ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
28 ਮਈ 2023
ਨਿਤੀਸ਼ ਨੇ ਖੜਗੇ ਅਤੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ- ਇਕ ਖ਼ਬਰ
ਛੜੇ ਬੈਠ ਕੇ ਸਲਾਹਾਂ ਕਰਦੇ, ਰੱਬਾ ਹੁਣ ਕੀ ਕਰੀਏ।
ਸੰਸਦ ਭਵਨ ਦਾ ਉਦਘਾਟਨ ਪ੍ਰਧਾਨ ਮੰਤਰੀ ਕਰੇ ਜਾਂ ਰਾਸ਼ਟਰਪਤੀ, ਲੋਕਾਂ ਨੂੰ ਕੀ ਫ਼ਰਕ ਪਵੇਗਾ- ਗੁਲਾਮ ਨਬੀ ਆਜ਼ਾਦ
ਨੀਂ ਉਹ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ।
ਪੰਜਾਬ ਦੇ ਕਾਂਗਰਸੀਆਂ ਨੇ ਰੈਲੀ ਕੀਤੀ ਰਾਹੁਲ ਗਾਂਧੀ ਲਈ ਤੇ ਬਿੱਲ ਆ ਗਿਆ ਮਾਨ ਸਰਕਾਰ ਨੂੰ- ਇਕ ਖ਼ਬਰ
ਨਾਨੀ ਖਸਮ ਕਰੇ, ਦੋਹਤਾ ਚੱਟੀ ਭਰੇ।
ਸ਼ਰਾਬ ਨਾਲ ਡੱਕੇ ਬਿਹਾਰੀ ਨੇ ਸਿੱਖ ਵਿਅਕਤੀ ਦੇ ਰੋਮਾਂ ਦੀ ਕੀਤੀ ਬੇਅਦਬੀ- ਇਕ ਖ਼ਬਰ
ਦੇਖਤੇ ਜਾਉ, ਅਬੀ ਤੋ ਪਾਰਟੀ ਸ਼ੁਰੂ ਹੋਈ ਹੈ।
ਵਿਰੋਧੀ ਪਾਰਟੀਆਂ ਤੋਂ ਕਿਨਾਰਾ ਕਰ ਕੇ ਅਕਾਲੀ ਦਲ ਬਾਦਲ ਸੰਸਦ ਬਿਲਡਿੰਗ ਦੇ ਉਦਘਾਟਨ ‘ਚ ਸ਼ਾਮਲ ਹੋਵੇਗਾ- ਇਕ ਖ਼ਬਰ
ਭੇਡਾਂ ਵਾਲਿਆਂ ਦੀ ਬੁੱਢੀ ਵਾਂਗ ਭਾਜਪਾ ‘ਚ ਮੁੜ ਵੜਨ ਦੀ ਕੋਸ਼ਿਸ਼ ਹੈ।
ਗੁਰਬਾਣੀ ਦੇ ਪ੍ਰਸਾਰਣ ਲਈ ਸ਼੍ਰੋਮਣੀ ਕਮੇਟੀ ਵਲੋਂ ਜਲਦੀ ਹੀ ਟੈਂਡਰ ਮੰਗੇ ਜਾਣਗੇ- ਧਾਮੀ
ਪਰ ਠੇਕਾ ਬਾਦਲਾਂ ਨੂੰ ਹੀ ਮਿਲੇਗਾ ਕਿਉਂਕਿ ਟੈਂਡਰ ਦੀਆਂ ਸ਼ਰਤਾਂ ਵੀ ਉਹੀ ਲਿਖਣਗੇ ।
ਸ਼੍ਰੋਮਣੀ ਕਮੇਟੀ ਦੇ ਮਸਲਿਆਂ ‘ਚ ਮੁੱਖ ਮੰਤਰੀ ਦੀ ਦਖ਼ਲਅੰਦਾਜ਼ੀ ਬਿਲਕੁਲ ਨਾਜਾਇਜ਼- ਮਹੇਸ਼ਇੰਦਰ ਗਰੇਵਾਲ
