ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
5 ਜੂਨ 2023
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ ਦੀ ਸੰਭਾਵਨਾ ਬਣੀ- ਇਕ ਖ਼ਬਰ
ਚੰਦ ਚੰਦਾਂ ਦੇ ਮਾਮਲੇ, ਚੜ੍ਹਨ ਕਿ ਨਾ ਹੀ ਚੜ੍ਹਨ।
ਗਹਿਲੋਤ ਅਤੇ ਪਾਇਲਟ ਰਾਜਸਥਾਨ ‘ਚ ਇਕੱਠਿਆਂ ਚੋਣਾਂ ਲੜਨ ਲਈ ਸਹਿਮਤ- ਇਕ ਖ਼ਬਰ
ਅਲ਼ਕ ਵਹਿੜਾ ਤੇ ਬੁੱਢਾ ਬਲਦ ਕਿੰਨਾ ਕੁ ਚਿਰ ਨਰੜ ਕੱਢਣਗੇ।
ਬਰਤਾਨੀਆ ਨੇ ਮੰਨ ਲਿਆ ਕਿ ਉਹ ਕੋਹਿਨੂਰ ਜ਼ਬਰਦਸਤੀ ਲੈ ਗਏ ਸਨ- ਇਕ ਖ਼ਬਰ
ਕੂੜ ਨਿਖੁਟੈ ਨਾਨਕਾ, ਓੜਕ ਸਚੁ ਰਹੀ।
ਸਰਕਾਰ ਦੇ 9 ਸਾਲ ਪੂਰੇ ਹੋਣ ਤੇ ਮੋਦੀ ਨੇ ਕਿਹਾ,” ਧੰਨਵਾਦੀ ਹਾਂ, ਹੋਰ ਮਿਹਨਤ ਕਰਦੇ ਰਹਾਂਗੇ- ਇਕ ਖ਼ਬਰ
ਸਭ ਨੂੰ ਟਿੱਚ ਕਰ ਕੇ ਜਾਣਦੇ ਹਾਂ, ਕਰਦੇ ਰਹਾਂਗੇ ਜੋ ਹੁਣ ਕਰਦੇ ਹਾਂ।
ਰਾਸ਼ਟਰਪਤੀ ਟਰੰਪ ਜਾਣ ਬੁੱਝ ਕੇ ਗੁਪਤ ਫ਼ਾਈਲਾਂ ਆਪਣੇ ਨਾਲ ਹੀ ਲੈ ਗਏ- ਇਕ ਖ਼ਬਰ
ਨਾ ਰਹੇ ਬਾਂਸ, ਨਾ ਵੱਜੇ ਬੰਸਰੀ।
ਵਿਰੋਧੀ ਧਿਰ ਦੇ ਬਾਈਕਾਟ ਕਾਰਨ ਭਾਰਤ ਦੀ ਨਵੀਂ ਸੰਸਦ ਦੀ ਇਮਾਰਤ ਚਰਚਾ ਵਿਚ- ਇਕ ਖ਼ਬਰ
ਟੁੱਟ ਪੈਣੇ ਬਚਨੇ ਨੇ, ਕੰਧ ਢਾ ਕੇ ਚੁਬਾਰਾ ਪਾਇਆ।
ਅਕਾਲੀ ਦਲ ਆਪਣੇ ਮਕਸਦ ਤੋਂ ਭਟਕਿਆ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
ਸੱਸੀ ਥਲਾਂ ‘ਚ ਆਵਾਜ਼ਾਂ ਮਾਰੇ, ਮੁੜ ਆ ਬਲੋਚ ਪੁੰਨਣਾਂ।
ਦਰਬਾਰਾ ਸਿੰਘ ਗੁਰੂ ਮੁੜ ਅਕਾਲੀ ਦਲ ਬਾਦਲ ‘ਚ ਸ਼ਾਮਲ- ਇਕ ਖ਼ਬਰ
