ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
14 ਮਈ 2023
ਮਜੀਠੀਆ ਨੇ ਇਨਸਾਫ਼ ਮੰਗ ਰਹੀਆਂ ਕੁੜੀਆਂ ਨੂੰ ਆਪਣੇ ਗੁੰਡਿਆਂ ਤੋਂ ਕੁਟਵਾਇਆ- ਹਰਪਾਲ ਚੀਮਾ
ਗੁੰਡਿਆਂ ਤੋਂ ਕੁਟਵਾਉਣ ਦੀ ਕੀ ਲੋੜ ਸੀ, ਆਪ ਹੀ ਕੁੱਟ ਲੈਂਦੇ।
ਆਮ ਆਦਮੀ ਪਾਰਟੀ ਵਲੋਂ ਚੋਣਾਂ ‘ਚ ਅਫਸਰਸ਼ਾਹੀ ਦੀ ਦੁਰਵਰਤੋਂ ਦਾ ਖ਼ਦਸ਼ਾ- ਚੰਦੂਮਾਜਰਾ
ਪਿੰਡ ਪਏ ਨਹੀਂ ਉਚੱਕੇ ਪਹਿਲਾਂ ਹੀ ਪਹੁੰਚੇ।
ਅਕਾਲੀ-ਬਸਪਾ ਸਰਕਾਰ ਬਣਨ ’ਤੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕਰਾਂਗੇ- ਸੁਖਬੀਰ ਬਾਦਲ
ਜਿਹੋ ਜਿਹੀ ਕਾਰਵਾਈ ਤੁਸੀਂ ਬੇਅਦਬੀ ਦੇ ਦੋਸ਼ੀਆਂ ਖ਼ਿਲਾਫ਼ ਕੀਤੀ ਸੀ!
ਵੱਡੇ ਕਰਜ਼ੇ ‘ਚ ਡੁੱਬਿਆ ਅਮਰੀਕਾ, ਡੀਫਾਲਟਰ ਹੋਣ ਦਾ ਖ਼ਤਰਾ- ਅਮਰੀਕਨ ਵਿਤ ਮੰਤਰੀ
ਉੱਚੀਆ ਇਮਾਰਤਾਂ ਦੇ ਸੁਫ਼ਨੇ ਨਾ ਵੇਖ, ਇਹ ਗਿਰ ਜਾਂਦੀਆਂ।
ਅੰਮ੍ਰਿਤਸਰ ਧਮਾਕਿਆਂ ਤੋਂ ਬਾਅਦ ਭਗਵੰਤ ਮਾਨ ਨੂੰ ਅਹੁਦੇ ‘ਤੇ ਬਣੇ ਰਹਿਣ ਦਾ ਹੱਕ ਨਹੀਂ- ਸੁਖਬੀਰ
ਆਪ ਤਾਂ ਤੁਸੀਂ ਨਿਰਦੋਸ਼ ਬੰਦੇ ਮਾਰ ਕੇ ਵੀ ਢੀਠ ਬਣ ਕੇ ਕੁਰਸੀਆਂ ਨੂੰ ਚੁੰਬੜੇ ਰਹੇ ਸੀ।
ਪਾਕਿਸਤਾਨੀ ਅਦਾਕਾਰਾ ਮੋਦੀ ‘ਤੇ ਕੇਸ ਕਰਨਾ ਚਾਹੁੰਦੀ ਹੈ- ਇਕ ਖ਼ਬਰ
ਬੀਬੀ ਸਿਧੀ ਸਿਧੀ ਗੱਲ ਕਰ, ਗੱਲ ਕੁਝ ਹੋਰ ਐ ਤੇ ਕੇਸ ਤਾਂ ਐਵੇਂ ਬਹਾਨਾ ਈ ਐ।
ਸਹਾਇਕ ਲਾਈਨਮੈਨਾਂ ਦੀ ਭਰਤੀ ਲਈ ਬਾਹਰੀ ਰਾਜਾਂ ਦੇ ਨੌਜਵਾਨਾਂ ਨੂੰ ਖੁੱਲ੍ਹ- ਇਕ ਖ਼ਬਰ
ਹੌਲੀ ਹੌਲੀ ਜਹਾਜ਼ੇ ਸਭ ਚਾੜ੍ਹ ਦੇਣੇ, ਮੁੰਡਾ ਕੋਈ ਨਹੀਂ ਪੰਜਾਬ ‘ਚ ਰਹਿਣ ਦੇਣਾ।