ਬਿਲਕੁਲ ਠੀਕ ਜੀ, ਦਖ਼ਲਅੰਦਾਜ਼ੀ ਦਾ ਅਧਿਕਾਰ ਸਿਰਫ਼ ਇਕੋ ਪਰਵਾਰ ਨੂੰ ਹੈ ਜੀ।
ਨਿਗਮ ਚੋਣਾਂ ਕਰ ਕੇ ਸਾਬਕਾ ਕੌਂਸਲਰ ਲੋਕਾਂ ਦੀਆਂ ਸਮੱਸਿਆਵਾਂ ਵਲ ਧਿਆਨ ਦੇ ਰਹੇ ਹਨ- ਇਕ ਖ਼ਬਰ
ਲੱਕ ਲੱਕ ਹੋ ਗਏ ਬਾਜਰੇ, ਰੁੱਤ ਯਾਰੀਆਂ ਲਾਉਣ ਦੀ ਆਈ।
ਰਾਜਸਥਾਨ ਨੂੰ ਹੋਰ ਵਾਧੂ ਪਾਣੀ ਨਹੀਂ ਦਿਤਾ ਜਾ ਸਕਦਾ- ਮੁੱਖ ਮੰਤਰੀ ਭਗਵੰਤ ਮਾਨ
ਸਰ ਸੁੱਕ ਨਖਰੋ ਨੀਂ, ਮੈਂ ਕਿੱਥੋਂ ਲਿਆਵਾਂ ਆੜੂ।
ਮਮਤਾ ਵਲੋਂ ਕੇਂਦਰ ਦੇ ਆਰਡੀਨੈਂਸ ਵਿਰੁੱਧ ਕੇਜਰੀਵਾਲ ਨੁੰ ਸਮਰਥਨ ਦਾ ਭਰੋਸਾ- ਇਕ ਖ਼ਬਰ
ਮੈਨੂੰ ਬਗਲੀ ਸਿਖਾ ਦੇ ਗਲ਼ ਪਾਉਣੀ, ਚੱਲੂੰਗੀ ਤੇਰੇ ਨਾਲ ਜੋਗੀਆ।
ਸੁਪਰੀਮ ਕੋਰਟ ਪੁੱਜਿਆ ਨਵੀਂ ਸੰਸਦ ਦੇ ਉਦਘਾਟਨ ਦਾ ਮਸਲਾ- ਇਕ ਖ਼ਬਰ
ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।
ਮੋਦੀ ਸਰਕਾਰ ਦੇ ‘ਹੰਕਾਰ’ ਨੇ ਸੰਸਦੀ ਪ੍ਰਣਾਲੀ ਨੂੰ ਕੀਤਾ ‘ਤਬਾਹ’- ਕਾਂਗਰਸ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।
ਕਾਂਗਰਸ ਹਾਈ ਕਮਾਨ ਦੀ ‘ਆਪ’ ਨਾਲ ਇਕਜੁਟਤਾ ਤੋਂ ਪੰਜਾਬ ਕਾਂਗਰਸ ਔਖੀ- ਇਕ ਖ਼ਬਰ
ਵੇ ਘਰ ਤੇਲਣ ਦੇ, ਤੇਰਾ ਚਾਦਰਾ ਖੜਕੇ।
ਵਿਆਜ ਦਰਾਂ ਦੇ ਵਾਧੇ ਨੂੰ ਰੋਕਣਾ ਮੇਰੇ ਵੱਸ ‘ਚ ਨਹੀਂ- ਰੀਜ਼ਰਵ ਬੈਂਕ ਗਵਰਨਰ
ਬਿਗਾਨੇ ਹੱਥਾਂ ਵਿਚ ਚਾਬੀ ਮੇਰੀ, ਕਿੰਜ ਮੈਂ ਜਿੰਦਰੇ ਖੋਲ੍ਹਾਂ।
ਲੋਕਤੰਤਰ ਸਿਰਫ਼ ਇਮਾਰਤਾਂ ਨਾਲ਼ ਨਹੀਂ, ਲੋਕਾਂ ਦੀ ਆਵਾਜ਼ ਨਾਲ਼ ਚਲਦਾ ਹੈ- ਖੜਗੇ
ਬੀਜ ਰਹੀ ਤੂੰ ਬੀਜ ਅੱਕਾਂ ਦੇ, ਵੱਢ ਚੰਦਨ ਦਾ ਟਹਿਣਾ।