ਮੁੜ ਆਇਆਂ ਦਰਬਾਰ ਤੇਰੇ, ਭੁੱਲ-ਚੁੱਕ ਮਾਫ਼ ਕਰੀਂ।
ਪਹਿਲਵਾਨਾਂ ਨੂੰ ਹੁਣ ਜੰਤਰ-ਮੰਤਰ ‘ਤੇ ਧਰਨੇ ਦੀ ਮੰਨਜ਼ੂਰੀ ਨਹੀਂ ਦਿਤੀ ਜਾਵੇਗੀ- ਦਿੱਲੀ ਪੁਲਿਸ
ਰਾਹੀਆਂ ਨੇ ਰਾਤ ਕੱਟਣੀ, ਤੇਰੀ ਚੁੱਕ ਨਾ ਮਸੀਤ ਲਿਜਾਣੀ।
ਮੋਦੀ ਸਰਕਾਰ ਦੇ ਨੌਂ ਸਾਲਾਂ ‘ਚ ਜਾਨ-ਲੇਵਾ ਮਹਿੰਗਾਈ, ਲੁੱਟੀ ਗਈ ਜਨਤਾ ਦੀ ਕਮਾਈ- ਕਾਂਗਰਸ
ਗੋਰੀਏ ਛਾਂ ਕਰ ਦੇ, ਰਾਂਝਾ ਸੁੱਕ ਗਿਆ ਧੁੱਪੇ।
ਸਿੱਖ ਇਕਜੁੱਟ ਹੋ ਕੇ ਸਰਕਾਰ ਦੇ ਨਾਦਰਸ਼ਾਹੀ ਰਵੱਈਏ ਦੀ ਵਿਰੋਧਤਾ ਕਰਨ- ਬਾਬਾ ਅਵਤਾਰ ਸਿੰਘ
ਬਾਬਾ ਜੀ, ਡੁੱਬੀ ਤਾਂ ਜਦ ਸਾਹ ਨਾ ਆਇਆ।
ਸ਼੍ਰੋਮਣੀ ਕਮੇਟੀ ‘ਚ ਅਕਾਲੀ ਦਲ ਦੀ ਵਧੇਰੇ ਦਖ਼ਲਅੰਦਾਜ਼ੀ ਕਾਰਨ ਧਰਮ ਪ੍ਰਚਾਰ ‘ਚ ਗਿਰਾਵਟ ਆਈ- ਬੀਬੀ ਜਾਗੀਰ ਕੌਰ
ਕੱਚੀਆਂ ਕਲੀਆਂ ਦਾ, ਕੌਣ ਭਰੂ ਹਰਜਾਨਾ।
ਦਿੱਲੀ ਆਰਡੀਨੈਂਸ: ਸੀ.ਪੀ.ਆਈ (ਐੱਮ.) ਨੇ ‘ਆਪ’ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ- ਇਕ ਖ਼ਬਰ
ਹਾਕਾਂ ਮਾਰਦੇ ਬੱਕਰੀਆਂ ਵਾਲੇ, ਦੁੱਧ ਪੀ ਕੇ ਜਾਈਂ ਬੱਲੀਏ।
ਸ਼੍ਰੋਮਣੀ ਕਮੇਟੀ ‘ਤੋਂ ਇਕ ਪਰਵਾਰ ਦਾ ਕਬਜ਼ਾ ਹਟਾਉਣ ਵਾਲਿਆਂ ਦਾ ਸਮਰਥਨ ਕਰਾਂਗਾ- ਬਲਜੀਤ ਸਿੰਘ ਦਾਦੂਵਾਲ
ਸੱਸ ਮਰੀ ‘ਤੇ ਚੁਬਾਰਾ ਪਾਉਣਾ, ਔਖੀ ਸੌਖੀ ਦਿਨ ਕੱਟਦੀ।
ਕੇਂਦਰ ਸਰਕਾਰ ਵਲੋਂ ਦਿਤੀ ਜ਼ੈੱਡ ਸੁਰੱਖਿਆ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਲੈਣਗੇ- ਇਕ ਖ਼ਬਰ
ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।