ਸਰਕਾਰ- ਕਿਸਾਨ ਮਿਲਣੀ ‘ਚ ਕਿਸਾਨਾਂ ਦੀ ਤਾਂ ਗੱਲ ਹੀ ਨਹੀਂ ਸੁਣੀ ਗਈ- ਇਕ ਖ਼ਬਰ
ਸਰਕਾਰਾਂ ਗੱਲਾਂ ਸੁਣਾਉਂਦੀਆਂ ਨੇ ਸੁਣਦੀਆਂ ਨਹੀ। ਮਨ ਕੀ ਬਾਤ ਸੁਣਿਆਂ ਕਰੋ।
ਭਾਜਪਾ ਨੇ ‘ਆਪ’ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ- ਇਕ ਖ਼ਬਰ
ਕਾਹਨੂੰ ਅੱਗ ਉੱਤੇ ਲਿਟੀ ਜਾਂਦੇ ਹੋ, ਸੱਪ ਲੰਘ ਗਿਆ ਲਕੀਰ ਪਿੱਟੀ ਜਾਂਦੇ ਹੋ।
ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਨਵੀਂ ਲੀਡਰਸ਼ਿੱਪ ਦੀ ਲੋੜ- ਇਕ ਖ਼ਬਰ
ਇਕ ਰਾਂਝਣ ਸਾਨੂੰ ਲੋੜੀਦਾ, ਨੀਂ ਇਕ ਰਾਂਝਣ ਸਾਨੂੰ ਲੋੜੀਦਾ।
ਕਰਨਾਟਕ ਵਿਚ ‘ਕਾਂਗਰਸ ਮੁਕਤ ਭਾਰਤ’ ਦਾ ਭਾਜਪਾ ਦਾ ਸੁਪਨਾ ਹੋਇਆ ਚੂਰ ਚੂਰ- ਇਕ ਖ਼ਬਰ
ਵੈਰੀ ਤੇਰੇ ਐਬ ਬੰਦਿਆ, ਹੁੰਦਾ ਰੱਬ ਨਹੀਂ ਕਿਸੇ ਦਾ ਵੈਰੀ।
ਜਾਖੜ ਨੇ ਸਾਰੀ ਉਮਰ ਕਾਂਗਰਸ ਦੇ ਨਾਂ ‘ਤੇ ਖਾਧਾ, ਹੁਣ ਕਾਂਗਰਸ ਨੂੰ ਭੰਡਣਾ ਠੀਕ ਨਹੀਂ- ਰਾਜਾ ਵੜਿੰਗ
ਮਿੱਤਰਾਂ ਨੂੰ ਦਗ਼ਾ ਦੇਣੀਏਂ, ਕੀੜੇ ਪੈਣਗੇ, ਮਰੇਂਗੀ ਸੱਪ ਲੜ ਕੇ।
ਸੁਪਰੀਮ ਕੋਰਟ ਵਲੋਂ ਆਪਣੇ ‘ਲਾਡਲੇ’ ਇਮਰਾਨ ਖ਼ਾਨ ਦਾ ਪੱਖ ਲੈਣਾ ਜਾਰੀ- ਸ਼ਾਹਬਾਜ਼ ਸ਼ਰੀਫ਼
ਕੀ ਲਗਦੇ ਸੰਤੀਏ ਤੇਰੇ, ਜਿਨ੍ਹਾਂ ਨੂੰ ਰਾਤੀਂ ਖੰਡ ਪਾਈ ਸੀ।
ਜਿਣਸੀ ਸ਼ੋਸ਼ਣ ਅਤੇ ਮਾਣਹਾਨੀ ਕੇਸ ‘ਚ ਟਰੰਪ ਨੂੰ 50 ਲੱਖ ਡਾਲਰ ਜ਼ੁਰਮਾਨਾ-ਇਕ ਖ਼ਬਰ
ਔਖੀ ਹੋ ਜਾਊ ਕੈਦ ਕੱਟਣੀ, ਕਾਹਨੂੰ ਮਾਰਦੈਂ ਵੇ ਗੋਰਿਆ ਡਾਕੇ।
ਅਸਥਿਰ ਪਾਕਿਸਤਾਨ ਸਾਰੇ ਦੇਸ਼ਾਂ ਲਈ ਖ਼ਤਰਾ- ਫ਼ਾਰੁਕ ਅਬਦੁੱਲਾ
ਚੰਦ ਕੌਰ ਚੱਕਵਾਂ ਚੁੱਲ੍ਹਾ, ਕਿਤੇ ਯਾਰਾਂ ਨੂੰ ਭਿੜਾ ਕੇ ਮਾਰੂ।