦਾ ਹੈ । ਮੈਨੂੰ ਤਾਂ ਕਦੇ-ਕਦੇ ਇੰਝ ਪ੍ਰਤੀਤ ਹੁੰਦਾ ਹੈ ਕਿ ਪਰਦੇਸੀ ਵਿਅਕਤੀ ਨਾ ਇਧਰ ਦੇ ਰਹੇ ਨਾ ਉਧਰ ਦੇ ਕਿਉਂਕਿ ਪੰਜਾਬ ਦੀਆਂ ਕੋਠੀਆਂ ਮਜ਼ਦੂਰ ਵਰਗ ਨੇ ਸਾਂਭ ਲੈਂਣੀਆਂ ਹਨ ਅਤੇ ਉਨ੍ਹਾਂ ਨੇ ਵਿਦੇਸ਼ ਵਿੱਚ ਪੱਕੇ ਵੀ ਨਹੀਂ ਹੋਣਾ ਵੀ ਨਹੀ ਹੋ ਸਕਣਾ । ਇਹ ਆਉਣ ਵਾਲੇ ਭਵਿੱਖ ਦੀ ਦਰਦ ਕਹਾਣੀ ਮੈਨੂੰ ਜਾਪ ਰਹੀ ਹੈ ਕਿਉਂਕਿ ਬਹੁਤ ਸਾਰੇ ਨੌਜਵਾਨ ਤਾਂ ਅੱਜ ਕੱਲ ਵੀ ਵਿਆਹ ਕਰਵਾਉਣ ਤੋਂ ਸੱਖਣੇ ਫਿਰ ਰਹੇ ਹਨ । ਬਹੁਤ ਸਾਰਿਆਂ ਨੂੰ ਪੰਜਾਬ ਵਿਚੋਂ ਕੁੜੀਆਂ ਵੱਲੋਂ ਐਨੇ ਲਾਰੇ ਲਾ ਕੇ ਦੇ ਲੱਖਾਂ ਰੁਪਏ ਬਟੋਰੇ ਹਨ । ਕਈ ਜਗਾਹ ਤਾਂ ਬੱਚੇ ਮਾਂ-ਪਿਓ ਦੇ ਕਹਿਣੇ ਤੋਂ ਬਾਹਰ ਹੋ ਚੁੱਕੇ ਹਨ ਅਤੇ ਕਈ ਜਗਾਹ ਲੜਕੀਆਂ ਹੀ ਆਪਣੇ ਘਰ ਵਾਲਿਆਂ ਨੂੰ ਛੱਡ ਕੇ ਜਾ ਰਹੀਆਂ ਹਨ ।
            ਪਿਛਲੇ ਦਿਨੀਂ ਇਕ ਲੜਕੀ ਵੱਲੋਂ ਆਪਣੇ ਮਿੱਤਰ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਗਿਆ ਅਤੇ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਇਥੇ ਪਤੀ ਵੱਲੋਂ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਇਹ ਸਾਡਾ ਮੂਲ ਨੁਕਤਾ ਨਹੀਂ ਸੀ । ਸੋਚ ਕੀ ਰਹੇ ਹਾਂ । ਅਸੀਂ ਅਸੀਂ ਪਤਾ ਨਹੀਂ ਆਪਣੇ ਮੂਲ ਨਾਲੋਂ ਟੁੱਟ ਚੁੱਕੇ ਹਾਂ । ਮਾਂ ਪਿਓ ਤੋਂ ਬਾਹਰ ਹੋ ਕੇ ਕੀ ਸੋਚ ਕੇ ਅਸੀਂ ਜ਼ਿੰਦਗੀ ਜਿਉਂਦੇ ਹਾਂ । ਜਿਆਦਾਤਰ ਨੌਜੁਆਨਾਂ ਦਾ ਭਵਿਖ ਮਾਲਕ ਦੇ ਰਹਿਮੋ ਕਰਮ ਤੇ ਟਿਕਿਆ ਵਿਖਾਈ ਦਿੰਦਾ ਹੈ । ਲੰਘੇ ਦਿਨੀਂ ਬਹੁਤ ਸਾਰੇ ਨੌਜਵਾਨਾਂ ਤੇ ਪੰਜਾਬ ਭੇਜਣ ਦੀ ਲਟਕ ਰਹੀ ਤਲਵਾਰ ਵੀ ਹਟ ਨਹੀਂ ਰਹੀ । ਉਨ੍ਹਾਂ ਦੀਆਂ ਗਲਤੀਆਂ ਜ਼ਰੂਰ ਹਨ ਪਰ ਉਨ੍ਹਾਂ ਦਾ ਉਹਨਾਂ ਕਸੂਰ ਨਹੀਂ ਹੈ ਕਿ ਉਨ੍ਹਾਂ ਨੂੰ ਲੱਖਾਂ ਰੁਪਏ ਖਰਚਨ ਤੋਂ ਬਾਅਦ ਵਾਪਸ ਭੇਜ ਦਿੱਤਾ ਜਾਵੇ । ਪੰਜਾਬੀ ਪੰਜਾਬੀ ਨੌਜਵਾਨਾਂ ਨਾਲ ਤਾਂ ਇੱਕ ਭਾਣਾ ਹੋਰ ਵੀ ਵਾਪਰ ਰਿਹਾ ਹੈ । ਕੋਈ ਨਦੀ ਵਿੱਚ ਡੁੱਬ ਕੇ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ ਅਤੇ ਕਿਸੇ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਰਹੀ ਹੈ ਅਤੇ ਕੋਈ ਆਪਣੇ ਮਾਂ-ਪਿਓ ਨੂੰ ਓਵਰਡੋਜ਼ ਨਸੇ ਕਾਰਨ ਦੁਖੀ ਕਰ ਰਿਹਾ ਹੈ ।
               ਬਹੁਤ ਸਾਰਿਆਂ ਦੀਆਂ ਫੀਸਾਂ ਵੀ ਪੂਰੀਆਂ ਨਹੀ ਹੋ ਰਹੀਆਂ । ਲੜਾਈ ਝਗੜੇ ਵੀ ਆਮ ਹੋ ਚੁੱਕੇ ਹਨ । ਇਹ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ । ਨੌਜਵਾਨਾਂ ਨੂੰ ਵਿਦੇਸ਼ ਵਿੱਚੋਂ ਕੱਢੇ ਜਾਣ ਦੀ ਦਰਦ ਕਹਾਣੀ ਤਾਂ ਵੱਖਰੀ ਹੈ ਨੌਜਵਾਨਾਂ ਵੱਲੋਂ ਧਰਨੇ ਮਾਰੇ ਜਾ ਰਹੇ ਹਨ ਅਤੇ ਆਪਣੀ ਆਵਾਜ਼ ਨੂੰ ਲੀਡਰਾਂ ਦੇ ਕੰਨਾਂ ਤਕ ਪਹੁੰਚਾਉਣ ਦੇ ਲਈ ਜ਼ੋਰ ਲਾਇਆ ਜਾ ਰਿਹਾ ਹੈ । ਕੁੱਲ ਮਿਲਾ ਕੇ ਹੁਣ ਪਹਿਲਾਂ ਵਾਲੀ ਗੱਲ ਵਿਦੇਸ਼ਾਂ ਵਿੱਚ ਵੀ ਨਹੀਂ ਰਹੀ ਏਥੇ ਵੀ ਚਾਰੇ ਪਾਸੇ ਅਜਿਹਾ ਆਲਮ ਬਣ ਚੁੱਕਿਆ ਹੈ ਜਿਸ ਨੂੰ ਦੇਖ ਕੇ ਇਨਸਾਨ ਰੂਹ ਤੱਕ ਕੰਬ ਜਾਂਦਾ ਹੈ ਹਰ ਖੇਤਰ ਵਿਚ ਘਾਟੇ ਵਾਲਾ ਸੌਦਾ ਬਣ ਚੁੱਕਿਆ ਹੈ । ਇਹ ਵੀ ਠੀਕ ਹੈ ਕਿ ਸਾਰੇ ਪਾਸੇ ਆਲਮ ਇੱਕੋ ਜਿਹਾ ਨਹੀਂ ਹੈ ਕੁਝ ਕੁ ਖੇਤਰ ਠੀਕ ਵੀ ਹਨ । ਸਾਰੇ ਖੇਤਰਾਂ ਅੰਦਰ ਪੰਜਾਬੀ ਭਾਈਚਾਰੇ ਵੱਲੋ ਵੱਡੀ ਪੱਧਰ ਤੇ ਮਿਹਨਤ ਨੇ ਕੀਤੀ ਜਾ ਰਹੀ ਹੈ ਉਥੇ ਹਾਲਾਤ ਸਾਜ਼ਗਾਰ ਹਨ । ਪਰ ਸਾਰੇ ਪਾਸੇ ਇੱਕੋ ਜਿਹਾ ਨਹੀਂ ਹੈ ਇਹ ਵੀ ਠੀਕ ਹੈ । ਆਖਰ ਵਿਚ ਇਹ ਆਖ ਸਕਦੇ ਹਾਂ ਕਿ ਵਿਦੇਸ਼ ਜਾਣ ਦੀ ਜਿਹੜੀ ਤਾਂਘ ਪਹਿਲਾਂ ਸੀ ਉਹ ਹੁਣ ਸਮਾਂ ਬੀਤ ਜਾਣ ਦੇ ਬਾਅਦ ਸੱਜਰੀ ਨਹੀਂ ਰਹੀ ।
ਪੰਜਾਬੀ ਲੇਖਕ - ਸਿੰਦਰ ਸਿੰਘ ਮੀਰਪੁਰੀ
ਫਰਿਜ਼ਨੋ ਕੈਲੇਫ਼ੋਰਨੀਆ
ਅਮਰੀਕਾ
5592850841